“ਜੀ ਜਿੱਥੇ ਮੈਂ ਆਵਦੇ ਗੋਡੇ ਗਿੱਟਿਆਂ ਜੋੜਾਂ ਦੇ ਦਰਦ, ਬੀਪੀ, ਸ਼ੂਗਰ ਤੇ ਥਾਈਰਾਈਡ ਨਾਲ ਗੁਥਮਗੁਥਾ ਹੋ ਰਹੀ ਹਾਂ ਆਹ ਤੁਹਾਡੇ ਆਲਾ ਬੁਖਾਰ ਵੀ ਮੈਨੂੰ ਹੋਜੇ ਪਰ ਮੈਥੋਂ ਤੁਹਾਡੀ ਤਕਲੀਫ ਦੇਖੀ ਨਹੀਂ ਜਾਂਦੀ।” ਉਸਨੇ ਮਸੋਸੇ ਜਿਹੇ ਮੂੰਹ ਨਾਲ ਅੱਜ ਕਿਹਾ ਜਦੋਂ ਮੈਂ ਉਸਨੂੰ ਦੱਸਿਆ “ਮੇਰੇ ਗਲੇ ਵਿੱਚ ਕੁਰਕਰੀ ਹੋ ਰਹੀ ਹੈ ਤੇ ਕਾਂਬਾ ਵੀ ਛਿੜ ਰਿਹਾ ਹੈ ਲਗਦਾ ਬੁਖਾਰ ਹੋਊ।” ਫਿਰ ਮੈਂ ਉਸਨੂੰ ਇਹ ਆਖਿਆ ਕਿ ਮੈਂ ਰੋਟੀ ਵੀ ਨਹੀਂ ਖਾਣੀ। ਤਾਂ ਉਹ ਬਾਹਲੀ ਟੈਨਸ਼ਨ ਲੈ ਗਈ। ਉਸਨੇ ਮੈਨੂੰ ਇੱਕ ਰੋਟੀ ਖਾਣ ਲਈ ਕਿਹਾ ਪਰ ਬੁਖਾਰ ਦਾ ਸੋਚਕੇ ਬਹੁਤਾ ਜ਼ੋਰ ਨਹੀਂ ਲਾਇਆ। ਫਿਰ ਮੈਂ ਦੇਖਿਆ ਕਿ ਉਸਨੇ ਹੱਥਲੀ ਰੋਟੀ ਮਸਾਂ ਹੀ ਲੰਘਾਈ। ਉਸਦਾ ਵੀ ਰੋਟੀ ਖਾਣ ਦਾ ਚਿੱਤ ਨਹੀਂ ਸੀ। ਕਾਂਬੇ ਵਾਲੇ ਬੁਖਾਰ ਨੂੰ ਵੇਖਦੇ ਹੋਏ ਮੈਂ ਇੱਕ ਪੱਤਾ ਡੋਲੋ, ਹਮਦਰਦ ਦੀ ਚੂਸਣ ਵਾਲੀਆਂ ਗੋਲੀਆਂ ਸੁਆਲੀਨ ਤੇ ਐਸੀਲੋਕ ਆਰਡੀ ਦਾ ਪੱਤਾ ਆਪਣੇ ਸਿਰਹਾਣੇ ਹੀ ਰੱਖ ਲਿਆ। ਦਵਾਈ ਲੈਕੇ ਮੈ ਸੋਂ ਗਿਆ। ਅੱਖ ਲੱਗੀ ਹੀ ਸੀ ਕਿ ਉਸਨੇ ਮੇਰੇ ਸਿਰ ਤੇ ਹੱਥ ਰੱਖਕੇ ਸਿਆਣੇ ਵੈਦਾਂ ਵਾਂਗੂ ਮੇਰਾ ਬੁਖਾਰ ਚੈੱਕ ਕੀਤਾ।
“ਕਿਵੇ ਹੈ ਹੁਣ ਬੁਖਾਰ?” ਉਸਨੇ ਓਹੀ ਸਵਾਲ ਦੁਰਾਹਿਆ। ਮੇਰੀ ਅੱਖ ਖੁੱਲ੍ਹ ਗਈ ਪਰ ਉਸਦੀ ਮਸੂਮੀਅਤ ਵੇਖਕੇ ਮੈਂ ਚੁੱਪ ਕਰ ਗਿਆ।
“ਤੁਹਾਨੂੰ ਬੁਖਾਰ ਕਿਵੇਂ ਹੋ ਗਿਆ। ਤੁਸੀਂ ਤਾਂ ਬਾਹਰ ਵੀ ਨਹੀਂ ਗਏ।” ਉਹ ਪਈ ਪਈ ਬੁਦਬੁਦਾਈ।
“ਬੀਬਾ ਜੇ ਮੈਨੂੰ ਇੰਨਾ ਹੀ ਗਿਆਨ ਹੁੰਦਾ ਤਾਂ ਆਪਣਾ ਵੀ ਤਿੰਨ ਮੰਜ਼ਿਲਾ ਹਸਪਤਾਲ ਹੋਣਾ ਸੀ। ਤੇ ਮੈਂ ਡਾਕਟਰ।” ਮੈਂ ਥੋੜਾ ਖਿਝਕੇ ਆਖਿਆ।
“ਤੁਸੀਂ ਆਪਣੇ ਬੁਖਾਰ ਤੇ ਗਲੇ ਖਰਾਬ ਬਾਰੇ ਫਬ ਕੁਝ ਨਾ ਲਿਖਿਓ।” ਉਸਨੇ ਰਾਤੀ ਹੀ ਮੈਨੂੰ ਤਾਕੀਦ ਕੀਤੀ।
“ਨਾ ਨਾ ਮੈਂ ਕਾਹਨੂੰ ਲਿਖਣਾ ਹੈ। ਪੱਕਾ ਨਹੀਂ ਲਿਖਦਾ।” ਮੈਂ ਉਸਨੂੰ ਵਿਸ਼ਵਾਸ ਦੁਆਇਆ। ਤੇ ਮੈਂ ਆਪਣਾ ਵਾਇਦਾ ਵੀ ਨਿਭਾਇਆ। ਤੇ ਕੁਝ ਲਿਖਿਆ ਵੀ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।