ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ ਇਹ੍ਹਨਾਂ ਨੂੰ ਹੋਰ ਕਲਾਸ ਦੇ ਦਿੱਤੀ ਤੇ ਮੇਰਾ ਦਰੁਸਤੀ ਅਭਿਆਨ ਵਿਚਾਲੇ ਹੀ ਰਹਿ ਗਿਆ।
ਸ਼ਹਿਰ ਵਿੱਚ ਸਾਡਾ ਪੁਰਾਣਾ ਘਰ ਇਸਤਰਾਂ ਦਾ ਹੈ ਕਿ ਗਲੀ ਵਿਚੋਂ ਪੂਰਾ ਘਰ ਨਜ਼ਰ ਆਉਂਦਾ ਹੈ। ਇੱਕ ਦਿਨ ਮੈਂ ਵਰਾਂਡੇ ਵਿੱਚ ਬੈਠਾ ਰੋਟੀ ਖਾ ਰਿਹਾ ਸੀ। ਸਾਡੇ ਸਾਹਮਣੇ ਰਹਿੰਦੇ ਪਰਿਵਾਰ ਦੀ ਵੱਡੀ ਨੂੰਹ ਰਾਜਿੰਦਰ ਭਾਬੀ ਨੇ ਟੋਕ ਦਿੱਤਾ।
“ਹੈਂ ਵੇ ਰਮੇਸ਼ ਤੂੰ ਖੱਬੇ ਹੱਥ ਨਾਲ ਰੋਟੀ ਖਾਂਦਾ ਹੈਂ।” ਉਸ ਪਰਿਵਾਰ ਨਾਲ ਸਾਡੇ ਸਬੰਧ ਬਹੁਤ ਵਧੀਆ ਸਨ। ਇੱਕ ਥਾਲੀ ਵਿੱਚ ਖਾਣ ਵਾਲੀ ਗੱਲ ਸੀ। ਪਿਆਰ ਨਾਲ ਉਸਦਾ ਟੋਕਿਆ ਮੇਰੇ ਤੇ ਅਸਰ ਕਰ ਗਿਆ। ਮੈਂ ਸੱਜੇ ਹੱਥ ਨਾਲ ਖਾਣਾ ਸ਼ੁਰੂ ਕਰ ਦਿੱਤਾ। ਪਰ ਪੰਦਰਾਂ ਵੀਹ ਦਿਨਾਂ ਬਾਅਦ ਕਿਸੇ ਗੱਲ ਤੋਂ ਸਾਡੀ ਅਣਬਣ ਹੋ ਗਈ ਤੇ ਬੋਲ ਚਾਲ ਬੰਦ ਹੋ ਗਈ। ਮੈਨੂੰ ਓਹਨਾ ਦੀ ਚੁੱਪੀ ਪਸੰਦ ਨਹੀਂ ਸੀ। ਮੈਥੋਂ ਰਾਜਿੰਦਰ ਭਾਬੀ ਦੀ ਬੇਰੁਖੀ ਬਰਦਾਸ਼ਤ ਨਹੀਂ ਸੀ ਹੁੰਦੀ। ਮੈਂ ਉਸਨੂੰ ਦਿਖਾ ਦਿਖਾ ਕੇ ਖੱਬੇ ਹੱਥ ਨਾਲ ਰੋਟੀ ਖਾਂਦਾ ਕਿ ਉਹ ਮੈਨੂੰ ਟੋਕੇ। ਪਰ ਪਰਿਵਾਰਾਂ ਦੇ ਗਿਲੇ ਸ਼ਿਕਵੇ ਕਾਰਣ ਉਹ ਵੇਖਕੇ ਅਣਡਿੱਠਾ ਕਰ ਦਿੰਦੀ। ਮੈਂ ਫਿਰ ਤੋਂ ਖੱਬਚੂ ਬਣ ਗਿਆ।
ਮੇਰੇ ਵਿਆਹ ਤੋਂ ਕੁਝ ਕ਼ੁ ਦਿਨ ਬਾਅਦ ਅਸੀਂ ਮੇਰੇ ਸੋਹਰਿਆਂ ਵਿੱਚ ਇੱਕ ਵਿਆਹ ਤੇ ਗਏ।
“ਲੈ ਕੁੜੇ ਬਸੰਤ ਰਾਮ ਕ਼ਾ ਪ੍ਰਾਹੁਣਾ ਤਾਂ ਖੱਬਚੂ ਹੈ।” ਇੱਕ ਔਰਤ ਨੇ ਮੈਨੂੰ ਪਲੇਟ ਵਿਚ ਖਾਣਾ ਖਾਂਦੇ ਨੂੰ ਵੇਖਕੇ ਕਿਹਾ। ਜੋ ਮੈ ਵੀ ਸੁਣ ਲਿਆ। ਮੈਂ ਝੱਟ ਦੂਸਰੀ ਔਰਤ ਦੇ ਦੇਖਣ ਤੋਂ ਪਹਿਲਾਂ ਹੱਥ ਬਦਲਕੇ ਸੱਜੇ ਹੱਥ ਨਾਲ ਖਾਣਾ ਸ਼ੁਰੂ ਕਰ ਦਿੱਤਾ।
“ਨਹੀਂ ਣੀ ਤੈਨੂੰ ਭਲੇਖਾ ਲੱਗਿਆ ਹੈ। ਪ੍ਰਾਹੁਣਾ ਤਾਂ ਸੱਜੇ ਹੱਥ ਨਾਲ ਹੀ ਖਾਂਦਾ ਹੈ।” ਗੱਲ ਉਥੇ ਹੀ ਖਤਮ ਹੋ ਗਈ। ਮੈਂ ਫਿਰ ਖੱਬਚੂ ਵਾਲਾ ਟੈਗ ਉਤਾਰਨ ਦੀ ਕੋਸ਼ਿਸ਼ ਕੀਤੀ। ਪਰ ਪਨਤਾਲਾ ਓਥੇ ਹੀ ਰਿਹਾ। ਹੁਣ ਸੱਠਾਂ ਦੇ ਨੇੜੇ ਢੁੱਕਕੇ ਸੋਚਦਾ ਹਾਂ ਹੁਣ ਕਿਉਂ ਨਵਾਂ ਕੰਮ ਕਰਨਾ ਹੈ। ਅਮਿਤਾਬ ਬਚਨ ਵੀ ਤਾਂ ਖੱਬਚੂ ਹੀ ਹੈ। ਉਹ ਵੀ ਕਦੇ ਸੋਹਰੇ ਗਿਆ ਹੋਵੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।
9876627233