“ਮਹਾਰੋ ਮਾਮੇ ਕੋ ਪੋਤੋ ਆ।”
ਨਿੱਕੇ ਹੁੰਦੇ ਅਸੀਂ ਪਾਪਾ ਜੀ ਦੀ ਭੂਆ ਦੇ ਮੁੰਡਿਆਂ ਨੂੰ ਮਿਲਣ ਸੰਗਰੀਆਂ ਯ ਕਰਨਾਲ ਜਾਂਦੇ। ਉਹ ਬਾਗੜੀ ਬੈਲਟ ਵਿੱਚ ਰਹਿੰਦੇ ਸਨ। ਉਹ ਹਰਿਆਣਾ ਦੇ ਕਸਬੇ ਵਣਵਾਲਾ ਦੇ ਰਹਿਣ ਵਾਲੇ ਸਨ। ਤੇ ਬਾਗੜੀ ਬੋਲਦੇ ਹਨ। ਤਾਇਆ ਤਾਰਾ ਚੰਦ ਸੰਗਰੀਏ ਆੜਤ ਦਾ ਕੰਮ ਕਰਦੇ ਸੀ। ਤੇ ਚਾਚਾ ਹਰਬੰਸ ਲਾਲ ਸਰਜਨ ਹੈ। ਕਰਨਾਲ ਦੇ ਮਸ਼ਹੂਰ ਡਾਕਟਰ। ਅਸੀਂ ਬੱਚੇ ਸੀ ਓਹਨਾ ਨੂੰ ਮਿਲਣ ਜਾਂਦੇ। ਉਹ ਵੱਡੇ ਲੋਕ ਤੇ ਅਸੀਂ ਅਜੇ ਬੱਚੇ ਹੀ ਸੀ। ਬਹੁਤ ਪਿਆਰ ਕਰਦੇ। ਇੱਜਤ ਵੀ ਬਹੁਤ ਦਿੰਦੇ। “ਕੌਣ ਹੈ ਇਹ?” ਕੋਈ ਨਾ ਕੋਈ ਪੁੱਛ ਹੀ ਲੈਂਦਾ।
“ਮਹਾਰੇ ਮਾਮੇ ਕੋ ਪੋਤੋ ਹੈ।” ਉਹ ਆਪਣੀ ਬਾਗੜੀ ਭਾਸ਼ਾ ਵਿੱਚ ਹੁੱਬ ਕੇ ਜਬਾਬ ਦਿੰਦੇ। ਸ਼ਾਇਦ ਉਹ ਇਸ ਗੱਲ ਤੇ ਆਪਣੀ ਟੋਹਰ ਸਮਝਦੇ ਸਨ ਕਿ ਉਹ ਇੰਨੀ ਦੂਰ ਦੀ ਰਿਸ਼ਤੇਦਾਰੀ ਤੱਕ ਵਰਤਦੇ ਹਨ। ਗੱਲ ਓਹਨਾ ਦੀ ਵੀ ਸਹੀ ਸੀ। ਅੱਜ ਕੱਲ ਤਾਂ ਕੋਈ ਸਕੇ ਮਾਮਿਆਂ ਨਾਲ ਯ ਭਾਣਜ਼ਿਆਂ ਨਾਲ ਨਹੀਂ ਵਰਤਦਾ। ਸਕੇ ਭਰਾ ਤੇ ਭਤੀਜਿਆਂ ਨੂੰ ਗੈਰ ਸਮਝਦਾ ਹੈ। ਸਾਨੂੰ ਓਹਨਾ ਤੇ ਮਾਣ ਹੁੰਦਾ।
ਹੁਣ ਮੇਰੇ ਮਾਮੇ ਇੱਥੇ ਹੀ ਰਹਿੰਦੇ ਹਨ। ਤੇ ਮੇਰੇ ਮਾਮੇ ਦੇ ਪੋਤੇ ਵੀ ਇੱਥੇ ਰਹਿੰਦੇ ਹਨ। ਉਹ ਅਕਸਰ ਮਿਲਣ ਆਉਂਦੇ ਹਨ। ਮੈਨੂੰ ਬਹੁਤ ਪਿਆਰ ਨਾਲ ਮਿਲਦੇ ਹਨ। ਰੈਸਪੇਕਟ ਵੀ ਬਹੁਤ ਦਿੰਦੇ ਹਨ।
ਮੈਂ ਵੀ ਬੜੇ ਮਾਣ ਨਾਲ ਦੱਸਦਾ ਹਾਂ ਕਿ ਇਹ ਮੇਰੇ ਮਾਮੇ ਦਾ ਪੋਤਾ ਹੈ। ਫਿਰ ਮੈਨੂੰ ਉਹ ਬੋਲੀ ਯਾਦ ਆ ਜਾਂਦੀ ਹੈ ਜੋ ਕਦੇ ਮੇਰੇ ਉਹ ਚਾਚੇ ਮੇਰੇ ਲਈ ਵਰਤਦੇ ਸਨ। “ਮੇਰੇ ਮਾਮੇ ਕੋ ਪੋਤੋ ਹੈ।”
ਮਾਮੇ ਦੇ ਪੋਤੇ ਮੈਨੂੰ ਮੇਰੀ ਮਾਂ ਦਾ ਮਾਣ ਉਸਦੇ ਪੇਕਿਆਂ ਨਾਲ ਜੋੜਦੇ ਹਨ। ਮਾਮੇ ਦੇ ਮੁੰਡਿਆਂ ਤੇ ਮਾਮਿਆਂ ਦੇ ਪੋਤਿਆਂ ਪੋਤੀਆਂ ਨੂੰ ਮਿਲਕੇ ਲਗਦਾ ਹੈ ਕਿ ਮੈਂ ਮੇਰੀ ਮਾਂ ਦੇ ਹੋਰ ਨੇੜੇ ਹੋ ਗਿਆਂ ਹੋਵਾਂ। ਮਾਂ ਦੇ ਪੇਕਿਆਂ ਵਿਚੋਂ ਵੀ ਮੈਨੂੰ ਮੇਰੀ ਮਾਂ ਦੀ ਝਲਕ ਮਿਲਦੀ ਹੈ। ਚੱਲ ਮਾਂ ਨਹੀਂ ਰਹਿ ਤਾਂ ਮਾਂ ਦੇ ਪੇਕੇ ਹੀ ਸਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ