ਸਤੰਬਰ 1982 ਤੋਂ ਮਈ 2019 ਤੱਕ ਮੈਂ ਰਾਜਨੀਤੀ ਦੇ ਗੜ੍ਹ ਪਿੰਡ ਬਾਦਲ ਵਿੱਚ ਰਿਹਾ। ਰਾਜਨੀਤੀ ਸਰਕਾਰ ਅਫਸਰਸ਼ਾਹੀ ਨੂੰ ਬੜੇ ਨੇੜੇ ਤੋਂ ਵੇਖਿਆ। ਲਗਭਗ 82 83 ਤੋਂ ਹੀ ਮੇਰੀ ਸਰਦਾਰ ਪਰਮਜੀਤ ਸਿੰਘ ਲਾਲੀ ਜੀ ਜਿੰਨਾ ਨੂੰ ਲੋਕ ਪਿਆਰ ਨਾਲ Lali Badal ਆਖਦੇ ਹਨ ਜਾਣ ਪਹਿਚਾਣ ਰਹੀ ਹੈ। ਸ਼ੁਰੂ ਤੋਂ ਹੀ ਬਹੁਤ ਮਾਣ ਬਖਸ਼ਦੇ ਰਹੇ ਹਨ। ਉਹ ਪਿੰਡ ਦੇ ਕਈ ਵਾਰੀ ਸਰਪੰਚ ਰਹੇ ਹਨ। ਮਿਲਣਸਾਰ ਅਤੇ ਜ਼ੁਬਾਨ ਦੇ ਸੱਚੇ ਬੰਦੇ ਹਨ। ਰਾਜਨੀਤੀ ਦਾ ਗੜ੍ਹ ਹੋਣ ਕਰਕੇ ਅਸੀਂ ਆਪਣੀ ਵੋਟ ਵੀ ਪਿੰਡ ਬਾਦਲ ਹੀ ਬਣਾ ਲਈ ਸੀ। ਇੱਕ ਵਾਰੀ ਇਹ ਸਰਪੰਚੀ ਲਈ ਖੜੇ ਹੋਏ ਪਰ ਇਸ ਵਾਰ ਵੱਡੇ ਬਾਦਲ ਸਾਹਿਬ ਦਾ ਥਾਪੜਾ ਸਰਦਾਰ ਮਹਿੰਦਰ ਸਿੰਘ ਜੀ ਨੂੰ ਸੀ ਜੋ ਜਿਆਦਾਤਰ ਚੱਕ ਸ਼ੇਰੇ ਵਾਲਾ ਰਹਿੰਦੇ ਸੀ। ਮੈਂ ਉਹਨਾਂ ਨੂੰ ਕਦੇ ਨਹੀਂ ਸੀ ਮਿਲਿਆ। ਸਾਨੂੰ ਸੈਣੀ ਸਾਹਿਬ ਸਾਡੇ ਪ੍ਰਿੰਸੀਪਲ ਜੀ ਦਾ ਸਪਸ਼ਟ ਇਸ਼ਾਰਾ ਸਰਦਾਰ ਮਹਿੰਦਰ ਸਿੰਘ ਜੀ ਨੂੰ ਵੋਟ ਪਾਉਣ ਦਾ ਸੀ। ਇਸ ਗੱਲ ਦੀ ਜਾਣਕਾਰੀ ਲਾਲੀ ਜੀ ਨੂੰ ਵੀ ਸੀ। ਸੋ ਓਹਨਾ ਨੇ ਸਾਨੂੰ ਵੋਟ ਲਈ ਹੀ ਨਹੀਂ ਆਖਿਆ। ਸ਼ਾਇਦ ਉਹਨਾਂ ਨੂੰ ਨਿੱਜੀ ਸਬੰਧਾਂ ਤੇ ਜਿਆਦਾ ਭਰੋਸਾ ਸੀ।
“ਕ ਕ ਕ ਕ ਕ ਕੌਣ ਹੈ ਤੂੰ ?” ਸਾਨੂੰ ਦੋਹਾਂ ਜੀਆਂ ਨੂੰ ਪੋਲਿੰਗ ਬੂਥ ਵੱਲ ਵੱਧਦੇ ਵੇਖਕੇ ਸਰਦਾਰ ਮਹਿੰਦਰ ਸਿੰਘ ਨੇ ਕਾਹਲੀ ਵਿੱਚ ਸਾਨੂੰ ਰੋਕਿਆ।
“ਸਰਦਾਰ ਸਾਹਿਬ ਇਹ ਤੁਹਾਡੀਆਂ ਪੱਕੀਆਂ ਵੋਟਾਂ ਹਨ। ਆਪਣੇ ਸਕੂਲ ਦੇ ਵੱਡੇ ਬਾਊ ਜੀ ਹਨ ਆਪਣੀ ਮੈਡਮ ਨਾਲ ਤੁਹਾਨੂੰ ਵੋਟ ਪਾਉਣ ਸਪੈਸ਼ਲ ਡੱਬਵਾਲੀ ਤੋਂ ਆਏ ਹਨ।” ਕੋਲ ਖੜ੍ਹੇ ਲਾਲੀ ਜੀ ਨੇ ਸਭ ਕੁਝ ਜਾਣਦੇ ਹੋਏ ਬੜੀ ਹਲੀਮੀ ਨਾਲ਼ ਸਰਦਾਰ ਮਹਿੰਦਰ ਸਿੰਘ ਜੀ ਨੂੰ ਸਮਝਾਇਆ।
“ਆਪਾਂ ਹੁਣ ਵੋਟ ਦੂਸਰੇ ਨਿਸ਼ਾਨ ਵਾਲੇ ਡਿੱਬੇ ਵਿੱਚ ਪਾਉਣੇ ਹਨ।” ਹੋਲੀ ਦਿਨੇ ਮੈਂ ਮੇਰੀ ਸ਼ਰੀਕ ਏ ਹੈਯਾਤ ਨੂੰ ਸਮਝਾਇਆ। ਖੈਰ ਅਸੀਂ ਆਪਣੀਆਂ ਵੋਟਾਂ ਲਾਲੀ ਜੀ ਨੂੰ ਪਾ ਦਿੱਤੀਆਂ।
“ਤੁਹਾਡਾ ਵੀ ਪਤਾ ਨਹੀਂ ਚਲਦਾ। ਕਲ੍ਹ ਦੇ ਉਸ ਚੋਣ ਨਿਸ਼ਾਨ ਨੂੰ ਵੋਟ ਪਾਉਣ ਲਈ ਬਾਰ ਬਾਰ ਸਮਝਾ ਰਹੇ ਸੀ ਤੇ ਅੱਜ ਮੌਕੇ ਤੇ ਸਭ ਬਦਲ ਦਿੱਤਾ।” ਆਉਂਦੀ ਹੋਈ ਮੈਡਮ ਮੇਰੇ ਨਾਲ ਲੜ੍ਹ ਪਈ।
“ਭਲੀਏ ਮਾਨਸੇ ਜੋ ਆਦਮੀ ਆਪਾਂ ਨੂੰ ਜਾਣਦਾ ਹੀ ਨਹੀ। ਤੂੰ ਤੂੰ ਕਰ ਕੇ ਬੋਲ ਰਿਹਾ ਹੈ ਉਸਨੂੰ ਵੋਟ ਪਾਉਣ ਦਾ ਕੀ ਫਾਇਦਾ। ਇਸ ਦੇ ਉਲਟ ਜੋ ਆਦਮੀ ਆਪਾਂ ਨੂੰ ਜਾਣਦਾ ਹੈ ਉਸਨੂੰ ਪਤਾ ਹੈ ਕਿ ਇਹ ਮੇਰੇ ਵੋਟ ਨਹੀਂ ਹਨ ਇਸ ਵਾਰ। ਤੇ ਫਿਰ ਵੀ ਅਦਬ ਨਾਲ ਬੋਲ ਰਿਹਾ ਹੈਂ। ਉਸਨੂੰ ਵੋਟ ਕਿਓਂ ਨਾ ਪਾਈਏ।” ਮੈਂ ਮੇਰੀ ਬੇਗਮ ਨੂੰ ਸਮਝਾਇਆ।
ਉਸ ਦਿਨ ਤੋਂ ਬਾਦ ਲਾਲੀ ਜੀ ਨਾਲ ਮੇਰੀ ਦੋਸਤੀ ਹੋਰ ਵੀ ਗੂਹੜੀ ਹੋ ਗਈ। ਲਾਲੀ ਜੀ ਘਰ ਦੇ ਨਿੱਜੀ ਫ਼ੰਕਸ਼ਨਾਂ ਤੇ ਮੈਨੂੰ ਉਚੇਚਾ ਬਲਾਉਂਦੇ ਹਨ। ਮੇਰੇ ਬੇਟੇ ਦੀ ਸ਼ਾਦੀ ਦੇ ਰਿਸੈਪਸ਼ਨ ਤੇ ਖਰਾਬ ਮੌਸਮ ਦੇ ਬਾਵਜੂਦ ਵੀ ਉਹ ਹਾਜ਼ਰੀ ਲਵਾਉਣ ਆਏ।
ਬੰਦੇ ਦੀ ਸਖਸ਼ੀਅਤ ਮਹਿਣਾ ਰੱਖਦੀ ਹੈ ਨਾ ਕਿ ਪਾਰਟੀ। ਜੇ ਉਸ ਦਿਨ ਮੈਂ ਆਪਣਾ ਫੈਸਲਾ ਬਦਲ ਕੇ ਲਾਲੀ ਜੀ ਨੂੰ ਵੋਟ ਨਾ ਪਾਉਂਦਾ ਤਾਂ ਇਹ ਮੇਰੀ ਜਿੰਦਗੀ ਦੀ ਵੱਡੀ ਭੁੱਲ ਹੁੰਦੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233