ਪਿੰਡ ਦੀ ਹੱਟੀ | pind di hatti

ਅੱਜ ਕੋਈਂ ਪੰਤਾਲੀ ਪੰਜਾਹ ਸਾਲ ਬਾਅਦ ਕਿਸੇ ਪਿੰਡ ਦੀ ਹੱਟੀ ਤੇ ਜਾਣ ਦਾ ਮੌਕਾ ਮਿਲਿਆ। ਉੱਨੀ ਸੋ ਪਝੱਤਰ ਤੋਂ ਪਹਿਲਾਂ ਮੈਂ ਘੁਮਿਆਰੇ ਪਿੰਡ ਰਹਿੰਦਾ ਸੀ ਉੱਥੇ ਮੇਰੇ ਦਾਦਾ ਸ੍ਰੀ ਹਰਗੁਲਾਲ ਦੀ ਹੱਟੀ ਮਸ਼ਹੂਰ ਸੀ। ਹਾਲਾਂਕਿ ਇਸਦੀ ਹੱਟੀ ਤੋਂ ਸਬਜ਼ੀ, ਬਰਫ ਦੇ ਗੋਲੇ ਯ ਕੋਈਂ ਹੋਰ ਨਸ਼ੇ ਦਾ ਸਮਾਨ ਨਹੀਂ ਸੀ ਮਿਲਦਾ ਪਰ ਉਂਜ ਪੰਸਾਰੀ ਦਾ ਸਮਾਨ ਤੇ ਦਵਾਈਆਂ ਮਿਲਦੀਆਂ ਸਨ। ਬਾਬੇ ਹਰਗੁਲਾਲ ਦੀ ਹੱਟੀ ਦੀ ਸਚਾਈ ਵੇਖਕੇ ਮੈਂ ਆਪਣੀ ਸਵੇਂ ਜੀਵਨੀ ਵੀ ਇਸੇ ਨਾਮ ਤੇ ਲਿਖੀ ਹੈ।
ਇੱਕ ਸਰਕਾਰੀ ਕੈਂਪ ਦੇ ਸਿਲਸਿਲੇ ਵਿੱਚ ਮੈਂ ਅੱਜ ਬਠਿੰਡਾ ਦੇ ਲਾਗਲੇ ਪਿੰਡ ਜੈ ਸਿੰਘ ਵਾਲਾ ਵਿੱਚ ਗਿਆ ਸੀ। ਮੇਰੇ ਕੋਲ੍ਹ ਥੋੜ੍ਹਾ ਜਿਹਾ ਸਮਾਂ ਸੀ ਸੋ ਮੈਂ ਗੁਰੂਦਵਾਰਾ ਸਾਹਿਬ ਦੇ ਸਾਹਮਣੇ ਵਾਲੀ ਹੱਟੀ ਤੇ ਚਲਾ ਗਿਆ। ਪਹਿਲਾਂ ਵਾਲੀਆਂ ਹੱਟੀਆਂ ਨਾਲੋਂ ਸਭ ਕੁਝ ਬਦਲਵਾਂ ਸੀ। ਉਥੇ ਜਮੀਨ ਤੇ ਬਣੇ ਥੜੇ ਦੀ ਬਜਾਇ ਕਾਉਂਟਰ ਤੇ ਕੁਰਸੀ ਸੀ। ਹੱਟੀ ਦਾ ਨਾਮ ਵੀ ਮਾਡਰਨ ਸੀ, #ਬਾਂਸਲ_ਕਰਿਆਨਾ_ਸਟੋਰ । ਹੱਟੀ ਵਿੱਚ ਦੋ ਵੱਡੇ ਫਰੀਜ਼ਰ ਤੇ ਇੱਕ ਫਰਿਜ਼ ਪਿਆ ਸੀ। ਕੋਲ੍ਹ ਹੀ ਫੋਟੋਸਟੇਟ ਲਈ ਵਧੀਆ ਪ੍ਰਿੰਟਰ ਪਿਆ ਸੀ। ਕੁਰਕਰੇ ਲੇਸ ਦਾ ਭਾਰੀ ਸਟਾਕ ਸੀ। ਮੋਬਾਇਲ ਦੀ ਅਸੈਂਸਰੀਂ ਸੀ। ਦਾਲਾਂ ਮਸਾਲੇ ਤੇ ਹੋਰ ਸਮਾਨ ਪੈਕਟਾਂ ਵਿੱਚ ਸੀ। ਦੁਕਾਨ ਤੇ ਲੋਹੇ ਦਾ ਸ਼ਟਰ ਤੇ ਸ਼ੀਸ਼ੇ ਵਾਲਾ ਗੇਟ ਸੀ। ਉਹ ਸਮਾਨ ਨਹੀਂ ਸੀ ਜੋ ਕਿਸੇ ਵੇਲੇ ਸਾਡੇ ਪਿੰਡ ਬਾਬੇ ਹਰਬੰਸ ਮਿੱਡੇ ਦੀ, ਬਾਬੇ ਆਤਮੇ ਦੀ ਯ ਤਾਏ ਬਲਬੀਰੇ ਦੀ ਹੱਟੀ ਤੋਂ ਮਿਲਦਾ ਸੀ। ਉਹਨਾਂ ਵੇਲਿਆਂ ਵਿੱਚ ਬਹੁਤੇ ਲੋਕ ਸੂਤ ਰੰਗਨ ਲਈ ਰੰਗ, ਸਰੋਂ ਦਾ, ਮਿੱਟੀ ਦਾ ਤੇ ਮਸ਼ੀਨ ਦਾ ਤੇਲ ਲੈਣ ਆਉਂਦੇ। ਸੂਈਆਂ, ਸਲਾਈਆਂ ਤੇ ਕਰੋਸੀਆਂ ਲੈਣ ਆਉਂਦੇ ਸੀ। ਗ੍ਰਾਹਕ ਹਲਦੀ ਲੂਣ ਮਿਰਚ ਮਸਾਲਾ ਲੈਣ ਆਉਂਦੇ ਸਨ ਤੇ ਹੱਟੀ ਵਾਲਾ ਕਾਗਜ਼ ਦੀਆਂ ਪੁੜੀਆਂ ਬੰਨ੍ਹਕੇ ਸਮਾਨ ਦਿੰਦੇ ਸਨ। ਓਦੋ ਹੱਟੀ ਵਾਲੇ ਥੜ੍ਹੇ ਤੇ ਵਿਛਾਈ ਬੋਰੀ ਥੱਲ੍ਹੇ ਪੈਸੇ ਰੱਖਦੇ ਯ ਗੱਲੇ ਚ। ਪਰ ਹੁਣ ਤਾਂ ਇਹ੍ਹਨਾਂ ਨੇ ਕਾਊਂਟਰ ਤੇ ਗੂਗਲ ਪੇ ਦਾ ਸਕੈਨਰ ਰੱਖਿਆ ਹੋਇਆ ਸੀ। ਬਹੁਤੇ ਲੋਕ ਆਨਲਾਈਨ ਹੀ ਪੇਮੈਂਟ ਕਰ ਰਹੇ ਸਨ। ਹੁਣ ਪਿੰਡਾਂ ਵਿੱਚ ਵੀ ਹਰ ਸਮਾਨ ਮਿਲਦਾ ਹੈ ਜੋ ਕਦੇ ਲੋਕ ਸਹਿਰੋਂ ਖਰੀਦਣ ਜਾਂਦੇ ਸਨ। ਪਿੰਡਾਂ ਵਿਚਲੇ ਮੈਡੀਕਲ ਸਟੋਰ ਮੋਬਾਇਲ ਸ਼ੋਪ, ਫਾਸਟ ਫੂਡ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਹਨ। ਕਪੜੇ ਦੀਆਂ ਦੁਕਾਨਾਂ ਤੇ ਗਾਰਮੈਂਟਸ ਫੁੱਟ ਵਾਇਰ ਸ਼ੋਪਸ ਹਨ। ਕੀੜੇਮਾਰ ਦਵਾਈਆਂ ਤੇ ਰੇਹ ਸਪਰੇਹ ਦੇ ਸਟੋਰ ਹਨ।
ਪਿੰਡ ਵਾਲੀਆਂ ਹੱਟੀਆਂ ਚ ਆਏ ਬਦਲਾਵ ਨੂੰ ਵੇਖਕੇ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਪੰਜੀਆਂ ਦਸੀਆਂ ਚੁਆਨੀਆਂ ਅਠਿਆਨੀਆਂ ਵਾਲੇ ਦੁਕਾਨਦਾਰ ਸੌ, ਦੋ ਸੌ ਤੇ ਪੰਜ ਸੌ ਦੀ ਗੱਲ ਕਰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *