ਸਤਾਸੀ ਅਠਾਸੀ ਵੇਲੇ ਇੱਕ ਗਰੁੱਪ ਲੰਗਰ ਪਾਣੀ ਛਕਣ ਇੱਕ ਫਾਰਮ ਹਾਊਸ ਤੇ ਆਣ ਅੱਪੜਿਆ..ਇੱਕ ਬੀਬੀ ਲੰਗਰ ਵਰਤਾਉਣ ਰੁੱਝ ਗਈ..!
ਹੌਲੀ ਉਮਰ ਦੇ ਜਥੇਦਾਰ ਨੇ ਪੁੱਛਿਆ..ਚਾਚਾ ਆਪਣੇ ਘਰੇ ਕੋਈ ਮੁੰਡਾ ਹੈਨੀ?
ਆਖਣ ਲੱਗਾ ਜੀ ਹੈਨੀ..ਬੱਸ ਦੋ ਧੀਆਂ ਹੀ ਨੇ..ਇੱਕ ਫੁਲਕੇ ਲਹੁੰਦੀ ਪਈ ਤੇ ਦੂਜੀ ਵਰਤਾਅ ਰਹੀ ਏ..ਮਾਂ ਮਕਾਣ ਲਹੁਣ ਲਾਗਲੇ ਪਿੰਡ ਗਈ ਹੋਈ ਏ..!
ਸਾਰੇ ਓਸੇ ਵੇਲੇ ਉੱਠ ਖਲੋਤੇ ਅਖ਼ੇ ਸੂਹੀਏ ਤੰਤਰ ਦਾ ਡੰਗ ਬੜਾ ਤੇਜ ਏ..ਜੇ ਕਿਸੇ ਮੂੰਹ ਮਾਰ ਦਿੱਤਾ ਤਾਂ ਤੇਰੇ ਨਾਲ ਤੇਰੀਆਂ ਧੀਆਂ ਵੀ ਚੁੱਕ ਲੈਣਗੇ..ਫੇਰ ਬਿਨਾ ਲੰਗਰ ਪਾਣੀ ਛਕੇ ਹੀ ਓਥੋਂ ਚਲੇ ਗਏ!
ਅਗਲੇ ਦਿਨ ਵਾਕਿਆ ਹੀ ਕਿਸੇ ਸੂਹ ਦੇ ਦਿੱਤੀ ਤੇ ਸਾਰਾ ਟੱਬਰ ਬਟਾਲੇ ਪੁੱਛਗਿੱਛ ਕੇਂਦਰ ਲੈ ਆਂਦਾ..ਦੱਖਣ ਵਲੋਂ ਆਇਆ ਇਕ ਅਫਸਰ ਪੁੱਛਣ ਲੱਗਾ..ਬਾਪੂ ਕੱਲ ਮੁੰਡੇ ਆਏ ਸੀ ਤੇਰੇ ਡੇਰੇ..?
ਆਖਣ ਲੱਗਾ..ਜੀ ਆਏ ਤਾਂ ਸੀ ਪਰ ਮੇਰੀਆਂ ਦੋ ਧੀਆਂ ਬਾਰੇ ਪਤਾ ਲੱਗਣ ਤੇ ਬਿਨਾ ਖਾਦਿਆ ਹੀ ਚਲੇ ਗਏ..!
ਐੱਸ ਪੀ ਨੂੰ ਜਦੋਂ ਜਥੇਦਾਰ ਦੀ ਉਮਰ ਪਤਾ ਲੱਗੀ ਤਾਂ ਆਖਣ ਲੱਗਾ ਕੇ ਅੱਗ ਵਰਗੀ ਇਸ ਉਮਰ ਵਿਚ ਵੀ ਏਨਾ ਜਾਬਤਾ..ਇਹ ਲੋਕ ਤਾਂ ਗੋਲੀ ਨਾਲ ਕਦੇ ਨਹੀਂ ਮੁੱਕ ਸਕਦੇ..ਅੱਗੇ ਤੋਂ ਇਹਨਾਂ ਦੇ ਕਿਰਦਾਰਾਂ ਨੂੰ ਨਿਸ਼ਾਨਾ ਬਣਾਓ!
ਫੇਰ ਕਿਰਦਾਰਕੁਸ਼ੀ ਵਾਲਾ ਅੰਨੇਵਾਹ ਦੌਰ ਚਲਾਇਆ..ਖ਼ਬਰਾਂ ਅਖਬਾਰਾਂ ਨੇ ਰੱਜ ਕੇ ਭੰਡਿਆ..ਸਿੰਘਾਂ ਦੇ ਭੇਸ ਵਿਚ ਅਨੇਕਾਂ ਅਗਵਾ ਬਲਾਤਕਾਰ ਕੀਤੇ!
ਭਾਈ ਜੁਗਰਾਜ ਸਿੰਘ ਤੂਫ਼ਾਨ ਵੇਲੇ ਸ਼ੁਰੂ ਹੋਈ ਉਹ ਕਿਰਦਾਰਕੁਸ਼ੀ ਅੱਜ ਵੀ ਬਾਦਸਤੂਰ ਜਾਰੀ ਏ..ਬਿੱਪਰ ਕੋਲ ਪਿੱਠ ਪਿੱਛਿਓਂ ਵਾਰ ਕਰਨ ਵਾਲਾ ਇਹ ਆਖਰੀ ਹਥਿਆਰ ਹੁੰਦਾ..ਮਿਥ ਲਏ ਗਏ ਵੈਰੀ ਦੇ ਅਤੀਤ ਦੀਆਂ ਧੁੰਦਲੀਆਂ ਪਰਤਾਂ ਫਰੋਲ ਫਰੋਲ ਲੀਹੇ ਪਏ ਉਸ ਦੇ ਵਰਤਮਾਨ ਨੂੰ ਡਾਵਾਂ ਡੋਲ ਕਿੱਦਾਂ ਕਰਨਾ..ਉਹ ਭਲੀਭਾਂਤ ਜਾਣਦਾ..ਉਸ ਕੋਲ ਪੈਸਾ ਹੈ..ਭੀੜ ਹੈ..ਟਿੱਡੀ ਦਲ ਹੈ..ਬੇਹਿਸਾਬੇ ਸਰੋਤ ਨੇ ਅਤੇ ਚੋਵੀ ਘੰਟੇ ਇਸ਼ਾਰਿਆਂ ਤੇ ਭੌਂਕਣ ਵਾਲੇ ਚੈਨਲ ਨੇ..ਉਹ ਮਾਰਨ ਤੋਂ ਪਹਿਲੋਂ ਚੰਗੀ ਤਰਾਂ ਭੰਡਦਾ ਏ..!
ਭਾਈ ਹਰਜਿੰਦਰ ਸਿੰਘ ਜਿੰਦਾ ਦਾ ਤ੍ਰਿਆਸੀ ਤੀਕਰ ਦਾ ਖਾਲਸਾ ਕਾਲਜ ਦਾ ਪਿਛੋਕੜ..ਭਾਈ ਰਸਾਲ ਸਿੰਘ ਆਰਿਫਕੇ ਦਾ ਸ਼ਰਾਬ ਵਿਚ ਡੁੱਬਿਆ ਅਤੀਤ..ਗੁਰੂਆਂ ਦੇ ਸਮਕਾਲੀ ਭਾਈ ਜੋਗਾ ਸਿੰਘ..ਲਾਹੌਰ ਦਰਬਾਰ ਵਿੱਚੋਂ ਘੋੜੇ ਲਿਆਉਣ ਵਾਲਾ ਬਾਬਾ ਬਿਧੀ ਚੰਦ..ਕਰਾਮਾਤੀ ਪਿਛੋਕੜ ਵਾਲਾ ਬਾਬਾ ਬੰਦਾ ਸਿੰਘ ਬਹਾਦੁਰ..ਸੂਬੇ ਸਰਹਿੰਦ ਦੀ ਕਚਹਿਰੀ ਦਾ ਅਰਜੀ ਨਵੀਸ ਬਾਬਾ ਆਲੀ ਸਿੰਘ..!
ਇਤਿਹਾਸ ਦੇ ਨਾਇਕ ਖੁਦ ਦੇ ਅਤੀਤ ਕਰਕੇ ਨਹੀਂ ਸਗੋਂ ਕੁਰਬਾਨੀ ਦੇ ਸਿਖਰ ਵੇਲੇ ਲਾਏ ਕੀਮਤੀ ਸ਼ਹੀਦੀ ਪਹਿਰਿਆਂ ਕਰਕੇ ਜਾਣੇ ਜਾਂਦੇ..ਕੋਈ ਨਹੀਂ ਜਾਣਦਾ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਬਚਪਨ ਕਿਥੇ ਗੁਜਰਿਆ..ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਚੜ੍ਹਦੀ ਜਵਾਨੀ ਕਿਥੇ ਤੇ ਕਿੱਦਾਂ ਬਿਤਾਈ..ਬਾਬਾ ਬਾਜ ਸਿੰਘ ਦਾ ਪਰਿਵਾਰਿਕ ਪਿਛੋਕੜ ਅਤੇ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜੀਏ ਸਰਦਾਰ ਚੜ੍ਹਦੀ ਜਵਾਨੀ ਵੇਲੇ ਕੀ ਕਰਿਆ ਕਰਦੇ ਸਨ..ਸਭ ਨੂੰ ਪਤਾ ਹੈ ਕੇ ਓਹਨਾ ਦੇ ਜੀਵਨਕਾਲ ਦਾ ਸਿਖਰ ਕਿਥੇ ਤੇ ਕਿੱਦਾਂ ਪ੍ਰਵਾਨ ਚੜਿਆ!
ਜੂਨ ਚੁਰਾਸੀ ਮਗਰੋਂ ਦਾ ਕੂੜ ਪ੍ਰਚਾਰ..ਕੰਮਪਲੈਕਸ ਵਿੱਚੋਂ ਆਹ ਮਿਲਿਆ..ਅਹੁ ਮਿਲਿਆ..ਕਿਰਸਾਨ ਮੋਰਚੇ ਵਿਚ ਵੀ ਕਿਰਦਾਰਕੁਸ਼ੀ ਦੀਆਂ ਕੋਸ਼ਿਸ਼ਾਂ ਅਤੇ ਹੱਥਕੰਡੇ..ਅਤੇ ਹੋਰ ਵੀ ਕਿੰਨਾ ਕੁਝ!
ਅਜੋਕੇ ਵਰਤਾਰੇ ਵਿੱਚ ਪਾਇਆ ਜਾ ਰਿਹਾ ਰੌਲਾ ਘਚੋਲਾ ਅਜੇ ਹੋਰ ਵੀ ਵਧਾਇਆ ਜਾਏਗਾ..ਬਾਹਰਲਿਆਂ ਨਾਲੋਂ ਬੁੱਕਲ ਦੇ ਸੱਪ ਜਿਆਦਾ ਜ਼ੋਰ ਲਾਉਣਗੇ..ਪਰ ਸਾਡਾ ਨੈਤਿਕ ਫਰਜ ਏ ਕੇ ਆਪਣੇ ਨਾਇਕਾਂ ਦੇ ਮੋਢੇ ਨਾਲ ਮੋਢਾ ਜੋੜ ਖਲੋਇਆ ਜਾਏ..!
ਕਿਓੰਕੇ ਕੌਮੀਂ ਨਾਇਕ ਅਸਲ ਵਿਚ ਓਦੋਂ ਮੌਤ ਦੇ ਮੂੰਹ ਵਿਚ ਜਾ ਪੈਂਦਾ ਜਦੋਂ ਬੇਗਾਨਿਆਂ ਦੇ ਕੂੜ ਪ੍ਰਚਾਰ ਦੇ ਪ੍ਰਭਾਵ ਹੇਠ ਆਏ ਆਪਣੇ ਹੀ ਉਸਨੂੰ ਆਪਣੀਆਂ ਨਜਰਾਂ ਵਿੱਚੋਂ ਡੇਗ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ