ਜਦੋਂ ਵੀ ਬੋਰਡ ਕਲਾਸ ਦਾ ਰਿਜ਼ਲਟ ਆਉਂਦਾ ਹੈ, ਤਾਂ ਮੇਰੀ ਨਜ਼ਰ ਹਮੇਸ਼ਾਂ ਹੀ ਉਹਨਾਂ ਬੱਚਿਆਂ ਨੂੰ ਲੱਭਦੀ ਹੈ ਜਿੰਨ੍ਹਾਂ ਦੇ ਨੰਬਰ ਘੱਟ ਆਏ ਹੁੰਦੇ ਹਨ ਜਾਂ ਫਿਰ ਕੰਪਾਰਟਮੈਂਟ ਆਈ ਹੁੰਦੀ ਹੈ। ਮੈਨੂੰ ਉਹਨਾਂ ਬੱਚਿਆਂ ਨਾਲ਼ ਗੱਲ ਕਰਨਾ ਚੰਗਾ ਲੱਗਦਾ ਹੈ, ਤਾਂ ਕਿ ਉਹ ਕਿਸੇ ਤਰ੍ਹਾਂ ਦੀ ਹੀਣਤਾ ਮਹਿਸੂਸ ਨਾ ਕਰਨ। ਹਰ ਬੱਚੇ ਦਾ ਮਾਨਸਿਕ ਪੱਧਰ ਇਕੋ ਜਿਹਾ ਨਹੀਂ ਹੁੰਦਾ।
ਅੱਜ ਤੋਂ ਪੰਜ-ਛੇ ਸਾਲ ਪਹਿਲਾਂ ਦੀ ਗੱਲ ਹੈ। ਦਸਵੀਂ ਕਲਾਸ ਦਾ ਰਿਜ਼ਲਟ ਆਇਆ ਤਾਂ ਸਭ ਬੱਚੇ ਹੌਲੀ-ਹੌਲੀ ਸਕੂਲ ਪਹੁੰਚ ਗਏ।
ਪਾਸ ਹੋਣ ‘ਤੇ ਬੱਚੇ ਖ਼ੁਸ਼ ਹੁੰਦੇ ਸਨ ਅਤੇ ਮਠਿਆਈ ਦੇ ਡੱਬੇ ਵੀ ਤਕਰੀਬਨ ਸਾਰੇ ਹੀ ਲਿਆਉਂਦੇ ਹਨ। ਸਾਰਿਆ ਕੋਲੋਂ ਥੋੜ੍ਹਾ-ਥੋੜ੍ਹਾ ਖਾ ਕੇ ਢਿੱਡ ਬਹੁਤ ਭਰ ਜਾਂਦਾ ਹੈ। ਹਰ ਇੱਕ ਦਾ ਮਨ ਰੱਖਣ ਲਈ ਖਾਣਾ ਤਾਂ ਪੈਂਦਾ ਹੀ ਹੈ।
ਮੇਰੇ ਆਪਣੇ ਸ਼ੈਕਸ਼ਨ ਦੇ ਬੱਚੇ ਮੇਰੇ ਕੋਲ਼ ਇਕੱਠੇ ਹੋ ਗਏ। ਸਭ ਆਪਣੇ- ਆਪਣੇ ਨੰਬਰਾਂ ਬਾਰੇ ਦਸ ਰਹੇ ਸਨ, ਕਿ ਮੇਰਾ ਧਿਆਨ ਗੁਰਮਨ ਵੱਲ ਗਿਆ। ਮੈਨੂੰ ਪਤਾ ਤਾਂ ਸੀ ਕਿ ਉਸ ਦੀ ਕੰਪਾਰਟਮੈਂਟ ਆਈ ਹੈ, ਪਰ ਮੈਂ ਜ਼ਾਹਰ ਨਹੀਂ ਕੀਤਾ। ਗੁਰਮਨ ਪੜ੍ਹਾਈ ਵਿੱਚ ਜਿਵੇਂ ਦਾ ਸੀ ,ਪਰ ਹੈ ਬੜਾ ਚੁੱਪ ਰਹਿਣ ਵਾਲਾ ਅਤੇ ਸਾਊ ਜਿਹਾ ਬੱਚਾ ਸੀ।ਕਿਸੇ ਨਾਲ਼ ਖੁੱਲ੍ਹ ਕੇ ਗੱਲ ਨਹੀਂ ਸੀ ਕਰਦਾ।
ਬੱਚਿਆਂ ਕੋਲੋਂ ਗੁਰਮਨ ਬਾਰੇ ਪੁੱਛਣ ‘ਤੇ ਪਤਾ ਚੱਲਿਆ ਕਿ ਉਹ ਤਾਂ ਸਕੂਲ ਦੇ ਬਾਹਰ ਹੀ ਖੜ੍ਹਾ ਹੈ। ਮੈਂ ਬੱਚਿਆ ਨੂੰ ਭੇਜ ਕੇ ਉਸ ਨੂੰ ਅੰਦਰ ਬੁਲਵਾਇਆ। ਉਹ ਨੀਵੀਂ ਪਾ ਕੇ ਮੇਰੇ ਸਾਹਮਣੇ ਖੜ੍ਹਾ ਹੋ ਗਿਆ। ਮੈਂ ਉਸ ਨੂੰ ਜੱਫ਼ੀ ਵਿਚ ਲੈ ਲਿਆ ਤੇ ਬੜੇ ਪਿਆਰ ਨਾਲ਼ ਕਿਹਾ “ਫਿਰ ਕੀ ਹੋਇਆ..ਜੇ ਕੰਪਾਰਟਮੈਂਟ ਆ ਗਈ ਹੈ ਤਾਂ, ਆਪਾਂ ਰਲ਼ ਮਿਲ ਕੇ ਹੱਲ ਕਰ ਲੈਣੀ ਹੈ।” ਇਹ ਸੁਣ ਕੇ ਉਸ ਨੇ ਮੇਰੇ ਵੱਲ ਤੱਕਿਆ ਤੇ ਅੱਥਰੂ ਪੀ ਗਿਆ।
ਅਗਲੇ ਦਿਨ ਸਵੇਰੇ ਹੀ ਰਿਸ਼ੈਪਸਨ ਤੋਂ ਸਨੇਹਾ ਆਇਆ ਕਿ ਤੁਹਾਨੂੰ ਗੁਰਮਨ ਦੀ ਮੰਮੀ ਮਿਲਣ ਆਈ ਹੈ। ਮੈਂਨੂੰ ਥੋੜ੍ਹਾ ਡਰ ਲੱਗਿਆ ਕਿ ਇਹ ਜ਼ਰੂਰ ਲੜ੍ਹਨ ਆਏ ਹਨ , ਕਿਉਂਕਿ ਇਕੱਲੇ ਗੁਰਮਨ ਦੀ ਹੀ ਮੇਰੇ ਸ਼ੈਕਸ਼ਨ ਵਿੱਚੋਂ ਕੰਪਾਰਟਮੈਂਟ ਆਈ ਹੈ। ਮੈਂ ਸੋਚਾ ਸੋਚਦੀ ਕਿ ,ਕੀ ਜਵਾਬ ਦੇਣਾ ਹੈ ,ਰਿਸੈਪਸ਼ਨ ‘ਤੇ ਪਹੁੰਚੀ। ਉਸ ਦੀ ਮੰਮੀ ਬੜ੍ਹੀ ਭਾਵੁਕ ਲੱਗ ਰਹੀ ਸੀ। ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਰੋ ਕੇ ਮੇਰੇ ਗਲ਼ ਲੱਗ ਗਈ ਤੇ ਮੇਰਾ ਸ਼ੁਕਰੀਆ ਕਰਨ ਲੱਗ ਪਈ।
ਕੁਝ ਚਿਰ ਬਾਅਦ ਨਾਰਮਲ ਹੋਣ ਤੇ ਉਸ ਨੇ ਦੱਸਿਆ ਕਿ ਮੇਰਾ ਪੁੱਤਰ ਘਰ ਜਾ ਕੇ ਕਹਿੰਦਾ ਸੀ ,ਜੇ ਅੱਜ ਮੈਨੂੰ ਮੈਡਮ ਪਿਆਰ ਨਾਲ਼ ਨਾ ਸਮਝਾਉਂਦੇ ਤਾਂ ਮੈਂ ਘਰ ਨਹੀਂ ਸੀ ਆਉਂਣਾ। ਮੈਂ ਸੋਚਿਆ ਸੀ ਕਿਸੇ ਚੀਜ਼ ਵਿੱਚ ਵੱਜ ਕੇ ਮਰ ਜਾਣਾ ਹੈ। ਇਸ ਕਰਕੇ ਮੈਡਮ ਤੁਹਾਡਾ ਧੰਨਵਾਦ… ਤੁਹਾਡੀ ਵਜਾ ਨਾਲ਼ ਮੇਰਾ ਪੁੱਤਰ ਬੱਚ ਗਿਆ। ਮੈਂ ਇਹ ਸਭ ਸੁਣ ਕੇ ਸੁੰਨ ਜਿਹੀ ਹੋ ਗਈ ਤੇ ਮਨ ਹੀ ਮਨ ਵਿੱਚ ਉਸ ਸੱਚੇ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਰੱਬ ਨੇ ਮੈਨੂੰ ਸੋਝੀ ਬਖ਼ਸ਼ ਦਿੱਤੀ ਤੇ ਮੈਂ ਉਸ ਨੂੰ ਬੁਲਾ ਕੇ ਦੋ ਬੋਲ ਪਿਆਰ ਦੇ ਬੋਲ ਦਿੱਤੇ। ਜਿਸ ਨਾਲ਼ ਇੱਕ ਕੀਮਤੀ ਜ਼ਿੰਦਗੀ ਬੱਚ ਗਈ।
ਹੁਣ ਜਦੋਂ ਵੀ ਰਿਜ਼ਲਟ ਆਉਂਦਾ ਹੈ ਤਾਂ ਮੇਰੀਆਂ ਅੱਖਾਂ ਸਿਰਫ਼ ਗੁਰਮਨ ਵਰਗਿਆਂ ਨੂੰ ਹੀ ਲੱਭਦੀਆਂ ਹਨ। ਪਿਆਰੇ ਦੋਸਤੋ… ਆਉ ਇਸ ਆਉਣ ਵਾਲੇ ਭਵਿੱਖ ਨੂੰ ਸਹੀ ਸੇਧ ਦੇ ਸਕੀਏ।
ਪਰਵੀਨ ਕੌਰ ਸਿੱਧੂ
8146536200