ਅੱਜ 16 ਫਰਬਰੀ ਨੂੰ
ਮੇਰੀ ਮਾਂ ਦੀ ਬਰਸੀ ਤੇ ਵਿਸ਼ੇਸ਼
ਮੇਰੀ ਮਾਂ ਦੀ ਸੋਚ।
ਸ਼ਰਦੀਆਂ ਦੇ ਦਿਨ ਸਨ। ਮੇਰੀ ਮਾਂ ਗਲੀ ਵਿੱਚ ਧੁੱਪੇ ਮੰਜੇ ਤੇ ਬੈਠੀ ਸੀ। ਉਹ ਬਾਹਲੀ ਖੁਸ਼ ਨਜ਼ਰ ਆ ਰਹੀ ਸੀ। ਜਦੋਂ ਮੈਂ ਡਿਊਟੀ ਤੋਂ ਵਾਪਿਸ ਘਰ ਆਇਆ ਤਾਂ ਮਾਂ ਨੂੰ ਖੁਸ਼ ਵੇਖ ਕੇ ਮੈਂ ਵੀ ਖੁਸ਼ ਹੋ ਗਿਆ। ਪਰ ਪਲ ਵਿੱਚ ਮੈਂ ਗੁੱਸੇ ਵਿਚ ਆ ਗਿਆ ਤੇ ਮੇਰੀ ਖੁਸ਼ੀ ਵੀ ਉੱਡ ਗਈ। ਮਾਂ ਦੇ ਕੋਲ਼ੇ ਚਾਰ ਪੰਜ ਰਬੜ ਦੇ ਬੂਟਾਂ ਦੇ ਜੋੜੇ ਪਏ ਸਨ। ਤੇ ਓਹਨਾ ਰੰਗ ਬਿਰੰਗੇ ਬੂਟਾਂ ਨੂੰ ਵੇਖ ਕੇ ਮੈਨੂੰ ਗੁੱਸਾ ਆ ਗਿਆ।
ਆਹ ਕੀ ਗੰਦ ਮੰਦ ਖਰੀਦੁ ਰਖਿਆ ਹੈ। ਮੈਂ ਗੁੱਸੇ ਵਿਚ ਚਿਕਿਆ।
ਬੇਟਾ ਬੂਟ ਲਏ ਹਨ । ਇੱਕਠੇ, ਸਸਤੇ ਮਿਲ ਗਏ। ਮੈ ਸਾਰੇ ਹੀ ਖਰੀਦੁ ਲਏ। ਮਾਂ ਨੇ ਖੁਸ਼ੀ ਨਾਲ ਦੂਣ ਸਵਾਈ ਹੁੰਦੀ ਨੇ ਆਖਿਆ।
ਕਿਓਂ, ਕੌਣ ਪਾਊ ਆਹ ਬੂਟ। ਤੇਰੇ ਪਾਏ ਸੋਹਣੇ ਲੱਗਣਗੇ। ਮੈ ਸਵਾਲ ਕੀਤਾ। ਕਦੇ ਪਾਏ ਹਨ ਤੁਸੀਂ ਅਜਿਹੇ ਰਬੜ ਦੇ ਬੂਟ।
ਨਹੀਂ ਪੁੱਤ ਮੈਂ ਆਪਣੇ ਵਾਸਤੇ ਨਹੀਂ ਲਏ। ਵੇਖ ਜਮਾਂਦਾਰਨੀ ਸ਼ਿੰਦੋ ਬਿਚਾਰੀ ਰੋਜ਼ ਠੰਡ ਵਿਚ ਨੰਗੇ ਪੈਰੀਂ ਕੰਮ ਕਰਨ ਆਉਂਦੀ ਹੈ। ਦੂਜੀ ਗੁਰੀ ਟੁੱਟੀਆਂ ਚੱਪਲਾਂ ਪਾ ਕੇ ਫਿਰਦੀ ਹੁੰਦੀ ਹੈ ਇੰਨੀ ਠੰਡ ਚ। ਰਾਜੀ ਵੀ ਨੰਗੇ ਪੈਰੀਂ ਫਿਰਦੀ ਹੈ। ਗਰੀਬ ਕੰਮ ਵਾਲੀਆਂ ਠੁਰ ਠੁਰ ਕਰਦੀਆਂ ਹਨ। ਉਹਨਾ ਵਾਸਤੇ ਲਏ ਹਨ ਇਹ ਬੂਟ। ਦੋ ਸੋ ਰੁਪਏ ਚ ਪੰਜਾਂ ਨੂੰ ਬੂਟ ਮਿਲ ਜਾਣ ਗੇ ਠੰਡ ਤੋਂ ਬਚ ਜਾਣ ਗੀਆ ਇਹ ਗਰੀਬਣਾ।
ਹੁਣ ਮਾਂ ਦੀ ਖੁਸ਼ੀ ਦਾ ਰਾਜ਼ ਮੈਨੂੰ ਸਮਝ ਆ ਗਿਆ ਸੀ। ਮੈਨੂੰ ਮਾਂ ਦਾ ਗਰੀਬਾਂ ਪ੍ਰਤੀ ਦਯਾ ਭਾਵ ਤੇ ਪਿਆਰ ਵੇਖ ਕੇ ਖੁਸ਼ੀ ਹੋਈ।
ਮਾਂ ਦੀ ਗਰੀਬ ਪੱਖੀ ਸੋਚ ਤੇ ਮਾਣ ਵੀ ਹੋਇਆ।
ਮਾਤਾ ਕਿੰਨੀ ਚੰਗੀ ਸੀ ਤੂੰ।
#ਰਮੇਸ਼ਸੇਠੀਬਾਦਲ