ਦੂਰ ਸ਼ਰੀਕੇ ਚੋਂ ਚਾਚਾ..ਦੋ ਧੀਆਂ..ਬਹੁਤ ਨਿੱਕੀਆਂ ਜਦੋਂ ਚਾਚੀ ਮੁੱਕ ਗਈ..ਹੇਮਕੁੰਟ ਜਾਂਦਿਆਂ ਬੱਸ ਖੱਡ ਵਿਚ ਜਾ ਪਈ..ਲੋਥ ਆਈ..ਉਹ ਬਿਲਕੁਲ ਵੀ ਨਾ ਰੋਇਆ..!
ਕੋਈ ਅਫਸੋਸ ਕਰਨ ਆਇਆ ਕਰੇ ਤਾਂ ਨਿੱਕੀ ਧੀ ਨੂੰ ਬੁੱਕਲ ਵਿਚ ਲੈ ਉਸਦਾ ਸਿਰ ਪਲੋਸਦਾ ਰਿਹਾ ਕਰੇ..ਨਿੱਕੀ ਵੀ ਗਿੱਝ ਗਈ..ਜਦੋਂ ਵੇਖਿਆ ਕਰੇ ਘਰੇ ਮਕਾਣ ਆਈ..ਸਭ ਖੇਡਾਂ ਛੱਡ ਨੱਸ ਕੇ ਸਿੱਧੀ ਪਿਓ ਦੀ ਗੋਦੀ ਵਿਚ ਜਾ ਬੈਠਿਆ ਕਰੇ..ਓਨਾ ਚਿਰ ਜਿੰਨੀ ਦੇਰ ਮਕਾਣ ਵਾਪਿਸ ਨਾ ਮੁੜ ਜਾਂਦੀ!
ਏਧਰੋਂ ਓਧਰੋਂ ਅਣਗਿਣਤ ਕਨਸੋਆਂ ਹੋਈਆਂ..ਵਜੂਦ ਵਿਚੋਂ ਦੁੱਖ ਤਾਂ ਬਿਲਕੁਲ ਵੀ ਨਹੀਂ ਝਲਕਦਾ..ਇਸਨੇ ਬਰਸੀ ਵੀ ਨੀ ਟੱਪਣ ਦੇਣੀ ਪੱਕੀ ਨਵੀਂ ਲੈ ਕੇ ਆਊ..!
ਮਹੀਨਾ ਲੰਘਿਆ..ਫੇਰ ਸਾਲ ਤੇ ਫੇਰ ਵੀਹ ਸਾਲ..ਦੂਜੀ ਕਦੇ ਵੀ ਨਾ ਆਈ..ਕੱਲੇ ਨੇ ਦੋਵੇਂ ਕਿੱਦਾਂ ਪਾਲੀਆਂ..ਇੱਕ ਵੱਖਰੀ ਕਹਾਣੀ..!
ਹੁਣ ਨਿੱਕੀ ਬਾਪ ਦੀ ਸਾਥਣ ਬਣ ਗਈ ਤੇ ਵੱਡੀ ਮਾਂ..ਰੱਜ ਕੇ ਸੇਵਾ..ਆਗਿਆਕਾਰ..ਨਿਕੀ ਨਿੱਕੀ ਗੱਲ ਦਾ ਖਿਆਲ..!
ਕੁਝ ਅਜੇ ਵੀ ਰਵਾਉਣ ਦੀ ਕੋਸ਼ਿਸ਼ ਕਰਨਗੇ..ਜਦੋਂ ਵਿਆਹੀਆਂ ਗਈਆਂ ਓਦੋਂ ਕੀ ਕਰੂ..ਉਹ ਘੜੀ ਦੀ ਘੜੀ ਨੀਵੀਂ ਜਰੂਰ ਪਾ ਲੈਂਦਾ ਪਰ ਰੋਂਦਾ ਬਿਲਕੁਲ ਵੀ ਨਹੀਂ..ਸ਼ਾਇਦ ਅੰਦਰੋਂ ਅੰਦਰ ਕੋਈ ਮਤਾ ਪਕਾ ਰਿਹਾ ਹੁੰਦਾ..ਕੱਲੇ ਰਹਿਣ ਦੀ ਜੁਗਤ..!
ਜਮਾਨੇ ਨੇ ਰੋਣ ਨੂੰ ਇੱਕ ਪੈਮਾਨਾ ਬਣਾ ਧਰਿਆ..ਜਿੰਨਾ ਵੱਧ ਰੋਣਾ ਓਨਾ ਹੀ ਵੱਧ ਪ੍ਰਭਾਵ..ਪਿਆਰ ਆਪਣਾ ਪਣ ਜਿਤਾਉਣ ਦਾ ਅਸਰਦਾਇਕ ਢੰਗ-ਤਰੀਕਾ..!
ਪਰ ਕੁਝ ਅੱਖੀਆਂ ਜਾਹਰਾ ਤੌਰ ਤੇ ਨਹੀਂ ਰੋਂਦੀਆਂ..ਬੱਸ ਅੰਦਰੋਂ ਅੰਦਰੀ ਹੀ ਡਿੱਗਦੇ ਰਹਿੰਦੇ..ਫੇਰ ਅੰਦਰ ਡਿੱਗਦਿਆਂ ਨਾਲ ਅੰਦਰੂਨੀ ਰੇਗਿਸਤਾਨ ਵੀ ਨਾਲੋਂ-ਨਾਲ ਹਰਿਆ ਹੋਈ ਜਾਂਦਾ..ਤੇ ਫੇਰ ਇੱਕ ਦਿਨ ਇਹ ਹਰਿਆਵਲ ਬਾਹਰੀ ਤੌਰ ਤੇ ਪ੍ਰਕਟ ਹੋਣੀ ਸ਼ੁਰੂ ਹੋ ਜਾਂਦੀ..ਜਿਸਨੂੰ ਲੋਕ ਸਬਰ ਜਾਬਤੇ ਅਤੇ ਕੁਰਬਾਨੀ ਦਾ ਨਾਮ ਦੇ ਦਿੰਦੇ!
(ਇਸ ਬਿਰਤਾਂਤ ਨੂੰ ਇੱਕ ਸਥਾਪਿਤ ਜੀਵਨ ਜਾਚ ਨਾ ਸਮਝ ਲਿਆ ਜਾਵੇ ਸਗੋਂ ਸਾਮਣੇ ਵਾਪਰੀ ਵਿਅਕਤੀਗਤ ਜੀਵਨ ਕਥਾ ਏ)
ਹਰਪ੍ਰੀਤ ਸਿੰਘ ਜਵੰਦਾ