ਰੂਬਲ ਜਦੋਂ ਵੀ ਮੁਕਤੇਸ਼ ਨੂੰ ਆਪਣੀ ਰੂਹ ਦਾ ਹਾਲ ਸੁਣਾਉਣ ਦੀ ਕੋਸ਼ਿਸ਼ ਕਰਦੀ ਪਰ ਉਸਨੂੰ (ਮੁਕਤੇਸ਼ ) ਆਪਣੇ ਕੰਮ ਵਿੱਚ busy ਹੋਇਆ ਕਰਕੇ ਹਰ ਵਾਰੀ ਆਪਣੇ ਮਨ ਦੀ ਭਾਵਨਾ ਨੂੰ ਅੰਦਰੋਂ ਅੰਦਰੀ ਦੱਬ ਲੈਂਦੀ ਤੇ ਅੰਤਾਂ ਦੀ ਦੁੱਖੀ ਹੋ ਕੇ ਰਹਿ ਜਾਂਦੀ ਕਿਉਕਿ ਆਪਣੇ ਅਰਮਾਨਾਂ ਦਾ ਗਲ਼ਾ ਘੋਟਣਾ ਬਹੁਤ ਹੀ ਮੁਸ਼ਕਿਲ ਤੇ ਦਰਦਨਾਕ ਹੁੰਦਾ ਹੈ, ਕਿਉਕਿ ਹਰ ਕੋਈ ਆਪਣੀਆਂ ਲੋੜਾਂ ਮਾਰ ਕੇ ਆਪਣਾ ਮਨ ਸਮਝਾ ਲੈਂਦਾ ਹੈ ਪਰ ਆਪਣੇ ਹਾਣੀ ਲਈ ਪੈਦਾ ਹੋਏ ਰੂਹਾਨੀ ਜਜ਼ਬਾਤਾਂ ਨੂੰ ਅੰਦਰੋਂ ਅੰਦਰੀ ਦਫ਼ਨ ਕਰ ਦੇਣਾ, ਆਪਣੀ ਰੂਹ ਲਈ ਬਹੁਤ ਤਕਲੀਫ਼ ਦੇਹ ਹੁੰਦਾ ਹੈ |
ਜਦੋਂ ਤੁਸੀਂ ਰਹਿਣ ਨੂੰ ਤਾਂ ਇਕ ਥਾਂ ਰਹਿੰਦੇ ਹੋ ਪਰ ਤੁਹਾਡਾ ਸੋਚਣ ਸਮਝਣ ਤੇ ਵਿਚਾਰਨ ਦੀ ਸੋਝੀ ਇਕ ਨਹੀਂ ਤਾਂ ਤੁਸੀਂ ਆਪਣੇ ਹਾਣੀ ਦੇ ਮਾਨਸਿਕ ਤੇ ਸਰੀਰਕ ਦੁੱਖ ਤਕਲੀਫ਼ ਨੂੰ ਘੱਟ ਕਰਨ ਦੇ ਵੀ ਕਾਬਿਲ ਨਹੀਂ ਹੋ |
ਬਿਲਕੁਲ ਉਸੇ ਤਰ੍ਹਾਂ ਰੂਬਲ ਤੇ ਮੁਕਤੇਸ਼ ਦੀ ਵਿਵਾਹਿਤਾ ਜਿੰਦਗੀ ਇਸੇ ਤਰ੍ਹਾਂ ਦੀ ਸੀ | ਮੁਕਤੇਸ਼ ਰੂਬਲ ਨੂੰ ਜਿੰਦਗੀ ਦੇ ਸਾਰੇ ਸੁਖ ਦੇਣ ਦੀ ਕੋਸ਼ਿਸ਼ ਤਾਂ ਕਰਦਾ ਪਰ ਕਦੇ ਵੀ ਉਸਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰਦਾ ਜੋ ਕਿ ਰੂਬਲ ਲਈ ਉਸਦੀ ਜਿੰਦਗੀ ਦਾ ਸਭ ਤੋਂ ਵੱਡਾ ਦੁੱਖ ਸੀ | ਰੂਬਲ ਜਦੋਂ ਵੀ ਕੋਈ ਪਿਆਰ ਦੀ ਗੱਲ ਕਰਦੀ ਤਾਂ ਮੁਕਤੇਸ਼ ਉਸਦੇ ਪਿਆਰ ਨੂੰ ਤਵੱਜੋਂ ਦੇਣ ਦੀ ਵਜਾਏ ਆਪਣੇ ਫੋਨ ਤੇ ਲੈਪਟਾਪ ਤੇ ਕੀਤੇ ਕੰਮ ਨੂੰ ਪਹਿਲ ਦਿੰਦਾ ਸੀ | ਤੇ ਉਸਨੂੰ ਗੱਲ ਕਰਦੀ ਨੂੰ ਟੋਕ ਦਿੰਦਾ ਤੇ ਉਸਨੂੰ ਡਿਸਟਰਬ ਨਾ ਕਰਨ ਲਈ ਕਹਿ ਦਿੰਦਾ ਤੇ ਰੂਬਲ ਮਨ ਮਾਰ ਕੇ ਚੁੱਪ ਕਰ ਜਾਂਦੀ ਤੇ ਅਲੱਗ ਕਮਰੇ ਵਿੱਚ ਜਾ ਕੇ ਖੂਬ ਰੋ ਲੈਂਦੀ ਤੇ ਆਪਣੇ ਮਨ ਨੂੰ ਕੁਝ ਸਮੇਂ ਲਈ ਸਮਝਾ ਲੈਂਦੀ ਕਿ ਉਸਦੇ ਪਤੀ ਦਾ ਪਿਆਰ, ਦੁਲਾਰ ਉਸ ਲਈ ਨਹੀਂ ਬਣਿਆ ਹੈ |
ਹੌਲ਼ੀ ਹੌਲ਼ੀ ਮੁਕਤੇਸ਼ ਦਾ ਇਹ ਰੁੱਖਾ ਰਵੱਈਆਂ ਰੂਬਲ ਲਈ ਇਕ ਮਾਨਸਿਕ ਰੋਗ ਬਣ ਗਿਆ ਜਿਸ ਕਰਕੇ ਉਹ ਅੰਦਰੋਂ ਅੰਦਰੀ ਝੂਰਦੀ ਰਹਿੰਦੀ ਤੇ ਦੁੱਖੀ ਮਨ ਨਾਲ ਹਰ ਕੰਮ ਕਰਦੀ, ਹੁਣ ਉਸਨੂੰ ਮੁਕਤੇਸ਼ ਲਈ ਕੀਤੇ ਜਾਂਦੇ ਕਿਸੇ ਕੰਮ ਜਾ ਕਿਸੇ ਬਣਾਈ ਚੀਜ਼ ਦਾ ਚਾਅ ਨਾ ਹੁੰਦਾ ਕਿਉਕਿ ਜਦੋਂ ਮੁਕਤੇਸ਼ ਨੂੰ ਉਸਦੀ ਪਰਵਾਹ ਨਹੀਂ ਸੀ ਕਿ ਉਹ ਕੀ ਕਰਦੀ ਹੈ ਜਾ ਕੀ ਨਹੀਂ | ਹੌਲ਼ੀ ਹੌਲ਼ੀ ਮਨ ਨੂੰ ਲੱਗਿਆ ਘੁਣ ਵਰਗਾ ਰੋਗ ਉਸਦੀ ਰੂਹ ਨੂੰ ਲੱਗ ਗਿਆ ਤੇ ਉਹ ਵੀ ਮੁਰਝਾਏ ਫੁੱਲ ਵਰਗੀ ਹੋ ਗਈ, ਜਿਸ ਵਿੱਚ ਨਾ ਹੁਣ ਕੋਈ ਖੁਸ਼ਬੂ ਰਹੀ ਸੀ ਤੇ ਨਾ ਕੋਈ ਖੂਬਸੂਰਤੀ |
ਇਸ ਲਈ ਪਿਆਰੇ ਦੋਸਤੋਂ, ਆਪਣੇ ਜੀਵਨਸਾਥੀ ਦੀ ਹਰ ਭਾਵਨਾ ਦਾ ਸਤਿਕਾਰ ਕਰਨਾ ਸਿੱਖੋ ਕਿਉਕਿ ਜੀਵਨਸਾਥੀ ਹੀ ਜਿੰਦਗੀ ਦੇ ਰਹਿੰਦੇ ਸਾਹਾਂ ਤਕ ਸਾਥ ਨਿਭਾਉਣ ਲਈ ਹਾਮੀ ਭਰਦਾ ਹੈ, ਹੋਰ ਰਿਸ਼ਤੇ ਤਾਂ ਚੰਗੇ ਮਾੜੇ ਸਮੇਂ ਵਿੱਚ ਤੁਹਾਨੂੰ ਛੱਡਣ ਲੱਗਿਆ ਸੋਚਣ ਸਮਝਣ ਤੇ ਵਿਚਾਰਨ ਦੀ ਸਮਰੱਥਾ ਵੀ ਨਹੀਂ ਰੱਖਦੇ ਹਨ |
ਪਰਮਜੀਤ ਕੌਰ