ਵੱਡੀ ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ..!
ਕਿਧਰੇ ਜਾਂਦੀ ਤਾਂ ਗਹਿਣਿਆਂ ਵਾਲੀ ਪੋਟਲੀ ਨੇਫੇ ਬੰਨ ਨਾਲ ਹੀ ਰਖਿਆ ਕਰਦੀ..ਭੈਣ ਜੀ ਦਾ ਵੀ ਕਾਲਜ ਵੱਲੋਂ ਕੈਂਪ ਲੱਗਦਾ ਤਾਂ ਆਪਣੇ ਕਮਰੇ ਨੂੰ ਮੋਟਾ ਜਿੰਦਾ ਮਾਰ ਦਿਆ ਕਰਦੀ..!
ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ ਹੋਈ ਕੁੰਜੀ ਲੱਭ ਅੰਦਰੋਂ ਕਿੰਨਾ ਕੁਝ ਕੱਢ ਲਿਆਉਂਦਾ..ਉਹ ਵਾਪਿਸ ਪਰਤਦੀ ਤਾਂ ਕਿੰਨੇ ਸਾਰੇ ਮਹਾਭਾਰਤ ਇੱਕੋ ਵੇਲੇ ਸ਼ੁਰੂ ਹੋ ਜਾਂਦੇ!
ਬੀਜੀ ਗੁੱਸੇ ਹੋ ਜਾਂਦੀ ਤਾਂ ਆਖਦੀ ਮੈਂ ਤੈਨੂੰ ਆਪਣੀਆਂ ਟੂੰਬਾਂ ਕਦੇ ਨਹੀਂ ਦੇਣੀਆਂ..ਅਸਾਂ ਉਸਦਾ ਨਾਮ ਹੀ “ਸੋਨੇ ਵਾਲੀ ਬੀਬੀ” ਪਾ ਛੱਡਿਆ ਸੀ..!
ਵਿਆਹ ਮੰਗਣੇ ਤਿੱਥ-ਤਿਓਹਾਰ ਤੇ ਉਸਨੂੰ ਇਸ ਨਾਮ ਨਾਲ ਛੇੜਦੇ..ਕਈ ਵੇਰ ਗੁੱਸਾ ਕਰ ਜਾਂਦੀ..ਕਈ ਕਈ ਦਿਨ ਬੋਲਦੀ ਹੀ ਨਾ..!
ਕੇਰਾਂ ਡਾਕਟਰ ਨੇ ਮਿੱਠਾ ਖਾਣੋਂ ਵਰਜ ਦਿੱਤਾ..ਡੈਡੀ ਨੇ ਗੁੜ ਵਾਲਾ ਡੱਬਾ ਚੱਕ ਉੱਪਰਲੀ ਪੜਛੱਤੀ ਤੇ ਰੱਖ ਦਿੱਤਾ..ਤਾਂ ਕੇ ਉਸਦਾ ਹੱਥ ਨਾ ਅੱਪੜੇ..!
ਮੰਜੇ ਤੇ ਪਈ ਦੁਪਹਿਰ ਵੇਲੇ ਦਾ ਇੰਤਜਾਰ ਕਰਦੀ..ਜਦੋਂ ਸਾਰੇ ਕੰਮ ਕਾਰਾਂ ਤੇ ਤੁਰ ਜਾਂਦੇ ਤਾਂ ਮੈਨੂੰ ਕੋਲ ਖੇਡਦੇ ਨੂੰ ਵਾਜ ਮਾਰਦੀ..!
ਫੇਰ ਆਖਦੀ ਅੱਧੀ ਪੇਸੀ ਗੁੜ ਦੀ ਲਿਆਂਦੇ..ਮੈਂ ਨਾਂਹ ਨੁੱਕਰ ਕਰਦਾ ਤਾਂ ਅੱਗੋਂ ਆਪਣੇ ਸਿਰਹਾਣੇ ਹੇਠ ਰੱਖੀ ਗਹਿਣਿਆਂ ਵਾਲੀ ਪੋਟਲੀ ਵਿਖਾ ਕੇ ਆਖਿਆ ਕਰਦੀ..ਕਿੰਨੇ ਸਾਰੇ ਖਿਡੌਣੇ ਬਾਜੀਆਂ ਲੈ ਕੇ ਦੇਊਂਗੀ..!
ਮੈਂ ਵੱਡੀ ਸਾਰੀ ਢੇਲੀ ਕੱਢ ਓਹਲੇ ਜਿਹੇ ਨਾਲ ਫੜਾ ਦਿੰਦਾ..ਉਹ ਖੁਸ਼ ਹੋ ਜਾਂਦੀ..ਫੇਰ ਕਿੰਨੀਆਂ ਸਾਰੀਆਂ ਅਸੀਸਾਂ ਦਿੰਦੀ..!
ਅਕਸਰ ਕੋਲ ਸੱਦ ਆਖਿਆ ਕਰਦੀ ਕੇ ਬਾਹਰ ਵੇਹੜੇ ਉੱਗੀ ਧਰੇਕ ਤੇ ਪਾਏ ਆਲ੍ਹਣੇ ਕਦੇ ਨਾ ਛੇੜਿਆ ਕਰੋ..ਚਿੜੀਆਂ ਰੁੱਸ ਜਾਂਦੀਆਂ..ਤੇ ਫੇਰ ਕਦੇ ਵਾਪਿਸ ਨਹੀਂ ਪਰਤਦੀਆਂ..!
ਇੱਕ ਦਿਨ ਸੈਨਤ ਮਾਰ ਕੋਲ ਸੱਦਿਆ ਤੇ ਆਖਣ ਲੱਗੀ ਆਪਣੇ ਪਿਓ ਨੂੰ ਆਖ ਮੈਨੂੰ ਮਰਨ ਨਾ ਦੇਵੇ..ਮੈਂ ਤੇਰਾ ਤੇ ਤੇਰੀ ਭੈਣ ਦਾ ਵਿਆਹ ਵੇਖ ਕੇ ਜਾਣਾ”
ਮੈਂ ਸ਼ਹਿਰੋਂ ਆਏ ਡੈਡੀ ਨੂੰ ਦੱਸਿਆ ਤਾਂ ਉਹ ਭਾਵੁਕ ਹੋ ਗਿਆ ਫੇਰ ਅੱਖੀਆਂ ਪੂੰਝਦੇ ਹੋਏ ਨੇ ਉਸ ਨੂੰ ਕਲਾਵੇ ਵਿਚ ਲੈ ਲਿਆ..!
ਫੇਰ ਇੱਕ ਦਿਨ ਬੀਜੀ ਵਾਕਿਆ ਹੀ ਚਲੀ ਗਈ..ਚੁੱਪ-ਚੁਪੀਤੇ..ਬੜੀ ਦੂਰ..ਰਾਤੀ ਸੁੱਤੀ ਪਈ ਹੀ ਸੋਂ ਗਈ..ਕੋਲ ਪਏ ਡੈਡੀ ਨੂੰ ਵੀ ਪਤਾ ਨਾ ਲੱਗਾ..!
ਪਰ ਸਦੀਵੀਂ ਜਾਣ ਤੋਂ ਪਹਿਲਾਂ ਰਾਤੀਂ ਪਤਾ ਨੀ ਕਿਹੜੇ ਵੇਲੇ ਉੱਠ ਸੋਨੇ ਵਾਲੀ ਪੋਟਲੀ ਚੁੱਕ ਮੇਰੀ ਭੈਣ ਦੇ ਸਿਰਹਾਣੇ ਰੱਖ ਆਈ..!
ਫੇਰ ਜਿਸ ਦਿਨ ਭੈਣ ਜੀ ਦੀ ਡੋਲੀ ਤੁਰਨ ਲੱਗੀ ਤਾਂ ਕਾਰ ਵਿਚ ਬੈਠੀ ਨੇ ਮੈਨੂੰ ਉਚੇਚਾ ਕੋਲ ਸੱਦਿਆ ਤੇ ਆਖਣ ਲੱਗੀ..”ਕੁਝ ਦਿੰਨਾ ਲਈ ਬਾਹਰ ਚੱਲੀ ਹਾਂ..ਆਉਂਦੀ ਜਾਂਦੀ ਰਹਾਂਗੀ..ਖਿਆਲ ਰਖੀਂ ਜੇ ਮੇਰੇ ਕਮਰੇ ਨੂੰ ਹੱਥ ਵੀ ਲਾਇਆ ਤਾਂ ਲੱਤਾਂ ਭੰਨ ਦਿਆਂਗੀ..”
ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਵੀ ਭੈਣ ਜੀ ਨੇ ਘਰੇ ਆਉਣਾ ਹੁੰਦਾ ਏ ਤਾਂ ਸੋਨੇ ਵਾਲੀ ਵੱਡੀ ਬੀਜੀ ਦੀ ਕਿਸੇ ਵੇਲੇ ਆਖੀ ਹੋਈ ਆਲ੍ਹਣੇ ਵਾਲੀ ਓਹੀ ਗੱਲ ਚੇਤੇ ਕਰ ਸਭ ਤੋਂ ਪਹਿਲਾਂ ਭੈਣ ਦਾ ਕਮਰਾ ਸਾਫ ਕਰਦਾ ਹਾਂ..ਪਰ ਪਤਾ ਨਹੀਂ ਕਿਓਂ ਹੁਣ ਭੈਣਜੀ ਆਪਣੇ ਇਸ ਆਲ੍ਹਣੇ ਨੂੰ ਆਪਣਾ ਨਹੀਂ ਸਮਝਦੀ..ਜੇ ਸਮਝਦੀ ਹੋਵੇ ਤਾਂ ਬੇਗਾਨਿਆਂ ਵਾਂਙ ਸਿਰਫ ਇੱਕ ਦੋ ਰਾਤਾਂ ਰਹਿ ਕੇ ਹੀ ਏਨੀ ਛੇਤੀ ਵਾਪਿਸ ਕਿਓਂ ਪਰਤ ਜਾਵੇ..ਇਕੇਰਾਂ ਪੁਲਾਂ ਹੇਠ ਲੰਘ ਗਏ ਦੋਬਾਰਾ ਵਾਪਿਸ ਕਿਥੇ ਪਰਤਿਆ ਕਰਦੇ ਨੇ!
ਹਰਪ੍ਰੀਤ ਸਿੰਘ ਜਵੰਦਾ
Bht Bht Khubsurat