ਜਦੋ ਮੈ ਬਿਨਾ ਮੋਬਾਇਲ ਫੋਨ ਰਾਤ ਕੱਟਣੀ ਪਈ।
ਗੱਲ ਬਹੁਤੀ ਪੁਰਾਣੀ ਨਹੀ ਕਿਸੇ ਦੋਸਤ ਨਾਲ ਬਹਾਰ ਕਿਸੇ ਕੰਮ ਗਏ। ਸਾਰਾ ਦਿਨ ਵਹਿਲੇ ਹੀ ਸੀ ਕੰਮ ਕੋਈ ਹੈ ਨਹੀ ਸੀ ।ਟਾਇਮ ਪਾਸ ਲਈ ਮੋਬਾਇਲ ਫੋਨ ਹੀ ਸਹਾਰਾ ਸੀ। ਉਸੇ ਨਾਲ ਲੱਗੇ ਰਹੇ। ਆਥਣੇਂ ਜਿਹੇ ਜਦੋ ਵੇਖਿਆ ਓ ਤੇਰੀ ਬੈਟਰੀ ਤਾਂ ਸੱਤ ਕੁ ਪ੍ਰਤੀਸaਤ ਹੀ ਬਚੀ ਸੀ। ਮਤਲਬ ਫੋਨ ਬੰਦ ਹੋਣ ਦੇ ਕਿਨਾਰੇ ਸੀ। ਫੋਨ ਬੰਦ ਮਤਲਬ ਤੁਸੀ ਦੁਨੀਆਂ ਤੇ ਘਰ ਨਾਲੋ ਕੱਟੇ ਗਏ। ਇਸ ਆਉਣ ਵਾਲੇ ਝੰਜਟ ਤੋ ਬਚਣ ਲਈ ਮੈ ਫੋਨ ਨੂੰ ਕਾਰ ਵਿੱਚ ਹੀ ਚਾਰਜ ਤੇ ਲਾ ਦਿੱਤਾ। ਤਾਂ ਕਿ ਘਰੇ ਪਹੰਚਣ ਤੱਕ ਫੋਨ ਦੇ ਸਾਂਹ ਚਲਦੇ ਰਹਿਣ। ਗੱਲਾਂ ਗੱਲਾਂ ਵਿੱਚ ਦੋਸਤ ਦੀ ਕਾਰ ਵਿਚੋ ਉੱਤਰਕੇ ਮੈ ਆਪਣੀ ਕਾਰ ਵਿੱਚ ਬੈਠ ਗਿਆ। ਕੁਵੇਲਾ ਜਿਹਾ ਹੋ ਗਿਆ ਸੀ ਘਰੇ ਪਹੁੰਚਣ ਦੀ ਕਾਹਲੀ ਅਤੇ ਸੱਤਵੰਜਾ ਪਲੱਸ ਦੀ ਉਮਰ ਨੇ ਆਪਣਾ ਰੰਗ ਵਿਖਾ ਦਿੱਤਾ। ਮੈ ਫੋਨ ਦੋਸਤ ਦੀ ਕਾਰ ਵਿੱਚ ਹੀ ਭੁੱਲ ਆਇਆ। ਪੰਦਰਾਂ ਕੁ ਕਿਲੋਮੀਟਰ ਤੋ ਬਾਦ ਦਿਮਾਗ ਨੇ ਕੰਮ ਕੀਤਾ ਫੋਨ ਦੀ ਯਾਦ ਆਈ ਪਰ ਫੋਨ ਤਾਂ ਦੋਸਤ ਦੀ ਗੱਡੀ ਵਿੱਚ ਹੀ ਰਹਿ ਗਿਆ ਸੀ। ਪਰੇਸਾਨੀ ਤਾਂ ਬਹੁਤ ਹੋਈ। ਫਿਰ ਅਗਲੇ ਦਿਨ ਫੋਨ ਲੈਣ ਅਤੇ ਇੱਕ ਦਿਨ ਬਿਨਾਂ ਫੋਨ ਤੋ ਗੁਜਾਰਾ ਕਰਨ ਦੇ ਹੌਸਲੇ ਭਰੇ ਕਦਮ ਨੇ ਇਸ ਵਿਚਾਰ ਨੂੰ ਬਲ ਦਿੱਤਾ। ਘਰੇ ਜਾ ਕੇ ਗੱਡੀ ਪੋਰਚ ਵਿੱਚ ਖੜੀ ਕੀਤੀ। ਕਪੜੇ ਬਦਲੇ । ਹੁਣ ਰੋਜ ਵਾਲਾ ਕੰਮ ਮੇਰੇ ਕੋਲ ਨਹੀ ਸੀ। ਫੇਸ ਬੁੱਕ ਤੇ ਵੱਟਸ ਐਪ ਬਿਨਾ ਹੋਰ ਕੋਈ ਕੰਮ ਵੀ ਤਾਂ ਨਹੀ ਸੀ ਹੁੰਦਾ ਕਰਨ ਨੂੰ।
ਘਰੇ ਪੂਛ ਹਿਲਾਉਂਦੇ ਫਿਰਦੇ ਅਤੇ ਪਿਆਰ ਭਰੇ ਹੱਥਾਂ ਦੀ ਛੂਹ ਪ੍ਰਪਾਤ ਕਰਨ ਨੂੰ ਉਤਾਵਲੇ ਵਿਸਕੀ ਨੂੰ ਰੱਜਵਾਂ ਪਿਆਰ ਦਿੱਤਾ। ਅੱਧਾ ਕੁ ਘੰਟਾ ਉਸ ਨੂੰ ਦਿੱਤਾ। ਛੋਟੇ ਬੇਟੇ ਨਾਲ ਵੀ ਖੂਬ ਗੱਲਾਂ ਕੀਤੀਆਂ। ਮੈਨੂੰ ਉਸ ਦਿਨ ਹੀ ਪਤਾ ਲੱਗਿਆਂ ਕਿ ਛੋਟੂ ਹੁਣ ਛੋਟੂ ਨਹੀ ਰਿਹਾ। ਬਹੁਤ ਸਿਆਣੀਆਂ ਗੱਲਾਂ ਕਰਦਾ ਹੈ। ਘਰ, ਰਿਸaਤੇਦਾਰੀ, ਅਤੇ ਕਬੀਲਦਾਰੀ ਬਾਰੇ ਚੰਗਾ ਗਿਆਨ ਰੱਖਦਾ ਹੈ। ਅੱਧਾ ਕੁ ਘੰਟਾ ਉਸ ਨਾਲ ਗੱਲਾਂ ਕਰਕੇ ਮੈਨੂੰ ਉਹ ਆਪਣੀ ਉਮਰ ਨਾਲੋ ਵੱਧ ਸਿਆਣਾ ਲੱਗਿਆ। ਰੋਟੀ ਤੌ ਬਾਦ ਘਰਵਾਲੀ ਵੀ ਕੋਲ ਆ ਕੇ ਬੈਠ ਗਈ। ਖਬਰੇ ਉਸਨੂੰ ਵੀ ਭਿਣਕ ਲੱਗ ਗਈ ਸੀ ਕਿ ਅੱਜ ਮੋਬਾਇਲ ਨਾਮ ਦੀ ਸੋਕਣ ਨਹੀ ਹੈ ਕੋਲ। ਦੁੱਖ ਸੁੱਖ ਸਾਂਝੇ ਕਰਨ ਦਾ ਆਹੀ ਸੁਨਿਹਰੀ ਮੋਕਾ ਹੈ। ਮੋਬਾਇਲ ਬਹੁਤੀਆਂ ਜਨਾਨੀਆਂ ਲਈ ਸੋਕਣ ਵਰਗਾ ਹੀ ਤਾਂ ਹੁੰਦਾ ਹੈ। ਮੇਰੀ ਮਾਂ ਅਖਬਾਰ ਨੂੰ ਆਪਣੀ ਸੋਕਣ ਸਮਝਦੀ ਹੁੰਦੀ ਸੀ। ਕਿਉਕਿ ਪਾਪਾ ਜੀ ਅਖਬਾਰ ਪੜ੍ਹਣ ਬੈਠ ਜਾਂਦੇ ਤਾਂ ਉਹ ਮਾਤਾ ਜੀ ਦੀ ਕਿਸੇ ਗੱਲ ਵੱਲ ਤਵੱਜੋ ਹੀ ਨਾ ਦਿੰਦੇ। ਬੱਸ ਹੂੰ ਹਾਂ ਆਖਕੇ ਹੁੰਗਾਰਾ ਭਰੀ ਜਾਂਦੇ। ਇਹੀ ਹਾਲ ਮੇਰਾ ਹੈ। ਹੱਥ ਵਿੱਚ ਮੋਬਾਇਲ ਹੋਵੇ ਤਾਂ ਮੈਨੂੰ ਕਿਸੇ ਗੱਲ ਦਾ ਪਤਾ ਨਹੀ ਲੱਗਦਾ।ਉਸ ਦਿਨ ਮੈਨੂੰ ਨਿਹੱਥਾ ਵੇਖਕੇ ਉਹ ਵੀ ਕੋਲੇ ਆਕੇ ਬੈਠ ਗਈ। ਫਿਰ ਉਸਨੇ ਕਈ ਵਿਸਿਆਂ ਤੇ ਗੱਲਾਂ ਕੀਤੀਆਂ। ਆਪਣੇ ਦੁਖਦੇ ਗੋਢਿਆਂ ਦਾ ਵੀ ਦੁਖੜਾ ਰੋਇਆ। ਹੋਰ ਤਾਂ ਹੋਰ ਉਸਨੇ ਦੂਜੀ ਅੱਖ ਵਿੱਚ ਉਤਰੇ ਮੋਤੀਏ ਅਤੇ ਅਪਰੇਸਨ ਕਰਾਉਣ ਦੀ ਗੱਲ ਵੀ ਕੀਤੀ। ਮੈ ਕਬੀਲਦਾਰੀ ਦੀਆਂ ਕਈ ਗੱਲਾਂ ਦਾ ਮੈਨੂੰ ਪਤਾ ਲੱਗਿਆ। ਕਈ ਘਰਾਂ ਵਿੱਚ ਆਏ ਨਵੇ ਜੀਵਾਂ ਦੀ ਸੂਚਨਾ ਵੀ ਮੈਨੂੰ ਉਸੇ ਦਿਨ ਹੀ ਮਿਲੀ। ਹੁਣ ਮੇਰਾ ਧਿਆਨ ਮੋਬਾਇਲ ਵਿੱਚ ਨਹੀ ਘਰਦੇ ਜੀਆਂ ਵੱਲ ਹੀ ਸੀ। ਉਸੇ ਰਾਤ ਹੀ ਮੈ ਟੀਵੀ ਤੇ ਆ ਰਹੀ ਫਿਲਮ ਫੁਕਰੇ ਵੀ ਵੇਖੀ।ਅਤੇ ਮੈਨੂੰ ਪੂਰੀ ਸਟੋਰੀ ਵੀ ਸਮਝ ਆ ਗਈ। ਇਹ ਸਭ ਕੋਲੇ ਨੈਟ ਵਾਲਾ ਮੋਬਾਇਲ ਨਾ ਹੋਣ ਦਾ ਹੀ ਕਮਾਲ ਸੀ।
ਉਸ ਦਿਨ ਹੀ ਮੈਨੂੰ ਅਹਿਸਾਸ ਹੋਇਆ ਕਿ ਮੋਬਾਇਲ ਦੇ ਸ਼ੋਸ਼ਲ ਸਾਈਟਾਂ ਤੋ ਬਿਨਾ ਵੀ ਕੋਈ ਸੰਸਾਰ ਹੈ। ਜੋ ਰੰਗੀਨ ਵੀ ਹੈ ਤੇ ਦਿਲਚਸਪ ਵੀ ਹੈ।ਚਾਹੇ ਜਾਣੇ ਅਣਜਾਣੇ ਵਿੱਚ ਮੇਰਾ ਹੱਥ ਮੋਬਾਇਲ ਲਈ ਮੇਰੀ ਜੇਬ ਨੂੰ ਜਾਂਦਾ ਜਾ ਮੈ ਵੀ ਆਸੇ ਪਾਸੇ ਨਜਰ ਮਾਰਕੇ ਮੋਬਾਇਲ ਫੋਨ ਨੂੰ ਭਾਲਣ ਦੀ ਕੋਸਿਸ ਕਰਦਾ। ਮੇਰੀਆਂ ਅੱਖਾਂ ਉਸਨੂੰ ਵੇਖਣ ਨੂੰ ਤਰਸਦੀਆਂ। ਫਿਰ ਯਾਦ ਆਉਂਦਾ ਯਾਰ ਮੋਬਾਇਲ ਤਾਂ ਦੋਸਤ ਦੀ ਗੱਡੀ ਵਿੱਚ ਹੀ ਰਹਿ ਗਿਆ। ਪਤਾ ਹੋਣ ਦੇ ਬਾਵਜੂਦ ਵੀ ਮੈਨੂੰ ਵਾਰੀ ਵਾਰੀ ਮੋਬਾਇਲ ਫੋਨ ਦੇ ਭੁਲੇਖੇ ਪੈaਦੇ। ਰਹਿ ਰਹਿਕੇ ਮੇਰੇ ਮਨ ਅੰਦਰ ਫੋਨ ਦੀ ਰਿੰਗ ਟੋਨ ਵੱਜਦੀ ਰਹੀ।ਮੈਨੂੰ ਇਉ ਲੱਗਿਆ ਜਿਵੇ ਜਨਾਨੀਆਂ ਕਰਵਾ ਚੋਥ ਦਾ ਵਰਤ ਰੱਖਦੀਆਂ ਹਨ। ਪਲ ਪਲ ਉਹਨਾ ਦੇ ਚਿੱਤ ਵਿੱਚ ਰਹਿੰਦਾ ਹੈ ਕਿ ਉਹਨਾ ਦਾ ਅੱਜ ਵਰਤ ਹੈ। ਮੇਰੇ ਲਈ ਇਹ ਵਰਤ ਹੀ ਸੀ। ਨਿਰਜਲ ਵਰਤ ਵਰਗਾ। ਜਿਸ ਵਿੱਚ ਵਰਤ ਰੱਖਣ ਆਲੇ ਨੂੰ ਪਾਣੀ ਪੀਣ ਦੀ ਵੀ ਮਨਾਹੀ ਹੁੰਦੀ ਹੈ।ਫਿਲਮ ਪੂਰੀ ਹੋਣ ਤੋ ਬਾਦ ਪਹਿਲਾਂ ਤਾਂ ਕਾਫੀ ਦੇਰ ਨੀਂਦ ਹੀ ਨਹੀ ਆਈ। ਮੋਬਾਇਲ ਫੋਨ ਦੇ ਖਿਆਲਾਂ ਨੇ ਸੋਣ ਹੀ ਨਹੀ ਦਿੱਤਾ। ਫਿਰ ਜਦੋ ਨੀਦ ਆਲੀ ਗੋਲੀ ਨੇ ਆਪਣਾ ਅਸਰ ਵਿਖਾਇਆ ਤਾਂ ਸੁਫਨੇ ਵੀ ਮੋਬਾਇਲ ਦੇ ਆਉਣ ਲੱਗ ਪਏ। ਕਦੇ ਉਹ ਮੋਬਾਇਲ ਕਾਰ ਬਣ ਜਾਂਦਾ ਤੇ ਮੈ ਉਸਦੇ ਪਿੱਛੇ ਪਿੱਛੇ ਭੱਜਦਾ। ਪਿੱਛਾ ਕਰਦੇ ਨੂੰ ਮੈਨੂੰ ਸਾਂਹ ਚੜ੍ਹ ਜਾਂਦਾ। ਫਿਰ ਕਦੇ ਮੋਬਾਇਲ ਕੁੱਤਾ ਬਣਕੇ ਮੇਰੇ ਪਿੱਛੇ ਪੈ ਜਾਂਦਾ ਤੇ ਮੈ ਬਚਾ ਲਈ ਅੱਗੇ ਅੱਗੇ ਭੱਜਦਾ।ਸਾਰੀ ਰਾਤ ਹੀ ਇਸੇ ਚੱਕਰ ਵਿੱਚ ਗੁਜਰ ਗਈ। ਪਰ ਮੋਬਾਇਲ ਦਾ ਭੂਤ ਨਾ ਉੱਤਰਿਆ।ਅਗਲੇ ਦਿਨ ਦਸ ਵਜੇ ਮੋਬਾਇਲ ਦੇ ਦਰਸaਨ ਹੋਏ। ਵਟਸ ਐਪ ਦੇ ਸੰਦੇਸਾਂ ਨੂੰ ਖੰਘਾਲਿਆ। ਫੇਸ ਬੁੱਕ ਦੀਆਂ ਨੋਟੀਫੀਕੇਸਨਾਂ ਤੇ ਟਿਪਣੀਆਂ ਨੂੰ ਵੇਖਿਆ। ਮੇਰਾ ਤੇ ਮੋਬਾਇਲ ਦਾ ਮੇਲ ਭਰਤ ਮਿਲਾਪ ਤੋ ਘੱਟ ਨਹੀ ਸੀ।ਅਮਲੀ ਨੂੰ ਭੁੱਕੀ ਮਿਲਣ ਜਿੰਨੀ ਖੁਸ਼ੀ ਸੀ ਮੈਨੂੰ।
ਹੁਣ ਮੈ ਸੋਚਦਾ ਹਾਂ ਕਿ ਅਸੀ ਇਹਨਾ ਚੀਜਾਂ ਦੇ ਕਿੰਨੇ ਆਦਿ ਹੋ ਗਏ ਹਾਂ। ਸਾਡੀ ਜਿੰਦਗੀ ਵਿੱਚ ਇਹਨਾ ਚੀਜਾਂ ਦਾ ਕਿੰਨਾ ਅਹਿਮ ਸਥਾਨ ਹੋ ਗਿਆ ਹੈ।ਕਈ ਵਾਰੀ ਅਸੀ ਚਾਹੁੰਦੇ ਹੋਏ ਵੀ ਇਹਨਾ ਨੂੰ ਛੱਡ ਨਹੀ ਸਕਦੇ। ਕੀ ਇਹ ਮੋਬਾਇਲ ਫੋਨ ਵੀ ਇੱਕ ਨਸ਼ਾ ਹੈ। ਸਾਇਦ ਇਸ ਤਰਾਂ ਹੀ ਹੈ। ਹੁਣ ਜਰੂਰਤ ਹੈ ਹਫਤੇ ਵਿੱਚ ਇੱਕ ਦਿਨ ਨੋ ਮੋਬਾਇਲ ਡੇ ਹੋਵੇ। ਉਸ ਦਿਨ ਮੋਬਾਇਲ ਫੋਨ ਵਰਤ ਹੋਵੇ। ਲੋਕ ਸਵੇਰੇ ਚੰਦ ਮਾਮੇ ਨੂੰ ਵੇਖਕੇ ਹੀ ਫੋਨ ਛੱਡਣ ਅਤੇ ਰਾਤੀ ਚੰਦਰਮਾਂ ਦੇ ਦਰਸਨ ਕਰਕੇ ਫਿਰ ਫੋਨ ਵਰਤਨ। ਜੋ ਸਾਇਦ ਨਾਮੁੰਮਕਿਣ ਤਾਂ ਨਹੀ ਬੇਹੱਦ ਮੁਸaਕਿਲ ਜਰੂਰ ਹੈ। ਕਿਉਕਿ ਮੈਨੂੰ ਹੀ ਪਤਾ ਹੈ ਕਿ ਉਸਦਿਨ ਮੋਬਾਇਲ ਫੋਨ ਤੋ ਬਿਨਾ ਮੈ ਰਾਤ ਕਿੱਦਾਂ ਗੁਜਾਰੀ।
ਰਮੇਸ ਸੇਠੀ ਬਾਦਲ
ਮੋ 98 766 27233