ਜਿੰਦਰ ਆਪਣੀ ਸੱਸ ਨੂੰ ਪੁੱਛਦੀ ਹੋਈ ਬੋਲੀ ਬੀਬੀ ਮੈਂ ਕਦੀ ਚਾਚੀ ਨਸੀਬ ਕੌਰ ਨੂੰ ਬੋਲਦੇ ਸੁਣਦੇ ਨਹੀਂ ਦੇਖਿਆ ਸਦਾ ਹੀ ਗੁੰਮ ਸੁੰਮ ਰਹਿੰਦੀ ਏ ਵਿੱਚੋਂ ਹੀ ਗੱਲ ਟੋਕਦਿਆਂ ਹੋਇਆਂ ਤਾਈ ਬੋਲ ਪਈ ਧੀਏ ਜਦੋਂ ਦੁੱਖਾਂ ਦੇ ਪਹਾੜ ਝੱਲੇ ਹੋਣ ਤਾਂ ਬੰਦਾ ਗੁੰਮ ਸੁੰਮ ਹੋ ਹੀ ਜਾਂਦਾ ਲੈ ਫਿਰ ਤੈਨੂੰ ਦੱਸਦੀ ਆਂ ਨਸੀਬ ਕੌਰ ਦੀ ਜ਼ਿੰਦਗੀ ਬਾਰੇ ਪਤਾ ਨੀ ਕਰਮਾ ਮਾਰੀ ਕਿਹੜੇ ਕਰਮ ਲੈ ਕੇ ਪੈਦਾ ਹੋਈ ਸੀ ਪੰਜ ਕੁ ਸਾਲ ਦੀ ਸੀ ਜਦੋਂ ਮਾਪੇ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ ਤਾਂ ਜਵਾਨ ਹੋਈ ਤਾਂ ਚਾਚੇ ਤਾਇਆਂ ਨੇ ਮਾੜਾ ਚੰਗਾ ਘਰ ਦੇਖ ਕੇ ਵਿਆਹ ਕਰ ਦਿੱਤਾ ਭਰਾ ਛੋਟੇ ਹੋਣ ਕਰਕੇ ਕੁਝ ਬੋਲੀ ਨਾ ਤੇ ਜਿਸ ਦੇ ਲੜ ਲੱਗੀ ਉਸਦੇ ਨਾਲ ਹੀ ਜ਼ਿੰਦਗੀ ਕੱਟਣ ਲੱਗ ਪਈ ਸੁਰਜਨ ਸਿਉ ਬੰਦਾ ਤਾਂ ਮਾੜਾ ਨਹੀਂ ਸੀ ਪਰ ਉਸ ਨੂੰ ਸ਼ਰਾਬ ਦੀ ਮਾੜੀ ਲੱਤ ਲੱਗੀ ਹੋਈ ਸੀ ਉਸ ਲੱਤ ਕਰਕੇ ਸਿਰ ਤੇ ਕਰਜਾ ਸੀ ਤੇ ਉਧਰੋਂ ਪੰਜਾਬ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਸਨ ਸਰਕਾਰਾਂ ਨੇ ਗੁਰੂ ਘਰ ਉੱਤੇ ਹਮਲਾ ਕਰ ਦਿੱਤਾ ਉਸ ਦੇ ਰੋਸ ਵਜੋਂ ਪਿੰਡਾਂ ਵਿੱਚੋਂ ਜਥਿਆਂ ਨੇ ਚਾਲੇ ਪਾ ਦਿੱਤੇ ਨਸੀਬ ਕੌਰ ਦਾ ਵੱਡਾ ਵੀਰ ਵੀ ਜਥਿਆਂ ਦੇ ਨਾਲ ਤੁਰ ਪਿਆ ਮੁੜ ਕੇ ਘਰੋਂ ਗਿਆ ਹੋਇਆ ਵਾਪਸ ਨਾ ਮੁੜਿਆ ਤੁਸੀਂ ਛੋਟਾ ਵੀਰ ਸਰਕਾਰਾਂ ਤੋਂ ਤੰਗ ਆ ਕੇ ਖਾੜਕੂ ਲਹਿਰ ਵਿਚ ਸ਼ਾਮਿਲ ਹੋ ਗਿਆ ਉਸ ਦਾ ਵੀ ਪਤਾ ਨਾ ਲੱਗਾ ਕਿ ਕਿਸ ਨਹਿਰ ਦੇ ਕੰਢੇ ਤੇ ਮੁਕਾ ਦਿੱਤਾ ਹੌਲੀ ਹੌਲੀ ਦਿਨ ਬੀਤੇ ਤਾਂ ਕਰਜੇ ਦੀ ਪੰਡ ਵਧਦੀ ਜਾਂਦੀ ਸੀ ਉਧਰੋਂ ਬੈਂਕ ਵਾਲਿਆਂ ਨੇ ਕੁੜਕੀ ਦਾ ਨੋਟਿਸ ਭੇਜ ਦਿੱਤਾ ਤਾਂ ਇਸੇ ਹੀ ਨਮੋਸ਼ੀ ਦੇ ਮਾਰਿਆ ਸੁਰਜਨ ਸਿੰਘ ਮੋਟਰ ਤੇ ਜਾ ਕੇ ਸਲਫਾਸ ਪੀ ਗਿਆ ਫਿਰ ਸਾਕ ਸਬੰਧੀ ਤੇ ਰਿਸ਼ਤੇਦਾਰਾਂ ਨੇ ਕਿਹਾ ਨਸੀਬ ਕੌਰੇ ਹੁਣ ਤੁਰ ਜਾਣ ਵਾਲੇ ਤਾਂ ਆਉਂਦੇ ਨਹੀਂ ਹੁਣ ਤੈਨੂੰ ਆਪਣੇ ਬੱਚਿਆਂ ਬਾਰੇ ਹੌਸਲਾ ਕਰਨਾ ਪੈਣਾ ਤੇ ਨਸੀਬ ਕੌਰ ਵੀ ਰੱਬ ਦਾ ਭਾਣਾ ਮੰਨ ਕੇ ਆਪਣੇ ਦਿਨ ਕੱਟੀ ਕਰਨ ਲੱਗ ਪਈ ਪੁੱਤ ਵੱਡੇ ਹੋਏ ਤਾਂ ਇੱਕ ਤਾਂ ਕਬੱਡੀ ਦਾ ਖਿਡਾਰੀ ਬਣ ਗਿਆ ਤੇ ਇੱਕ ਵਿਦੇਸ਼ ਨੂੰ ਚਲਾ ਗਿਆ ਪਤਾ ਨਹੀਂ ਮਰ ਜਾਣੇ ਨੂੰ ਕਿੱਥੋਂ ਨਸ਼ਿਆਂ ਦੀ ਲੱਤ ਲੱਗ ਗਈ ਤੇ ਵੱਡਾ ਪੁੱਤ ਨਸ਼ਿਆਂ ਦਾ ਆਦੀ ਹੋ ਗਿਆ ਤੇ ਇੱਕ ਦਿਨ ਨਸ਼ੇ ਦੀ ਜਿਆਦਾ ਡੋਜ ਲੈਣ ਕਰਕੇ ਰੱਬ ਨੂੰ ਪਿਆਰਾ ਹੋ ਗਿਆ ਤੇ ਵਿਦੇਸ਼ ਗਏ ਹੋਏ ਪੁੱਤ ਨੇ ਤਾਂ ਕਦੀ ਫੋਨ ਵੀ ਨਹੀਂ ਕੀਤਾ ਪਤਾ ਨਹੀਂ ਉਹ ਜਿਉਂਦਾ ਹ ਕਿ ਜਹਾਨੋ ਕੂਚ ਕਰ ਗਿਆ ਧੀਏ ਇੰਨੇ ਦੁੱਖਾਂ ਦੇ ਪਹਾੜ ਝੱਲੇ ਹੋਣ ਤਾਂ ਬੰਦਾ ਬੋਲਣ ਜੋਗਾ ਨਹੀਂ ਰਹਿੰਦਾ ਤੇ ਇਹ ਗੱਲਾਂ ਸੁਣ ਕੇ ਜਿੰਦਰ ਦੇ ਅੱਖਾਂ ਵਿੱਚ ਹੰਝੂ ਭਰ ਆਏ ਤੇ ਜਿੰਦਰ ਦੀ ਸੱਸ ਗੱਲ ਨੂੰ ਟਾਲਦੀ ਹੋਈ ਬੋਲੀ ਜਾ ਧੀਏ ਆਪਣੀ ਤਾਈ ਵਾਸਤੇ ਚਾਹ ਹੀ ਬਣਾ ਲਿਆ ਤੇ ਜਿੰਦਰ ਉੱਠ ਕੇ ਚਾਹ ਬਣਾਉਣ ਤੁਰ ਪਈ ਤੇ ਉਹ ਆਪਣੀਆਂ ਗੱਲਾਂ ਦੇ ਵਿੱਚ ਮਗਨ ਹੋ ਗਈਆਂ ਇਹ ਗੱਲਾਂ ਲਿਖਦਿਆਂ ਹੋਇਆਂ ਲਿਖਾਰੀ ਦੀ ਕਲਮ ਵੀ ਰੋ ਪਈ!!!