ਤੁਰ ਜਾਣ ਤੋਂ ਬਾਅਦ ਵੀ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਹੀ ਨਹੀਂ ਸਗੋਂ ਰਾਹ ਦਸੇਰਾ ਵੀ ਬਣਦੇ ਹਨ। 29 ਅਕਤੂਬਰ 2003 ਨੂੰ ਮੇਰੇ ਪਾਪਾ ਜੀ ਗਏ ਤੇ 16 ਫਰਬਰੀ 2012 ਨੂੰ ਮੇਰੇ ਮਾਤਾ ਜੀ। 10 ਨਵੰਬਰ 2017 ਨੂੰ ਮੇਰੇ ਵੱਡੇ ਬੇਟੇ ਦੀ ਸ਼ਾਦੀ ਤੇ 12 ਦਾ ਰਿਸੈਪਸ਼ਨ ਸੀ। ਜਿਸ ਦਿਨ ਅਸੀਂ ਬਾਰਾਤ ਲੈਕੇ ਜਾਣਾ ਸੀ ਉਸੇ ਦਿਨ ਹੀ ਸਵੇਰੇ ਕੋਈ ਪੰਜ ਕੁ ਵਜੇ ਮੇਰੇ ਪਾਪਾ ਜੀ ਮੇਰੇ ਸੁਫ਼ਨੇ ਵਿੱਚ ਆਏ ਤੇ ਉਹਨਾਂ ਨੇ ਵੰਡੇ ਹੋਏ ਕਾਰਡਾਂ ਦੀ ਗੱਲ ਕੀਤੀ। ਕਹਿੰਦੇ ਤੁਸੀਂ ਕੋਈ ਚਾਰ ਸੌ ਦੇ ਕਰੀਬ ਕਾਰਡ ਵੰਡੇ ਹਨ ਪਰ ਮੇਰਾ ਲਿਹਾਜੀ ਕੋਈ ਨਹੀਂ ਬੁਲਾਇਆ। ਕਿਉਂਕਿ ਅਸੀਂ ਕੁਝ ਲੋਕ ਛੱਡ ਦਿੱਤੇ ਸਨ। ਜੋ ਓਹਨਾ ਦੀ ਨੌਕਰੀ ਦੌਰਾਨ ਉਹਨਾਂ ਨਾਲ ਰਹਿੰਦੇ ਸਨ। ਫਿਰ ਮੈਂ ਕਿਸੇ ਕਰੀਬੀ ਨੂੰ ਕੋਈ ਪੰਦਰਾਂ ਕਾਰਡ ਉਹਨਾਂ ਕਰੀਬੀਆਂ ਲਈ ਦਿੱਤੇ ਜੋ ਉਹਨਾਂ ਦੇ ਸਹਿਕਰਮੀ ਸਨ। ਸਾਬਕਾ ਕਨੂੰਨਗੋ ਪਟਵਾਰੀ ਅਤੇ ਕੁਝ ਤਹਿਸੀਲ ਵਿਚਲੇ ਸੇਵਾਦਾਰਾਂ ਨੂੰ ਬੁਲਾਇਆ। ਖੈਰ ਉਹ ਸਾਰੇ ਪ੍ਰੋਗਰਾਮ ਤੇ ਆਏ ਤੇ ਮੈਨੂੰ ਲੱਗਿਆ ਅੱਜ ਇਹ ਪਾਪਾ ਜੀ ਦੇ ਪਿਆਰ ਸਦਕਾ ਹੀ ਆਏ ਹਨ। ਜਿਹੜੇ ਲੋਕ ਵਹਿਮ ਕਰਦੇ ਹਨ ਇਹ ਕਿਸੇ ਗਏ ਹੋਏ ਵਿਅਕਤੀ ਦੇ ਸੁਫ਼ਨੇ ਵਿਚ ਆਉਣ ਨੂੰ ਹੀ ਮਾੜਾ ਸਮਝਦੇ ਹਨ। ਪਰ ਮੈਨੂੰ ਹਮੇਸ਼ਾ ਮੇਰੇ ਮੰਮੀ ਪਾਪਾ ਸੁਫ਼ਨੇ ਵਿੱਚ ਆ ਕੇ ਕੋਈ ਨਾ ਕੋਈ ਮੱਤ ਹੀ ਦਿੰਦੇ ਹਨ। ਕਈ ਵਾਰੀ ਤਾਂ ਇਹ ਕਿਸੇ ਫਸੀ ਹੋਈ ਉਲਝਣ ਦਾ ਹੱਲ ਵੀ ਦੱਸ ਦਿੰਦੇ ਹਨ। ਇਸ ਤਰਾਂ ਆਪਣੇ ਤਾਂ ਆਪਣੇ ਹੀ ਹੁੰਦੇ ਹਨ।
#ਰਮੇਸ਼ਸੇਠੀਬਾਦਲ