ਕਈ ਵਾਰੀ ਜ਼ਿੰਦਗੀ ਦਾ ਲੰਬਾ ਤਜਰਬਾ ਇੱਕ ਮਿੰਟ ਵਿੱਚ ਬਦਲਣ ਚ ਦੇਰ ਨਹੀਂ ਲੱਗਦੀ।
ਪਿਛਲੇ ਹਫਤੇ ਮੈ ਬਠਿੰਡੇ ਤੋਂ ਲੁਧਿਆਣੇ ਪਾਪਾ ਨੂੰ ਮਿਲਣ ਜਾ ਰਹੀ ਸੀ ।ਮੰਮੀ ਦੀ ਮੌਤ ਤੋਂ ਮਗਰੋਂ ਦੋ ਸਾਲ ਹੋ ਗਏ ਸਨ। ਅਸੀਂ ਤਿੰਨੋ ਭੈਣਾਂ ਹਰ ਹਫ਼ਤੇ ਪਾਪਾ ਨੂੰ ਮਿਲਣ ਜਾਂਦੀਆਂ ਸੀ ।ਓਹਨਾਂ ਨੂੰ ਬਥੇਰਾ ਕਹੀਦਾ ਸੀ ਕਿ ਸਾਡੇ ਕੋਲ ਆ ਕੇ ਰਹੋ ਪਰ ਪੁਰਾਣੀ ਬਜ਼ੁਰਗ ਸੋਚ ਓਹ ਕਹਿੰਦੇ ਸਨ, ਬੇਟਾ ਕੁੜੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ।
ਖੈਰ ਚਲੋ ਮੈਂ ਬੱਸ ਵਿੱਚ ਚੜ੍ਹੀ ਤਾਂ ਦੇਖਿਆ ਸਾਰੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਸਨ। ਸੋਚਣ ਲੱਗੀ ਉਤਰ ਜਾਵਾਂ ਅਗਲੀ ਬੱਸ ਤੇ ਚਲੀ ਜਾਵਾਂਗੀ। ਲੰਬਾ ਸਫਰ ਐ ਖੜ੍ਹ ਕੇ ਤਹਿ ਨਹੀਂ ਹੋਣਾ। ਅਜੇ ਉਤਰਣ ਲਈ ਵਾਰੀ ਵੱਲ ਮੂੰਹ ਕਰਿਆ ਈ ਸੀ ਕਿ ਪਿਛੇ ਤੋਂ ਆਵਾਜ਼ ਆਈ,ਵੱਡੀ ਭੈਣ ਐਥੇ ਬੈਠ ਜਾਓ ।ਪਿਛੇ ਮੁੜ ਕੇ ਦੇਖਿਆ ਪੋਚਵੀਂ ਪੱਗ ਬੰਨ੍ਹੀ ਸੋਹਣਾ ਨੌਜਵਾਨ ਪੁਲਿਸ ਦੀ ਵਰਦੀ ਪਾਈ ਖੜ੍ਹਾ ਸੀ।
ਓਸਦੇ ਇਨ੍ਹਾਂ ਲਫ਼ਜ਼ਾਂ ਨੇ ਕੀਲ ਲਿਆ ।ਅੱਜ ਕੱਲ ਹਰ ਕੋਈ ਮੁੰਡਾ ਕਿਸੇ ਕੁੜੀ ਨੂੰ ਭੈਣ ਬਣਾ ਕੇ ਰਾਜ਼ੀ ਨਹੀਂ ਉਤੋਂ ਪੁਲਿਸ ਦੀ ਵਰਦੀ ਕਿੱਦਾਂ ਗਾਲ਼ ਕੱਢਣ ਵੇਲੇ ਸੋਚਦੇ ਨਹੀਂ ਕਿ ਸਾਨੂੰ ਕੋਈ ਧੀ ਭੈਣ ਸੁਣ ਰਹੀ ਐ ਕਾਸ਼ ਮੈਂ ਸੱਚਮੁੱਚ ਇਸਦੀ ਭੈਣ ਹੁੰਦੀ ।
ਸੋਚਦੀ ਅਤੀਤ ਦੀਆਂ ਯਾਦਾਂ ਵਿੱਚ ਗੁਆਚ ਗਈ
ਵੀਰਾ ਮੈਥੋਂ ਚਾਰ ਸਾਲ ਵੱਡਾ ਸੀ ।ਪੁਲਿਸ ਵਿੱਚ ਭਰਤੀ ਹੋਇਆ ਮਾਂ ਨੂੰ ਕਿੰਨਾ ਚਾਅ ਚੜ੍ਹਿਆ ਸੀ ।ਮੈਨੂੰ ਵੀ ਜਦ ਹੌਸਟਲ ਮਿਲਣ ਜਾਂਦਾ ਤਾਂ ਸਹੇਲੀਆਂ ਨੂੰ ਮਾਣ ਨਾਲ ਦੱਸਦੀ,
ਮੇਰਾ ਵੀਰ ਐ ਇਹ ਪੁਲਿਸ ਚ ਲੱਗਿਆ।
ਵੀਰੇ ਦਾ ਵਿਆਹ ਹੋ ਗਿਆ। ਤੂੰ ਤੂੰ ਮੈਂ ਮੈਂ ਤਾਂ ਵਿਆਹ ਤੋਂ ਪਹਿਲਾਂ ਈ ਚਲਦੀ ਸੀ। ਵਿਆਹ ਤੋਂ ਬਾਅਦ ਜ਼ਿਆਦਾ ਵੱਧ ਗਈ ।ਵੀਰੇ ਨੂੰ ਪਾਪਾ ਨੇ ਕਹਿਣਾ ਕਾਕਾ ਤੇਰੀ ਤਨਖਾਹ ਚੋਂ ਘਰ ਵੀ ਕੁਛ ਦਿਆ ਕਰ ਤੇਰੀਆਂ ਦੋ ਭੈਣਾਂ ਵਿਆਉਣ ਵਾਲੀਆਂ ਨੇ ।ਪਰ ਵੀਰੇ ਤੇ ਕੋਈ ਅਸਰ ਨਾ ਹੁੰਦਾ ।ਵੀਰੇ ਨੇ ਰਾਤ ਨੂੰ ਸਰਾਬ ਨਾਲ ਰੱਜ ਕੇ ਲੇਟ ਆਓਣਾ ਤੇ ਸਵੇਰੇ ਪਾਪਾ ਦੇ ਡਿਊਟੀ ਜਾਣ ਤੋਂ ਬਾਅਦ ਚ ਉੱਠਣਾ ਪਾਪਾ ਖੇਤੀਬਾੜੀ ਬੈਂਕ ਵਿਚ ਡਰਾਈਵਰ ਸਨ । ਕਰਦੇ ਕਰਾਉਂਦੇ ਗੱਲ ਅੱਡ ਹੋਣ ਤੇ ਆ ਗਈ।
ਪਾਪਾ ਤੇ ਵੀਰਾ ਅੱਡ ਹੋ ਗਏ ।ਮਾਂ ਅੱਜ ਕਿੰਨਾ ਰੋਈ
ਕੱਲਾ ਕੱਲਾ ਪੁੱਤ ਜਦੋਂ ਅੱਡ ਹੋ ਜਾਵੇ ਤਾਂ ਮਾਂ ਪਿਓ ਤੇ ਕੀ ਬੀਤਦੀ ਐ ਓਹਨਾਂ ਦਾ ਦੁੱਖ ਕੋਈ ਨਹੀਂ ਜਾਣ ਸਕਦਾ।
ਟਾਈਮ ਪੈ ਕੇ ਸਾਡਾ ਦੋਹਾਂ ਭੈਣਾਂ ਦਾ ਵਿਆਹ ਹੋ ਗਿਆ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਮਾੜਾ ਦੌਰ ਕਰੋਨਾ ਦਾ ਆਇਆ ਹਰ ਘਰ ਸੱਥਰ ਵਿਛਣ ਲੱਗੇ । ਸਰਕਾਰ ਵੱਲੋਂ ਹਰ ਇੱਕ ਨੂੰ ਵੈਕਸੀਨ ਜ਼ਰੂਰੀ ਕਰ ਦਿੱਤੀ। ਮੇਰੇ ਪਤੀ ਨੂੰ ਕਰੋਨਾ ਹੋ ਗਿਆ। ਮੇਰੇ ਬੱਚਿਆਂ ਦੀ ਤੇ ਮੇਰੀ ਮਿਹਨਤ ਸਦਕਾ ਮੇਰੇ ਪਤੀ ਠੀਕ ਹੋ ਗਏ।
ਮੈ ਵੈਕਸੀਨ ਲੁਆਈ ਮੈਨੂੰ ਬੁਖਾਰ ਹੋ ਗਿਆ। ਓਧਰ ਮਾ ਤੇ ਪਾਪਾ ਨੇ ਵੀ ਵੈਕਸੀਨ ਲੁਆਈ ।ਪਾਪਾ ਨੂੰ ਤਾਂ ਇਕੱਲੇ ਬੁਖਾਰ ਨਾਲ ਈ ਚੱਲ ਗਿਆ। ਪਰ ਮਾਂ ਵੈਕਸੀਨ ਨੂੰ ਝੱਲ ਨਾ ਸਕੀ ਹਸਪਤਾਲ ਭਰਤੀ ਕਰਾਉਣਾ ਪਿਆ। ਛੋਟੀ ਭੈਣ ਮਾਂ ਕੋਲ਼ ਹਸਪਤਾਲ਼ ਆ ਗਈ। ਮੈ ਬੁਖਾਰ ਕਰਕੇ ਨਹੀਂ ਜਾ ਸਕੀ ਵੀਰੇ ਨੂੰ ਫੋਨ ਕਰੇ ਓਸਤੇ ਕੋਈ ਅਸਰ ਨਾ ਹੋਇਆ।
ਮਾਂ ਨੂੰ ਤਿੰਨ ਦਿਨ ਹਸਪਤਾਲ ਰੱਖਿਆ । ਪਰ ਮਾਂ ਰੱਬ ਨੂੰ ਪਿਆਰੀ ਹੋ ਗਈ ।ਸਸਕਾਰ ਲਈ ਇੱਕ ਵਜੇ ਐਂਬੂਲੈਂਸ ਮਾਂ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਈ । ਵੀਰੇ ਨੂੰ ਫੋਨ ਕੀਤਾ ਉਡੀਕਦੇ ਰਹੇ ਵੀਰਾਂ ਸ਼ਾਮ ਨੂੰ ਚਾਰ ਵਜੇ ਆਇਆ।
ਆ ਕੇ ਵੀ ਮਰੀ ਮਾਂ ਨੂੰ ਖਿਚੀ ਜਾਵੇ ।ਸਾਰਿਆਂ ਨੇ ਸਮਝਾ ਬੁਝਾ ਕੇ ਸਸਕਾਰ ਕਰਵਾ ਦਿੱਤਾ। ਅੱਜ ਮਰੀ ਮਾਂ ਨੂੰ ਦੋ ਸਾਲ ਹੋ ਗਏ ਪਾਪਾ ਆਪੇ ਰੋਟੀ ਬਣਾ ਕੇ ਖਾਂਦੇ ਹਨ। ਪਰ ਵੀਰੇ ਨੂੰ ਕੋਈ ਫ਼ਰਕ ਨਹੀਂ ਪੈਂਦਾ ।
ਸੋਚਾਂ ਚ ਡੁੱਬੀ ਹੋਈ ਕਦੋਂ ਲੁਧਿਆਣੇ ਪਹੁੰਚ ਗਈ ਪਤਾ ਈ ਨਹੀਂ ਲੱਗਿਆ। ਪੂਰੇ ਸਫ਼ਰ ਚ ਕਈ ਵਾਰੀ ਅੱਖ਼ਾਂ ਭਰੀਆਂ ਵੀ ਤੇ ਪੂੰਝੀਆਂ ਵੀ ਤੇ ਓਹ ਜਿਓਣ ਜੋਗਾ
ਕਿਹੜੇ ਅੱਡੇ ਤੇ ਉਤਰਿਆ ਪਤਾ ਵੀ ਨਾ ਲੱਗਾ ।
ਉਸਦਾ ਚਿਹਰਾ ਯਾਦ ਕਰਕੇ ਰੱਬ ਅੱਗੇ ਮੂੰਹੋਂ ਇਹੀ ਅਰਦਾਸ ਨਿਕਲਦੀ ਐ ਰੱਬਾ ਉਸ ਨੂੰ ਲੰਬੀ ਓਮਰ ਦੇਵੀਂ ।
ਕਿੰਨੀ ਕਰਮਾ ਵਾਲੀ ਐ ਓਹ ਮਾਂ ਜਿਸਦੀ ਕੁੱਖੋਂ ਇਹਨੇ ਜਨਮ ਲਿਆ। ਕਿੰਨੀ ਕਰਮਾਂ ਵਾਲੀ ਐ ਓਹ ਭੈਣ ਜਿਸਦਾ ਇਹ ਭਾਈ ਐ।
k.k.k.k.✍️✍️✍️