ਸਮਾਗਮ ਲੰਘ ਗਿਆ..ਅਣਗਿਣਤ ਕੈਮਰੇ..ਖਬਰਾਂ..ਚੈਨਲ..ਰੀਲਾਂ..ਸਟੇਟਸ..ਖਾਣੇ..ਪੋਸ਼ਾਕਾਂ..ਨਾਚ ਗਾਣੇ..ਅੱਸੀ ਕਰੋੜ ਦੀ ਘੜੀ..ਪ੍ਰਾਈਵੇਟ ਜੈਟ..ਅਰਬਾਂ ਖਰਬਾਂ ਦੀਆਂ ਗੱਲਾਂ..ਮੈਨੂੰ ਨੀ ਬੁਲਾਇਆ..ਉਸਨੂੰ ਕਿਓਂ..ਮੈਂ ਬਿਮਾਰ ਸਾਂ ਵਰਨਾ..ਕੁਝ ਲਈ ਅੰਗੂਰ ਖੱਟੇ..ਪੱਗ ਕੁੜਤੇ ਪ੍ਰਚਾਰ..ਠੁਮਕੇ..ਭੁੰਜੇ ਬੈਠੇ ਸਿਲੇਬ੍ਰਿਟੀ..ਸਾਫ਼ੇ ਪਾ ਕੇ ਨੱਚਦੇ 3 ਅਖੌਤੀ ਦਿੱਗਜ..ਵਕਤੀ ਰੰਗ ਤਮਾਸ਼ੇ..ਹੋ ਹੱਲਾ..ਚੜਾਈਆਂ ਉਤਰਾਈਆਂ..ਅੱਜ ਮੈਂ ਅੱਗੇ..ਕੱਲ ਉਹ..ਪਰਸੋਂ ਕੋਈ ਤੀਜਾ..ਚੌਥ ਕੋਈ ਹੋਰ..ਗਧੀ ਗੇੜ..ਫਿਕਰ ਮੰਦੀਆਂ..ਢਲਦੇ ਸੂਰਜ ਦੀਆਂ..ਨਵਾਂ ਕਿਓਂ ਚੜ ਆਇਆ..ਟੈਨਸ਼ਨ ਝੁਰੜੀਆਂ ਦੀ..ਬਨਾਉਟੀ ਕਾਲੇ..ਕੁਦਰਤੀ ਚਿੱਟੇ..ਥਿੜਕਦਾ ਸੁਹੱਪਣ..ਬੈੰਕ ਬੈਲੇਂਸ..ਪੁੱਛਗਿੱਛ..ਬੁਲਾਵੇ..ਲਾਈਮ ਲਾਈਟਾਂ..ਅਤੇ ਅਖੀਰ ਵਿਚ ਹੱਥ ਨਾ ਆਇਆ ਥੂ ਕੌੜੀ..!
ਪਰ ਇੱਕ ਗੱਲ ਸਾਫ..ਇਸ ਜਹਾਨ ਵਿਚ ਹਰੇਕ ਸੇਰ ਨੂੰ ਕਦੇ ਨਾ ਕਦੇ ਸਵਾ ਸੇਰ ਟੱਕਰਦਾ ਹੀ ਟੱਕਰਦਾ..!
ਨਿੱਕੇ ਹੁੰਦਿਆਂ ਮੈਨੂੰ ਪੱਲੀ ਦਾਤਰੀ ਦੇ ਕੇ ਪੱਠੇ ਵੱਢਣ ਘੱਲਿਆ..ਰਾਹ ਵਿਚ ਵੱਡੀ ਬਰਾਤ ਢੁੱਕ ਰਹੀ ਸੀ..ਬਾਹਰੋਂ ਗਏ ਵੱਡੇ ਘਰਾਂ ਵਾਲਿਆਂ ਦੀ..ਵੇਖਣ ਖਲੋ ਗਿਆ..ਪੈਸਿਆਂ ਦੀ ਖੁੱਲੀ ਛੋਟ..ਇੱਕ ਰੁਪਈਆ ਮੇਰੇ ਐਨ ਸਾਮਣੇ ਆਣ ਡਿੱਗਾ..ਅਛੋਪਲੇ ਜਿਹੇ ਪੈਰ ਹੇਠ ਦੇ ਲਿਆ..ਬਰਾਤ ਅਗਾਂਹ ਤੁਰੇਗੀ ਚੁੱਕ ਲਵਾਂਗਾ..ਘੜੀ ਲੱਗ ਗਈ..ਪਿਤਾ ਜੀ ਆਉਂਦੇ ਦਿਸ ਪਏ..ਕੁੱਟ ਪੈਣੀ ਪੱਕੀ ਸੀ..ਡੰਗਰ ਜੂ ਭੁੱਖੇ ਸਨ..ਫੇਰ ਸਭ ਕੁਝ ਛੱਡ ਦੌੜ ਪਿਆ..ਕੁੱਟ ਤਾਂ ਵੀ ਪਈ..ਰੱਜ ਕੇ..ਨਾ ਮਾਇਆ ਮਿਲ਼ੀ ਨਾ ਰਾਮ..!
ਪਿਤਾ ਜੀ ਦੀ ਸਿਫਤ ਸੀ..ਦੱਸਦੇ ਜਰੂਰ ਸਨ ਕੇ ਕੁੱਟਿਆ ਕਿਓਂ..ਆਖਣ ਲੱਗੇ ਇਸ ਕਰਕੇ ਨਹੀਂ ਕੇ ਤੂੰ ਓਥੇ ਖਲੋ ਗਿਆ..ਇਸ ਕਰਕੇ ਪਈ ਕੇ ਤੂੰ ਉਸ ਦੁਨੀਆ ਵਿਚ ਗਵਾਚ ਗਿਆ ਸੈਂ ਜਿਹੜੀ ਸਾਡੀ ਹੈ ਹੀ ਨਹੀਂ..!
ਅੱਜ ਵੀ ਗਵਾਚੇ ਹੋਏ ਹਾਂ..ਇਸੇ ਬਹਿਸ ਵਿਚ ਕੇ ਸ਼ਾਇਦ ਪੈਰ ਹੇਠ ਦਿੱਤਾ ਕਦੇ ਚੁੱਕਣ ਦਾ ਮੌਕਾ ਮਿਲ ਹੀ ਜਾਵੇ..!
ਹਰਪ੍ਰੀਤ ਸਿੰਘ ਜਵੰਦਾ