ਧੰਨਵਾਦ ਬਾਬਾ ਜੀ..ਗ੍ਰਾਉੰਡ ਜੀਰੋ ਤੋਂ ਫੋਟੋਆਂ ਭੇਜਦੇ ਓ..ਅਬਦਾਲੀ ਵੇਲੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿੱਦਾਂ ਸੌਂਦੇ ਸਨ..ਸੁਣਦੇ ਆਏ ਸਾਂ..ਕਈ ਤਰਕ ਕਰਦੇ..ਰਨ ਤੱਤੇ ਵਿਚ ਨੀਂਦਰ ਕਿੱਦਾਂ ਆਉਂਦੀ..ਓਥੇ ਤਾਂ ਡਰ ਰਹਿੰਦਾ..ਪਤਾ ਨੀ ਕਿਹੜੇ ਵੇਲੇ ਕਿਧਰੋਂ ਆ ਜਾਣੀ..!
ਚਾਰ ਜੂਨ ਚੁਰਾਸੀ ਤੜਕੇ..ਸ੍ਰੀ ਅਕਾਲ ਤਖ਼ਤ ਸਾਬ ਦੀ ਪੂਰਬੀ ਬਾਹੀ ਤੇ ਪਹਿਲਾ ਗੋਲਾ ਆਣ ਡਿੱਗਾ..ਫੈਡਰੇਸ਼ਨ ਵਾਲੇ ਸ੍ਰ ਭਗਵਾਨ ਸਿੰਘ ਏਨਾ ਖੜਾਕ ਏਨੀ ਅਵਾਜ..ਦਿਲ ਦਹਿਲ ਗਿਆ..ਪਰ ਸ੍ਰ ਸ਼ੁਬੇਗ ਸਿੰਘ ਬਾਹੋਂ ਫੜ ਲੈ ਗਏ..ਆਓ ਤੁਹਾਨੂੰ ਜੰਗ ਹੁੰਦੀ ਵਿੱਖਾਈਏ..!
ਜਿਹਨਾਂ ਰਨ ਤੱਤੇ ਵਿਚ ਜਿੰਦਗੀ ਕੱਢੀ ਹੋਵੇ..ਓਹਨਾ ਨੂੰ ਪ੍ਰੋਸੀਜਰ ਪ੍ਰੋਸੈਸ ਪਤਾ ਹੁੰਦਾ..ਅਗਾਂਹ ਕੀ ਹੋਣਾ ਤੇ ਕੀ ਕਰਨਾ..ਦੋ ਰਾਹੂ ਕੇਤੂ ਸਬਕ ਸਿਖਾਉਣ ਚੱਲੇ..ਆਖੇ ਪੱਗਾਂ ਵਾਲਿਆਂ ਨੂੰ ਬੰਦੇ ਦਾ ਪੁੱਤ ਬਣਾਉਣਾ..ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ..ਹਥਿਆਰਾਂ ਤੇ ਮਾਣ..ਪਰ ਚਲਾਉਣ ਲਈ ਜਿਗਰਾ ਵੀ ਚਾਹੀਦਾ..ਰਨ ਤੱਤੇ ਵਿਚ ਸਾਮਣੇ ਦੁਸ਼ਮਣ ਵੇਖ ਸਾਬਣ ਦਾ ਪਾਣੀ ਪੀ ਹਸਪਤਾਲ ਦਾਖਿਲ ਹੋ ਜਾਣ ਵਾਲੇ ਲੋਕ..ਘੋੜੇ ਨੂੰ ਪਾਣੀ ਕੋਲ ਲੈ ਗਏ ਪਰ ਧੱਕੇ ਨਾਲ ਪਾਣੀ ਪਿਆ ਨਹੀਂ ਸਕਦੇ!
ਦਸਮ ਪਿਤਾ ਦੀ ਸਾਜੀ ਨਿਵਾਜੀ ਕੌਂਮ..ਕਈਆਂ ਦਾ ਜ਼ੋਰ ਲੱਗਾ ਪਿਆ..ਦਸਮ ਪਿਤਾ ਨਾਲੋਂ ਤੋੜ ਦਿਓ..ਕਿਸੇ ਹੀਲੇ..ਕਿਸੇ ਕੀਮਤ ਤੇ..ਸਪਲਾਈ ਲਾਈਨ ਟੁੱਟ ਗਈ ਇਹ ਆਪੇ ਮੁੱਕ ਜਾਣਗੇ..ਵਾਕਿਆ ਹੀ ਟੁੱਟ ਜਾਵਾਂਗੇ..ਜ਼ੋਰ ਲਾ ਹੱਟੇ..ਇਹ ਤੇ ਗੰਢ ਹੀ ਬੜੀ ਪੀਡੀ..ਚਲੋ ਏਦਾਂ ਕਰਦੇ ਭੰਬਲਭੂਸ ਉਭਾਰ ਦਿੰਦੇ ਹਾਂ..ਇਹ ਸੌਖਾ ਰਾਹ..ਸੱਪ ਵੀ ਮਰ ਜੂ..ਸੋਟੀ ਵੀ ਬਚ ਜੂ..ਫੇਰ ਤਿਆਰ ਕੀਤੇ ਬੁੱਕਲ ਦੇ ਸੱਪ..ਓਹਨਾ ਨੂੰ ਪਿਆਇਆ ਦੁੱਧ..ਆਖਿਆ ਡੰਗ ਇੰਝ ਮਾਰਨਾ ਅਗਲਾ ਪਾਣੀ ਵੀ ਨਾ ਮੰਗੇ..ਉਹ ਲਗਾਤਾਰ ਮਾਰੀ ਜਾਂਦੇ ਪਏ..ਪਰ ਖਾਲਸਾ ਤਾਂ ਵੀ ਜਿਉਂਦਾ..ਕਈਆਂ ਨੂੰ ਖਾਲਸਾ..ਪੰਥ..ਚੜ੍ਹਦੀ ਕਲਾ..ਬੋਲੇ ਸੋ ਨਿਹਾਲ ਵਰਗੇ ਵਿਸ਼ੇਸ਼ਣਾ ਤੋਂ ਅਲਰਜੀ..ਯਾਰ ਬੰਦ ਕਰੋ..ਕੰਨ ਪਕ ਗਏ ਸੁਣ ਸੁਣ ਕੇ..!
ਪਰ ਗੂੰਜਾਂ ਪੈਂਦੀਆਂ ਰਹਿਣਗੀਆਂ..ਖਾਲਸੇ ਦੇ ਬੋਲ ਬਾਲੇ ਦੀਆਂ..ਇਤਿਹਾਸ ਦੀਆਂ..ਸ਼ਹੀਦੀਆਂ ਦੀਆਂ..ਘੋੜਿਆਂ ਕਾਠੀਆਂ ਦੀਆਂ..ਲੰਗਰਾਂ ਦੀਆਂ..ਇਹੋ ਹੈ ਖਾਲਸਾ ਅਤੇ ਖਾਲਸੇ ਦੀ ਰੀਤ ਰਵਾਇਤ..ਅੱਜ ਹਾੜੇ ਤਰਲੇ ਕੱਢ ਬਚ ਵੀ ਗਏ..ਮੁੜਕੇ ਕਿਹੜਾ ਨਹੀਂ ਆਉਣੀ..ਪਰ ਪੰਥ ਦਾ ਮੇਹਣਾ ਸਿਰ ਚੜ ਬੋਲਦਾ ਰਹੇਗਾ..ਕਦੇ ਮਗਰੋਂ ਨਹੀਂ ਲਹਿਣਾ..ਅਗਲੀਆਂ ਪੀੜੀਆਂ ਸਫਾਈਆਂ ਦਿੰਦੀ ਮੁੱਕ ਜਾਵੇਗੀ..ਜਾ ਫੇਰ ਓਸੇ ਧਿਰ ਨਾਲ ਜਾ ਰਲੇਗੀ ਜਿਹਨਾਂ ਮਗਰ ਵੱਡੇ ਵਡੇਰੇ ਲੱਗੇ ਸਨ..ਫੇਰ ਇਹ ਮੇਹਣਿਆਂ ਦੀ ਪੰਡ ਵੱਡੀ ਹੁੰਦੀ ਜਾਂਦੀ..ਤੇ ਫੇਰ ਇੱਕ ਦਿਨ ਆਪਣੇ ਭਾਰ ਨਾਲ ਨਸਲਾਂ ਨੂੰ ਲੈ ਡੁੱਬੇਗੀ..ਪੰਥ ਖਾਤਿਰ ਸਚੇ ਸੁੱਚੇ ਕਿਰਦਾਰਾਂ ਤੇ ਪਹਿਰਾ ਦਿੰਦੇ ਮੁੱਕ ਗਏ ਤਾਰੇ ਬਣ ਜਾਂਦੇ..ਧਰੂ ਤਾਰੇ..ਐਨ ਲਿਸ਼ਕਦੇ..ਰਾਹ ਭੁੱਲ ਗਈ ਲੋਕਾਈ..ਹਨੇਰ ਘੁੱਪ ਘੇਰ ਵਿਚ ਓਹਨਾ ਤਾਰਿਆਂ ਤੋਂ ਸੇਧ ਲੈਂਦੀ..ਮੰਜਿਲ ਵੱਲ ਵਧਦੀ..!
ਲੈ ਦੱਸ ਮੈਂ ਕਿਹੜੀਆਂ ਗਿਣਤੀਆਂ ਮਿਣਤੀਆਂ ਵਿਚ ਪੈ ਗਿਆ..ਅਜੇ ਸੌ ਕੰਮ ਪਿਆ ਮੁਕਾਉਣ ਨੂੰ..ਆਹ ਰਾਮ ਰੌਲਾ ਤੇ ਚੱਲਦਾ ਹੀ ਰਹਿਣਾ..ਕੰਮ ਧੰਦੇ ਥੋੜੀ ਛੱਡੀਦੇ ਹੁੰਦੇ..ਸਾਡੀ ਚਾਚੀ ਵਾਂਙ..ਗਾਉਣ ਵੇਲੇ ਬੋਲੀ ਨਾਲ ਬੋਲੀ ਵੀ ਰਲਾਈਂ ਜਾਣੀ ਤੇ ਨਾਲ ਨਾਲ ਨਿਆਣੇ ਨੂੰ ਥਾਪੜਕੇ ਸਵਾਈ ਵੀ ਜਾਣਾ..ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀ ਹਾਂ ਮੁਲਾਹਜੇਦਾਰਾਂ..ਦੋਗਲੀ ਅਪਰੋਚ ਕਾਮਯਾਬ..ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ..!
ਮੁਕਾਉਂਦਾ ਹਾਂ ਦੋਸਤੋ..ਕੜੀ ਨਾਲ ਕੜੀ ਨਾ ਰਲੇ ਤਾਂ ਅਣਜਾਣ ਸਮਝ ਕੇ ਮੁਆਫ ਕਰਨਾ..ਕਿਓੰਕੇ ਸਾਨੂੰ ਕੀ ਅਸੀਂ ਤਾਂ ਦੂਰ ਬੈਠੇ..ਅਬੀ ਨਬੀ ਹੋਈ ਤਾਂ ਓਹਨਾ ਨਾਲ ਹੋਵੇਗੀ ਜਿਹੜੇ ਇੰਝ ਸੁੱਤੇ ਪਏ..
ਆਪਣੇ ਘਰਾਂ ਵਿਚ ਸੇਫ ਹਾਂ ਅਸੀਂ ਵੱਡੇ ਦੁਨੀਆਂ ਦਾਰ..ਪਰ ਬਹੁਤ ਬਰੀਕ ਹੈ ਸਮਝਣੀ ਇਹ ਧਰਮ ਯੁਧਾਂ ਦੀ ਕਾਰ..!
ਹਰਪ੍ਰੀਤ ਸਿੰਘ ਜਵੰਦਾ