ਦੱਖਣੀ-ਅਫ੍ਰੀਕਾ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਦੌਰਾਨ ਇੰਡੀਆ ਖਿਲਾਫ ਆਸਟ੍ਰੇਲੀਆ ਵੱਲੋਂ ਖੇਡਦੇ ਹੋਏ ਇਸ ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨੂੰ ਇਸ ਗੱਲੋਂ ਟ੍ਰੋਲ ਕੀਤਾ ਜਾ ਰਿਹਾ ਕੇ ਇਹ ਭਲਾ ਉੱਨੀ ਸਾਲ ਦਾ ਕਿਹੜੇ ਪਾਸੇ ਤੋਂ ਲੱਗਦਾ..ਓਵਰ ਏਜ ਹੈ!
ਦੂਜਾ ਕਸੂਰ ਫਾਈਨਲ ਮੈਚ ਵਿਚ ਪੰਜਾਹ ਤੋਂ ਉੱਤੇ ਦੌੜਾ ਬਣਾ ਕੇ ਆਸਟ੍ਰੇਲੀਆ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ..!
ਤੀਜਾ ਜਿੱਤ ਮਗਰੋਂ ਸੱਜੇ ਪੱਟ ਤੇ ਥਾਪੀ ਮਾਰ ਹੱਥ ਉੱਪਰ ਆਸਮਾਨ ਵੱਲ ਕਰ ਮੂਸੇ ਵਾਲੇ ਵੱਲੋਂ ਸਥਾਪਿਤ ਕੀਤੇ ਚੜ੍ਹਦੀ ਕਲਾ ਦੇ ਇਕ ਅਦੁੱਤੀ ਅਤੇ ਵਿਚਿੱਤਰ ਮਾਪ ਢੰਡ ਨੂੰ ਅੰਤਰਰਾਸ਼ਟਰੀ ਮੀਡੀਏ ਸਾਮਣੇ ਉਭਾਰਿਆ..!
ਕਿੰਨੀ ਨਫਰਤ ਕੁੜੱਤਣ ਅਤੇ ਈਰਖਾ ਭਰੀ ਹੋਈ ਏ ਦਿਮਾਗਾਂ ਵਿਚ..ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਂਮ ਜੇ ਅੱਜ ਆਪਣੇ ਬਲਬੂਤੇ ਤੇ ਦੁਨੀਆ ਦੇ ਵੱਖੋ ਵੱਖ ਮੁਲਖਾਂ ਖਿੱਤਿਆਂ ਵਿਚ ਸਿੱਖੀ ਸਿਖਿਆ ਗੁਰਵੀਚਾਰ ਅਤੇ ਸਿੱਖੀ ਸਿਧਾਂਤ ਤੇ ਪਹਿਰਾ ਦਿੰਦੀ ਹੋਈ ਬੁਲੰਦੀਆਂ ਛੋਹ ਰਹੀ ਏ ਤਾਂ ਜਰਾ ਜਿੰਨਾ ਵੀ ਜਰਿਆ ਨਹੀਂ ਜਾਂਦਾ..ਚਾਹੇ ਉਹ ਖੇਡ ਦਾ ਮੈਦਾਨ ਹੀ ਕਿਓਂ ਨਾ ਹੋਵੇ..!
ਖਾਲਿਸਤਾਨੀ ਅਤੇ ਅੱਤਵਾਦੀ ਦੀ ਮੋਹਰ ਹਰ ਵੇਲੇ ਤਿਆਰ ਭਰ ਤਿਆਰ..ਕੌਣ ਸਮਝਾਵੇ ਕੇ ਦਸਮ ਪਿਤਾ ਵੱਲੋਂ ਚਲਾਇਆ ਗਿਆ ਖੰਡੇ ਬਾਟੇ ਦਾ ਉਹ ਸਿਧਾਂਤ ਹੁਣ ਦੁਨੀਆਂ ਦੇ ਹਰ ਕੋਨੇ ਹਰ ਖਿੱਤੇ ਵਿਚ ਘਰ ਕਰ ਗਿਆ..ਲੋਕ ਪਛਾਨਣ ਲੱਗ ਪਏ..ਦਸਤਾਰ ਨੂੰ ਸਲਾਮਾਂ ਹੁੰਦੀਆਂ..!
ਅੱਜ ਸੁਵੇਰੇ ਹੀ ਮਗਰ ਆਉਂਦੇ ਗੋਰੇ ਲਈ ਜਦੋਂ ਟਿੰਮ-ਹੋਰਟਨ ਦਾ ਗੇਟ ਖੋਲ ਕੇ ਰਖਿਆ ਤਾਂ ਸੋਚਿਆ ਜਰੂਰ ਥੈਂਕ-ਯੂ ਆਖ ਕੋਲੋਂ ਦੀ ਲੰਘੇਗਾ..ਪਰ ਜਿਉਣ ਜੋਗਾ ਪਹਿਲੋਂ ਠਰੰਮੇ ਨਾਲ ਖਲੋ ਗਿਆ ਫੇਰ ਸਤਿਕਾਰ ਸਾਹਿਤ ਝੁਕ ਕੇ ਫ਼ੁਰਮਾਉਣ ਲੱਗਾ..ਸਰਦਾਰ ਜੀ ਸਤ ਸ੍ਰੀ ਅਕਾਲ..ਕੀ ਹਾਲ ਆ ਤੁਹਾਡਾ!
ਹਰਪ੍ਰੀਤ ਸਿੰਘ ਜਵੰਦਾ