ਜਿੰਦਗੀ ਦੇ ਪਹਿਲੇ ਪੜਾਅ ਵਿੱਚ ਨਾਨਕੇ ਜਾਣ ਦਾ ਚਾਅ ਹੁੰਦਾ ਸੀ। ਪੰਦਰਾਂ ਕ਼ੁ ਦਿਨਾਂ ਬਾਅਦ ਹੀ ਨਾਨਕਿਆਂ ਵਾਲਾ ਕੀੜਾ ਜਾਗ ਜਾਂਦਾ। ਕਈਆਂ ਨੂੰ ਮਾਸੀ ਯ ਭੂਆ ਕੋਲੇ ਜਾਣ ਦਾ ਚਸਕਾ ਹੁੰਦਾ ਹੈ ਬਚਪਨ ਪਿਆਰ ਤੇ ਖਾਣ ਦਾ ਭੁੱਖਾ ਹੁੰਦਾ ਹੈ। ਪਹਿਲਾ ਮੁੰਡੇ ਕੁੜੀਆਂ ਨਾਨਕੇ ਭੂਆਂ ਮਾਸੀ ਕੋਲੇ ਅਕਸਰ ਹੀ ਰਹਿੰਦੇ ਸਨ ਯ ਕਈ ਕਈ ਦਿਨ ਲਗਾ ਆਉਂਦੇ। ਕੁੜੀਆਂ ਪੜ੍ਹਾਈ ਯ ਦਾਜ ਲਈ ਖੇਸ ਚਾਦਰਾਂ ਦਰੀਆਂ ਬੁਣਨ ਜਾਂਦੀਆਂ ਤੇ ਮੁੰਡੇ ਪੜ੍ਹਾਈ ਯ ਓਹਨਾ ਦਾ ਕੰਮ ਵਿਚ ਹੱਥ ਵਟਾਉਣ ਲਈ ਜਾਂਦੇ।
ਉਮਰ ਦੇ ਦੂਸਰੇ ਪੜਾਅ ਵਿੱਚ ਮੁੰਡਿਆਂ ਨੂੰ ਸੋਹਰੇ ਜਾਣ ਦਾ ਤੇ ਵਿਆਹੀਆਂ ਔਰਤਾਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਹੈ। ਮੁੰਡਿਆਂ ਨੂੰ ਸੇਵਾ ਪਾਣੀ ਤੇ ਕੁੜੀਆਂ ਨੂੰ ਪੇਕਿਆਂ ਨਾਲ ਮਿਲਣ ਦਾ ਗੱਲਾਂ ਕਰਨ ਤੇ ਮਾਂ ਨਾਲ ਢਿੱਡ ਹੋਲਾ ਕਰਨ ਦਾ ਬਹਾਨਾ ਹੁੰਦਾ ਹੈ। ਨਵੀਆਂ ਵਿਆਹੀਆਂ ਜੋੜੀਆਂ ਕੋਈ ਐਤਵਾਰ ਖਾਲੀ ਨਹੀਂ ਲੰਘਣ ਦਿੰਦੀਆਂ। ਸਮੇ ਅਤੇ ਸਾਧਨ ਅਨੁਸਾਰ ਸਕੂਟਰ ਮੋਟਰ ਸਾਈਕਲ ਕਾਰ ਜੀਪ ਤੇ ਪਹੁੰਚ ਹੀ ਜਾਂਦੇ ਹਨ। ਕਈ ਵਾਰੀ ਤਾਂ ਜਾਣ ਦੀ ਤਲਬ ਹੀ ਇੰਨੀ ਹੁੰਦੀ ਹੈ ਕਿ ਸਾਧਨ ਕੋਈ ਮਹਿਣੇ ਨਹੀਂ ਰੱਖਦਾ। ਇਸ ਯਾਤਰਾ ਲਈ ਤਾਂ ਵਕਤ ਵੇਲਾ ਵੀ ਨਹੀਂ ਵਿਚਾਰਿਆ ਜਾਂਦਾ । ਕਈ ਜਵਾਈ ਤਾਂ ਰਾਤੀ ਦੱਸ ਗਿਆਰਾਂ ਵਜੇ ਜਾ ਸੋਹਰਿਆਂ ਦਾ ਕੁੰਡਾ ਖੜਕਾਉਂਦੇ ਹਨ। ਖੈਰ ਸੋਹਰਿਆਂ ਪੇਕਿਆਂ ਵਾਲੇ ਪਾਸੇ ਦੀ ਮੋਹ ਮਮਤਾ ਦੀ ਉਮਰ ਚੋ ਤਾਂ ਨਿਕਲ ਗਏ। ਫੁਫੜ ਵਾਲੇ ਟੈਗ ਨੇ ਜੋਸ਼ ਵਾਲੇ ਟਾਇਰ ਦੀ ਹਵਾ ਕੱਢ ਦਿੱਤੀ।
ਫਿਰ ਜਿੰਦਗੀ ਦਾ ਆਖਰੀ ਪੜਾਅ ਜੋ ਪੰਜਾਵੇ ਸਾਲ ਤੋਂ ਸ਼ੁਰੂ ਹੁੰਦਾ ਹੈ ਬੰਦੇ ਨੂੰ ਇਹਨਾਂ ਚੱਕਰਾਂ ਤੋਂ ਕੱਢ ਦਿੰਦਾ ਹੈ। ਫਿਰ ਕੀੜਾ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਲਈ ਬੁੜਕਦਾ ਹੈ ਜਾ ਦੂਰ ਬੈਠੇ ਨੂੰਹ ਪੁੱਤ ਲਈ ਤੇ ਪੋਤੇ ਪੋਤੀਆਂ ਨੂੰ ਮਿਲਣ ਲਈ।
58 ਪਾਰ ਅਸੀਂ ਦੋਂਨੋ ਵੀ ਦਿਨ ਰਾਤ ਨੋਇਡਾ ਬੈਠੇ ਬੇਟਾ ਬੇਟੀ ਨੂੰ ਮਿਲਣ ਦੇ ਪ੍ਰੋਗਰਾਮ ਬਣਾਉਂਦੇ ਰਹਿੰਦੇ ਹਾਂ। ਮਹੀਨਾ ਕ਼ੁ ਮਸਾ ਲੰਘਾਉਂਦੇ ਹਾਂ ਫਿਰ ਮੋਹ ਮਮਤਾ ਜੋਰ ਮਾਰ ਦਿੰਦੀ ਹੈ। ਨਾਲ਼ ਹੀ ਛੋਟੇ ਬੇਟੇ ਦੀ ਹੱਲਾ ਸ਼ੇਰੀ ਸਾਡੀ ਤਲਬ ਨੂੰ ਵਧਾ ਦਿੰਦੀ ਹੈ। ਇਹ ਮੋਹ ਦੀ ਤਲਬ ਹੀ ਹੈ ਜੋ ਦੇਰ ਸ਼ਾਮੀ ਵੀ ਸਾਨੂੰ ਨੋਇਡਾ ਦਿੱਲੀ ਦੇ ਰਾਹ ਤੋਰ ਦਿੰਦੀ ਹੈ।
ਪਿਛਲੇ ਮਹੀਨੇ ਲੋਹੜੀ ਓਥੇ ਹੀ ਮਨਾਈ ਸੀ ਤੇ ਅੱਜ ਫਿਰ ਜਾਣ ਦੀ ਤਿਆਰੀ ਹੈ। ਮੇਰੀ ਤੇ ਮੇਰੀ ਹਮਸਫਰ ਦੀ ਖੁਸ਼ੀ ਦੀ ਗੱਲ ਛੱਡੋ ਚਾਅ ਤਾਂ ਵਿਸ਼ਕੀ ਦਾ ਵੀ ਸੰਭਾਲੇ ਨਹੀਂ ਸੰਭਲਦਾ। ਤਿਆਰ ਬੈਗ ਵੇਖਕੇ ਹੀ ਚੂੰ ਚੂੰ ਕਰਨ ਲੱਗ ਜਾਂਦਾ ਹੈ। ਅੱਜ ਤਾਂ ਉਹ ਠੰਡ ਵਿਚ ਵੀ ਨਹਾ ਲਿਆ। ਉਹ ਵੀ ਮਿਲਣ ਲਈ ਕਾਹਲਾ ਹੁੰਦਾ ਹੈ।
ਇਹੀ ਤਾਂ ਮੋਹ ਪਿਆਰ ਹੈ। ਰੱਬ ਤਾ ਜਿੰਦਗੀ ਇਹੀ ਤਲਬ ਬਣਾਈ ਰੱਖੇ।
#ਰਮੇਸ਼ਸੇਠੀਬਾਦਲ
9876627233