ਸੋਨੀ ਨੇ ਪੁਲਸ ਲਾਈਨ ਚ, ਹਾਜ਼ਰੀ ਦੇ ਦਿੱਤੀ। ਉੱਥੇ ਉਹ 100 ਨੰਬਰ ਦੀ ਸ਼ਿਕਾਇਤ ਤੇ ਬੈਠ ਗਈ। ਉੱਧਰ ਕਲਪਨਾ ਨੂੰ ਸੱਸ ਤੋਂ ਹਰ ਰੋਜ਼ ਬੱਚਾ ਜਲਦੀ ਕਰਨ ਦੀ ਹਦਾਇਤ ਮਿਲਦੀ , ਪਰ ਕਲਪਨਾ ਉਸ ਨੂੰ ਹਰ ਵਾਰ ਹੱਸ ਕੇ ਟਾਲ ਦਿੰਦੀ। ਸੰਦੀਪ ਸਿੰਘ ਦੀ ਭੈਣ ਵੀ ਦਿੱਲੀ ਰਹਿੰਦੀ ਹੈ। ਉਸ ਦੇ ਜੀਜਾ ਜੀ ਇੱਕ ਬਿਜਨਸਮੈਨ ਸਨ ਉਨ੍ਹਾਂ ਦੀ ਬੇਟੀ ਨੀਸ਼ਾ ਦਾ ਪੰਦਰਵਾਂ ਜਨਮ ਦਿਨ ਸੀ। ਸੰਦੀਪ ਸਿੰਘ ,ਕਲਪਨਾ ਤੇ ਸੰਦੀਪ ਦੀ ਮਾਂ ਵੀ ਭੈਣ ਦੇ ਘਰ ਗਏ। ਸੰਦੀਪ ਦੀ ਭੈਣ ਨੇ ਕਲਪਨਾ ਨੂੰ ਕਿਹਾ।
“ਕਲਪਨਾ ਤੂੰ ਤੀਹ ਸਾਲ ਦੀ ਹੈ ”
” ਨਹੀ ਦੀਦੀ ਬੱਤੀ ਸਾਲਾਂ ਦੀ ਹੋ ਗਈ ਹਾਂ”
” ਸੰਦੀਪ ਤਾਂ ਮੈਨੂੰ ਲੱਗਦਾ ਚਾਲੀ ਤੋਂ ਉਪਰ ਹੈ ਮੈਥੋ ਦੋ ਸਾਲ ਹੀ ਛੋਟਾ ਹੈ”
” ਹਾਂ ਦੀਦੀ ਉਹ ਬਿਆਲੀ ਸਾਲ ਦੇ ਹਨ”
” ਫੇਰ ਤੁਸੀ ਬੱਚਾ ਕਦੋੰ ਪਲੈਨ ਕਰਨਾ ”
” ਦੀਦੀ ”
” ਕੀ ਦੀਦੀ ਦੀਦੀ !! ਮੈਨੂੰ ਅਗਲੇ ਮਹੀਨੇ ਖੁਸ਼ਖਬਰੀ ਚਾਹੀਦੀ ਹੈ ”
ਕਲਪਨਾ ਸ਼ਰਮਾ ਕੇ ਚੱਲੀ ਗਈ। ਉਹ ਸਾਰੇ ਡਾਇਨਿੰਗ ਟੇਬਲ ਤੇ ਖਾਣਾ ਖਾਣ ਬੈਠੇ ਤਾਂ ਸੰਦੀਪ ਦੇ ਜੀਜਾ ਜੀ ਨੇ ਕਲਪਨਾ ਨੂੰ ਪੁੱਛਿਆ।
” ਉਹ ਤੁਹਾਡੀ ਕਿਰਨ ਬੇਦੀ ਦਾ ਕੀ ਬਣਿਆ ”
” ਮੈੰ ਸਮਝੀ ਨਹੀਂ ਜੀਜਾ ਜੀ ”
” ਉਹ ਜਿਸ ਨੇ ਫੌਜੀ ਅਫਸਰ ਸੜਕ ਤੇ ਲੰਮਾ ਪਾ ਕੇ ਕੁੱਟਿਆ ਸੀ ” ਜੀਜਾ ਜੀ ਨੇ ਹੱਸਦੇ ਹੋਏ ਕਿਹਾ।
” ਜੀਜਾ ਜੀ ਗਲਤੀ ਉਸ ਫੌਜੀ ਦੀ ਸੀ ਉਸ ਨੇ ਉਸ ਮਹਿਲਾ ਪੁਲਸ ਅਫ਼ਸਰ ਨਾਲ ਬਤਮੀਜੀ ਕੀਤੀ ਸੀ ਉਸ ਨੂੰ ਘਟੀਆ ਕੂਮੈਂਟ ਕੀਤੇ ਸਨ ,ਫੇ਼ਰ ਦੱਸੋ ਉਹ ਕੀ ਕਰਦੀ” ਕਲਪਨਾ ਨੇ ਗੱਲ ਪੂਰੀ ਕਰਦੇ ਸੰਦੀਪ ਵੱਲ ਵੇਖਿਆ।
” ਬਿੱਲਕੁਲ ਨਹੀਂ ਦਰਅਸਲ ਇਹ ਨੌਕਰੀ ਜਨਾਨੀਆਂ ਵਾਸਤੇ ਹੈ ਹੀ ਨਹੀ । ਜੇ ਤੁਸੀਂ ਮਹਿਲਾ ਅਫਸਰ ਨੂੰ ਰਾਤ ਨੂੰ ਨਾਕੇ ਤੇ ਲਾਉਗੇ ਤਾਂ ਇਹੀ ਕੁੱਝ ਹੋਵੇਗਾ”
ਕਲਪਨਾ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਮਹਿਲਾਵਾਂ ਸਿਰਫ਼ ਬੱਚੇ ਪੈਦਾ ਕਰਨ ਵਾਸਤੇ ਹੀ ਹਨ ਕਲਪਨਾ ਨੇ ਸੋਚਿਆ।
ਕੁੱਝ ਦਿਨਾਂ ਬਾਅਦ ਜਦੋਂ ਫੌਜੀ ਅਫਸਰ ਵਾਲਾ ਮਸਲਾ ਠੰਢਾ ਪੈ ਗਿਆ ਤਾਂ ਕਪਲਨਾ ਨੇ ਸੰਦੀਪ ਦੀਆਂ ਮਿਨੰਤਾ ਕਰਕੇ ਸੋਨੀ ਦੀ ਬਦਲੀ ਵਾਪਿਸ ਆਪਣੇ ਪੁਲਸ ਸਟੇਸ਼ਨ ਚ, ਕਰਵਾ ਲਈ। ਉਸ ਨੂੰ ਸੋਨੀ ਦੀ ਦਲੇਰੀ ਵਧੀਆ ਲੱਗੀ ਤੇ ਮਾਣ ਵੀ ਮਹਿਸੂਸ ਹੋਇਆ। ਉਹ ਸੋਨੀ ਨੂੰ ਆਪਣਾ ਅਦਰਸ਼ ਮੰਨਣ ਲੱਗੀ। ਉਹ ਆਪ ਵੀ ਸੋਨੀ ਵਰਗੀ ਬਣਨਾ ਚਾਹੁੰਦੀ ਸੀ ।ਕਲਪਨਾ ਇੱਕ ਦਿਨ ਗਸ਼ਤ ਤੇ ਸੀ ਤੇ ਸੋਨੀ ਵੀ ਨਾਲ ਸੀ। ਕਲਪਨਾ ਦਾ ਮਨ ਚਾਹ ਪੀਣ ਦਾ ਸੀ। ਉਹ ਇੱਕ ਰੈਸਟੋਰੈਂਟ ਚ ਚਾਹ ਪੀਣ ਲਈ ਰੁੱਕੇ। ਉਸ ਰੈਸਟੋਰੈਂਟ ਚ ਇੱਕ ਬੱਚਾ ਆਪਣਾ ਜਨਮ ਦਿਨ ਮਨਾ ਰਿਹਾ ਸੀ। ਬੱਚੇ ਨੇ ਨਾਲ ਦੇ ਟੇਬਲ ਤੇ ਬੈਠੀਆਂ ਕਲਪਨਾ ਤੇ ਸੋਨੀ ਨੂੰ ਵੀ ਕੇਕ ਖਵਾਇਆ। ਥੋਹੜੀ ਦੇਰ ਬਾਅਦ ਉਸ ਬੱਚੇ ਨੂੰ ਬਾਥਰੂਮ ਜਾਣ ਦੀ ਇੱਛਾ ਜਾਹਿਰ ਕੀਤੀ। ਉਸਦੀ ਮਾਂ ਉਸ ਨੂੰ ਬਾਥਰੂਮ ਲੈ ਗਈ।ਬਾਥਰੂਮ ਥੋਹੜਾ ਦੂਰ ਸੀ। ਸੋਨੀ ਨੇ ਵੀ ਬਾਥਰੂਮ ਜਾਣਾ ਸੀ ਉਹ ਵੀ ਉਸ ਲੇਡੀ ਤੇ ਬੱਚੇ ਦੇ ਪਿੱਛੇ ਹੀ ਬਾਥਰੂਮ ਵੱਲ ਚੱਲ ਪਈ। ਪਰ ਉਹ ਲੇਡੀ ਤੇ ਬੱਚਾ ਲੇਡੀਜ਼ ਬਾਥਰੂਮ ਦੇ ਬਾਹਰ ਖੜੇ ਸਨ। ਸੋਨੀ ਵੀ ਉੱਥੇ ਖੜਕੇ ਇੰਤਜ਼ਾਰ ਕਰਨ ਲੱਗੀ ਜਦੋਂ ਕਾਫ਼ੀ ਦੇਰ ਤੱਕ ਲੇਡੀਜ਼ ਬਾਥਰੂਮ ਦਾ ਦਰਵਾਜ਼ਾ ਨਹੀ ਖੁੱਲਿਆ ਤਾਂ ਸੋਨੀ ਨੇ ਦਰਵਾਜ਼ੇ ਤੇ ਹਲਕੀ ਜਿਹੀ ਦਸਤਕ ਦਿੱਤੀ। ਅੰਦਰੋੰ ਕਿਸੇ ਆਦਮੀ ਦੀ ਅਵਾਜ਼ ਆਈ। ਸੋਨੀ ਨੂੰ ਸ਼ੱਕ ਹੋਇਆ ਉਸ ਨੇ ਪੂਰੇ ਜ਼ੋਰ ਦੀ ਦਰਵਾਜ਼ਾ ਖੜਕਾਇਆ। ਬਾਥਰੂਮ ਦਾ ਦਰਵਾਜ਼ਾ ਖੁੱਲਾ। ਲੇਡੀਜ਼ ਬਾਥਰੂਮ ਚ ਤਿੰਨ ਮੁੰਡੇ ਨਸ਼ਾ ਕਰ ਰਹੇ ਸਨ। ਇੱਕ ਨੇ ਦਰਵਾਜ਼ਾ ਖੋਲਦੇ ਕਿਹਾ।
” ਹਾਂ ਦੱਸ ਕੀ ਪ੍ਰਾਬਲਮ ਹੈ???
” ਤੁਸੀ ਲੇਡੀਜ਼ ਬਾਥਰੂਮ ਚ ਕੀ ਕਰ ਰਹੇ ਹੋ ਬਾਹਰ ਨਿੱਕਲੋ”
” ਸਾਲੀ ਤੂੰ ਕੌਣ ਹੁੰਦੀ ਆ,,, ਸਾਨੂੰ ਬਾਹਰ ਕੱਢਣ ਵਾਲੀ ਤੂੰ ਹੀ ਅੰਦਰ ਆ ਜਾ ” ਉਸ ਮੁੰਡੇ ਨੇ ਸੋਨੀ ਨੂੰ ਬਾਥਰੂਮ ਚ ਖਿੱਚਕੇ ਦਰਵਾਜ਼ਾ ਬੰਦ ਕਰ ਲਿਆ। ਉਹ ਲੇਡੀ ਤੇ ਬੱਚਾ ਦੌੜ ਕੇ ਵਾਪਿਸ ਆਪਣੀ ਸੀਟ ਤੇ ਆਏ ਤੇ ਆ ਕੇ ਕਲਪਨਾ ਨੂੰ ਦੱਸਿਆ। ਪਰ ਕਲਪਨਾ ਜਦੋਂ ਤੱਕ ਪਹੁੰਚੀ ਉਦੋ ਤੱਕ ਸੋਨੀ ਨੇ ਉਨ੍ਹਾਂ ਤਿੰਨਾਂ ਨੂੰ ਕੁੱਟ ਕੁੱਟ ਕੇ ਅੱਧ ਮਰੇ ਕਰ ਦਿੱਤਾ ਸੀ। ਇਸ ਚੱਕਰ ਚ ਸੋਨੀ ਦਾ ਹੱਥ ਵੀ ਜਖਮੀ ਹੋ ਗਿਆ ਸੀ। ਉਨ੍ਹਾਂ ਨੇ ਤਿੰਨਾਂ ਨੂੰ ਗਿਫ੍ਰਤਾਰ ਕਰਕੇ ਪੁਲਸ ਸਟੇਸ਼ਨ ਲਿਆਂਦਾ। ਥੋਹੜੀ ਦੇਰ ਬਾਅਦ ਸੰਦੀਪ ਸਿੰਘ ਦਾ ਫ਼ੋਨ ਆਇਆ ਵੀ ਇਨ੍ਹਾਂ ਨੂੰ ਛੱਡ ਦਿਉ ਉੱਪਰੋ ਫ਼ੋਨ ਆਇਆ। ਕਲਪਨਾ ਨੂੰ ਬਹੁਤ ਗੁੱਸਾ ਆਇਆ ਉਹ ਗੁੱਸੇ ਵਿੱਚ ਸਿੱਧੀ ਸੰਦੀਪ ਦੇ ਦਫ਼ਤਰ ਚੱਲੀ ਗਈ। ਉਸ ਨੇ ਵੇਖਿਆ ਸੰਦੀਪ ਦੇ ਆਫਿਸ ਚੋਂ ਕੋਈ ਵੀ.ਆਈ.ਪੀ. ਨਿਕਲ ਰਿਹਾ ਸੀ।ਉਹ ਅੰਦਰ ਗਈ ਤਾਂ ਸੰਦੀਪ ਬਹੁਤ ਪਰੇਸ਼ਾਨ ਸੀ।
“ਕੀ ਹੋਇਆ ਜੀ ਇਹ ਕੌਣ ਗਿਆ ਤੁਹਾਡੇ ਕਮਰੇ ਚੋਂ ਬਾਹਰ”
” ਮੰਤਰੀ ਦਾ ਪੀ.ਏ. ਸੀ। ਬਹੁਤ ਬੋਲਕੇ ਗਿਆ। ਇਹ ਸਭ ਤੇਰੇ ਤੇ ਤੇਰੀ ਉਸ ਫੇਵਰਟ ਕੀ ਨਾਂ ਹੈ ਉਸਦਾ….. ਹਾਂ …..ਉਹ ਸੋਨੀ ਕਰਕੇ ਹੋਇਆ ਤੈਨੂੰ ਪਤਾ ਉਹ ਮੁੰਡਾ ਕੌਣ ਸੀ ”
” ਉਹ ਕੋਈ ਵੀ ਹੋਵੇ ਉਸ ਕੋਲੋਂ ਡਰਗਜ਼ ਮਿੱਲੇ ਨੇ , ਉਹ ਲੇਡੀਜ਼ ਬਾਥਰੂਮ ਚ, ਸੀ ਉਸ ਨੇ ਇੱਕ ਮਹਿਲਾ ਪੁਲਸ ਅਫਸਰ ਨਾਲ ਬਦਤਮੀਜ਼ੀ ਕੀਤੀ ਮੇਰੇ ਲਈ ਇੰਨਾ ਹੀ ਕਾਫ਼ੀ ਹੈ”
” ਤੂੰ ਕੁੱਝ ਨਹੀਂ ਜਾਣਦੀ ਬੇਵਕੂਫ ਉਹ ਬਡਵਾਲ ਸਾਹਿਬ ਦਾ ਬੇਟਾ ਸੀ”
” ਹੁਣ ਇਹ ਬਡਵਾਲ ਸਾਹਿਬ ਕੌਣ ਨੇ ਜਿਸ ਨੂੰ ਐਨੀ ਇੱਜ਼ਤ ਦਿੱਤੀ ਜਾ ਰਹੀ ਹੈ”
” ਬਡਵਾਲ ਸਾਹਿਬ ਮੰਤਰੀ ਜੀ ਦਾ ਦੋਸਤ ਹੈ। ਮੰਤਰੀ ਨੇ ਕਮਿਸ਼ਨਰ ਨੂੰ ਫ਼ੋਨ ਕੀਤਾ। ਕਮਿਸ਼ਨਰ ਸਾਹਿਬ ਤੇਰੇ ਤੇ ਬਹੁਤ ਨਰਾਜ਼ ਹਨ। ਪਤਾ ਨਹੀ ਤੇਰੀ ਟ੍ਰੇਨਿੰਗ ਕਿੱਥੇ ਹੋਈ ਹੈ। ਤੂੰ ਆਈ.ਪੀ.ਐਸ. ਪਤਾ ਨਹੀਂ ਕਿਵੇਂ ਬਣ ਗਈ”
” ਕੀ ਮਤਲਬ ਹੈ ਤੁਹਾਡਾ”???
” ਮੈੰ ਤਾਂ ਉਸ ਵਕਤ ਨੂੰ ਪਛਤਾ ਰਿਹਾ ਜਦੋ ਮੈੰ ਤੇਰੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ। ਹਾਉਸ ਵਾਈਫ਼ ਹੁੰਦੀ ਤਾਂ,,, ਮੁਸੀਬਤਾਂ ਤਾਂ ਨਾ ਆਉਦੀਂਆ। ਤੇਰੇ ਕਰਕੇ ਕਮਿਸ਼ਨਰ ਨੇ ਮੈਨੂੰ ਸੌ ਸੌ ਗੱਲ ਸੁਣਾਈ ”
“ਆਈ ਐਮ ਸੌਰੀ ਪਰ …”
” ਕਲਪਨਾ ਤੂੰ ਜਾ ਹੁਣ ਐਥੋਂ…. ਤੇ ਉਨ੍ਹਾਂ ਮੁੰਡਿਆਂ ਨੂੰ ਜਲਦੀ ਜਲਦੀ ਰਿਹਾਅ ਕਰੋ ਤੇ ਜੀਪ ਭੇਜ ਕੇ ਉਨ੍ਹਾਂ ਨੂੰ ਘਰ ਭੇਜ ਦਿਉ । ਮੈਨੂੰ ਫ਼ੋਨ ਕਰ ਦੇਣਾ ਤਾ ਜੋਂ ਮੈੰ ਕਮਿਸ਼ਨਰ ਸਾਹਿਬ ਨੂੰ ਦੱਸ ਸਕਾਂ ”
ਕਲਪਨਾ ਨੂੰ ਬਹੁਤ ਨਿਰਾਸ਼ਤਾ ਹੋਈ। ਉਹ ਵਾਪਿਸ ਆਪਣੇ ਪੁਲਸ ਸਟੇਸ਼ਨ ਆ ਗਈ। ਉਦੋਂ ਤੱਕ ਸੋਨੀ ਉਸ ਮਹਿਲਾ ਨੂੰ ਵੀ ਲੱਭ ਲਿਆਈ ਸੀ ਜਿਸ ਦੇ ਬੱਚੇ ਦਾ ਜਨਮ ਦਿਨ ਸੀ। ਕਲਪਨਾ ਨੇ ਸੋਨੀ ਨੂੰ ਸਾਰੀ ਗੱਲ ਦੱਸ ਦਿੱਤੀ। ਉਸ ਨੇ ਸੋਨੀ ਨੂੰ ਪੁੱਛਿਆ
” ਹੁਣ ਕੀ ਕਰਨਾ ਸੋਨੀ। ਇਨ੍ਹਾਂ ਨੂੰ ਛੱਡਣਾ ਜਾ ਨਹੀ ”
” ਮੈਂ ਤਾਂ ਆਪਣੇ ਫੈਸਲੇ ਆਪ ਲੈਣ ਲੱਗ ਗਈ ਹੁਣ ਤੁਹਾਡੀ ਵਾਰੀ ਹੈ ਮੈਡਮ ਜੀ। ਜਿਵੇ ਕਹੋਗੇ ਮੈੰ ਤੁਹਾਡੇ ਨਾਲ ਹਾਂ”
ਕਲਪਨਾ ਨੇ ਇੱਕ ਪੱਲ ਆਪਣੇ ਪਤੀ ਬਾਰੇ ਅਤੇ ਆਪਣੇ ਪਰਿਵਾਰ ਬਾਰੇ ਸੋਚਿਆ ਪਰ ਅਗਲੇ ਹੀ ਪਲ੍ ਉਸ ਨੂੰ ਆਪਣਾ ਫ਼ਰਜ਼ ਨਿਭਾਉਣ ਵਾਲੀ ਕਸਮ ਯਾਦ ਆਈ। ਜੋ ਉਸ ਨੇ ਨੌਕਰੀ ਤੇ ਲੱਗਣ ਵੇਲੇ ਖਾਧੀ ਸੀ। ਉਸ ਨੇ ਸੋਨੀ ਨੂੰ ਕਿਹਾ
“ਮੀਡੀਆ ਬੁਲਾਉ” ਸੋਨੀ ਨੇ ਥੋਹੜੀ ਦੇਰ ਚ ਹੀ ਅਖਬਾਰਾਂ ਵਾਲੇ ਤੇ ਟੀ.ਵੀ. ਵਾਲੇ ਬੁਲਾ ਲਏ । ਕਲਪਨਾ ਨੇ ਪ੍ਰੈਸ ਦੇ ਸਾਹਮਣੇ ਬਡਵਾਲ ਦੇ ਮੁੰਡੇ ਦੀ ਕਰਤੂਤ ਦੱਸੀ ਤੇ ਉਸ ਤੇ ਕਿਹੜੀਆਂ ਕਿਹੜੀਆਂ ਧਰਾਵਾਂ ਚ ਕੇਸ ਦਰਜ਼ ਕੀਤਾ ਹੈ ਇਹ ਵੀ ਦੱਸਿਆ।ਉਸ ਮੁੰਡੇ ਨੂੰ ਮੀਡੀਏ ਸਾਹਮਣੇ ਪੇਸ਼ ਕਰਨ ਲਈ ਜਦੋ ਸੋਨੀ ਉਸ ਨੂੰ ਲੈ ਕੇ ਆ ਰਹੀ ਤਾਂ ਉਸ ਨੇ ਜਾਣਬੁੱਝ ਕੇ ਉਸ ਮੁੰਡੇ ਨੂੰ ਕਿਹਾ।
” ਹੁਣ ਤੇਰੇ ਪਿਉ ਨੂੰ ਬੁਲਾ ਜਿਸ ਦੀਆਂ ਧਮਕੀਆਂ ਦਿੰਦਾ ਸੀ” ਮੰਤਰੀ ਦੀ ਦੋਸਤੀ ਦੇ ਹੰਕਾਰੇ ਉਸ ਮੁੰਡੇ ਨੂੰ ਗੁੱਸਾ ਆ ਗਿਆ । ਉਸ ਨੇ ਗੁੱਸੇ ਚ ਮੀਡੀਆ ਦੇ ਸਾਹਮਣੇ ਹੀ ਸੋਨੀ ਨੂੰ ਮੰਦਾ ਚੰਗਾਂ ਬੋਲਣ ਸ਼ੁਰੂ ਕਰ ਦਿੱਤਾ। ਸੋਨੀ ਦਾ ਤੀਰ ਨਿਸ਼ਾਨੇ ਤੇ ਲੱਗਾ। ਉੱਧਰ ਕਲਪਨਾ ਨੇ ਸਾਰੀ ਘਟਨਾ ਨੂੰ ਵਿਸਥਾਰ ਨਾਲ ਦੱਸਿਆ। ਉਸ ਨੇ ਬਿਨਾ ਨਾਂ ਲਏ ਉੱਪਰੋਂ ਪੈ ਰਹੇ ਪ੍ਰੈਸ਼ਰ ਦੀ ਗੱਲ ਵੀ ਕਹੀ। ਪਰ ਉਸ ਨੇ ਕਿਹਾ ਮੈੰ ਅਜੇ ਕਿਸੇ ਦਾ ਨਾਂ ਨਹੀਂ ਲੈਣਾ ਪਰ ਜੇ ਉਹ ਇਸ ਤਰ੍ਹਾਂ ਹੀ ਸਾਡੇ ਕੰਮਾਂ ਚ, ਲੱਤ ਅੜਾਉਂਦੇ ਰਹੇ ਤਾਂ ਮੈੰ ਮੀਡੀਆ ਦੇ ਸਾਹਮਣੇ ਉਨ੍ਹਾਂ ਦੇ ਨਾਂ ਦੱਸਣ ਤੋੰ ਵੀ ਗੁਰੇਜ਼ ਨਹੀਂ ਕਰਾਂਗੀ। ਮੀਡੀਆ ਨੇ ਉਸ ਮਹਿਲਾ ਦੀ ਵੀ ਇਟਰਵਿਉ ਲਈ ਜੋ ਮੌਕੇ ਦੀ ਗਵਾਹ ਸੀ। ਪਾਸਾ ਪਲਟ ਗਿਆ। ਟੀ.ਵੀ. ਤੇਂ ਖਬਰ ਚੱਲਣ ਦੇ ਨਾਲ ਹੀ ਕਹਾਣੀ ਬਦਲ ਗਈ। ਬਡਵਾਲ ਦੇ ਮੁੰਡੇ ਦੀ ਕਰਤੂਤ ਵੇਖਦੇ ਹੀ ਮੰਤਰੀ ਨੇ ਕਮਿਸ਼ਨਰ ਨੂੰ ਫੋਨ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਤੇ ਹਦਾਇਤ ਕੀਤੀ ਵੀ ਕੋਈ ਢਿੱਲ ਨਾ ਵਰਤੀ ਜਾਏ। ਕਮਿਸ਼ਨਰ ਵੀ ਸੰਦੀਪ ਸਿੰਘ ਦੀਆਂ ਮਿੰਨਤਾਂ ਕਰ ਰਿਹਾ ਸੀ ਵੀ ਭਾਬੀ ਜੀ ਨੂੰ ਸਮਝਾਇਉ ਵੀ ਪੁਲਸ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ। ਸੰਦੀਪ ਨੇ ਫ਼ੋਨ ਕਰਕੇ ਕਲਪਨਾ ਤੋਂ ਆਪਣੇ ਕੀਤੇ ਵਿਵਹਾਰ ਲਈ ਮੁਆਫ਼ੀ ਮੰਗੀ ਤੇ ਉਸ ਦੇ ਕੰਮ ਦੀ ਤਰੀਫ਼ ਕੀਤੀ। ਸਭ ਖੁਸ਼ ਸਨ। ਸਭ ਤੋਂ ਵੱਧ ਖੁਸ਼ ਸੋਨੀ ਸੀ। ਉਸਨੇ ਕਲਪਨਾ ਮੈਡਮ ਦੇ ਕਮਰੇ ਚ ਆ ਕੇ ਉਸ ਨੂੰ ਵਧਾਈ ਦਿੱਤੀ।
“ਮੈਡਮ ਮੈੰ ਤਾਂ ਸਿਰਫ਼ ਹੱਥ ਹੀ ਚਲਾਉਂਦੀ ਹਾਂ,, ਤੁਸੀਂ ਦਿਮਾਗ ਚਲਾ ਕੇ ਸਭ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ । ਸਲੂਟ ਹੈ ਮੈਡਮ ਜੀ ” ਸੋਨੀ ਨੇ ਦੋਵੇਂ ਪੈਰ ਜੋੜਕੇ ਜੋਰ ਦੀ ਕਲਪਨਾ ਨੂੰ ਸਲੂਟ ਮਾਰਿਆ।
ਉਹ ਦੋਵੇਂ ਖਿੜ ਖਿੜਾ ਕੇ ਹੱਸ ਪਈਆਂ।
ਸਮਾਪਤ