ਸ਼ਿਵ ਬੱਸ ਘੜੀਆਂ ਪਲਾਂ ਦਾ ਹੀ ਪ੍ਰਾਹੁਣਾ ਸੀ..ਨਾਲਦੀ ਨੂੰ ਆਖਣ ਲੱਗਾ ਕਿਸੇ ਹਕੀਮ ਦੀ ਕੋਈ ਦਵਾਈ ਸ਼ਵਾਈ ਪਈ ਏ ਤਾਂ ਲਿਆਂਦੇ..ਫੱਕਾ ਮਾਰਦਾ ਜਾਵਾਂ..ਮੁੜਕੇ ਆਖੂ ਮੇਰੀ ਦਵਾਈ ਨਹੀਂ ਸੀ ਖਾਦੀ ਤਾਂ ਮਰ ਗਿਆ!
ਰਵਾਨਾ ਹੋਣ ਤੋਂ ਪਹਿਲੋਂ ਮਗਰ ਰਹਿ ਗਿਆ ਨੂੰ ਖੋਟੇ ਖਰੇ ਦਾ ਇਹਸਾਸ ਕਰਵਾ ਜਾਣਾ ਬੜਾ ਜਰੂਰੀ..!
ਪੂਰੇ ਕੱਤੀ ਸਾਲ ਪਹਿਲੋਂ ਮਝੈਲਾਂ ਦੀ ਧਰਤੀ ਤੇ ਵਿੱਚਰਦਾ ਅਖੀਰ ਉਹ ਕੱਲਾ ਰਹਿ ਗਿਆ..ਪਤਾ ਸੀ ਪਰਖ ਦੀ ਘੜੀ ਬੱਸ ਕੋਲ ਹੀ ਏ..ਸਰਫ਼ੇ ਦੇ ਸ਼ਸ਼ਤਰ..ਕਿੰਨੀਆਂ ਠਾਹਰਾਂ ਤੋਂ ਹੁੰਦਾ ਹੋਇਆ ਇੱਕ ਜਾਣਕਾਰ ਦੀ ਬਹਿਕ ਤੇ ਅੱਪੜਿਆ..ਸੋਚਿਆ ਅਕਸਰ ਆਖਦੇ ਹੁੰਦੇ..ਬਾਬਾ ਜੀ ਸਾਡੇ ਵੀ ਚਰਨ ਪਾਇਓ..!
ਪਰ ਉਸ ਦਿਨ ਦੁੱਧ ਵਿੱਚ ਵਿਹੁ ਘੋਲਿਆ ਹੋਇਆ ਸੀ..ਧੋਖਾ ਫ਼ਰੇਬ ਵਿਸ਼ਵਾਸ਼ਘਾਤ ਪਿੱਠ ਪਿੱਛੇ ਛੁਰੀ..ਸਭ ਕੁਝ ਇਤਬਾਰ ਵਾਲੇ ਭਾਂਡੇ ਵਿਚ ਪਾ ਕੇ ਪਿਆ ਦਿੱਤਾ..ਇੱਕ ਯੁਗ ਦਾ ਅੰਤ ਹੋ ਗਿਆ..!
ਓਹਨਾ ਬਾਘੀਆਂ ਪਾਈਆਂ..ਲਲਕਾਰੇ ਮਾਰੇ..ਧੌਣ ਫੜ ਫੋਟੋਆਂ ਖਿਚਵਾਈਆਂ..ਅੱਡਿਆਂ ਤੇ ਲੜੀਆਂ ਲਾਈਆਂ..ਦੀਪਮਾਲਾ ਕੀਤੀ..ਆਤਿਸ਼ਬਾਜੀ ਵੀ..ਸੜਕ ਤੇ ਕਿੰਨੀਂ ਦੇਰ ਅਣਪਛਾਤੀ ਆਖ ਰੱਖ ਛੱਡੀ..ਲੰਘਦੇ ਆਉਂਦੇ ਵੇਖਣ..ਆਹ ਵੇਖੋ ਮਾਝੇ ਦਾ ਜਰਨੈਲ ਮਰਿਆ ਪਿਆ..ਕੋਲੋਂ ਲੰਘਦਾ ਜਸਵੰਤ ਸਿੰਘ ਖਾਲੜਾ..ਬਹਿਸ ਪਿਆ..ਇਹ ਅਣਪਛਾਤਾ ਨਹੀਂ..ਵਾਰਿਸ ਅਜੇ ਜਿਉਂਦੇ ਨੇ..ਦੇਹ ਸਾਡੇ ਹਵਾਲੇ ਕਰੋ..ਪਰ ਪੇਸ਼ ਨਾ ਗਈ..!
ਬਾਬੇ ਨੇ ਸਾਰੀ ਉਮਰ ਕਿਸੇ ਨਾਲ ਧੱਕਾ ਨਾ ਕੀਤਾ..ਭਰਾ ਵੀ ਮਰਵਾ ਲਿਆ..ਤਾਂ ਵੀ ਭਰਾ ਮਾਰੂ ਜੰਗ ਤੋਂ ਗੁਰੇਜ..!
ਅਖੀਰ ਤੱਕ ਕੁਰਲਾਉਂਦਾ ਰਿਹਾ..ਸਿਆਸੀ ਪਿੜ ਖੁੱਲੀ ਨਾ ਛੱਡੋ..ਜੇ ਉਹ ਆ ਗਏ ਤਾਂ ਫੇਰ ਘਰਾਂ ਵਿਚੋਂ ਕੱਢ ਕੱਢ ਕੇ ਸ਼ਿਕਾਰ ਖੇਡਣਗੇ..ਫੇਰ ਖੇਡਿਆ ਵੀ..!
ਉਹ ਚੰਡੀਗੜੋਂ ਉਚੇਚਾ ਆਇਆ..ਮੁੱਛਾਂ ਨੂੰ ਵੱਟ ਚਾੜ੍ਹਦਾ..ਅੱਤਵਾਦ ਮੁਕਾ ਦਿੱਤਾ..ਅੱਜ ਲੋਕ ਬਾਬੇ ਦੀਆਂ ਬਾਤਾਂ ਪਾ ਰਹੇ..ਪਰ ਕੁੰਢੀਆਂ ਮੁੱਛਾਂ ਵਾਲਾ ਕਿਥੇ..ਕਿਧਰੇ ਵੀ ਨਹੀਂ..!
ਦੱਸਦੇ ਕਦੇ ਨਜਾਇਜ ਕੀੜੀ ਵੀ ਨਹੀਂ ਸੀ ਮਾਰੀ..ਕੁਝ ਇਲਾਕੇ ਦੇ ਆਖਦੇ..ਆਪ ਬੇਸ਼ੱਕ ਚੰਗਾ ਸੀ ਪਰ ਹੇਠਲਾ ਕੇਡਰ ਗਲਤੀਆਂ ਕਰ ਗਿਆ..ਓਦੋਂ ਕਿਹੜੇ ਫੋਨ ਹੁੰਦੇ ਸਨ..ਜਿਹੜਾ ਕਿਸੇ ਨੂੰ ਝਿੜਕ ਸਕਦਾ..ਅੱਖੋਂ ਓਹਲੇ ਤੇ ਨਾਲ ਹੀ ਸਦੀਵੀਂ ਫਤਹਿ..ਪਤਾ ਨੀ ਅੱਗੋਂ ਮਿਲਣਾ ਕੇ ਨਹੀਂ..!
ਅੱਜ ਜਿੰਨੇ ਮੂੰਹ ਓਨੀਆਂ ਗੱਲਾਂ..ਗਲਾਂ ਓਦੋਂ ਵੀ..ਜਾਇਦਾਤ ਇਕੱਠੀ ਕੀਤੀ..ਬੂਟਾ ਸਿੰਘ ਨਾਲ ਸਿੱਧੀ ਗੱਲਬਾਤ..ਸਿੱਧੀ ਗੱਲਬਾਤ ਵਾਲੇ ਕਦੇ ਇੰਝ ਨੀ ਖਤਮ ਹੁੰਦੇ..ਪੰਜਾਹ ਸੱਠ ਛਾਪਾਮਾਰ ਟੀਮਾਂ..ਇੱਕੋ ਵੇਲੇ ਚਾਰੇ ਪਾਸੇ..ਪਰ ਉਹ ਅੱਗਿਓਂ ਚੜ੍ਹਦੀ ਕਲਾ ਵਿਚ..ਚੜ੍ਹਦੀ ਕਲਾ ਬੜੀ ਚੁੱਭਦੀ ਬਿੱਪਰ ਨੂੰ..!
ਗ੍ਰਹਿ ਮੰਤਰੀ ਨੇ ਪਿੱਛੇ ਜਿਹੇ ਆਖਿਆ ਇਹਨਾਂ ਨੂੰ ਮੁਆਫੀ ਤਾਂ ਜੇ ਗੋਡਿਆਂ ਭਾਰ ਹੋ ਆਪਣੀ ਗਲਤੀ ਮੰਨਣ..ਗੋਡਿਆਂ ਭਾਰ ਹੋ ਗਏ ਤਾਂ ਫੇਰ ਕੰਨ ਫੜਾਉਣਗੇ..ਨੱਕ ਨਾਲ ਲਕੀਰਾਂ ਤੋਂ ਪਹਿਲਾਂ ਟੈਲੀਵਿਜਨ ਤੇ ਤੌਬਾ ਕਰਵਾਉਣਗੇ..ਲਿਲਕੜੀਆਂ..ਬਿੱਪਰ ਮਾਰੇ ਨਾਲੋਂ ਭਜਾਏ ਨੂੰ ਚੰਗਾ ਨਹੀਂ ਮੰਨਦਾ..ਉਹ ਦਰ ਤੇ ਆਏ ਲਈ ਭਿਆਨਕ ਤੋਂ ਭਿਆਨਕ ਮੌਤ ਸਿਰਜਦਾ..ਕਈ ਮਨ ਬਣਾ ਕੇ ਵਿਚਰਦੇ..ਜੇ ਮੁੱਕਣਾ ਹੀ ਏ ਤਾਂ ਫੇਰ ਕਿਓਂ ਨਾ ਅਗਲੇ ਦੇ ਮੂੰਹ ਤੇ ਥੁੱਕ ਕੇ ਮੁੱਕਿਆ ਜਾਵੇ..!
ਕਈਆਂ ਨੂੰ ਸਮਝ ਆ ਗਈ..ਕਈ ਲਕੀਰਾਂ ਕੱਢ ਛੁੱਟ ਵੀ ਗਏ ਪਰ ਅੱਜ ਮਰ ਰਹੇ..ਤਿਲ ਤਿਲ ਕਰਕੇ..ਇੱਕ ਪੂਰਾਣਾ ਗਾਉਣ..ਇੱਕ ਦਿਨ ਬੰਦਿਆ ਦੇਣਾ ਪੈਣਾ ਤਿਲ ਤਿਲ ਦਾ ਲੇਖਾ..ਕਈ ਦੇ ਰਹੇ..ਧੌਣਾ ਘੁਮਾਂ ਕੇ ਵੇਖ ਲਵੋ..ਜਿਹਨਾਂ ਧੋਖੇ ਕੀਤੇ..ਗੱਫੇ ਲਏ..ਵਕਤੀ ਤੌਰ ਤੇ ਡਾਹਢੀ ਖੁਸ਼ੀ ਪਰ ਲਮੇਰੇ ਪੰਧ..ਹੁਣ ਰਾਤਾਂ ਨੂੰ ਨੀਂਦਰ ਨੀ ਪੈਂਦੀ..ਛਾਤੀਆਂ ਤੇ ਭਾਰ ਪੈਂਦਾ..ਪ੍ਰਿਥੀਏ ਹੌਲਦਾਰ ਵਾਂਙ..ਅਲੂਣਾ ਜਿਹਾ ਇੱਕ ਅਣ-ਦਾਹੜੀਆਂ..ਅਕਸਰ ਦਿਸ ਪੈਂਦਾ ਬੱਸ ਪਿਛਾ ਕਰਦਾ..ਕਹਿੰਦਾ ਕੁਝ ਨਹੀਂ..ਇੱਕ ਨੂੰ ਸੰਗਲਾਂ ਨਾਲ ਬੰਨ ਰਖਿਆ..ਕੁਝ ਬਿਮਾਰੀਆਂ ਨਾਲ ਜਕੜੇ..ਜੰਦਰਾ ਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ..ਕੜੀ ਨਾਲ ਕੜੀ ਰਲਦੀ ਤਾਂ ਕਿੰਨਾ ਕੁਝ ਨਿੱਕਲਦਾ ਆਉਂਦਾ..ਬਹੁਤੇ ਰੋਣਗੇ ਦਿਲਾਂ ਦੇ ਜਾਨੀ..ਮਾਪੇ ਤੈਨੂੰ ਘੱਟ ਰੋਣਗੇ..!
ਬਾਬਾ ਮਾਨੋਚਾਹਲ..ਅੱਜ ਦੇ ਦਿਨ ਯਾਨੀ ਅਠਾਈ ਫਰਵਰੀ ਤ੍ਰੀਆਂਨਵੇਂ ਵਾਲੇ ਦਿਨ ਰਵਾਨਗੀ ਪਾ ਗਿਆ..ਪਰ ਧੁੰਦ ਅਜੇ ਵੀ ਉਂਝ ਦੀ ਉਂਝ..ਤਕੜੀ ਧੁੱਪ ਲੱਗੇ ਤਾਂ ਹੀ ਗੱਲ ਬਣੂੰ..ਵਰਨਾ ਦੂਰ ਤੀਕਰ ਵੇਖਣਾ ਵੱਸ ਵਿਚ ਨਹੀਂ!
ਹਰਪ੍ਰੀਤ ਸਿੰਘ ਜਵੰਦਾ