ਨਿੱਕਾ ਹੁੰਦਾ ਮੈਂ ਆਪਣੇ ਪਿੰਡੋਂ ਮੰਡੀ ਸਿਨੇਮਾ ਦੇਖਣ ਆਉਂਦਾ। ਮੇਰੀ ਸਕੀ ਮਾਸੀ ਦਾ ਸਿਨੇਮਾ ਸੀ ਤੇ ਮੇਰਾ ਮਾਮਾ ਉੱਥੇ ਬੁਕਿੰਗ ਕਲਰਕ ਸੀ। ਸਿਨੇਮੇ ਦੀ ਟਿਕਟ ਤੇ ਪੰਜਾਹ ਪ੍ਰਤੀਸ਼ਤ ਤੋਂ ਵੱਧ ਮਨੋਰੰਜਨ ਟੈਕਸ ਲਗਦਾ ਹੁੰਦਾ ਸੀ। ਮੁਫ਼ਤ ਦੇਖਣ ਲਈ ਘਰੋਂ ਮਾਸੀ ਕੋਲੋਂ ਪਾਸ ਮੰਗਣਾ ਪੈਂਦਾ ਸੀ ਤੇ ਫਿਰ ਵੀ ਕਈ ਵਾਰੀ ਮੈਨੇਜਰ ਟੈਕਸ ਦੇ ਪੈਸੇ ਵੀ ਮੰਗ ਲੈਂਦਾ ਸੀ। ਮੁਫ਼ਤ ਫਿਲਮ ਦੇਖਣ ਲਈ ਕਈ ਝੰਜਟ ਕਰਨੇ ਪੈਂਦੇ ਸਨ। ਮਾਮਾ ਜੀ ਨੂੰ ਹਰ ਵਾਰ ਫਰਮਾਇਸ਼ ਪਾਉਣੀ ਵੀ ਚੰਗੀ ਨਹੀਂ ਸੀ ਲੱਗਦੀ। ਫਿਰ ਮਾਮਾ ਜੀ ਨੇ ਇਸ ਦਾ ਤੋੜ ਵੀ ਲੱਭ ਲਿਆ। ਉਹ ਮੈਨੂੰ ਉਪਰ ਪ੍ਰੋਜੈਕਟਰ ਵਾਲੇ ਕਮਰੇ ਵਿੱਚ ਬਿਠਾ ਦਿੰਦੇ। ਜਿਸ ਵਿੱਚ ਉਪਰੇਟਰ ਦੇ ਦੇਖਣ ਲਈ ਛੋਟੀ ਜਿਹੀ ਖਿੜਕੀ ਹੁੰਦੀ ਸੀ। ਮਾਮਾ ਜੀ ਮੈਨੂੰ ਖਿੜਕੀ ਕੋਲ੍ਹ ਪਏ ਲੋਹੇ ਦੇ ਬੈੰਚ ਤੇ ਬਿਠਾ ਦਿੰਦੇ ਤੇ ਮੈਂ ਇਕੱਲਾ ਹੀ ਫਿਲਮ ਦੇਖਦਾ ਰਹਿੰਦਾ। ਦੋਨੇ ਪਾਸੇ ਚਲਦੀਆਂ ਮਸ਼ੀਨਾਂ ਦਾ ਸ਼ੋਰ ਤੇ ਇਕੱਲਾ ਹੋਣ ਕਰਕੇ ਮੈਨੂੰ ਡਰ ਵੀ ਲੱਗਦਾ। ਪਰ ਫਿਲਮ ਵੇਖਣ ਦਾ ਚਸਕਾ ਇਧਰ ਧਿਆਨ ਨਾ ਜਾਣ ਦਿੰਦਾ। ਇੰਟਰਵੈੱਲ ਵੇਲੇ ਨਾਲਦੇ ਕਮਰੇ ਵਿੱਚ ਉਪਰੇਟਰ ਮਸ਼ਹੂਰੀ ਵਾਲੀਆਂ ਸਲਾਈਡਾਂ ਚਲਾਉਂਦਾ। ਇੰਟਰਵੈੱਲ ਵੇਲੇ ਹੀ ਸਿਨੇਮੇ ਦਾ ਕੋਈਂ ਗੇਟਕੀਪਰ ਮੈਨੂੰ ਪਾਣੀ ਪਿਲਾਉਣ ਆਉਂਦਾ ਤੇ ਕਈ ਵਾਰੀ ਉਹ ਮਾਮਾ ਜੀ ਦੁਆਰਾ ਭੇਜਿਆ ਚਾਹ ਦਾ ਕੱਪ ਵੀ ਫੜ੍ਹਾ ਜਾਂਦਾ।
ਕਈ ਵਾਰੀ ਤਾਂ ਫਿਲਮ ਦਾ ਕੋਈਂ ਭਿਆਨਕ ਸੀਨ ਵੇਖਕੇ ਮੈਂ ਖਿੜਕੀ ਤੋਂ ਮੂੰਹ ਪਾਸੇ ਕਰ ਲੈਂਦਾ। ਓਦੋਂ ਫ਼ਿਲਮਾਂ ਰੀਲਾਂ ਨਾਲ ਚਲਦੀਆਂ ਹੁੰਦੀਆਂ ਸਨ ਤੇ ਕਈ ਵਾਰੀ ਰੀਲ ਟੁੱਟ ਜਾਂਦੀ ਯ ਬਿਜਲੀ ਗੁੱਲ ਹੋ ਜਾਂਦੀ। ਦਰਸ਼ਕ ਖੂਬ ਚੀਕਾਂ ਤੇ ਸਿਟੀਆਂ ਮਾਰਦੇ। ਉਪਕਾਰ ਅਤੇ ਦੋ ਕਲੀਆਂ ਫਿਲਮ ਮੈਂ ਉਸੇ ਦੌਰ ਵਿੱਚ ਵੇਖੀ ਸੀ। ਉਦੋਂ ਟਿਕਟ ਦੋ ਯ ਤਿੰਨ ਰੁਪਏ ਹੀ ਹੁੰਦੀ ਸੀ। ਜੋ ਅੱਜ ਕੱਲ੍ਹ ਢਾਈ ਸੌ ਦੇ ਕਰੀਬ ਹੁੰਦੀ ਹੈ। ਓਦੋਂ ਚੁਆਨੀ ਦੀ ਮੂੰਗਫਲੀ ਨਾਲ ਸਰ ਜਾਂਦਾ ਸੀ ਹੁਣ ਪੌਪ ਕੋਰਨ ਦਾ ਪੈਕ ਹੀ ਢਾਈ ਸੌ ਦਾ ਆਉਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ