ਪੇਕੇ ਆਈ ਨੂੰ ਅਜੇ ਕੁਝ ਹੀ ਘੰਟੇ ਹੋਏ ਸਨ..!
ਹਰ ਪਾਸੇ ਰੌਣਕ ਪੱਸਰ ਗਈ..ਸ਼ਰੀਕਾ ਬਰਾਦਰੀ ਚਾਚੀਆਂ ਤਾਈਆਂ ਅਤੇ ਪੂਰਾਣੀਆਂ ਸਹੇਲੀਆਂ..!
ਹਰੇਕ ਨੂੰ ਕੋਈ ਨਾ ਕੋਈ ਗਿਲਾ..ਵਾਹਵਾ ਦਿਨਾਂ ਲਈ ਨਹੀਂ ਆਉਂਦੀ..ਖੁੱਲ ਕੇ ਗੱਲਾਂ ਨੀ ਕਰਦੀ..ਸਾਡੇ ਵੱਲ ਰੋਟੀ ਟੁੱਕ ਨੀ ਖਾਂਦੀ..ਦੁੱਖ ਸੁਖ ਨੀ ਫਰੋਲਦੀ..ਸਾਡੇ ਨਾਲ ਖੇਤਾਂ ਵੱਲ ਨੂੰ ਨਹੀਂ ਜਾਂਦੀ..ਅਜੇ ਚਾਅ ਮਲਾਰ ਵੀ ਪੂਰੇ ਨੀ ਹੁੰਦੇ ਕੇ ਵਾਪਿਸ ਪਰਤ ਜਾਂਦੀ ਏ..!
ਆਪਣੇ ਘਰੇ ਵੀ ਮੇਲੇ ਵਾਲਾ ਮਾਹੌਲ ਸੀ..!
ਫੇਰ ਕਿਧਰੋਂ ਵਾਜ ਆਈ..”ਅੱਜ ਮਟਰਾਂ ਵਿਚ ਪਨੀਰ ਜਰੂਰ ਪਾਉਣਾ..ਗਾਜਰ ਦਾ ਹਲਵਾ ਵੀ ਜਰੂਰ ਬਣਨਾ ਚਾਹੀਦਾ..ਮੇਰੀ ਧੀ ਨੂੰ ਇਹ ਦੋਵੇਂ ਚੀਜਾਂ ਬਹੁਤ ਪਸੰਦ ਨੇ”
ਏਨੀ ਉਚੇਚ ਹੁੰਦੀ ਵੇਖ ਆਪ ਮੁਹਾਰੇ ਹੀ ਮੇਰੇ ਮੂਹੋਂ ਨਿੱਕਲ ਗਿਆ..”ਮੇਰਾ ਜੀ ਕਰਦਾ ਮੈਂ ਪੱਕੀ ਇਥੇ ਹੀ ਰਹਿ ਜਾਵਾਂ..”
ਪਹਿਲੋਂ ਸੰਨਾਟਾ ਜਿਹਾ ਛਾ ਗਿਆ..ਤੇ ਫੇਰ ਘੁਸਰ-ਮੁਸਰ ਸ਼ੁਰੂ ਹੋ ਗਈ!
ਮੁੜਕੇ ਆਥਣ ਵੇਲੇ ਬਣੀ ਮਟਰਾਂ ਦੀ ਸਬਜੀ ਵਿਚੋਂ “ਪਨੀਰ” ਅਤੇ ਵੰਨਗੀਆਂ ਵਿਚੋਂ “ਗਾਜਰ ਦਾ ਹਲਵਾ” ਗਾਇਬ ਸੀ!
ਹਰਪ੍ਰੀਤ ਸਿੰਘ ਜਵੰਦਾ