ਲਾਹੌਰੋਂ ਸਾਲਮ ਗੱਡੀ ਕੀਤੀ..ਰਾਵਲਪਿੰਡੀ ਅੱਪੜੇ..ਬਾਹਰਲਾ ਸ਼ਹਿਰ ਚੰਡੀਗੜ ਵਰਗਾ..ਮਿਲਿਟਰੀ ਇਲਾਕਾ..ਅਫਸਰਾਂ ਦੀਆਂ ਕਲੋਨੀਆਂ ਛਾਉਣੀਆਂ ਮੈਡੀਕਲ ਕਾਲਜ ਅਤੇ ਸਕੂਲ..!
ਫੇਰ ਪੁਰਾਣਾ ਸ਼ਹਿਰ ਸ਼ੁਰੂ ਹੋ ਗਿਆ..ਗਵਾਲ ਮੰਡੀ..ਨਾਨਕਪੁਰਾ ਪੁਰਾਣੀ ਸਦਰ ਰੋਡ ਥਾਣੀ ਹੁੰਦੇ ਮੁਹੱਲਾ ਮੋਹਨਪੁਰਾ ਅੱਪੜੇ..!
ਤੰਗ ਗਲੀਆਂ ਵਿਚੋਂ ਏਧਰ ਓਧਰ ਵੇਖੀ ਜਾ ਰਹੀ ਸਾਂ..ਲੋਕ ਅਦਬ ਨਾਲ ਪਾਸੇ ਹਟਦੇ ਜਾਂਦੇ..ਨਿੱਕੇ ਪੁੱਤ ਨੇ ਦਸਤਾਰ ਸਜਾਈ ਹੋਈ ਸੀ..ਕੋਲੋਂ ਤੁਰੇ ਜਾਂਦੇ ਖਲੋ ਜਾਂਦੇ..ਆਖਦੇ ਧੀਏ ਚੜ੍ਹਦੇ ਪਾਸਿਓਂ ਆਈਂ ਲੱਗਦੀ ਏ..ਭਲਾ ਹੋਵੇ ਤੇਰਾ..ਫੇਰ ਕਿੰਨੀਆਂ ਅਸੀਸਾਂ..ਕਿੰਨੀਆਂ ਦੁਆਵਾਂ ਪਰ ਮੈਂ ਪੂਰੀ ਤਰਾਂ ਸੁੰਨ ਸਾਂ..ਓਹੀ ਇਲਾਕੇ ਓਹੀ ਮੁਹੱਲੇ ਜਿਹਨਾਂ ਬਾਰੇ ਨਿੱਕੀ ਹੁੰਦੀ ਤੋਂ ਕਿੰਨੀਆਂ ਕਹਾਣੀਆਂ ਕਿੰਨੀਆਂ ਗੱਲਾਂ ਸੁਣਦੀ ਆਈ ਸਾਂ..!
ਅਖੀਰ ਇੱਕ ਲਾਲ ਰੰਗ ਦੀ ਇਮਾਰਤ ਕੋਲ ਆ ਕੇ ਓਸਮਾਨ ਖਲੋ ਗਿਆ..ਆਖਣ ਲੱਗਾ ਬਾਜੀ ਬੱਸ ਇਹੋ ਘਰ ਏ..ਗਰਿੱਲਾਂ ਰੋਸ਼ਨਦਾਨ ਤਾਰਾਂ ਦਾ ਕਿੰਨਾ ਸਾਰਾ ਮੱਕੜ ਜਾਲ..ਹੂਬਹੂ ਓਹੀ..ਉਹ ਸਾਰੇ ਬਾਹਰ ਆ ਗਏ..ਫੁੱਲਾਂ ਦੀ ਵਰਖਾ ਕੀਤੀ..ਗੱਲ ਨਾ ਕਰਨ ਬੱਸ ਅਥਰੂ ਹੀ ਕੇਰੀ ਜਾਣ..ਫੇਰ ਕਿੰਨੀਆਂ ਗੱਲਾਂ ਕਿੰਨੀਆਂ ਬਾਤਾਂ..ਅਮਰੀਕਾ ਦੀ ਜਿੰਦਗੀ..!
ਫੇਰ ਇੱਕ ਮਾਤਾ ਜੀ ਨੂੰ ਸਣੇ ਮੰਜਾ ਬਾਹਰ ਲੈ ਆਏ..ਉੱਚੀ ਸੁਣਦਾ ਸੀ..ਇੱਕ ਨੇ ਕੰਨ ਕੋਲ ਹੋ ਕੇ ਆਖਿਆ..ਅੰਮੀ ਜੀ ਸਰਦਾਰ ਦਿਆਲ Singh ਦੀ ਪੋਤਰੀ ਆਈ ਏ ਟੱਬਰ ਸਣੇ..ਦਿਆਲ ਸਿੰਘ ਦਾ ਨਾਮ ਸੁਣ ਅੱਖੀਆਂ ਖੁੱਲੀਆਂ..ਇੰਝ ਜਿੱਦਾਂ ਮੁਰਦੇ ਵਿਚ ਜਾਨ ਪੈ ਗਈ ਹੋਵੇ..ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ..ਮੱਥਾ ਚੁੰਮਿਆ..ਫੇਰ ਪੁੱਛਣ ਲੱਗੀ..ਦਿਆਲ ਸਿੰਘ ਹੈਗਾ ਕੇ ਫੌਤ ਹੋ ਗਿਆ..ਦਿਲ ਵਿਚ ਆਈ ਜੇ ਆਖਿਆ ਹੈਨੀ ਤਾਂ ਦਿਲ ਤੇ ਹੀ ਨਾ ਲਾ ਲਵੇ..ਆਖਿਆ ਜਿਉਂਦਾ ਵੇ..ਉਲਾਂਹਮਾ ਦੇਣ ਲੱਗੀ..ਫੇਰ ਨਾਲ ਕਿਓਂ ਨਹੀਂ ਆਇਆ..ਭੈਣ ਨਾਲ ਕਰਾਰ ਕਰ ਕੇ ਗਿਆ ਸੀ ਆਵਾਂਗਾ..ਮੁੜ ਉਡੀਕਦੀ ਰਹੀ..ਜਿਊਣ ਜੋਗਾ..!
ਫੇਰ ਚੁੱਪ ਕਰ ਗਈ ਤੇ ਮਗਰੋਂ ਮੇਰੇ ਪੁੱਤ ਵੱਲ ਵੇਖ ਆਖਣ ਲੱਗੀ ਆਹ ਤੇਰਾ ਪੁੱਤਰ ਏ..ਆਖਿਆ ਹਾਂਜੀ..ਮੇਰਾ ਹੱਥ ਚੁੱਕ ਉਸਦੇ ਸਿਰ ਤੇ ਰੱਖ ਦਿੱਤਾ..ਅਖ਼ੇ ਹੁਣ ਦੱਸ ਦਿਆਲ ਸੱਚੀ ਹੈਗਾ ਕੇ ਮੁੱਕ ਗਿਆ?
ਇਸ ਵੇਰ ਮੈਂ ਚੁੱਪ ਰਹੀ..ਕਿੰਨੇ ਸਾਰੇ ਹੰਝੂ ਭੋਏਂ ਤੇ ਆਣ ਡਿੱਗੇ..!
ਬੀਜੀ ਸਮਝ ਗਈ ਤੇ ਆਖਣ ਲੱਗੀ “ਮੈਨੂੰ ਪਤਾ ਸੀ..ਉਹ ਜਰੂਰ ਮੁੱਕ ਗਿਆ ਹੋਣਾ..ਮੈਥੋਂ ਛੇ ਵਰੇ ਵੱਡਾ ਜੂ ਸੀ..!
ਫੇਰ ਓਸੇ ਤਰਾਂ ਅੱਖੀਆਂ ਮੀਟ ਲਈਆਂ..ਰਸ਼ੀਦ ਨੂੰ ਆਖਣ ਲੱਗੀ ਮੰਜਾ ਅੰਦਰ ਕਰ ਦੇ..!
ਅਗਲੇ ਦਿਨ ਨਨਕਾਣੇ ਸਾਬ ਦੀ ਜੂਹ ਵੀ ਨਹੀਂ ਸੀ ਟੱਪੀ ਹੋਣੀ ਕੇ ਸੁਨੇਹਾ ਆ ਗਿਆ..ਰਾਵਲਪਿੰਡੀ ਬੀਬੀ ਨੂਰਾਂ ਰਾਤ ਦੀ ਪੂਰੀ ਹੋ ਗਈ..ਸੁੱਤਿਆਂ ਸੌਂ ਗਈ..ਵੀਰ ਦਿਆਲ ਸਿੰਘ ਦੇ ਕਮਰੇ ਵਿਚ!
ਉਸਮਾਨ ਨੂੰ ਆਖਿਆ ਗੱਡੀ ਪਾਸੇ ਲਾ ਲਵੇ..ਚੰਗੀ ਤਰਾਂ ਗੁਬਾਰ ਕੱਢਿਆ ਫੇਰ ਆਖਣ ਲੱਗੀ..ਇਥੋਂ ਬਾਅਦ ਨੇੜੇ ਤੇੜੇ ਬੇਬੇ ਨਾਨਕੀ ਦਾ ਕੋਈ ਅਸਥਾਨ ਹੋਵੇ ਤਾਂ ਜਰੂਰ ਦੱਸੀ..ਦਰਸ਼ਨ ਕਰਨ ਨੂੰ ਜੀ ਕਰੀ ਜਾਂਦਾ!
ਹਰਪ੍ਰੀਤ ਸਿੰਘ ਜਵੰਦਾ