ਇੱਕ ਨਹੁੰ ਮਾਸ ਦਾ ਰਿਸ਼ਤਾ ਗੱਲ ਪੈ ਗਿਆ..ਮੈਸਜ ਤੇ ਮੈਸਜ..ਅਖ਼ੇ ਕੋਈ ਜਰੂਰੀ ਗੱਲ ਕਰਨੀ..!
ਇਹ ਮਨ ਬਣਾ ਵਾਪਿਸ ਕਾਲ ਕੀਤੀ ਕੇ ਕੁਝ ਮੰਦਾ ਚੰਗਾ ਵੀ ਬੋਲ ਸਕਦਾ..ਪਰ ਬੜੇ ਪਿਆਰ ਨਾਲ ਪੇਸ਼ ਆਇਆ..ਅਖ਼ੇ ਸਾਹਿਤ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਓ..ਇੰਝ ਹੀ ਕਰਦੇ ਰਹੋ..ਤੁਹਾਡੀ ਕੌਂਮ ਨਾਲ ਬਹੁਤ ਧੱਕਾ ਹੋਇਆ..ਨਾ-ਇੰਸਾਫ਼ੀਆਂ ਵੀ..ਪਰ ਤੁਹਾਨੂੰ ਕਾਹਲੇ ਨਹੀਂ ਪੈਣਾ ਚਾਹੀਦਾ..ਥੋੜੀ ਉਡੀਕ ਹੋਰ ਕਰ ਲੈਣੀ ਚਾਹੀਦੀ..ਅਜੇ ਸੱਤਰ ਕੂ ਸਾਲ ਹੀ ਤੇ ਹੋਏ ਇਸ ਸਾਂਝੇ ਸਫ਼ਰ ਨੂੰ..!
ਅੱਗੋਂ ਆਖਿਆ ਭਾਈ ਇਹਨਾਂ ਸੱਤਰਾਂ ਸਾਲਾਂ ਵਿਚ ਹੀ ਕਚੂੰਬਰ ਕੱਢ ਕੇ ਰੱਖ ਦਿੱਤਾ..ਹੋਰ ਸੱਤਰਾਂ ਵਿਚ ਤੇ ਪਤਾ ਨੀ ਕੀ ਕੁਝ ਕਰ ਦੇਣਗੇ..!
ਕਹਿੰਦਾ ਫੇਰ ਵੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਏ!
ਫੇਰ ਇੱਕ ਗੱਲ ਚੇਤੇ ਆ ਗਈ..ਕੇਰਾਂ ਚਾਲੀ ਕੂ ਸਾਲ ਦਾ ਪੁੱਤ..ਤੇ ਸੱਤਰ ਕੂ ਸਾਲ ਦਾ ਉਸਦਾ ਬਾਪੂ..ਇੱਕ ਬੰਦਾ ਘਰੇ ਬਹੁਤ ਗੇੜੇ ਮਾਰਿਆ ਕਰੇ..ਪੁੱਤ ਪੁੱਛਣ ਲੱਗਾ..ਬਾਪੂ ਇਹ ਬੰਦਾ ਰੋਜ ਰੋਜ ਗੇੜੇ ਕਿਓਂ ਮਾਰਦਾ..ਆਖਣ ਲੱਗਾ ਪੁੱਤਰ ਜਦੋਂ ਤੂੰ ਜੰਮਿਆ ਸੈ..ਇਸਦੇ ਕੋਲੋਂ ਕੁਝ ਪੈਸੇ ਉਧਾਰੇ ਲਏ ਸਨ..ਤੇਰੇ ਹੋਣ ਦੀ ਖੁਸ਼ੀ ਵਿਚ ਲੱਡੂ ਵੰਡਣੇ ਸਨ..ਬਸ ਆਪਣਾ ਓਹੀ ਦਿੱਤਾ ਉਧਾਰ ਵਾਪਿਸ ਲੈਣ ਆਉਂਦਾ..!
ਪੁੱਤ ਆਖਣ ਲੱਗਾ..ਬਾਪੂ ਤੂੰ ਏਨੇ ਕਾਹਲਿਆਂ ਨਾਲ ਲੈਣ ਦੇਣ ਰਖਿਆ ਹੀ ਕਿਓਂ..ਗਲਤੀ ਤੇਰੀ ਵੀ ਏ!
ਹਰਪ੍ਰੀਤ ਸਿੰਘ ਜਵੰਦਾ