ਰੀਆ ਭਾਗ 2

ਸਭ ਤੋਂ ਪਹਿਲਾਂ ਦਿਵਿਆ ਉਸੇ ਹੋਟਲ ਚ, ਗਈ ਜਿੱਥੇ ਪਾਰਟੀ ਸੀ। ਉਹ ਅੰਦਰ ਗਈ ਪਾਰਟੀ ਅਜੇ ਵੀ ਚੱਲ ਰਹੀ ਸੀ ਪਰ ਬਹੁਤ ਘੱਟ ਬੱਚੇ ਸਨ। ਉਸ ਨੇ ਇੱਕ ਬੱਚੇ ਤੋੰ ਰੀਆ ਬਾਰੇ ਪੁੱਛਿਆ ਤਾਂ ਉਸ ਬੱਚੇ ਨੇ ਦੱਸਿਆ ਕਿ ਉਹ ਤਾਂ ਬਹੁਤ ਪਹਿਲਾਂ ਹੀ ਐਥੋ ਚਲੀ ਗਈ ਸੀ।ਦਿਵਿਆ ਨੇ ਐਧਰ ਉੱਧਰ ਪਾਰਕਿੰਗ ਚ, ਵਾਸ਼ਰੂਮ ਚ, ਹਰ ਥਾਂ ਰੀਆ ਨੂੰ ਲੱਭਿਆ ਪਰ ਰੀਆ ਕਿਧਰੇ ਵੀ ਨਹੀ ਸੀ। ਉਸ ਨੇ ਬਹੁਤ ਵਾਰ ਰੀਆ ਦਾ ਫੋਨ ਵੀ ਟਰਾਈ ਕੀਤਾ ਪਰ ਉਹ ਅਜੇ ਵੀ ਬੰਦ ਆ ਰਿਹਾ ਸੀ। ਸਵੇਰ ਦੇ 4 ਵੱਜ ਗਏ ਸਨ ਉਸ ਨੇ ਘਰ ਮੇਡ ਨੂੰ ਫੋਨ ਕਰਕੇ ਪਤਾ ਕੀਤਾ ਰੀਆ ਅਜੇ ਵੀ ਘਰ ਨਹੀਂ ਸੀ ਆਈ। ਉਸ ਨੇ ਪੁਲਸ ਸਟੇਸ਼ਨ ਜਾਣਾ ਠੀਕ ਸਮਝਿਆ। ਉਸ ਨੇ ਪੁਲਸ ਸਟੇਸ਼ਨ ਰੀਆ ਦੇ ਘਰ ਨਾ ਪਹੁੰਚਣ ਦੀ ਰਿਪੋਰਟ ਲਿਖਵਾਈ। ਪੁਲਸ ਵਾਲਿਆਂ ਨੇ ਉਸ ਦਾ ਫੋਨ ਨੰਬਰ ਲੈ ਕੇ ਉਸ ਨੂੰ ਵਾਪਿਸ ਘਰ ਭੇਜ ਦਿੱਤਾ। ਉਸ ਦੇ ਮੋਬਾਇਲ ਚ, ਰੀਆ ਦੀ ਤਸਵੀਰ ਸੀ ਉਹ  ਉਸ ਨੇ ਪੁਲਸ ਨੂੰ ਦੇ ਦਿੱਤੀ। ਜਦ ਤੱਕ ਉਹ ਘਰ ਵਾਪਿਸ ਆਈ ਤਾਂ ਪੰਜ ਵੱਜ ਚੁੱਕੇ ਸਨ। ਉਹ ਬਹੁਤ ਪਰੇਸ਼ਾਨ ਸੀ।

ਉੱਧਰ ਸਵੇਰੇ ਸੈਰ ਕਰਦੇ ਇੱਕ ਆਦਮੀ ਨੇ ਪਾਣੀ ਦੇ ਨਾਲੇ ਚ, ਇੱਕ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਵੇਖਿਆ ਉਸ ਨੇ ਫੌਰਨ ਪੁਲਸ ਨੂੰ ਦੱਸਿਆ।ਪੁਲਸ ਨੇ ਫੌਰਨ ਐਕਸ਼ਨ ਲਿਆ ਤੇ ਇਸ ਲੜਕੀ ਨੂੰ ਹਸਪਤਾਲ ਪਹੁੰਚਾਇਆ ਉਸ ਦੀ ਹਾਲਤ ਬਹੁਤ ਖਰਾਬ ਸੀ। ਪੁਲਸ ਨੇ ਦਿਵਿਆ ਨੂੰ ਫੋਨ ਕਰਕੇ ਬੁਲਾਇਆ। ਪੁਲਸ ਨੂੰ ਸ਼ੱਕ ਸੀ ਵੀ ਇਹ ਰੀਆ ਵੀ ਹੋ ਸਕਦੀ ਹੈ। ਦਿਵਿਆ ਨੇ ਕੱਪੜਿਆਂ ਤੋਂ ਪਹਿਚਾਣ ਲਿਆ ਕਿ ਇਹ ਰੀਆ ਹੀ ਹੈ ਕਿਉਕਿ ਚਿਹਰੇ ਤੋਂ ਉਸ ਨੂੰ ਪਹਿਚਾਣਨਾ ਮੁਸ਼ਕਲ ਸੀ।ਰੀਆ ਦੀ ਹਾਲਤ ਵੇਖਕੇ ਦਿਵਿਆ ਦੀਆਂ ਚੀਕਾਂ ਨਿਕਲ ਗਈਆ। ਉਸ ਨੇ ਫ਼ੋਨ ਕਰਕੇ ਆਪਣੇ ਪਤੀ ਨੂੰ ਰੀਆ ਦੀ ਹਾਲਤ ਬਾਰੇ ਦੱਸਿਆ। ਡਾਕਟਰਾਂ ਨੇ ਦੀਵਿਆਂ ਨੂੰ ਦੱਸਿਆ

” ਤੁਹਾਡੀ ਬੇਟੀ ਦੀ ਹਾਲਤ ਬਹੁਤ ਨਾਜ਼ੁਕ ਹੈ। ਉਸ ਦੇ ਪ੍ਰਾਈਵੇਟ ਪਾਰਟਸ ਤੇ ਵੀ ਗਹਿਰੇ ਜ਼ਖਮ ਹਨ। ਉਸ ਦੇ ਸਰੀਰ ਨੂੰ ਕਈ ਜਗ੍ਹਾ ਤੋੰ ਨੋਚਿਆ ਗਿਆ। ਉਸ ਦੇ ਸਰੀਰ ਦੇ ਬਹੁਤ ਸਾਰੀਆਂ ਹਿੱਸਿਆਂ ਤੇ ਦੰਦਾਂ ਦੇ ਨਿਸ਼ਾਨ ਹਨ। ਉਸ ਨਾਲ ਹੈਵਾਨੀਅਤ ਹੋਈ ਹੈ ਇਹ ਵੀ ਸੰਭਵ ਹੈ ਕੇ ਉਸ ਨਾਲ ਰੇਪ ਜਾਂ ਗੈਂਗ ਰੇਪ ਹੋਇਆ ਹੋਵੇ। ਅਜੇ ਰਿਪੋਟਸ ਨਹੀਂ ਆਈਆਂ” ਡਾਕਟਰ ਦੀ ਗੱਲ ਸੁਣ ਕੇ ਦਿਵਿਆ ਦਾ ਬਹੁਤ ਬੁਰਾ ਹਾਲ ਸੀ। ਉਹ ਉੱਚੀ ਉੱਚੀ ਰੋ ਰਹੀ ਸੀ।  ਉਸ ਦਾ ਪਤੀ ਵੀ ਆ ਗਿਆ ਸੀ। ਉਹ ਵੀ ਰੀਆ ਦੀ ਹਾਲਤ ਵੇਖ ਕੇ ਪਾਗਲ ਹੋ ਗਿਆ। ਪਰ  ਪੁਲਸ ਦੇ ਹੱਥ ਅਜੇ ਵੀ ਖਾਲੀ ਸਨ। ਜਿਸ ਜਗ੍ਹਾ  ਰੀਆ ਨੂੰ ਕਾਰ ਚ, ਸੁੱਟਿਆ ਗਿਆ ਸੀ ਉਸ ਜਗ੍ਹਾ ਤੇ ਕੋਈ  ਵੀ CCTV ਕੈਮਰਾ ਨਹੀਂ ਸੀ। ਹਸਪਤਾਲ ਚ ਦਿਵਿਆ ਨੇ ਰੀਆ ਦੀ ਬਹੁਤ ਸੇਵਾ ਕੀਤੀ ਉਹ ਰਾਤ ਨੂੰ ਰੀਆ ਕੋਲ ਹੀ ਬੈਠੀ ਰਹਿੰਦੀ ਰੀਆ ਅਜੇ ਵੀ ਬੇਸੁਰਤ ਸੀ। ਹੌਲੀ ਹੌਲੀ ਰੀਆ ਦੀ ਹਾਲਤ ਚ ਸੁਧਾਰ ਹੋਣ ਲੱਗਾ। ਉਸ ਨੂੰ ਹੋਸ਼ ਆ ਗਿਆ। ਹੌਸ਼ ਆਉਣ ਤੇ ਉਸ ਨੇ ਪੁਲਸ ਨੂੰ ਬਿਆਨ ਦਿੱਤਾ ਵੀ ਰਿਆਨ  ਤੇ ਉਸਦੇ ਤਿੰਨ ਹੋਰ ਸਾਥੀਆਂ ਨੇ ਉਸ ਨਾਲ ਕਾਰ ਚ ਰੇਪ ਕੀਤਾ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੇ ਸਰੀਰ ਨੂੰ ਨੋਚਿਆ ਗਿਆ। ਉਸ ਦੇ ਬਿਆਨ ਦੇ ਅਧਾਰ ਤੇ ਪੁਲਸ ਨੇ ਰਿਆਨ ਤੇ ਉਸ ਦੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ। ਕੇਸ ਅਦਾਲਤ ਚ ਪਹੁੰਚਿਆ ਰੀਆ ਦੇ ਬਿਆਨ ਵੀਡੀਓ ਕਾਨਫਰੈਂਸ ਰਾਹੀਂ ਲਏ ਗਏ ,ਕਿਉਕਿ ਉਸ ਦੀ ਹਾਲਤ ਅਜੇ ਵੀ ਖਰਾਬ ਸੀ। ਰਿਆਨ ਦਾ ਪਿਤਾ ਪੈਸੇ ਵਾਲਾ ਆਦਮੀ ਸੀ ਇਸ ਲਈ ਉਸ ਨੇ ਸੁਪਰੀਮ ਕੋਰਟ ਦੇ ਚੋਟੀ ਦੇ ਵਕੀਲ ਕਰ ਲਏ।  ਇਹ ਰੇਪ ਦਾ ਕੇਸ ਸੀ ਇਸ ਲਈ ਫਾਸਟ ਟਰੈਕ ਚ ਇਸ ਕੇਸ ਦੀ ਸੁਣਵਾਈ ਰੋਜ਼ ਹੋਣ ਲੱਗੀ। ਰੀਆ ਦੀ ਬਲੱਡ ਰਿਪੋਟ ਚ ਅਲਕੋਹਲ ਦੀ ਮਾਤਰਾ ਆ ਗਈ ਕਿਉਕਿ ਉਸ ਪਾਰਟੀ ਚ ਰੀਆ ਨੇ ਵੀ ਸ਼ਰਾਬ ਪੀਤੀ ਸੀ। ਚੋਟੀ ਦੇ ਵਕੀਲਾਂ ਨੇ ਤਿੰਨ ਮਹਿਨਿਆਂ ਚ ਰਿਆਨ ਤੇ ਉਸ ਦੇ ਸਾਥੀਆਂ ਨੂੰ ਬੇਕਸੂਰ ਠਹਿਰਾ ਦਿੱਤਾ। ਉਨ੍ਹਾਂ ਨੇ ਤਰਕ ਦਿੱਤੀ ਵੀ ਉਸ ਦਿਨ ਰੀਆ ਨਸ਼ੇ ਵਿੱਚ ਸੀ ਇਸ ਲਈ ਉਸ ਨੂੰ ਪਤਾ ਹੀ ਨਹੀ ਸੀ ਕੇ ਉਸ ਨਾਲ ਰੇਪ ਕਰਨ ਵਾਲੇ ਕੌਣ ਸਨ। ਅਦਾਲਤ ਨੇ ਇਹ ਤਾਂ ਮੰਨ ਲਿਆ ਕਿ ਰੀਆ ਨਾਲ ਰੇਪ ਹੋਇਆ। ਪਰ ਇਸ ਗੱਲ ਨਾਲ ਸਹਿਮਤੀ ਨਹੀ ਦਿੱਤੀ ਕਿ ਰੇਪ ਰਿਆਨ ਤੇ ਉਸ ਦੇ ਸਾਥੀਆਂ ਨੇ ਕੀਤਾ। ਇਹ ਫੈਸਲਾ ਰੀਆ ਤੇ ਉਸ ਦੇ ਪਰਿਵਾਰ ਲਈ ਬਹੁਤ ਦੁੱਖਦਾਈ ਸੀ। ਉਹ ਬਿੱਲਕੁਲ ਟੁੱਟ ਚੁੱਕੇ ਸਨ। ਰੀਆ ਦਾ ਤਾਂ ਬਹੁਤ  ਹੀ ਬੁਰਾ ਹਾਲ ਸੀ। ਉਹ ਡਿਪਰੈਸ਼ਨ ਚ ਚਲੀ ਗਈ ਸੀ। ਅਜੇ ਵੀ ਉਹ ਦਿਵਿਆ ਨੂੰ ਉਹਨੀ ਹੀ ਨਫ਼ਰਤ ਕਰਦੀ ਸੀ। ਜਦੋੰ ਵੀ ਦਿਵਿਆ ਉਸ ਕੋਲ ਜਾਂਦੀ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੀ। ਦਿਵਿਆ ਨੇ ਵੀ ਸਕੂਲ ਦੀ ਨੌਕਰੀ ਛੱਡ ਦਿੱਤੀ ਕਿਉਕਿ ਰਿਆਨ ਫੇਰ ਸਕੂਲ ਵਿੱਚ ਵਾਪਿਸ ਆ ਗਿਆ। ਉਸ ਦੀ ਸ਼ਕਲ ਵੇਖ ਕੇ ਦਿਵਿਆ ਨੂੰ ਬਹੁਤ ਗੁੱਸਾ ਆਉਦਾ ਸੀ। ਦਿਵਿਆ ਦੀ ਛੋਟੀ ਬੇਟੀ ਨੂੰ ਵੀ ਸਕੂਲ ਬਦਲਣਾ ਪਿਆ। ਜੇ ਉਹ ਬਾਹਰ ਜਾਂਦੇ ਤਾ ਲੋਂਕਾਂ ਦੀ ਸ਼ਰਾਰਤ ਭਰੀ ਹਮਦਰਦੀ ਉਨ੍ਹਾਂ ਨੂੰ ਤੰਗ ਕਰਦੀ। ਘਰ ਵਿੱਚ ਬਿਮਾਰ ਰੀਆ ਹਰ ਵਕਤ ਆਪਣੇ ਆਪ ਨੂੰ ਕਮਰੇ ਚ ਬੰਦ ਰੱਖਦੀ। ਉਹ ਕਈ ਵਾਰ ਆਪਣੇ ਆਪ ਨੂੰ ਨੋਚਦੀ। ਉਸ ਦੀ ਇਹ ਹਾਲਤ ਵੇਖ ਦਿਵਿਆ ਬਹੁਤ ਰੋਂਦੀ। ਅਦਾਲਤ ਨੇ ਤਾਂ ਫੈਸਲਾ ਸੁਣਾ ਦਿੱਤਾ ਸੀ। ਪਰ ਉਸ ਪਰਿਵਾਰ ਤੇ ਕੀ ਬੀਤੀ ਜੱਜ ਨੇ ਨਹੀ ਵੇਖਿਆ। ਰੀਆ ਦਾ ਪੜ੍ਹਨ ਦਾ ਸਪਨਾ ਬਰਬਾਦ ਹੋ ਗਿਆ। ਉਹ ਤਾਂ ਘਰੋਂ ਹੀ ਨਹੀ ਨਿਕਲਦੀ ਸੀ। ਇਸ ਘਟਨਾ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ।  ਰੀਆ ਦਾ ਹੀ ਨਹੀ ਪੂਰੇ ਪਰਿਵਾਰ ਦਾ ਹੀ ਰਹਿਣ ਸਹਿਣ ਬਦਲ ਗਿਆ ਸੀ। ਹੁਣ ਦਿਵਿਆ ਹਰ ਵਕਤ ਘਰ ਰਹਿੰਦੀ ।ਭਾਵੇ ਰੀਆ ਉਸ ਨੂੰ ਆਪਣੇ ਕੋਲ ਨਹੀ ਸੀ ਆਉਣ ਦਿੰਦੀ ਪਰ ਫੇਰ ਵੀ ਉਹ ਉਸ ਦਾ ਖਿਆਲ ਰੱਖਦੀ। ਜੇ ਉਹ ਰੀਆ ਕੋਲ ਜਾਂਦੀ ਤਾਂ ਕਈ ਵਾਰ ਰੀਆ ਗੁੱਸੇ ਵਿੱਚ ਉਸ ਨੂੰ ਨੋਚ ਲੈਂਦੀ ਪਰ ਉਹ ਬਰਦਾਸ਼ਤ ਕਰ ਲੈੰਦੀ। ਉਹ ਸਮਝਦੀ ਸੀ ਰੀਆ ਦੀ ਹਾਲਤ। ਘਰ ਵਿੱਚ ਪਿਆਰ ਦੇ ਮਹੌਲ ਕਰਕੇ ਜੋ ਦਿਵਿਆ ਦੀ ਸਮਝਦਾਰੀ ਨੇ ਸਿਰਜਿਆ ਸੀ  ਹੌਲੀ ਹੌਲੀ ਰੀਆ ਨਾਰਮਲ   ਹੋਣ ਲੱਗੀ। ਰੀਆ ਦੇ ਪਾਪਾ ਚਾਹੁੰਦੇ ਸਨ ਕੇ ਰੀਆ ਵਾਲਾ ਕੇਸ ਹਾਈ ਕੋਰਟ ਚ ਲਾਇਆ ਜਾਏ। ਪਰ ਦਿਵਿਆ ਨਹੀਂ ਚਾਹੁੰਦੀ ਸੀ।

” ਆਪਾ ਨੂੰ ਇਹ ਕੇਸ ਹਾਈ ਕੋਰਟ ਚ, ਲਗਾਉਣਾ ਚਾਹੀਦਾ”

” ਨਹੀ ਪਲੀਜ਼ ਤੁਸੀਂ ਇਹ ਨਾ ਸੋਚੋ ਆਪਾਂ ਕੇਸ ਨਹੀ ਲਗਾਉਣਾ ਕਿਧਰੇ ਵੀ”

” ਦਿਵਿਆ ਤੂੰ ਨਹੀ ਚਾਹੁੰਦੀ ਬੱਚੀ ਨੂੰ ਇਨਸਾਫ ਮਿਲੇ”

” ਕਿਹੜੀ ਮਾਂ ਇਹ ਨਹੀ ਚਾਹੇਗੀ ਕਿ ਉਸ ਦੀ ਬੇਟੀ ਨੂੰ ਇਨਸਾਫ ਨਾ ਮਿਲੇ। ਮੈਂ ਤਾਂ ਚਾਹੁੰਦੀ ਉਨ੍ਹਾਂ ਚਾਰਾਂ ਨੂੰ ਸਭ ਦੇ ਸਾਹਮਣੇ ਫ਼ਾਸੀ ਦਿੱਤੀ ਜਾਵੇ। ਉਨ੍ਹਾਂ ਨੇ ਮੇਰੀ ਬੱਚੀ ਨਾਲ ਜੋ ਦਰਿੰਦਗੀ ਕੀਤੀ ਉਸ ਦੀ ਸਜ਼ਾ ਉਨ੍ਹਾਂ ਨੂੰ ਮਿਲਣੀ ਚਾਹੀਦੀ ਆ” ਦਿਵਿਆ ਰੋਂ ਰਹੀ ਸੀ।

” ਫੇਰ ਤਾਂਹੀ ਤਾਂ ਕਿਹਾ ਕਿ ਆਪਾਂ ਉਪੱਰਲੀ ਅਦਾਲਤ ਚ ਜਾਂਦੇ ਹਾਂ”

” ਨਹੀ ਤੁਸੀ ਮੇਰੀ ਬੱਚੀ ਦੀ ਹਾਲਤ ਨਹੀ ਵੇਖੀ। ਮਸਾਂ ਤਾਂ ਉਹ ਕੁੱਝ ਠੀਕ ਹੋਈ ਹੈ। ਜਦੋਂ ਫੇਰ ਉਹੀ ਗੱਲਾਂ ਦੁਹਾਈਆਂ ਜਾਣ ਗੀਆਂ ਉਹ ਫ਼ੇਰ ਪਰੇਸ਼ਾਨ ਹੋਵੇਗੀ। ਮੈਂ ਆਪਣੀ ਬੱਚੀ ਨੂੰ ਹੋਰ ਪਰੇਸ਼ਾਨ ਨਹੀ ਵੇਖ ਸਕਦੀ।ਅਦਾਲਤਾਂ ਵਿੱਚ ਸਵਾਲ ਪੁੱਛ ਕੇ ਬੱਚਿਆਂ ਨਾਲ ਦੂਜੀ  ਵਾਰ ਬਲਾਤਕਾਰ ਹੁੰਦਾ। ਮੈਂ ਨਹੀ ਚਾਹੁੰਦੀ ਮੇਰੀ ਬੇਟੀ ਦਾ ਦੁਬਾਰਾ ਬਲਾਤਕਾਰ ਹੋਵੇ। ਸੋ ਪਲੀਜ਼ ਤੁਸੀ ਅਦਾਲਤ ਜਾਣ ਦੀ ਗੱਲ ਭੁੱਲ ਜਾਉ ਆਪਾਂ ਇਹ ਸ਼ਹਿਰ ਹੀ ਛੱਡ ਦਿੰਦੇ ਹਾਂ। ਮੇਰਾ ਵੀ ਜੀਅ ਨਹੀਂ ਕਰਦਾ ਐਥੇ ਰਹਿਣ ਨੂੰ ” ਦਿਵੀਆ ਅਜੇ ਵੀ ਰੋ ਰਹੀ ਸੀ।

” ਪਰ ਇਹ ਸਭ ਐਨਾ ਅਸਾਨ ਨਹੀ ਦਿਵਿਆ ਨਵੇਂ ਥਾਂ ਤੇ ਜਾ ਕੇ ਰਹਿਣਾ ਸੌਖਾ ਨਹੀ ਹੁੰਦਾ ”

“ਮੈੰ ਸਮਝਦੀ ਹਾਂ ਪਰ ਆਪਾਂ ਆਪਣੀ ਰੀਆ ਲਈ ਇਹ ਸਭ ਕਰ੍ਹਾਂਗੇ। ਮੇਰੀ ਬੱਚੀ ਦੀ ਖੁਸ਼ੀ ਲਈ ਮੈਂ ਕੁੱਝ ਵੀ ਕਰ ਸਕਦੀ ਆ ਸ਼ਹਿਰ ਬਦਲਣਾ ਤਾਂ ਛੋਟੀ  ਜਿਹੀ ਗੱਲ ਹੈ ” ਦਿਵਿਆ ਨੇ ਕਿਹਾ।

ਉਨ੍ਹਾਂ ਦੋਨਾਂ ਦੀ ਗੱਲਬਾਤ ਸੁਣਕੇ ਰੀਆ ਵੀ ਰੋਂ ਰਹੀ ਸੀ। ਅੱਜ ਪਹਿਲੀ ਵਾਰ ਰੀਆ ਨੂੰ ਅਹਿਸਾਸ ਹੋਇਆ ਕਿ ਜਿੰਨਾ  ਦਿਵਿਆ ਉਸ ਲਈ ਕਰ ਰਹੀ ਹੈ ਸ਼ਾਇਦ ਉਸ ਦੀ ਆਪਣੀ ਮਾਂ ਵੀ ਨਾ ਕਰਦੀ। ਰੀਆ ਹੌਲੀ ਹੌਲੀ ਆਪਣੇ ਕਮਰੇ ਚੋਂ ਨਿਕਲ ਕੇ ਉਨ੍ਹਾਂ ਦੋਨਾਂ ਕੋਲ ਆ ਗਈ। ਉਸ ਨੂੰ ਆਪਣੇ ਵੱਲ ਆਉਦੀ ਵੇਖ ਦੋਨੋਂ ਚੁੱਪ ਕਰ ਗਏ।

” ਪਾਪਾ ਮੌਮ ਠੀਕ ਕਹਿੰਦੇ ਨੇ ਮੈਂ ਨਹੀਂ ਕਿਸੇ ਦੇ ਸਵਾਲਾਂ ਦੇ ਜਵਾਬ ਦੇਣੇ ਆਪਾਂ ਇੱਥੇ ਰਹਿਣਾ ਹੀ ਨਹੀ”

ਰੀਆ ਦੇ ਮੂੰਹੋ ਦੱਸ ਸਾਲਾ ਬਾਅਦ ਮੌਮ ਸ਼ਬਦ ਸੁਣ ਕੇ ਦੀਵਿਆਂ ਵੀ ਉਸ ਦੇ ਮੂੰਹ ਵੱਲ ਵੇਖਣ ਲੱਗ ਗਈ।

“ਮੌਮ ਆਈ ਐਮ ਸੌਰੀ” ਐਨਾ ਕਹਿਕੇ ਰੀਆ ਦਿਵਿਆ ਦੇ ਗਲ਼ ਲੱਗ ਕੇ ਰੋਣ ਲੱਗ ਗਈ।

” ਨਹੀ ਮੇਰੀ ਬੱਚੀ ਰੋਂਣਾ ਨਹੀ ” ਐਨਾ ਕਹਿਕੇ ਦਿਵਿਆ ਨੇ ਉਸ ਨੂੰ ਪਿਆਰ ਕੀਤਾ।

ਜਲਦੀ ਹੀ ਰੀਆ ਦੇ ਪਰਿਵਾਰ ਨੇ ਸ਼ਹਿਰ ਬਦਲ ਲਿਆ।

ਸਮਾਪਤ

Leave a Reply

Your email address will not be published. Required fields are marked *