ਉਸ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਤਾਂ ਕਰਵਾ ਲਿਆ ਸੀ, ਬੇਸ਼ੱਕ ਦੋਨਾਂ ਦਾ ਆਪਸ ਵਿੱਚ ਪਿਆਰ ਵੀ ਬਹੁਤ ਸੀ, ਪਰ ਵਿਆਹ ਨੂੰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਨਾ ਤਾਂ ਆਪਣੇ ਸਹੁਰਿਆਂ ਨਾਲ ਫ਼ੋਨ ਤੇ ਗੱਲ-ਬਾਤ ਕਰਨੀ ਪਸੰਦ ਕਰਦਾ ਸੀ ਤੇ ਨਾ ਹੀ ਓਹਨਾਂ ਦਾ ਆਉਣਾ ਜਾਣਾ। ਜਦੋਂ ਉਹ ਕੁੜੀ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਗਿਆ ਕੁੱਝ ਦਿਨ ਤਾਂ ਬਹੁਤ ਵਧੀਆ ਨਿੱਕਲੇ,ਫਿਰ ਉਸ ਕੁੜੀ ਨੂੰ ਓਥੇ ਸਾਰੇ ਹੀ ਪਰਖਣ ਵਾਲੇ ਮਿਲੇ ਸਮਝਣ ਵਾਲਾ ਕੋਈ ਵੀ ਨਹੀਂ ਸੀ। ਮੁੰਡੇ ਨੇ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਕਿਹਾ ਸੀ ਆਪਣੇ ਵਿਆਹ ਤੋਂ ਬਾਅਦ ਤੇਰੇ ਘਰਦੇ ਸਾਡੇ ਘਰ ਕਦੇ ਨਹੀਂ ਆਉਣਗੇ, ਕਮਲ਼ੀ ਕੁੜੀ ਨੇ ਹਾਮੀ ਭਰ ਦਿੱਤੀ ਕਿਉਂਕਿ ਲਵ-ਮੈਰਿਜ ਸੀ ਕੁੜੀ ਨੇ ਸੋਚਿਆ ਹੋਣਾ ਬਾਅਦ ਚ ਸਭ ਠੀਕ ਹੋ ਜਾਂਦਾ ਹੁੰਦਾ।ਹਾਂ ਪਰ ਕੁੜੀ ਨੂੰ ਸਹੁਰੇ ਘਰ ਜਾਣ ਪਿੱਛੋਂ ਇਹ ਅਹਿਸਾਸ ਹੋਇਆ ਜੇ ਕੁੜੀ ਦੇ ਪੇਕੇ ਕੁੜੀ ਨੂੰ ਦਾਜ ਦਹੇਜ ਜਾਂ ਹੋਰ ਤਿੱਥ-ਤਿਉਹਾਰ ਨਾ ਦੇਣ ਆਉਣ ਜਾਂ ਫਿਰ ਕਿਸੇ ਦੁੱਖ-ਸੁੱਖ ਵਿੱਚ ਨਾ ਆ ਸਕਣ ਤਾਂ ਕਿੰਨੀਆਂ ਗੱਲਾਂ ਤੇ ਤਾਹਨੇ ਮਿਹਣੇ ਸੁਣਨੇ ਪੈਂਦੇ ਨੇ।ਘਰ ਵਿੱਚ ਨਿੱਕੀ ਮੋਟੀ ਲੜਾਈ ਹੋਣ ਤੇ ਉਸਦੇ ਪਤੀ ਨੇ ਵੀ ਜਦੋ ਉਸਨੂੰ ਘਰੋਂ ਨਿੱਕਲਣ ਲਈ ਕਹਿ ਦੇਣਾ ਤਾਂ ਕੁੜੀ ਨੂੰ ਬਹੁਤ ਪਛਤਾਵਾ ਹੁੰਦਾ ਆਪਣੇ ਵਿਆਹ ਤੋ ਪਹਿਲਾਂ ਕੀਤੇ ਪੇਕਿਆਂ ਨਾਲ ਨਾ ਵਰਤਣ ਵਾਲੇ ਵਾਅਦੇ ਤੇ।ਉਹ ਕਿਸੇ ਨੂੰ ਦੱਸ ਵੀ ਨਹੀ ਸੀ ਸਕਦੀ। ਆਪਣੇ ਪਤੀ ਨਾਲ ਕੀਤੇ ਇਸ ਵਾਅਦੇ ਤੇ ਪਛਤਾਉਣ ਤੇ ਉਸਦਾ ਦਿਲ ਕਰਦਾ ਕਿ ਉਹ ਮਰ ਜਾਵੇ। ਉਸਦਾ ਪਤੀ ਆਪ ਤਾਂ ਚਾਹੁੰਦਾ ਸੀ ਕਿ ਉਸਦੀ ਪਤਨੀ ਸਾਰੇ ਹੀ ਪਰਿਵਾਰਕ ਮੈਂਬਰਾ ਦੀ ਦਿਲੋਂ ਇੱਜ਼ਤ ਕਰੇ ਤੇ ਆਪ ਉਸਦੇ ਘਰਦਿਆਂ ਦਾ ਫੋਨ ਉਸ ਕੋਲ ਆਉਣ ਤੇ ਦੁਖੀ ਹੋ ਜਾਂਦਾ ਸੀ, ਫਿਰ ਜਦੋਂ ਉਸਦੀ ਪਤਨੀ ਨੂੰ ਪਤਾ ਲੱਗਾ ਕਿ ਮੇਰੇ ਪਤੀ ਨੂੰ ਮੇਰਾ ਪੇਕਿਆਂ ਨਾਲ ਗੱਲ ਕਰਨਾ ਵੀ ਚੰਗਾ ਨਹੀਂ ਲੱਗਦਾ ਤਾਂ ਉਹ ਪਤੀ ਦੀ ਗੈਰਹਾਜ਼ਰੀ ਚ ਆਪਣੇ ਮਾਪਿਆ ਨਾਲ ਗੱਲ ਕਰਨ ਲੱਗ ਗਈ। ਤਿਉਹਾਰ ਆਉਣ ਤੇ ਉਹ ਉਦਾਸ ਹੋ ਜਾਂਦੀ ਕਿ ਹੁਣ ਫੇਰ ਮੰਮੀ ਡੈਡੀ ਤਿਉਹਾਰ ਦੇਣ ਬਾਰੇ ਪੁੱਛਣਗੇ ਕਿ ਕਦੋਂ ਆਈਏ ਇਸ ਵਾਰ ਕੀ ਬਹਾਨਾ ਲਗਾਉਂਗੀ ਹਰ ਵਾਰ ਕਿਵੇਂ ਮਨਾਂ ਕਰਾਂ ਕਿ ਨਾ ਆਇਓ। ਮਾਂ ਬਾਪ ਵੀ ਸੋਚਦੇ ਵੀ ਕੁੜੀ ਹਰ ਵਾਰ ਕਿਉਂ ਮਨਾਂ ਕਰ ਦਿੰਦੀ ਆ ਆਉਣ ਜਾਣ ਬਾਰੇ ਤੇ ਸਹੁਰਿਆਂ ਅੱਗੇ ਜਿਹੜਾ ਸਿਰ ਨੀਵਾਂ ਹੁੰਦਾ ਸੀ ਉਹ ਅਲੱਗ।
ਮੈਨੂੰ ਸਮਝ ਨਹੀਂ ਆਉਂਦੀ ਕਿ ਇੱਦਾਂ ਕਿਉਂ ਹੁੰਦਾ ਜਦੋਂ ਇੱਕ ਕੁੜੀ ਤੇ ਮੁੰਡੇ ਦਾ ਵਿਆਹ ਹੁੰਦਾ ਤਾਂ ਮੁੰਡੇ ਵਾਲਿਆਂ ਨੂੰ ਕੁੜੀ ਵਾਲੇ ਪਰਿਵਾਰ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਜਿਵੇਂ ਕਿ ਦਾਜ ਦਹੇਜ ਜਾਂ ਪੈਸੇ ਟਕੇ ਦੀ ਤੇ ਸਭ ਤੋਂ ਵੱਡੀ ਉਮੀਦ ਆਪਣੇ ਖ਼ਾਨਦਾਨ ਦਾ ਵਾਰਿਸ ਮਿਲਣ ਦੀ ਆਸ। ਉੱਥੇ ਹੀ ਕੁੜੀ ਵਾਲੇ ਵਿਚਾਰੇ ਸਿਰਫ਼ ਦੇਣ ਨੂੰ ਹੀ ਹੁੰਦੇ ਨੇ ਇੰਨਾਂ ਕੁੱਝ ਦੇਕੇ ਵੀ ਉਨ੍ਹਾਂ ਦਾ ਸਿਰ ਹਮੇਸ਼ਾਂ ਨੀਂਵਾਂ ਹੀ ਰਹਿੰਦਾ ਮੁੰਡੇ ਦੇ ਪਰਿਵਾਰ ਅੱਗੇ।ਜੇ ਕੁੜੀ ਦੇ ਮਾਪਿਆਂ ਨੂੰ ਕੋਈ ਆਸ ਹੁੰਦੀ ਵੀ ਹੈ ਤਾਂ ਸਿਰਫ ਐਨੀ ਕਿ ਸਾਡਾ ਜਵਾਈ ਸਾਨੂੰ ਪਿਆਰ ਤੇ ਇੱਜ਼ਤ ਨਾਲ ਗੱਲ ਕਰੇ ਤੇ ਜਿੰਦਗੀ ਭਰ ਮਿਲੇ ਵਰਤੇ।ਕੁੱਝ ਲੋਕ ਇੱਜ਼ਤ ਵੀ ਨਹੀ ਦੇ ਸਕਦੇ ਆਪਣੇ ਸਹੁਰਿਆਂ ਨੂੰ।”ਕਿਸੇ ਨੇ ਸਹੀ ਕਿਹਾ ਜੇਕਰ ਕੁੜੀ ਦੇ ਘਰਦਿਆਂ ਨੂੰ ਜਵਾਈ ਇੱਜ਼ਤ ਦੇਣ ਵਾਲਾ ਮਿਲ ਜਾਵੇ ਤਾਂ ਉਹਨਾਂ ਨੂੰ ਇੱਕ ਪੁੱਤ ਹੋਰ ਮਿਲ ਜਾਂਦਾ ਤੇ ਜੇ ਕਹਾਣੀ ਦੇ ਪਾਤਰ ਵਰਗਾ ਮਿਲੇ ਤਾਂ ਮਾਪਿਆਂ ਦੀ ਧੀ ਵੀ ਗੁਆਚ ਜਾਂਦੀ ਆ”
ਇਹੋ ਜਿਹੀਆਂ ਕੁੜੀਆਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਆ ਫਿਰ ਭਾਵੇਂ ਉਸਦਾ ਪਤੀ ਉਹਨੂੰ ਕਿੰਨਾ ਵੀ ਪਿਆਰ ਕਿਉਂ ਨਾ ਕਰਦਾ ਹੋਵੇ ਜਾਂ ਉਸ ਆਪਣੇ ਸਹੁਰੇ ਘਰ ਕਿੰਨੀ ਵੀ ਸੌਖੀ ਕਿਉਂ ਨਾ ਹੋਵੇ। ਸਹੁਰਾ ਪਰਿਵਾਰ ਇੱਕ ਇਹੋ ਜਿਹੀ ਥਾਂ ਹੈ ਜਿੱਥੇ ਉਹ ਇਹੋ ਜਿਹੀਆਂ ਗੱਲਾਂ ਕਿਸੇ ਨਾਲ ਵੀ ਸਾਂਝੀਆਂ ਨਹੀ ਕਰ ਸਕਦੀਆ, ਤੇ ਇਹ ਕੁੜੀ ਨਾ ਤਾਂ ਆਪਣੇ ਪਤੀ ਨਾਲ ਪੇਕਿਆਂ ਦੇ ਆਉਣ ਜਾਣ ਬਾਰੇ ਕੋਈ ਗੱਲ ਕਰ ਸਕਦੀ ਸੀ ਨਾ ਸਹੁਰੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨਾਲ ਤੇ ਪੇਕਿਆਂ ਨਾਲ ਤਾਂ ਬਿਲਕੁਲ ਵੀ ਨਹੀ।ਬੱਸ ਇਸਦੇ ਪੱਲੇ ਸਿਰਫ ਪਛਤਾਵਾ ਹੀ ਰਹਿਣਾ ਸਾਰੀ ਉਮਰ, ਪਤੀ ਨਾਲ ਕੀਤੇ ਵਾਅਦੇ ਦਾ☹️।