ਮੈਂ ਤੇ ਮੇਰਾ ਦੋਸਤ Sham Chugh ਬੀ ਕਾਮ ਭਾਗ ਦੂਜਾ ਵਿਚ ਪੜ੍ਹਦੇ ਸੀ। ਘਰੇ ਪਈ ਪਾਪਾ ਜੀ ਦੀ ਸਰਵਿਸ ਬੁੱਕ ਤੋਂ ਪਤਾ ਲਗਿਆ ਕਿ ਅੱਠ ਮਈ ਨੂੰ ਪਾਪਾ ਜੀ ਦਾ ਜਨਮ ਦਿਨ ਹੈ। ਓਦੋਂ ਆਮ ਘਰਾਂ ਵਿਚ ਵੱਡਿਆਂ ਦਾ ਜਨਮ ਦਿਨ ਮਨਾਉਣ ਦਾ ਬਹੁਤਾ ਰਿਵਾਜ ਨਹੀਂ ਸੀ। ਤੇ ਸਾਨੂੰ ਹੈਪੀ ਬਰਥ ਡੇ ਕਹਿੰਦਿਆਂ ਨੂੰ ਵੀ ਸੰਗ ਜਿਹੀ ਲਗਦੀ ਸੀ। ਸੋ ਅਸੀਂ ਪਰਚੀ ਤੇ ਹੈਪੀ ਬਰਥ ਡੇ ਲਿਖ਼ਕੇ ਪਰਚੀ ਕਿਸੇ ਹੱਥ ਓਹਨਾ ਨੂੰ ਪਹੁੰਚਾ ਦਿੱਤੀ। ਉਸ ਸਮੇ ਉਹ ਮੇਰੇ ਦੋਸਤ ਦੀ ਦੁਕਾਨ ਦੇ ਸਾਹਮਣੇ ਹੀ ਅਮਰਜੀਤ ਸਿੰਘ ਪ੍ਰੇਮੀ ਦੀ ਦੁਕਾਨ ਤੇ ਬੈਠੇ ਸਨ। ਉਹ ਹੱਸ ਪਏ ਤੇ ਖੁਸ਼ ਹੋਕੇ ਸਾਨੂੰ ਦਸ ਰੁਪਏ ਦਾ ਨੋਟ ਦਿੱਤਾ। ਉਹਨਾਂ ਵੇਲਿਆਂ ਵਿੱਚ ਸਾਧੂ ਰਾਮ ਦੀ ਰੇਹੜੀ ਤੋਂ ਪੰਝੀ ਪੈਸੇ ਦਾ ਸਮੋਸਾ ਤੇ ਇੱਕ ਰੁਪਏ ਦੇ ਤਿੰਨ ਗੁਲਾਬ ਜਾਮੁਣ ਮਿਲਦੇ ਸਨ। ਸਾਡੀਆਂ ਤਾਂ ਪੋਂ ਬਾਰਾਂ ਪੱਚੀ ਹੋ ਗਈਆਂ।
ਫਿਰ ਸ਼ਾਮ ਨੂੰ ਅਸੀਂ ਵਾਰੀ ਵਾਰੀ ਹੈਪੀ ਬਰਥ ਡੇ ਬੋਲਿਆ। ਫਿਰ ਹੋਲੀ ਹੋਲੀ ਅਸੀਂ ਪਾਪਾ ਜੀ ਦਾ ਜਨਮ ਦਿਨ ਘਰੇ ਕੇਕ ਕੱਟਕੇ ਮਨਾਉਣ ਲੱਗੇ। ਓਹਨਾ ਦਿਨਾਂ ਵਿੱਚ ਹੀ ਮੈਂ ਕਿਤੇ ਪੜ੍ਹਿਆ ਸੀ ਕਿ ਇੱਕ ਗਰੀਬ ਬਾਪ ਇੱਕਲਾ ਆਪਣੇ ਚਾਰ ਬੱਚਿਆਂ ਦਾ ਜਨਮ ਦਿਨ ਖੁਸ਼ੀ ਖੁਸ਼ੀ ਮਨਾਉਂਦਾ ਹੈ। ਪਰ ਚਾਰ ਅਮੀਰ ਬੇਟੇ ਆਪਣੇ ਇੱਕ ਬਾਪ ਦਾ ਜਨਮ ਦਿਨ ਮਿਲਕੇ ਨਹੀਂ ਮਨਾ ਸਕਦੇ। ਇੱਕ ਬਾਪ ਆਪਣੇ ਇੱਕ ਕਮਰੇ ਦੇ ਘਰ ਵਿੱਚ ਚਾਰ ਪੁੱਤਾਂ ਵਾਲੇ ਵੱਡੇ ਪਰਿਵਾਰ ਨੂੰ ਪਾਲ ਸਕਦਾ ਹੈ ਪਰ ਉਸਦੇ ਚਾਰ ਪੁੱਤ ਆਪਣੀਆਂ ਅਲੱਗ ਅਲੱਗ ਚਾਰ ਕੋਠੀਆਂ ਵਿੱਚ ਆਪਣੇ ਮਾਂ ਬਾਪ ਨੂੰ ਨਹੀਂ ਰੱਖ ਸਕਦੇ।
ਕੀ ਇਨਸਾਨ ਇਸ ਲਈ ਹੀ ਔਲਾਦ ਪੈਦਾ ਕਰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ