ਨੁਸਰਤ ਇੱਕ ਕਸ਼ਮੀਰੀ ਕੁੜੀ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚ 27 ਸਾਲ ਪਹਿਲਾਂ ਪੈਦਾ ਹੋਈ ਸੀ। ਮਾਂ ਬਾਪ ਛੋਟਾ ਮੋਟਾ ਖੇਤੀ ਦਾ ਕੰਮ ਕਰਕੇ ਨੁਸਰਤ ਸਮੇਤ ਚਾਰ ਬੱਚਿਆਂ ਨੂੰ ਪਾਲ ਰਹੇ ਸਨ। ਨੁਸਰਤ ਮਹਿਜ਼ ਦੱਸ ਸਾਲ ਦੀ ਸੀ ,ਜਦੋਂ ਇੱਕ ਰਾਤ ਉਨ੍ਹਾਂ ਦੇ ਘਰ ਕੁੱਝ ਅਣਪਛਾਤੇ ਬੰਦੇ ਆਏ। ਉਨ੍ਹਾਂ ਖਾਣ ਲਈ ਰੋਟੀ ਮੰਗੀ। ਨੁਸਰਤ ਦੀ ਮਾਂ ਨੇ ਸਭ ਨੂੰ ਖਾਣਾ ਬਣਾ ਕੇ ਖਵਾਇਆ।
ਘਰ ਵਿੱਚ ਆਏ ਮਹਿਮਾਨਾਂ ਕੋਲ ਅਜੀਬ ਕਿਸਮ ਦੀਆਂ ਬੰਦੂਕਾਂ ਸਨ। ਨੁਸਰਤ ਦੇ ਮਾਂ ਬਾਪ ਨੇ ਸ਼ਾਇਦ ਉਨ੍ਹਾਂ ਬੰਦੂਕਾਂ ਦੇ ਡਰ ਕਰਕੇ ਹੀ ਉਨ੍ਹਾਂ ਲਈ ਖਾਣਾ ਬਣਾਇਆ। ਉਹ ਸਭ ਖਾਣਾ ਖਾ ਰਹੇ ਸਨ ਤਾਂ ਅਚਾਨਕ ਕਸ਼ਮੀਰ ਦੀ ਪੁਲਿਸ ਨੇ ਉਨ੍ਹਾਂ ਦੇ ਘਰ ਤੇ ਹਮਲਾ ਕਰ ਦਿੱਤਾ। ਮਹਿਮਾਨ ਵੀ ਗੋਲੀਆਂ ਚਲਾ ਰਹੇ ਸਨ ਤੇ ਪੁਲਿਸ ਵੀ। ਉਨ੍ਹਾਂ ਸਾਰੇ ਮਹਿਮਾਨਾਂ ਸਮੇਤ ਨੁਸਰਤ ਦੇ ਮਾਂ ਬਾਪ ਤੇ ਤਿੰਨੋ ਭੈਣ ਭਰਾ ਮਾਰੇ ਗਏ। ਬਹੁਤ ਸਾਰੇ ਪੁਲਿਸ ਵਾਲੇ ਵੀ ਮਾਰੇ ਗਏ। ਨੁਸਰਤ ਦੇ ਛੋਟੇ ਜਿਹੇ ਘਰ ਚ ਖੂਨ ਦਾ ਦਰਿਆ ਚੱਲ ਪਿਆ।ਨੁਸਰਤ ਨੇ ਆਪਣੀਆਂ ਅੱਖਾਂ ਨਾਲ ਆਪਣੇ ਮਾਂ ਬਾਪ ਤੇ ਭੈਣ ਭਰਾ ਗੋਲੀਆਂ ਨਾਲ ਮਰਦੇ ਵੇਖੇ। ਪਰ ਉਹ ਬੱਚ ਗਈ। ਉਸ ਨੂੰ ਉਸ ਦੇ ਚਾਚਾ ਚਾਚੀ ਆਪਣੇ ਘਰ ਲੈ ਗਏ। ਚਾਚੀ ਉਸ ਤੋਂ ਸਾਰਾ ਘਰ ਤੇ ਬਾਹਰ ਦਾ ਕੰਮ ਕਰਵਾਉਂਦੀ ,,ਫੇਰ ਵੀ ਉਸ ਨੂੰ ਭਰ ਪੇਟ ਖਾਣਾ ਨਾ ਦਿੰਦੀ। ਜੋ ਖਾਣਾ ਬੱਚ ਜਾਂਦਾ ਉਸ ਨਾਲ ਹੀ ਉਸ ਨੂੰ ਗੁਜ਼ਾਰਾ ਕਰਨਾ ਪੈਂਦਾ। ਇਨ੍ਹਾਂ ਹਾਲਾਤਾਂ ਵਿੱਚ ਉਹ 25 ਸਾਲ ਦੀ ਹੋ ਗਈ। ਉਹ ਭਾਵੇਂ ਜਵਾਨ ਹੋ ਗਈ ਸੀ ਪਰ ਚਾਚੀ ਦਾ ਜ਼ੁਲਮ ਅਜੇ ਵੀ ਉਸੇ ਤਰ੍ਹਾਂ ਹੀ ਸੀ ,, ਪਰ ਹੁਣ ਉਸ ਨੂੰ ਸਹਿਣ ਦੀ ਆਦਤ ਪੈ ਗਈ ਸੀ। ਚਾਚੀ ਦਾ ਭਤੀਜਾ ਲਤੀਫ਼ ਅਕਸਰ ਉਨ੍ਹਾਂ ਦੇ ਘਰ ਆਇਆ ਜਾਇਆ ਕਰਦਾ ਸੀ। ਉਹ ਨੁਸਰਤ ਨਾਲੋਂ ਤਿੰਨ ਸਾਲ ਵੱਡਾ ਸੀ। ਲਤੀਫ਼ ਪਿੱਛਲੇ ਕਈ ਸਾਲਾ ਤੋਂ ਮੁਬੰਈ ਚ ਰਹਿੰਦਾ ਸੀ ਉੱਥੇ ਉਹ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਉਸ ਨੇ ਨੁਸਰਤ ਨਾਲ ਨਿਕਾਹ ਕਰਨ ਦੀ ਇੱਛਾ ਜਾਹਿਰ ਕੀਤੀ। ਉਸ ਦੇ ਬਦਲੇ ਉਸ ਨੇ ਨੁਸਰਤ ਦੇ ਚਾਚਾ ਚਾਚੀ ਨੂੰ ਕੁੱਝ ਪੈਸੇ ਦੇਣ ਦਾ ਵੀ ਵਾਅਦਾ ਕੀਤਾ । ਚਾਚਾ ਚਾਚੀ ਨੇ ਨੁਸਰਤ ਦਾ ਨਿਕਾਹ ਲਤੀਫ਼ ਨਾਲ ਕਰ ਦਿੱਤਾ।
ਲਤੀਫ਼ ਮੁੰਬਈ ਵਿੱਚ ਇੱਕ ਗੰਦੀ ਜਿਹੀ ਬਸਤੀ ਚ ਇੱਕ ਪੁਰਾਣੇ ਜਿਹੇ ਕਮਰੇ ਵਿੱਚ ਰਹਿੰਦਾ ਸੀ। ਕਮਰੇ ਦੀ ਇੱਕ ਨੁੱਕਰ ਚ ਮੇਜ਼ ਰੱਖ ਕੇ ਰੋਟੀ ਬਣਾਉਂਦਾ ਸੀ। ਬਾਥਰੂਮ ਨਹੀਂ ਸੀ। ਜੰਗਲ ਪਾਣੀ ਜਾਣ ਲਈ ਬਸਤੀ ਤੋਂ ਦੋ ਤਿੰਨ ਕਿਲੋਮੀਟਰ ਦੂਰ ਰੇਲਵੇ ਲਾਈਨ ਤੇ ਜਾਣਾ ਪੈਂਦਾ ਸੀ। ਨਹਾਉਣ ਲਈ ਸਰਕਾਰੀ ਟੂਟੀ ਤੋਂ ਥੋਹੜੀ ਦੂਰ ਇੱਕ ਜਗ੍ਹਾਂ ਸੀ,ਜਿੱਥੋਂ ਬਾਲਟੀ ਚ, ਪਾਣੀ ਲੈ ਕੇ ਸਭ ਉੱਥੇ ਹੀ ਨਹਾਉਂਦੇ ਸਨ। ਔਰਤਾਂ ਕੱਪੜਿਆਂ ਸਮੇਤ ਨਹਾਉਦੀਆਂ ਸਨ ਕਿਉਕਿ ਪਰਦਾ ਨਹੀਂ ਸੀ।ਉਸ ਕੋਲ ਇੱਕ ਪੁਰਾਣਾ ਸਾਈਕਲ ਸੀ ।ਉਹ ਨੁਸਰਤ ਨੂੰ ਵੀ ਆਪਣੇ ਉਸ ਕਮਰੇ ਵਿੱਚ ਲੈ ਆਇਆ। ਪਰ ਨੁਸਰਤ ਨੂੰ ਕੋਈ ਜ਼ਿਆਦਾ ਫਰਕ ਨਹੀਂ ਸੀ। ਉਹ ਤਾਂ ਪਹਿਲਾਂ ਵੀ ਇਸ ਤਰ੍ਹਾਂ ਹੀ ਰਹਿੰਦੀ ਸੀ। ਨਹਾਉਣਾ ਜ਼ਰੂਰ ਉਸ ਨੂੰ ਮੁਸ਼ਕਲ ਲੱਗਦਾ ਸੀ ਕਿਉਕਿ ਉਹ ਕਸ਼ਮੀਰੀ ਕੱਪੜੇ ਪਾਉਂਦੀ ਸੀ। ਸਲਵਾਰ ਕਮੀਜ਼ ਸਿਰ ਨੂੰ ਪੁਰੀ ਤਰ੍ਹਾਂ ਢੱਕਦਾ ਦੁੱਪਟਾ ਲੈਂਦੀ ਸੀ। ਇਸ ਲਈ ਇਨ੍ਹਾਂ ਕੱਪੜਿਆਂ ਸਮੇਤ ਉਸ ਨੂੰ ਨਹਾਉਣਾ ਔਂਖਾ ਲੱਗਦਾ ਸੀ ,ਪਰ ਉਹ ਹੌਲੀ ਹੌਲੀ ਇਸ ਦੀ ਵੀ ਆਦੀ ਹੋ ਗਈ।
ਨੁਸਰਤ ਮੁਬੰਈ ਦੀ ਟ੍ਰੈਫਿਕ ਤੇ ਲੋਕਾਂ ਦੀ ਭੀੜ ਵੇਖ ਕੇ ਬਹੁਤ ਘਬਰਾ ਜਾਂਦੀ। ਐਨੀ ਭੀੜ ਉਸਨੇ ਜਿੰਦਗੀ ਚ ਨਹੀਂ ਵੇਖੀ ਸੀ। ਉਸ ਦੇ ਪਿੰਡ ਤਾ ਥੋਹੜੇ ਜਿਹੇ ਲੋਕ ਰਹਿੰਦੇ ਸਨ। ਲਤੀਫ਼ ਜਿਸ ਸੁਸਾਇਟੀ ਚ ਸਿਕਉਰਟੀ ਗਾਰਡ ਦਾ ਕੰਮ ਕਰਦਾ ਸੀ ਉਸ ਨੇ ਨੁਸਰਤ ਨੂੰ ਨਾਲ ਵਾਲੀ ਸੁਸਾਇਟੀ ਦੇ ਚਾਰ ਫਲੈਂਟਾ ਵਿੱਚ ਸਫ਼ਾਈ ਦੇ ਕੰਮ ਤੇ ਲਵਾ ਦਿੱਤਾ।ਉਸ ਨੂੰ ਚੰਗੇ ਪੈਸੇ ਮਿਲਣ ਲੱਗ ਗਏ। ਲਤੀਫ਼ ਦਾ ਕਮਰਾ ਇਸ ਸੁਸਾਇਟੀ ਤੋਂ ਦੂਰ ਸੀ। ਉਹ ਦੋਨੋਂ ਹਰ ਰੋਜ਼ ਸਾਈਕਲ ਤੇ ਕੰਮ ਤੇ ਜਾਂਦੇ। ਉਨ੍ਹਾਂ ਨੂੰ ਬਹੁਤ ਸਮਾਂ ਲੱਗ ਜਾਂਦਾ। ਰਸਤੇ ਚ ਇੱਕ ਫਲਾਈਓਵਰ ਪੈਂਦਾ ਸੀ । ਉਹ ਸਾਈਕਲ ਤੇ ਚੜ੍ਹਕੇ ਫਲਾਈਓਵਰ ਪਾਰ ਨਹੀ ਸੀ ਕਰ ਸਕਦੇ। ਇੱਕ ਫਲੈਟ ਵਾਲੇ ਜੋ ਤਾਮਿਲਨਾਡੂ ਤੋਂ ਸਨ ਉਨ੍ਹਾਂ ਨੂੰ ਨੁਸਰਤ ਦਾ ਇਮਾਨਦਾਰੀ ਨਾਲ ਕੰਮ ਕਰਨਾ ਪਸੰਦ ਆ ਗਿਆ। ਉਨ੍ਹਾਂ ਨੇ ਨੁਸਰਤ ਨੂੰ ਸਾਰੇ ਦਿਨ ਲਈ ਹੀ ਕੰਮ ਤੇ ਰੱਖ ਲਿਆ। ਉਹ ਉਸ ਨੂੰ ਚੰਗੀ ਤਨਖਾਹ ਦੇਣ ਲੱਗ ਗਏ।ਨੁਸਰਤ ਨੇ ਬਾਕੀ ਘਰਾਂ ਦਾ ਕੰਮ ਛੱਡ ਦਿੱਤਾ ਹੁਣ ਉਹ ਇੱਕ ਹੀ ਫਲੈਂਟ ਚ ਕੰਮ ਕਰਦੀ ਤੇ ਸਾਰਾ ਦਿਨ ਉੱਥੇ ਹੀ ਰਹਿੰਦੀ। ਲਤੀਫ਼ ਕੰਮ ਤੋਂ ਛੁੱਟੀ ਕਰਕੇ ਉਸ ਨੂੰ ਨਾਲ ਲੈ ਜਾਂਦਾ। ਜਿਸ ਫਲੈਟ ਚ ਉਹ ਕੰਮ ਕਰਦੀ ਸੀ ਉਨ੍ਹਾਂ ਕੋਲ ਇੱਕ ਪੁਰਾਣਾ ਸਕੂਟਰ ਸੀ । ਉਨ੍ਹਾਂ ਨੇ ਉਹ ਵੇਚਣਾ ਸੀ। ਨੁਸਰਤ ਨੇ ਉਹ ਪੁਰਾਣਾ ਸਕੂਟਰ ਖਰੀਦ ਲਿਆ ਕੁੱਝ ਪੈਸੇ ਉਸ ਨੇ ਨਕਦ ਦੇ ਦਿੱਤੇ ਤੇ ਬਾਕੀ ਪੈਸਿਆਂ ਦੀਆਂ ਕਿਸ਼ਤਾਂ ਕਰ ਲਈਆਂ। ਹੁਣ ਉਹ ਦੋਨੋਂ ਸਕੂਟਰ ਤੇ ਆਉਦੇ ਟਾਈਮ ਵੀ ਘੱਟ ਲੱਗਦਾ। ਛੁੱਟੀ ਵਾਲੇ ਦਿਨ ਉਹ ਸ਼ਾਮ ਨੂੰ ਸਮੁੰਦਰ ਕਿਨਾਰੇ ਘੁੰਮਣ ਜਾਂਦੇ। ਨੁਸਰਤ ਸਕੂਟਰ ਤੇ ਲਤੀਫ਼ ਦੇ ਪਿੱਛੇ ਬੈਠਕੇ ਜਦੋਂ ਮੁਬੰਈ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਤੇ ਘੁੰਮਦੀ ਤਾਂ ਉਸ ਨੂੰ ਬਹੁਤ ਮਜ਼ਾ ਆਉਦਾ । ਉਸ ਨੂੰ ਇਹ ਮਹਿਸੂਸ ਹੁੰਦਾ ਕੇ ਲਤੀਫ਼ ਨੇ ਉਸ ਨੂੰ ਸਵਰਗ ਵਿੱਖਾ ਦਿੱਤਾ। ਉਹ ਭਾਵੁਕ ਹੋ ਕੇ ਸਕੂਟਰ ਤੇ ਬੈਠੀ ਹੀ ਪਿੱਛੋ ਲਤੀਫ਼ ਨੂੰ ਘੁੱਟ ਕੇ ਜੱਫ਼ੀ ਪਾ ਲੈਦੀ। ਤੇ ਕਸ਼ਮੀਰੀ ਭਾਸ਼ਾ ਉਸ ਨੂੰ ਆਈ ਲਵ ਯੂ ਕਹਿੰਦੀ। ਇਸ ਤਰ੍ਹਾਂ ਕੁੱਝ ਸਮਾਂ ਲੰਘ ਗਿਆ। ਲਤੀਫ਼ ਨੂੰ ਉਸਦੇ ਇੱਕ ਦੋਸਤ ਨੇ ਡੁਬਈ ਲੈ ਜਾਣ ਦਾ ਵਾਅਦਾ ਕੀਤਾ ਪਰ ਸ਼ਰਤ ਸੀ ਵੀ ਇੱਕਲਾ ਜਾਵੇਗਾ। ਆਪਣੀ ਜਿੰਦਗੀ ਸੰਵਰਦੀ ਵੇਖ ਲਤੀਫ਼ ਨੇ ਨੁਸਰਤ ਨੂੰ ਛੱਡਣ ਦਾ ਫੈਸਲਾ ਕਰ ਲਿਆ। ਇੱਕ ਦਿਨ ਸਵੇਰੇ ਜਦੋਂ ਨੁਸਰਤ ਦੀ ਦੀ ਅੱਖ ਖੁੱਲੀ ਤਾਂ ਲਤੀਫ਼ ਬੈੱਡ ਤੇ ਨਹੀ ਸੀ। ਉਸ ਨੇ ਅਵਾਜ਼ ਲਗਾਈ ਪਰ ਲਤੀਫ਼ ਕਿੱਧਰੇ ਵੀ ਨ੍ਹੀ ਸੀ। ਉਸ ਦੇ ਕੱਪੜੇ ਵੀ ਨਹੀਂ ਸਨ। ਉਸ ਨੇ ਲਤੀਫ਼ ਦੇ ਮੋਬਾਇਲ ਦਾ ਨੰਬਰ ਡਾਇਲ ਕੀਤਾ ਉਹ ਬੰਦ ਆ ਰਿਹਾ ਸੀ। ਉਹ ਲਤੀਫ਼ ਨੂੰ ਅਵਾਜ਼ਾਂ ਮਾਰਦੀ ਕਮਰੇ ਤੋਂ ਬਾਹਰ ਆਈ ਤਾਂ ਲਤੀਫ਼ ਦੇ ਪੁਰਾਣੇ ਸਾਈਕਲ ਦੇ ਕੈਰੀਅਰ ਤੇ ਇੱਕ ਕਾਗਜ਼ ਪਿਆ ਸੀ ਜਿਸ ਤੇ ਕੁੱਝ ਲਿਖੀਆ ਸੀ। ਪਰ ਉਸ ਨੂੰ ਪੜ੍ਹਨਾ ਨਹੀ ਆਉਂਦਾ ਸੀ। ਉਸ ਨੇ ਉਸ ਕਾਗਜ਼ ਨੂੰ ਸੰਭਾਲਿਆ ਤੇ ਛੇਤੀ ਛੇਤੀ ਆਪਣੇ ਲਈ ਤੇ ਲਤੀਫ਼ ਲਈ ਰੋਜ਼ ਵਾਂਗ ਰੋਟੀ ਬਣਾਕੇ ਟਿਫ਼ਨ ਚ ਪਾ ਲਈ । ਉਸ ਨੇ ਟਿਫ਼ਨ ਨੂੰ ਸਾਈਕਲ ਦੇ ਹੈਂਡਲ ਨਾਲ ਬੰਨਿਆਂ ਤੇ ਸਾਈਕਲ ਤੇ ਹੀ ਕੰਮ ਤੇ ਜਾਣ ਲਈ ਤਿਆਰ ਹੋ ਗਈ। ਉਸ ਨੂੰ ਸਾਈਕਲ ਚੰਗੀ ਤਰ੍ਹਾਂ ਚਲਾਉਣਾ ਵੀ ਨਹੀਂ ਆਉਂਦਾ ਸੀ। ਕਦੇ ਉਹ ਸਾਈਕਲ ਤੇ ਚੜ੍ਹ ਜਾਂਦੀ ਤੇ ਕਦੇ ਤੁਰ ਪੈਂਦੀ ਉਹ ਬੜੀ ਮੁਸ਼ਕਲ ਨਾਲ ਲਤੀਫ਼ ਦੀ ਸੁਸਾਇਟੀ ਚ ਗਈ ਜਿੱਥੇ ਉਹ ਕੰਮ ਕਰਦਾ ਸੀ। ਪਰ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕੇ ਲਤੀਫ਼ ਨੌਕਰੀ ਛੱਡ ਕੇ ਚਲਾ ਗਿਆ। ਉਹ ਬਹੁਤ ਰੋਈ। ਫੇਰ ਉਹ ਆਪਣੇ ਕੰਮ ਤੇ ਗਈ ਉਹ ਕਾਫ਼ੀ ਲੇਟ ਸੀ ।ਸਭ ਉਸ ਦਾ ਇੰਤਜ਼ਾਰ ਕਰ ਰਹੇ ਸਨ। ਉਸ ਨੇ ਸਭ ਤੋਂ ਪਹਿਲਾਂ ਉਹ ਕਾਗਜ਼ ਦਾ ਟੁੱਕੜਾ ਆਪਣੀ ਮੈਡਮ ਜੀ ਨੂੰ ਵਿਖਾਇਆ ਵੀ ਇਸ ਤੇ ਕੀ ਲਿਖਿਆ ਹੈ? ਮੈਡਮ ਨੇ ਪੜ੍ਹਕੇ ਦੱਸਿਆ ਕਿ ਲਤੀਫ਼ ਨੇ ਲਿਖਿਆ,, “”ਨੁਸਰਤ ਮੈਨੂੰ ਮੁਆਫ਼ ਕਰੀ, ਮੈੰ ਤੈਨੂੰ ਛੱਡ ਕੇ ਜਾ ਰਿਹਾ ਹਾਂ ਮੇਰੀ ਉਡੀਕ ਨਾਂ ਕਰੀ।”” ਇਹ ਸੁਣਕੇ ਨੁਸਰਤ ਦੀ ਚੀਕ ਨਿਕਲ ਗਈ। ਉਹ ਕਾਫ਼ੀ ਦੇਰ ਰੋਂਦੀ ਰਹੀ । ਉਸ ਦੀ ਮੈਡਮ ਨੇ ਉਸ ਨੂੰ ਹੌਸਲਾ ਦਿੱਤਾ। ਉਹ ਵਾਰ ਵਾਰ ਲਤੀਫ਼ ਦਾ ਮੋਬਾਇਲ ਟਰਾਈ ਕਰ ਰਹੀ ਸੀ ਪਰ ਉਹ ਬੰਦ ਸੀ। ਸ਼ਾਮ ਨੂੰ ਫੇਰ ਨੁਸਰਤ ਸਾਈਕਲ ਤੇ ਵਾਪਿਸ ਆਪਣੇ ਕਮਰੇ ਚ ਆਈ। ਅਗਲੇ ਦਿਨ ਫੇਰ ਉਸ ਨੇ ਸਾਈਕਲ ਤੇ ਹੀ ਕੰਮ ਤੇ ਜਾਣਾ ਸੀ। ਉਹ ਕਈ ਵਾਰ ਸਾਈਕਲ ਤੋਂ ਡਿੱਗੀ । ਉਸ ਨੇ ਸਾਈਕਲ ਨੂੰ ਨਾਲ ਨਾਲ ਘਸੀਟ ਕੇ ਤੁਰ ਕੇ ਫਲਾਈਓਵਰ ਪਾਰ ਕੀਤਾ। ਪਰ ਜਦੋਂ ਉਹ ਘਰ ਆਈ ਤਾ ਉਸ ਦੇ ਪੁਰਾਣੇ ਕਮਰੇ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ ਸੀ। ਉਸ ਦੇ ਗੁਆਂਢ ਚ ਇੱਕ ਬਜੁਰਗ ਰਹਿੰਦਾ ਸੀ। ਨੁਸਰਤ ਨੂੰ ਉਹ ਆਪਣੇ ਅੱਬਾ ਵਰਗਾ ਲੱਗਦਾ ਜਿਸ ਦੀ ਥੋਹੜੀ ਥੋਹੜੀ ਸ਼ਕਲ ਉਸ ਦੇ ਜ਼ਹਿਨ ਚ ਸੀ। ਉਹ ਉਸ ਨੂੰ ਹਮੇਸ਼ਾ ਅੱਬੂ ਕਹਿੰਦੀ। ਉਹ ਉਸਾਰੀ ਦਾ ਕੰਮ ਕਰਦਾ ਸੀ। ਨੁਸਰਤ ਨੇ ਉਸ ਨੂੰ ਆਪਣੀ ਛੱਤ ਵਿਖਾਈ। ਉਸ ਨੇ ਦੱਸਿਆ ਕਿ ਪੂਰੀ ਛੱਤ ਹੀ ਬਦਲਣੀ ਪਵੇਗੀ। ਵੀਹ ਕੁ ਹਜ਼ਾਰ ਦਾ ਖਰਚਾ ਹੈ। ਪਰ ਨੁਸਰਤ ਕੋਲ ਐਨੇ ਪੈਸੇ ਨਹੀਂ ਸਨ । ਉਸ ਬਜ਼ੁਰਗ ਦੇ ਕੋਲ ਇੱਕ ਤਰਪਾਲ ਪਈ ਸੀ ਉਸ ਨੇ ਉਹ ਤਰਪਾਲ ਛੱਤ ਤੇ ਪਾ ਕੇ ਆਰਜੀ ਤੌਰ ਤੇ ਕੰਮ ਚਲਾ ਦਿੱਤਾ। ਪਰ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਛੱਤ ਬਦਲਣ ਦੀ ਹਦਾਇਤ ਕਰ ਦਿੱਤੀ।
,ਉੱਧਰ ਲਤੀਫ਼ ਦਾ ਮੋਬਾਇਲ ਅਜੇ ਵੀ ਬੰਦ ਆ ਰਿਹਾ ਸੀ। ਨੁਸਰਤ ਲਈ ਜਿੰਦਗੀ ਬੋਝ ਬਣ ਗਈ। ਸਵੇਰੇ ਉੱਠ ਕੇ ਫੇਰ ਉਸ ਨੇ ਸਾਈਕਲ ਚੁੱਕਿਆ ਤੇ ਕੰਮ ਤੇ ਜਾਣਾ ਸ਼ੁਰੂ ਕੀਤਾ । ਉਹ ਬੜੀ ਮੁਸ਼ਕਲ ਨਾਲ ਸਾਈਕਲ ਨੂੰ ਘਸੀਟਦੀ ਹੋਈ ਫਲਾਈਓਵਰ ਦੇ ਸਿਖਰ ਤੇ ਪਹੁੰਚੀ। ਉਸ ਨੇ ਹੇਠਾਂ ਵੇਖਿਆ ਫਲਾਈਓਵਰ ਕਾਫ਼ੀ ਉੱਚਾ ਸੀ। ਉਸ ਨੇ ਫਲਾਈਓਵਰ ਦੀ ਕੰਧ ਤੇ ਚੜ੍ਹਕੇ ਹੇਠਾਂ ਛਾਲ ਮਾਰਨ ਦਾ ਮਨ ਬਣਾ ਲਿਆ। ਉਸ ਨੂੰ ਲੱਗਦਾ ਸੀ ਕਿ ਮੁੰਬਈ ਵਰਗੇ ਸ਼ਹਿਰ ਵਿੱਚ ਉਹ ਇੱਕਲੀ ਕਿਵੇਂ ਰਹੇਗੀ ਨਾ ਉਸ ਨੂੰ ਪੜ੍ਹਨਾ ਆਉਦਾ ਸੀ ਨਾ ਲਿਖਣਾ। ਉਹ ਸਿਰਫ਼ ਕਸ਼ਮੀਰੀ ਬੋਲ ਸਕਦੀ ਜਾ ਟੁੱਟੀ ਭੱਜੀ ਹਿੰਦੀ। ਜਦੋਂ ਉਹ ਫਲਾਈਓਵਰ ਦੀ ਕੰਧ ਤੇ ਚੜ੍ਹ ਰਹੀ ਸੀ ਤਾਂ ਉਸ ਦਾ ਦੁਪੱਟਾ ਕਿਸੇ ਨੇ ਪਿੱਛੋ ਫੜ੍ਹ ਲਿਆ। ਉਸ ਨੇ ਮੁੜਕੇ ਵੇਖਿਆ ਤਾ ਉਹ ਸਾਈਕਲ ਦੇ ਹੈਂਡਲ ਚ ਫਸਿਆ ਹੋਇਆ ਸੀ। ਜਿਵੇਂ ਸਾਈਕਲ ਨੇ ਉਸ ਨੂੰ ਰੋਕ ਲਿਆ ਹੋਵੇ ਮਰਨ ਤੋਂ। ਇੱਕ ਦਮ ਉਸ ਨੇ ਮਰਨ ਦਾ ਇਰਾਦਾ ਛੱਡ ਦਿੱਤਾ। ਉਸ ਨੇ ਸਾਈਕਲ ਨੂੰ ਜੱਫੀ ਪਾਈ ਤੇ ਉਹ ਕਾਫ਼ੀ ਦੇਰ ਰੋਂਦੀ ਰਹੀ,,, ਫੇਰ ਉਸਨੇ ਸਾਈਕਲ ਨੂੰ ਖੜ੍ਹਾ ਕੀਤਾ ਤੇ ਉਸ ਤੇ ਸਵਾਰ ਹੋ ਕੇ ਕੰਮ ਤੇ ਚੱਲ ਗਈ।
ਅੱਜ ਉਹ ਉਦਾਸ ਨਹੀ ਸੀ ਪਹਿਲਾਂ ਵਾਂਗ। ਅਗਲੇ ਦਿਨ ਉਸ ਨੇ ਸਾਈਕਲ ਤੇ ਚੜ੍ਹਕੇ ਹੀ ਫਲਾਈਓਵਰ ਚੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਫਲਾਈਓਵਰ ਕਾਫ਼ੀ ਉੱਚਾ ਸੀ ਉਹ ਸਾਈਕਲ ਸਮੇਂਤ ਸੜਕ ਤੇ ਡਿੱਗੀ। ਉਸ ਨੇ ਹੌਸਲਾ ਨਹੀ ਹਾਰਿਆ ਤੇ ਉਸ ਨੇ ਫੇਰ ਕੋਸ਼ਿਸ਼ ਕੀਤੀ। ਪਰ ਕਿਉਕਿ ਉਹ ਚੜ੍ਹਾਈ ਤੇ ਸੀ ਇਸ ਲਈ ਉਹ ਦੁਬਾਰਾ ਡਿੱਗ ਪਈ। ਉਸ ਨੇ ਤੁਰ ਕੇ ਹੀ ਫਲਾਈਓਵਰ ਪਾਰ ਕੀਤਾ।
ਉਸ ਨੇ ਕੁੱਝ ਪੈਸੇ ਜਮ੍ਹਾਂ ਕਰਕੇ ਉਸ ਬਜੁਰਗ ਨੂੰ ਦਿੱਤੇ ਕਿ ਉਹ ਹੌਲੀ ਹੌਲੀ ਬਾਕੀ ਪੈਸੇ ਵੀ ਜਮ੍ਹਾਂ ਕਰ ਲਵੇਗੀ ਤਾਂ ਜੋ ਛੱਤ ਬਦਲੀ ਜਾ ਸਕੇ। ਹੁਣ ਉਹ ਹਰ ਰੋਜ਼ ਸਾਈਕਲ ਤੇ ਚੜ੍ਹਕੇ ਫਲਾਈਓਵਰ ਪਾਰ ਕਰਨ ਦੀ ਕੋਸ਼ਿਸ਼ ਕਰਦੀ । ਕਈ ਦਿਨਾਂ ਦੀ ਸਖਤ ਮਿਹਨਤ ਤੋ ਬਾਅਦ ਇੱਕ ਦਿਨ ਉਸ ਨੇ ਪੂਰਾ ਤੇਜ਼ ਸਾਈਕਲ ਭਜਾ ਕੇ ਫਲਾਈਓਵਰ ਤੇ ਚੜਾਇਆ। ਉਸ ਨੇ ਸਾਈਕਲ ਤੇ ਚੜ੍ਹੇ ਚੜ੍ਹਾਏ ਹੀ ਫਲਾਈਓਵਰ ਪਾਰ ਕਰ ਲਿਆ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਤੇਜ਼ ਤੇਜ਼ ਸਾਇਕਲ ਭਜਾਉਦੀ ਮੁੰਬਈ ਦੀਆਂ ਸੜਕਾਂ ਤੇ ਦੌੜ ਰਹੀ ਸੀ ਤੇ ਕਸ਼ਮੀਰੀ ਗਾਣਾ ਗਾ ਰਹੀ ਸੀ। ਉਹ ਖੁਸ਼ੀ ਖੁਸ਼ੀ ਆਪਣੇ ਕੰਮ ਤੇ ਪਹੁੰਚੀ। ਉਸ ਨੂੰ ਐਨਾ ਖੁਸ਼ ਵੇਖ ਕੇ ਉਸ ਦੀ ਮੈਡਮ ਨੇ ਪੁੱਛਿਆ।
“ਨੁਸਰਤ ਅੱਜ ਬਹੁਤ ਖੁਸ਼ ਹੈ ਤੂੰ,, ਤੇਰਾ ਲਤੀਫ਼ ਆ ਗਿਆ ਵਾਪਿਸ ? ”
” ਉਹ ਨਹੀ ਮੈਡਮ ਜੀ ਮੈਨੂੰ ਹੁਣ ਉਸ ਦੀ ਪ੍ਰਵਾਹ ਨਹੀ । ਜੋ ਮੈਨੂੰ ਛੱਡ ਗਿਆ ਮੈਂ ਉਸ ਤੋਂ ਕੀ ਲੈਂਣਾ”,,,
“ਫੇਰ ਤੂੰ ਐਨੀ ਖੁਸ਼ ਕਿਉ ਹੈ?”
“ਮੈਡਮ ਜੀ ਅੱਜ ਮੈੰ ਫਲਾਈਓਵਰ ਪਾਰ ਕਰ ਲਿਆ। ਹੁਣ ਕੋਈ ਵੀ ਫਲਾਈਓਵਰ ਮੇਰੇ ਰਸਤੇ ਚ ਨਹੀ ਆਏਗਾ ” ਉਹ ਉੱਚੀ ਉੱਚੀ ਹੱਸ ਰਹੀ। ਉਸ ਤੋਂ ਖੁਸ਼ੀ ਸਾਂਭੀ ਨਹੀ ਸੀ ਜਾ ਰਹੀ।
” ਕਿਹੜਾ ਫਲਾਈਓਵਰ ਨੁਸਰਤ”??
(ਮੈਡਮ ਨੇ ਫੇਰ ਸਵਾਲ ਕੀਤਾ,)
“ਉਹ ਜਿਹੜਾ ਮੇਰੇ ਰਸਤੇ ਚ ਆਉਂਦਾ ਸੀ ਜਿਹੜਾ ਮੈਨੂੰ ਲੱਗਦਾ ਸੀ ਕਿ ਮੈੰ ਲਤੀਫ਼ ਤੋਂ ਬਿਨ੍ਹਾਂ ਪਾਰ ਨਹੀ ਕਰ ਸਕਾਂ ਗੀ । ਜਿਸ ਨੂੰ ਵੇਖ ਮੈਂ ਅਕਸਰ ਡਰ ਜਾਂਦੀ ਸੀ। ਮੈਂ ਉਸ ਦੇ ਡਰ ਤੋਂ ਮਰਨਾ ਚਾਹੁੰਦੀ ਸੀ,ਪਰ ਮੈਂ ਉਸ ਡਰ,ਨੂੰ ਹੀ ਮਾਰ,ਦਿੱਤਾ ,,ਮੈਡਮ ਜੀ ਮੈੰ ਉਸ ਨੂੰ ਪਾਰ ਕਰ ਲਿਆ ਉਹ ਵੀ ਬਿਨ੍ਹਾਂ ਲਤੀਫ਼ ਤੋਂ। ਹੁਣ ਮੈੰ ਹਰ ਰੋਜ਼ ਪਾਰ ਕਰੂੰਗੀ,,, ਮੇਰੇ ਸਾਹਮਣੇ ਉਸ ਦੀ ਚੜ੍ਹਾਈ ਕੁੱਝ ਵੀ ਨਹੀ । ਮੈਂ ਕਸ਼ਮੀਰ ਦੀ ਬਹਾਦਰ ਕੁੜੀ ਹਾਂ ” ,,,,। ਉਹ ਉੱਚੀ ਉੱਚੀ ਬੋਲ ਰਹੀ ਸੀ,, ਹੱਸ ਰਹੀ ਸੀ, ਖੁਸ਼ ਹੋ ਰਹੀ ਸੀ, ਖੁਸ਼ੀ ਚ ਨੱਚ ਰਹੀ ਸੀ। ਉਸ ਦੀ ਮੈਡਮ ਉਸ ਨੂੰ ਹੈਰਾਨੀ ਨਾਲ ਵੇਖ ਰਹੀ ਸੀ। ਪਰ ਨੁਸਰਤ ਦੀ ਕੋਈ ਵੀ ਗੱਲ ਉਸ ਨੂੰ ਸਮਝ ਨਹੀ ਆ ਰਹੀ ਸੀ,,!!!