ਰੋਜ ਦੀ ਤਰਾਂ ਹੀ ਉਸ ਨੇ ਮੇਜ ਤੇ ਪਿਆ ਅਖਬਾਰ ਚੁੱਕਿਆ ਤੇ ਮੋਟੀਆਂ ਮੋਟੀਆਂ ਸੁਰਖੀਆਂ ਤੇ ਨਜਰ ਮਾਰੀ। ਲਗਭਗ ਰੋਜ ਆਲੀਆਂ ਹੀ ਖਬਰਾਂ ਸਨ। ਬਸ ਖਬਰਾਂ ਤੇ ਸਹਿਰ ਦਾ ਨਾਮ ਬਦਲਿਆ ਹੋਇਆ ਸੀ। ਕਿਸੇ ਗਲੀ ਚੋ ਮਿਲੇ ਮਾਦਾ ਭਰੂਣ ਦੀ ਚਰਚਾ ਸੀ ਜਾ ਕਰਜੇ ਤੌ ਤੰਗ ਤੇ ਮੰਦਹਾਲੀ ਦੇ ਮਾਰੇ ਕਿਸਾਨ ਦੀ ਖੁਦਕਸੀ ਦੀ ਖਬਰ ਤੇ ਕਿਸੇ ਤਿੰਨ ਬੱਚਿਆਂ ਦੀ ਮਾਂ ਦੇ ਪ੍ਰੇਮੀ ਨਾਲ ਫਰਾਰ ਹੋਣ ਦੀ ਚਰਚਾ ਤੋ ਇਲਾਵਾ ਹੋਰ ਕੋਈ ਸਕਾਰਾਤਮਿਕ ਖਬਰ ਹੀ ਨਹੀ ਹੁੰਦੀ। ਪਾਰਵਾਰਿਕ ਕਲੇਸ਼ ਤੋ ਤੰਗ ਇੱਕ ਨੋਜਵਾਨ ਦੁਆਰਾ ਆਤਮ ਹੱਤਿਆ ਦੀ ਖਬਰ ਵੇਖਕੇ ਉਹ ਖਬਰ ਨੂੰ ਵਿਸਥਾਰ ਨਾਲ ਪੜ੍ਹਨ ਲੱਗਿਆ। ਖਬਰ ਵੀ ਉਸ ਦੇ ਨਾਲ ਲੱਗਦੇ ਜਿਲ੍ਹੇ ਦੀ ਹੀ ਸੀ। ਕਿਸੇ ਬੱਤੀ ਸਾਲਾ ਯੁਵਕ ਦਾ ਆਪਣੀ ਪਤਨੀ ਨਾਲ ਨਿੱਤ ਝਗੜਾ ਰਹਿੰਦਾ ਸੀ। ਪਤਨੀ ਨੂੰ ਆਪਣੇ ਪੇਕਿਆਂ ਦੀ ਸਹਿ ਪ੍ਰਾਪਤ ਸੀ ਤੇ ਯੁਵਕ ਦਾ ਸਾਂਝਾ ਪਰਿਵਾਰ ਸੀ ਇੱਕ ਭਰਾ ਤੇ ਇੱਕ ਭੈਣ ਕੰਵਾਰੀ ਸੀ ।ਪਤਨੀ ਅਲੱਗ ਹੋਣ ਲਈ ਦਬਾਅ ਪਾਉਂਦੀ ਸੀ। ਪਤੀ ਵਿਚਾਰਾ ਚੱਕੀ ਦੇ ਦੋ ਪੁੜਾ ਵਿਚਾਲੇ ਫਸਿਆ ਸੀ ਆਖਿਰ ਅੱਕੇ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ। ਖਬਰ ਅਨੁਸਾਰ ਮ੍ਰਿਤਕ ਦੇ ਦੋ ਬੱਚੇ ਸਨ ਜੋ ਅਜੇ ਸਕੂਲ ਵਿੱਚ ਹੀ ਪੜ੍ਹਦੇ ਸਨ।ਅਖਬਾਰ ਪੜ੍ਹ ਕੇ ਉਹ ਗਹਿਰੀ ਚਿੰਤਾ ਵਿੱਚ ਡੁੱਬ ਗਿਆ । ਹੁਣ ਉਸ ਮ੍ਰਿਤਕ ਦੇ ਬੱਚਿਆਂ ਦਾ ਕੀ ਬਣੂ? ਉਸ ਦੀ ਘਰ ਵਾਲੀ ਕਿਸ ਦੇ ਸਹਾਰੇ ਜਿੰਦਗੀ ਦੇ ਹਨੇਰ ਭਰੇ ਦਿਨ ਕੱਟੂਗੀ। ਉਸਨੇ ਹੱਥ ਵਿੱਚ ਫੜ੍ਹਿਆ ਚਾਹ ਦਾ ਕੱਪ ਮੇਜ ਤੇ ਹੀ ਰੱਖ ਦਿੱਤਾ ਤੇ ਅਖਬਾਰ ਨੂੰ ਵੀ ਪਰਾਂ ਸਰਕਾ ਦਿੱਤਾ। ਤੇ ਬੈਡ ਤੇ ਲਿਟ ਗਿਆ ਤੇ ਛੱਤ ਵੱਲ ਵੇਖਣ ਲੱਗਾ।
ਗੱਲ ਉਸ ਦੇ ਘਰ ਵੀ ਕੋਈ ਖਾਸ ਨਹੀ ਸੀ। ਲੱਗਭੱਗ ਆਹੀ ਗੱਲਾਂ ਸਨ। ਮੀਆਂ ਬੀਵੀ ਦਾ ਨਿੱਤ ਦਾ ਕਲੇਸ਼। ਤੂੰ ਤੂੰ ਮੈ ਮੈ। ਤੇਰਾ ਮਾਂ ਪਿਉ ਤੇ ਉਧਰੋ ਵੀ ਤੇਰਾ ਮਾਂ ਪਿਉ। ਦੋਹੇ ਜੀ ਅਕਸਰ ਮਿਹਣੋ ਮਿਹਣੀ ਹੁੰਦੇ। ਤੇਰੇ ਭਰਾ। ਜੇ ਕਦੇ ਉਹ ਆਪਣੇ ਸਾਲਿਆਂ ਬਾਬਤ ਕੁਝ ਕਹਿੰਦਾ ਤਾਂ ਤੇਰਾ ਭਰਾ ਤੇਰੀ ਭੈਣ ਤੇਰੀ ਮਾਂ ਉਸ ਨੂੰ ਉਹ ਬਰਾਬਰ ਤਾਣੇ ਮਾਰਦੀ। ਬਣੀ ਹੋਈ ਰੋਟੀ ਵਿੱਚੇ ਛੁੱਟ ਜਾਂਦੀ। ਦੋਹਾਂ ਜੀਆਂ ਤੋ ਇਲਾਵਾ ਘਰੇ ਕੋਈ ਹੋਰ ਨਹੀ ਸੀ ਹੁੰਦਾ। ਹੁੰਦਾ ਵੀ ਕਿਵੇ ਵੱਡਾ ਮੰਡਾ ਬਾਹਰ ਦੂਰ ਡਾਕਟਰੀ ਦਾ ਕੋਰਸ ਕਰ ਰਿਹਾ ਸੀ ਤੇ ਕੁੜੀ ਅਜੇ ਪੜ੍ਹਦੀ ਸੀ ਬਾਹਰ ਕਿਸੇ ਹੋਸਟਲ ਚ।ਮਾਂ ਪਿਉ ਦੋਹੇ ਹੀ ਕਈ ਸਾਲ ਪਹਿਲਾ ਹੀ ਪਿੱਛਾ ਛਡਾ ਕੇ ਰੱਬ ਨੂੰ ਪਿਆਰੇ ਹੋ ਗਏ ਸਨ। ਫਿਰ ਜਦੋ ਗੱਲ ਹੋਰ ਵੱਧ ਜਾਂਦੀ ਤਾਂ ਉਹ ਨਾਲ ਦੇ ਕਮਰੇ ਚ ਜਾਕੇ ਲੇਟ ਜਾਂਦੀ । ਪਰ ਨੀਂਦ ਕਿਸੇ ਨੂੰ ਵੀ ਨਹੀ ਆਉਂਦੀ ਸੀ।।
ਇਹ ਕੋਈ ਇੱਕ ਦਿਨ ਦਾ ਵਰਤਾਰਾ ਨਹੀ ਸੀ । ਬੱਸ ਕਦੇ ਉਸ ਦੇ ਪੇਕਿਆਂ ਤੌ ਕੋਈ ਫੋਨ ਆ ਜਾਂਦਾ ਜਾ ਉਹ ਬਿਨਾ ਕਿਸੇ ਗੱਲ ਤੋ ਹੀ ਆਪਣੀ ਸੱਸ ਤੇ ਸਾਲਿਆਂ ਨੂੰ ਅਵਾ ਤਵਾ ਬੋਲ ਦਿੰਦਾ। ਤਾਂ ਘਰੇ ਮਹਾਂਭਾਰਤ ਸੁਰੂ ਹੋ ਜਾਂਦੀ। ਹੁਣ ਤਾਂ ਖੈਰ ਉਹ ਅੱਡ ਵਿੱਡ ਸਨ ਕਿਸੇ ਬਾਹਰਲੇ ਦੀ ਦਖਲ ਅੰਦਾਜੀ ਵੀ ਨਹੀ ਸੀ ਪਰ ਲੜਾਈ ਤਾਂ ਬਹਾਨਾ ਹੀ ਭਾਲਦੀ ਹੈ । ਇਹਨਾ ਦਾ ਕਲੇਸ਼ ਵੀ ਤਾਂ ਅਲੱਗ ਹੋਣ ਤੋ ਹੀ ਸੁਰੂ ਹੋਇਆ ਸੀ। ਉਹ ਅਲੱਗ ਨਹੀ ਸੀ ਹੋਣਾ ਚਾਹੁੰਦਾ। ਜਦੋ ਗੱਲ ਵੱਧ ਜਾਂਦੀ ਤਾਂ ਕੋਈ ਨਾ ਕੋਈ ਉਸਦੇ ਪੇਕਿਆਂ ਤੋ ਆਕੇ ਫੈਸਲਾ ਕਰਵਾ ਦਿੰਦਾ। ਫੈਸ਼ਲਾ ਵੀ ਤਾਂ ਕੀ ਹੁੰਦਾ ਸੀ ਬੱਸ ਆਪਣੀ ਧੀ ਦਾ ਪੱਖ ਲੈਕੇ ਉਹ ਉਸਨੂੰ ਹੀ ਬੁਰਾ ਭਲਾ ਬੋਲ ਜਾਂਦੇ । ਤੇ ਉਹ ਉਹਨਾ ਤੋ ਡਰਦਾ ਚੁੱਪ ਕਰ ਜਾਂਦਾ। ਇਸ ਤਰਾਂ ਮਹੀਨਾ ਵੀਹ ਦਿਨ ਰਾਜੀ ਖੁਸੀ ਲੰਘ ਜਾਂਦੇ। ਤੇ ਫਿਰ ਉਹੀ ਕਾਟੋ ਕਲੇਸ਼ ਸੁਰੂ ਹੋ ਜਾਂਦਾ।
ਅਲੱਗ ਹੋਣ ਤੌ ਬਾਅਦ ਉਸਦੇ ਸਹੁਰਿਆਂ ਦੀ ਦਖਲ ਅੰਦਾਜੀ ਹੋਰ ਵੀ ਵੱਧਦੀ ਗਈ। ਪਿਉ ਦੇ ਜਾਣ ਤੌ ਬਾਅਦ ਭੈਣ ਦਾ ਆਪਣੇ ਪੇਕਿਆ ਤੇ ਜੋਰ ਘੱਟ ਗਿਆ ਭਰਾਵਾਂ ਨੇ ਭੈਣ ਦੀ ਪੁੱਛ ਪ੍ਰਤੀਤ ਬਿਲਕੁਲ ਬੰਦ ਕਰ ਦਿੱਤੀ। ਉਹ ਤੇ ਆਪਣੀ ਵਿਧਵਾ ਮਾਂ ਤੋ ਬਾਗੀ ਹੋ ਗਏ। ਮਾਂਵਾਂ ਧੀਆਂ ਦੇ ਆਉਂਦੇ ਫੋਨਾਂ ਤੇ ਉਹ ਅੋਖੇ ਹੋਣ ਲੱਗੇ।ਮਾਂ ਦਾ ਦੁੱਖ ਧੀ ਤੋ ਸਹਿਣ ਨਾ ਹੁੰਦਾ ਤੇ ਇਸੇ ਗੱਲ ਨੂੰ ਬਹਾਨਾ ਬਣਾਕੇ ਉਹਨਾ ਦੇ ਆਵਦੇ ਘਰੇ ਹੀ ਯੁੱਧ ਸੁਰੂ ਹੋ ਜਾਂਦਾ। ਕਿਸੇ ਦਾ ਵਿਆਹ, ਮੰਗਣਾ, ਬਰਸੀ ਜਾ ਪਾਠ ਦਾ ਭੋਗ ਉਹਨਾ ਦੀ ਆਪਸੀ ਲੜਾਈ ਦਾ ਕਾਰਨ ਬਣਦਾ ।ਕਲੇਸ਼ ਘੱਟਣ ਦੀ ਜਗਾ੍ਹ ਵੱਧਦਾ ਹੀ ਗਿਆ। ਪੁੱਤਰ ਤੇ ਧੀ ਆਪਣੀ ਪੜ੍ਹਾਈ ਦਾ ਫਿਕਰ ਛੱਡ ਕੇ ਆਪਣੇ ਮੰਮੀ ਡੈਡੀ ਨੂੰ ਸਮਝਾਉਂਦੇ।ਹੋਸਟਲਾਂ ਚ ਬੈਠੇ ਵੀ ਨਿੱਤ ਫੋਨ ਕਰਦੇ ।ਕਦੇ ਕਦੇ ਮਿਲਣ ਆਈ ਵੱਡੀ ਭੈਣ ਵੀ ਸਮਝੋਤੀਆਂ ਦਿੰਦੀ। ਬਹੁਤ ਮਗਜ ਮਾਰੀ ਕਰਦੀ। ਪਰ ਕੋਈ ਹੱਲ ਨਾ ਨਿੱਕਲਦਾ। ਦਿਲਾਂ ਦੀਆਂ ਦੂਰੀਆਂ ਵੱਧਦੀਆਂ ਹੀ ਗਈਆਂ।
ਹੁਣ ਉਸਨੂੰ ਰਾਤੀ ਨੀਂਦ ਨਾ ਆਉਂਦੀ। ਫਿਰ ਉਹ ਨੀਂਦ ਆਲੀ ਗੋਲੀ ਖਾਣ ਲੱਗ ਪਿਆ।ਉਸ ਦੀ ਧੜਕਣ ਵੱਧ ਜਾਂਦੀ ਉਸਨੂੰ ਲੱਗਦਾ ਕਿ ਘੜੀ ਪਲ ਵਿੱਚ ਉਸਦੇ ਸਾਹ ਨਿੱਕਲ ਜਾਣਗੇ।ਪਰ ਲੜਾਈ ਵਿੱਚ ਕੋਈ ਵੀ ਨਹੀ ਹਾਰਨਾ ਚਾਹੁੰਦਾ। ਨਾ ਕੋਈ ਚੁੱਪ ਕਰਦਾ ਹੈ । ਜੇ ਇੱਕ ਜਣਾ ਚੁੱਪ ਕਰਜੇ ਤਾਂ ਗੱਲ ਠੰਡੀ ਪੈ ਸਕਦੀ ਹੈ। ਹੁਣ ਕੋਈ ਵੀ ਦਿਨ ਸੁੱਕਾ ਨਾ ਜਾਂਦਾ। ਕੋਈ ਨਾ ਕੋਈ ਮੁੱਦਾ ਹਰਾ ਹੋ ਹੀ ਜਾਂਦਾ।
ਗੱਲ ਉਸ ਦਿਨ ਵੀ ਮਮੂਲੀ ਹੀ ਸੀ ਪਰ ਚੰਗਾਰੀ ਨੇ ਲਪਟਾਂ ਦਾ ਰੂਪ ਲੈ ਲਿਆ ਤੇ ਫਿਰ ਉਸ ਰਾਤ ਤਾਂ ਉਸ ਨੇ ਹੱਦ ਹੀ ਕਰ ਦਿੱਤੀ। ਉਹ ਬਹੁਤ ਬੋਲੀ । ਅਵਾ ਤਵਾ ਬੋਲਣ ਵਾਲੀ ਕਸਰ ਕੱਢ ਦਿੱਤੀ। ਉਹ ਵੀ ਅੱਗੋ ਬਹੁਤ ਬੋਲਿਆ। ਉਸਨੇ ਵੀ ਉਸਦੀ ਮਾਂ ਭੈਣ ਇੱਕ ਕਰ ਦਿੱਤੀ।ਉਸਦੇ ਜੰਮਣ ਵਾਲਿਆਂ ਨੂੰ ਵੀ ਨਾ ਬਖਸਿ਼ਆ। ਨਾ ਕਿਸੇ ਨੇ ਪਕਾਈਆਂ ਤੇ ਨਾ ਖਾਧੀਆਂ। ਤੇ ਉਹ ਬਹੁਤ ਪ੍ਰੇਸ਼ਾਨ ਹੋ ਗਿਆ।ਇਸ ਨਿੱਤ ਨਿੱਤ ਦੀ ਲੜਾਈ ਦਾ ਕੋਈ ਹੱਲ ਵੀ ਤਾਂ ਨਹੀ ਸੀ। ਅੱਧੀ ਰਾਤ ਤੱਕ ਉਹ ਪਾਸੇ ਮਾਰਦਾ ਰਿਹਾ। ਉਸ ਦੇ ਦਿਲ ਦੀ ਧੜਕਣ ਬਹੁਤ ਵਧੀ ਹੋਈ ਸੀ।ਪਤੀ ਪਤਨੀ ਦਾ ਇਹ ਆਪਸੀ ਵਤੀਰਾ ਬਹੁਤ ਘਾਤਕ ਸੀ। ਇਹੋ ਜਿਹੀ ਜਿੰਦਗੀ ਨਾਲੋ ਤਾਂ ਮੋਤ ਚੰਗੀ ਸੋਚਕੇ ਅੱਧੀ ਰਾਤ ਨੂੰ ਉਹ ਦੱਬੇ ਪੈਰ ਉਠਿਆ ਘਰ ਵਾਲੀ ਵੱਲ ਨਿਗ੍ਹਾ ਮਾਰੀ ਉਹ ਘੂਕ ਸੁੱਤੀ ਪਈ ਸੀ ਉਸਨੇ ਮੇਨ ਗੇਟ ਦੀ ਚਾਬੀ ਚੁੱਕੀ ਤੇ ਬਾਹਰ ਆ ਗਿਆ। ਬਿਨਾ ਆਵਾਜ ਕੀਤੇ ਉਸਨੇ ਮੇਨਗੇਟ ਖੋਲ੍ਹਿਆ। ਹੁਣ ਉਹ ਗਲੀ ਵਿੱਚ ਆ ਗਿਆ। ਤੇ ਉਹ ਇੱਕ ਖਤਰਨਾਕ ਫੈਸਲਾ ਲੈ ਚੁੱਕਿਆ ਸੀ। ਘਰ ਦੇ ਨੇੜੇ ਹੀ ਰੇਲਵੇ ਸ਼ਟੇਸ਼ਨ ਸੀ ਤੇ ਗੱਡੀਆਂ ਦੀ ਆਵਾਜਾਈ ਪੂਰੀ ਸੀ। ਆਪਣੇ ਖਤਰਨਾਕ ਇਰਾਦੇ ਨੂੰ ਅੰਜਾਮ ਦੇਣ ਲਈ ਉਹ ਅੱਗੇ ਵੱਧ ਰਿਹਾ ਸੀ।ਗਲੀ ਦੇ ਪਹਿਲੇ ਮੋੜ ਤੋ ਬਾਦ ਹੀ ਉਸ ਨੇ ਦੇਖਿਆ ਕਿ ਰੇਲਵੇ ਦੀ ਕੰਧ ਦੇ ਨਾਲ ਬਣੇ ਘੁਰਣੇ ਵਿੱਚ ਇੱਕ ਕੁੱਤੀ ਆਪਣੇ ਤਿੰਨ ਚਾਰ ਕਤੂਰਿਆਂ ਨੂੰ ਆਪਣੀ ਛਾਤੀ ਨਾਲ ਲਾਈ ਬੇਫਿਕਰ ਸੁੱਤੀ ਪਈ ਸੀ। ਘੁਰਨੇ ਦੇ ਬਾਹਰ ਬੈਠਾ ਇੱਕ ਕੁੱਤਾ ਸ਼ਾਇਦ ਉਸ ਘੁਰਨੇ ਦੀ ਰਾਖੀ ਕਰ ਰਿਹਾ ਸੀ ।ਮਾਂ ਨਾਲ ਲਿਪਟੇ ਪਏ ਬੇਫਿਕਰ ਕਤੂਰਿਆਂ ਨੂੰ ਵੇਖਕੇ ਉਸ ਨੂੰ ਆਪਣੇ ਬੱਚੇ ਯਾਦ ਆ ਗਏ।ਉਸਦੇ ਬੱਚਿਆਂ ਦਾ ਕੀ ਬਣੂ ? ਸੋਚਕੇ ਉਸਨੇ ਇੱਕ ਦਮ ਆਪਣਾ ਫੈਸਲਾ ਬਦਲ ਲਿਆ ਤੇ ਘਰ ਨੂੰ ਵਾਪਿਸ ਮੁੜ ਪਿਆ । ਚੁੱਪ ਚਪੀਤਾ ਆਪਣੇ ਬੈਡ ਤੇ ਲੇਟ ਗਿਆ । ਉਸਦੀ ਘਰਵਾਲੀ ਅਜੇ ਵੀ ਘੂਕ ਸੁੱਤੀ ਪਈ ਸੀ।
ਲੇਖਕ : ਰਮੇਸ਼ ਸੇਠੀ ਬਾਦਲ