ਘੁੱਦਾ ਸਿੰਘ ਨਾਮ ਦੇ ਚਰਚਿਤ ਨੌਜਵਾਨ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਹੈ ਤੇ ਇਹ ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਦਾ ਨਿਵਾਸੀ ਹੈ। ਉਂਜ ਕਹਿੰਦੇ ਘੁੱਦਾ ਪਿੰਡ ਵੀ ਬਾਬੇ ਘੁੱਦੇ ਨੇ ਵਸਾਇਆ ਸੀ ਤੇ ਸ਼ਾਇਦ ਇਸ ਵਿੱਚ ਵੀ ਉਸੇ ਬਾਬੇ ਦੀ ਆਤਮਾ ਹੈ।
ਅੰਮ੍ਰਿਤ ਪਾਲ ਓਦੋਂ ਪੰਦਰਾਂ ਸੋਲਾਂ ਸਾਲਾਂ ਦਾ ਮੁੱਛ ਫੁੱਟ ਗੱਬਰੂ ਹੀ ਸੀ ਜਦੋਂ ਇਹ ਪਹਿਲੀ ਵਾਰੀ ਮੈਨੂੰ ਮੇਰੇ ਦਫਤਰ ਵਿੱਚ ਮਿਲਣ ਆਇਆ। ਓਦੋਂ ਇਸਨੇ ਕਲਮ ਝਰੀਟਣੀ ਸ਼ੁਰੂ ਹੀ ਕੀਤੀ ਸੀ। ਮੇਰੀਆਂ ਵੀ ਦੋ ਚਾਰ ਕਹਾਣੀਆਂ ਹੀ ਅਖਬਾਰ ਵਿੱਚ ਆਈਆਂ ਸੀ। ਚਾਹੇ ਓਦੋਂ ਅੰਮ੍ਰਿਤ ਦਾ ਇਹ ਸ਼ੁਰੂਆਤੀ ਦੌਰ ਸੀ ਪਰ ਲਗਦਾ ਸੀ ਇਹ ਜ਼ਰੂਰ ਮਕਬੂਲ ਹੋਵੇਗਾ। ਕਿਸੇ ਨਾ ਕਿਸੇ ਖੇਤਰ ਵਿੱਚ ਨਾਮਣਾ ਖੱਟੇਗਾ। ਫਿਰ ਫਬ ਤੇ ਇਹ ਪੰਜਾਬੀ ਭਾਸ਼ਾ ਵਿੱਚ ਨਿਰੋਲ ਮਲਵਈ ਪੈਂਡੂ ਜੀਵਨ ਅਤੇ ਸਿੱਖ ਫਲਸਫੇ ਨੂੰ ਲਿਖਣ ਲੱਗਿਆਂ। ਇੱਕ ਵਿਸ਼ੇਸ਼ ਵਰਗ ਇਸ ਦੀਆਂ ਰਚਨਾਵਾਂ ਦਾ ਫ਼ੈਨ ਹੋ ਗਿਆ। ਇਹ ਆਪਣੇ ਜੀਵਨ ਅਤੇ ਆਸਪਾਸ ਦੀਆਂ ਘਟਨਾਵਾਂ ਨੂੰ ਹੂ ਬ ਹੂ ਲਿਖਣ ਲੱਗਿਆਂ। ਇਹ ਭਾਸ਼ਾ ਨਹੀਂ ਇੱਕ ਬੋਲ਼ੀ ਨੂੰ ਲਿਖਦਾ ਸੀ। ਇਸਨੇ ਆਪਣਾ ਇੱਕ ਬਲੌਗ ਵੀ ਬਣਾਇਆ ਹੋਇਆ ਹੈ ਤੇ ਯੂ ਟਿਊਬ ਚੈੱਨਲ ਵੀ। ਮੈਂ ਕੋਈ ਇਸਦੇ ਚੇੱਨਲ ਦੀ ਪ੍ਰੋਮੋਸ਼ਨ ਨਹੀਂ ਕਰਦਾ ਕਿ ਇਸ ਨੂੰ ਲਾਇਕ ਸ਼ੇਅਰ ਤੇ ਸਬਸਕਰਾਇਬ ਕਰੋ ਪਰ ਇਹ ਵੇਖਣ ਵਾਲੇ ਹੁੰਦੇ ਹਨ। ਬਾਰ ਬਾਰ ਵੇਖਣ ਨੂੰ ਦਿਲ ਕਰਦਾ ਹੈ ਤੇ ਲਿਖੇ ਨੂੰ ਪੜ੍ਹਨ ਨੂੰ ਵੀ।
ਪਤਾ ਨਹੀਂ ਕਿਵੇਂ ਇਸ ਨੂੰ ਉਦਾਸੀਆਂ ਕਰਨ ਦਾ ਖਿਆਲ ਆਇਆ ਤੇ ਉਹ ਵੀ ਸਾਈਕਲ ਤੇ। ਆਮ ਜਿਹੇ ਘਰ ਵਿੱਚ ਜੰਮਿਆ ਅੰਮ੍ਰਿਤ ਪਾਲ ਦੁਨੀਆਂ ਘੁੰਮਣ ਤੋਂ ਪਹਿਲਾਂ ਭਾਰਤ ਨੂੰ ਦੇਖਣਾ ਚਾਹੁੰਦਾ ਹੈ। ਜਿਹੋ ਜਿਹਾ ਇਹ ਆਪ ਹੈ ਓਹੋ ਜਿਹਾ ਹੀ ਇਸ ਨੂੰ ਬਲਦੇਵ ਸਿੰਘ ਨਾਮ ਦਾ ਸਾਥੀ ਮਿਲ ਗਿਆ। ਦੋਨਾਂ ਦੀ ਰਮਜ਼ ਮਿਲਦੀ ਹੈ। ਇਹਨਾਂ ਨੇ ਸ੍ਰੀ ਨਗਰ ਅਤੇ ਲੇਹ ਲਦਾਖ਼ ਨੂੰ ਸਾਈਕਲ ਦੇ ਟਾਇਰਾਂ ਨਾਲ ਰਗੜਿਆ ਤੇ ਫਿਰ ਤ੍ਰਿਪੁਰਾ ਆਸਾਮ ਨੂੰ ਮਿੱਧਣ ਲਈ ਚਾਲੇ ਪਾ ਦਿੱਤੇ। ਰੋਜ ਲਾਈਵ ਹੋ ਕੇ ਆਪਣੇ ਸਫ਼ਰ ਦੀ ਜਾਣਕਾਰੀ ਦੇਣਾ ਅੰਮ੍ਰਿਤ ਪਾਲ ਦੇ ਹਿੱਸੇ ਆਇਆ ਹੈ ਤੇ ਹੁੰਗਾਰਾ ਭਰਨਾ ਬਲਦੇਵ ਦੇ। ਹਜ਼ਾਰਾਂ ਲੋਕ ਅੱਜ ਦਾ ਬਲਾਗ ਦੇਖਕੇ ਅਗਲੇ ਦਿਨ ਦਾ ਬਲਾਗ ਦੇਖਣ ਦਾ ਇੰਤਜ਼ਾਰ ਕਰਦੇ ਹਨ। ਪੋੜੀ ਤੇ ਪੋੜੀ ਚੜ੍ਹਦਾ ਹੋਇਆ ਅੰਮ੍ਰਿਤ ਜਿਸ ਸਪੀਡ ਨਾਲ ਅੱਗੇ ਵੱਧ ਰਿਹਾ ਹੈ ਲਗਦਾ ਹੈ ਇਹ ਜਲਦੀ ਹੈ ਜਿੰਦਗੀ ਦੀ ਹਰ ਮੰਜਿਲ ਸਰ ਕਰ ਲਵੇਗਾ। ਤੋਰੇ ਫੇਰੇ ਆਲਾ ਕੀੜਾ ਇਸਨੂੰ ਕਦੇ ਟਿਕਣ ਨਹੀਂ ਦੇਵੇਗਾ। ਤੇ ਇਹ ਦਿੱਲੀ ਦੱਖਣ ਗਾਹੁਉਂਦਾ ਹੋਇਆ ਮਰੀਕਾ ਕਨੇਡਾ ਨੂੰ ਵੀ ਆਪਣੇ ਛਾਣਨੇ ਨਾਲ ਛਾਣ ਲਵੇਗਾ। ਕਿਸਾਨ ਅੰਦੋਲਨ ਵੇਲੇ ਵੀ ਇਸ ਨੇ ਸਿੰਗੂ ਬਾਰਡਰ ਟਿੱਕਰੀ ਬਾਰਡਰ ਨੂੰ ਬਠਿੰਡਾ ਬਣਾ ਦਿੱਤਾ ਸੀ। ਊਂ ਰਿੰਡੀ ਇੰਨਾ ਹੈ ਕਿ ਜਿਹੜੇ ਕੰਮ ਮਗਰ ਪੈ ਜੇ ਉਸਦਾ ਪੁਰਜਾ ਪੁਰਜਾ ਖੋਲ ਦਿੰਦਾ ਹੈ। ਪਤਾ ਨਹੀਂ ਇਸ ਨੂੰ ਕਿਸਨੇ ਪੰਜਾਬ ਪੰਜਾਬੀਅਤ ਤੇ ਪੈਂਡੂ ਵਿਰਸੇ ਦੀ ਗੁੜਤੀ ਦਿੱਤੀ ਹੈ।
ਮੈਂ ਇਸਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ