ਸੁਖਜਿੰਦ ਅਤੇ ਜੋਤ ਦੋਵੇ ਇੱਕ ਹੀ ਯੂਨੀਵਰਸਿਟੀ ਵਿੱਚ ਪੜਦੇ ਸੀ। ਭਾਂਵੇ ਉਹ ਯੂਨੀਵਰਸਿਟੀ ਵਿੱਚ ਅਲੱਗ -ਅਲੱਗ ਵਿਭਾਗ ਵਿੱਚ ਸੀ। ਪਰ ਦੋਵੇ ਖੇਡ ਦੇ ਖੇਤਰ ਵਿੱਚ ਹੋਣ ਕਰਕੇ ਥੋੜਾ ਬਹੁਤਾ ਇੱਕ ਦੂਜੇ ਨੂੰ ਜਾਣਦੇ ਸੀ। ਉਹਨਾਂ ਵਿੱਚ ਕੋਈ ਆਪਸ ਵਿੱਚ ਦੋਸਤੀ ਜਾਂ ਕੋਈ ਗੱਲ ਬਾਤ ਨਹੀ ਸੀ ਬਸ ਜਾਣਦੇ ਹੀ ਸੀ।ਪਰ ਜਿੰਦ ਨੇ ਜਦੋਂ ਦਾ ਜੋਤ ਨੂੰ ਦੇਖਿਆ ਸੀ ਉਸ ਸਮੇਂ ਤੋਂ ਹੀ ਉਸ ਲਈ ਇੱਕ ਅਲੱਗ ਜਿਹੀ ਭਾਵਨਾਂ ਉਸ ਦੇ ਦਿਲ ਵਿੱਚ ਆ, ਗਈ ਸੀ। ਪਰ ਜਿੰਦ ਨੇ ਕਦੇ ਵੀ ਇਹ ਕਹਿ ਨਹੀ ਸਕਿਆ।ਯੂਨੀਵਰਸਿਟੀ ਦੀ ਪੜਾਈ ਖਤਮ ਹੋਈ। ਮੁੜ ਕੇ ਦੋਵੇ ਇੱਕ ਦੂਜੇ ਨੂੰ, ਕਦੇ ਨਹੀ ਮਿਲੇ। ਜੋਤ ਦੀ ਜਿੰਦਗੀ ਵਿੱਚ ਕੋਈ ਹੋਰ ਤਰਜਿੰਦਰ ਆ ਗਿਆ ਸੀ। ਜੋਤ ਉਸ ਨੂੰ ਬਹੁਤ ਪਿਆਰ ਕਰਦੀ ਸੀ, ਉਸ ਨਾਲ ਹੀ ਜਿੰਦਗੀ ਜਿਊਣੀ ਜੋਤ ਦਾ ਸੁਪਨਾ ਬਣ ਗਿਆ। ਤਰਜਿੰਦਰ ਨਾਲ ਜੋਤ ਦਾ ਰਿਸ਼ਤਾ ਪੰਜ ਸਾਲ ਤੱਕ ਰਿਹਾ, ਜਦੋਂ ਜੋਤ ਨੇ ਤਰਜਿੰਦਰ ਨੂੰ ਵਿਆਹ ਦਾ ਜ਼ੋਰ ਪਾਇਆ ਤਾਂ ਉਹਨਾਂ ਵਿੱਚ ਆਪਸ ਵਿੱਚ ਲੜਾਈ ਹੋਣ ਲੱਗ ਪਈ, ਲੜਾਈ ਦਾ ਬਹਾਨਾ ਬਣਾ ਕੇ ਤਰਜਿੰਦਰ ਉਸ ਤੋਂ ਦੂਰ ਹੋ ਗਿਆ ਬਿਨਾਂ ਕੁਝ ਦੱਸੇ ਪੁੱਛੇ। ਤਰਜਿੰਦਰ ਬਿਲਕੁਲ ਨਿਰਾਸ਼ ਤੇ ਟੁੱਟ ਚੁੱਕੀ ਸੀ ਉਸ ਨੂੰ ਕਿਸੇ ਤੇ ਵੀ ਵਿਸਵਾਸ ਨਾ ਰਿਹਾ।
ਜੋਤ ਨੂੰ ਇਸ ਤਰਾਂ ਟੁੱਟਦੀ ਦੇਖ ਉਸ ਦੀ ਇੱਕ ਫਰੈਂਡ ਨੇ ਸਲਾਹ ਦਿੱਤੀ ਕਿ ਤੂੰ ਸ਼ੋਸ਼ਲ ਮੀਡੀਅਾ ਵੱਲ ਧਿਆਨ ਦੇ, ਸ਼ਾਇਦ ਤੇਰਾ ਦਿਲ ਬਦਲ ਜਾਵੇ ਤੂੰ ਇੰਝ ਕਰ ਤੂੰ ਫੇਸਬੁੱਕ ਆਈ ਡੀ ਬਣਾ ਤੇ ਵਰਤ, ਇਹ ਜੋਤ ਦੀ ਫਰੈਂਡ ਨੇ ਕਿਹਾ। ਜੋਤ ਨੇ ਵੀ ਸਲਾਹ ਮੰਨੀ ਤੇ ਫੇਸਬੁੱਕ ਆਈ ਡੀ ਚਲਾਈ ਜਿਸ ਨਾਲ ਉਸ ਨੂੰ ਯੂਨੀਵਰਸਿਟੀ ਦੇ ਦੋਸਤ ਮਿਲੇ ਜਿਹਨਾਂ ਨੂੰ ਉਹ ਬਹੁਤ ਪਹਿਲਾਂ ਛੱਡ ਚੁੱਕੀ ਸੀ ਪਰ ਇੱਕ ਤਰਜਿੰਦਰ ਲਈ ਕਿਉਕਿ ਤਰਜਿੰਦਰ ਨੇ ਉਸ ਨੂੰ ਕਿਸੇ ਵੀ ਕਾਲਜ ਯੂਨੀਵਰਸਿਟੀ ਦੋਸਤ ਨਾਲ ਗੱਲ ਕਰਨ ਤੋਂ ਰੁਕਿਆ ਸੀ। ਪਰ ਹੁਣ ਜੋਤ ਸਭ ਦੋਸਤਾਂ ਨੂੰ ਫੇਸਬੁੱਕ ਤੇ ਮਿਲੀ ਤੇ ਉਹਨਾ ਨਾਲ ਗੱਲ ਕਰਨ ਲੱਗ ਪਈ।
ਜੋਤ ਨੂੰ ਹਰ ਰੋਜ਼ ਨਵੇਂ ਨਵੇਂ ਦੋਸਤਾ ਦੀ ਫਰੈਂਡ ਬੇਨਤੀਆਂ (request ) ਆਉਦੀਆਂ। ਜੋਤ ਕਦੇ ਕਿਸੇ ਨੂੰ ਐਡ ਕਰ ਲੈਂਦੀ ਤੇ ਕਦੇ ਨਹੀ ਕਰਦੀ। ਉਸ ਨੂੰ ਕਿਸੇ “ਕਿਸਮਤ ਮਾਰੇ ” ਨਾਮ ਤੋ ਫਰੈਂਡ ਰਿਕਵਿਸਟ (request) ਆਈ । ਜੋਤ ਨੇ ਉਸ ਦੀ ਆਈ ਡੀ ਵਿੱਚ ਵਿਜਟ ਕਰਕੇ ਦੇਖਿਆ ਕਿ ਇਸ ਤਰਾਂ ਦੇ ਨਾਮ ਵਾਲ ਇਨਸਾਨ ਕੌਣ ਹੋ ਸਕਦਾ। ਜਦੋ ਜੋਤ ਨੇ ਉਸ ਦੀ ਆਈ ਡੀ ਦੇਖੀ ਤਾਂ ਇਸ ਵਿੱਚ ਬਹੁਤ ਹੀ ਉਦਾਸ ਪੋਸਟਾਂ ਸੀ ਜੋ ਜੋਤ ਨੂੰ ਬਹੁਤ ਪੰਸਦ ਆਇਆ, ਜੋਤ ਨੇ ਕੁਝ ਪੋਸਟਾਂ ਆਪਣੀ ਆਈ ਡੀ ਵਿੱਚ ਸ਼ੇਅਰ ਕੀਤੀਆ, ਪਰ ਉਸ ਇਨਸਾਨ ਨੂੰ ਐਡ ਨਹੀ ਕੀਤਾ, ਪਰ ਰੋਜ ਉਸ ਦੀ ਆਈ ਡੀ ਤੇ ਜਾਂਦੀ ਤੇ ਪੋਸਟ ਦੇਖਦੀ। ਇਸ ਤਰਾ ਕਰਦਿਆਂ ਜੋਤ ਨੂੰ ਇੱਕ ਮਹੀਨੇ ਤੋਂ ਜਿਆਦਾ ਹੋ ਗਿਆ ਸੀ। ਹੁਣ ਜੋਤ ਉਸ ਇਨਸਾਨ ਨਾਲ ਗੱਲ ਕਰਨਾ ਚਾਹੁੰਦੀ ਸੀ ਇਸ ਦੀਆ ਪੋਸਟਾਂ ਉਸ ਦਾ ਦਿਲ ਛੋਹ ਲੈਂਦੀਆ ਸੀ, ਇਸ ਲਈ ਜੋਤ ਨੇ ਉਸ ਨੂੰ ਐਡ ਕਰ ਲਿਆ। ਐਡ ਕਰਨ ਤੋਂ ਬਾਅਦ ਥੋੜੀ ਥੋੜੀ ਗੱਲ ਸ਼ੁਰੂ ਹੋਈ।
ਸਤਿ ਸ੍ਰੀ ਅਕਾਲ ਜੀ, ਕਿਵੇ ਹੋ ਕੀ ਕਰਦੇ, ਕਿਥੋ ਹੋ, ਇਹਨਾ ਗੱਲਾਂ ਤੋਂ ਦੋਹਾਂ ਦੀਆਂ ਗੱਲਾ ਸ਼ੁਰੂ ਹੋ ਗਈਆਂ। ਪਰ ਜੋਤ ਨੇ ਉਸ ਦਾ ਨਾਮ ਨਹੀ ਪੁੱਛਿਆ ਪਰ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆ। ਜੋਤ ਨੇ ਉਸ ਕਿਸਮਤ ਮਾਰੇ ਨੂੰ ਪੁੱਛਿਆ ਕਿ ਤੁਸੀਂ ਇੰਨਾ ਉਦਾਸ ਕਿਓ ਲਿਖਦੇ ਹੋ, ਪਰ ਜੋ ਵੀ ਲਿਖਦੇ ਹੋ ਮੈਨੂੰ ਬਹੁਤ ਪੰਸਦ ਆਉਦਾਂ ਹੈ। ਕਿਸਮਤ ਮਾਰੇ ਨੇ ਜਵਾਬ ਦਿੱਤਾ , ” ਤੁਹਾਨੂੰ ਇੰਨੇ ਉਦਾਸ ਪੋਸਟ ਕਿਓ ਪਸੰਦ ਆਉਦੀਆਂ ਹਨ। ਜੋਤ ਨੇ ਆਪਣੀ ਜਿੰਦਗੀ ਵਾਰੇ ਦੱਸ ਦਿੱਤਾ ਉਸ ਨਾਲ ਕਿਵੇ ਧੋਖਾ ਹੋਇਆ। ਕਿਸਮਤ ਮਾਰੇ ਨੇ ਜੋਤ ਨੂੰ ਬਹੁਤ ਸਮਝਾਇਆ ਕਿ ਇਸ ਤਰਾਂ ਕਿਸੇ ਕਾਰਨ ਉਦਾਸ ਨਹੀ ਹੁੰਦੇ, ਵਾਹਿਗੁਰੂ ਜੀ ਤੇਰੇ ਵਾਰੇ ਕੁਝ ਚੰਗਾ ਸੋਚਿਆ ਹੋਣਾ ਸ਼ਾਇਦ ਤਾਂ ਇਸ ਤਰਾਂ ਹੋਇਆ। ਜੋਤ ਕੁਝ ਹੀ ਦਿਨਾਂ ਵਿੱਚ ਉਸ ਨਾਲ ਹਰ ਗੱਲ ਸਾਂਝੀ ਕਰਨ ਲੱਗ ਗਈ। ਕਿਸਮਤ ਮਾਰਾ ਵੀ ਜੋਤ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ।
ਉਹਨਾਂ ਨੂੰ, ਆਪਸ ਵਿੱਚ ਗੱਲਾਂ ਕਰਦੇ ਤਿੰਨ ਮਹੀਨੇ ਹੋ ਗਏ। ਉਹ ਕਾਫੀ ਵਧੀਆ ਦੋਸਤ ਬਣ ਗਏ ਸੀ। ਫੇਸਬੁੱਕ ਤੋਂ ਬਿਨਾ ਉਹਨਾਂ ਨੇ ਇੱਕ ਦੂਜੇ ਨੂੰ ਆਪਣੇ ਵੈਟਸਅੱਪ ਨੰਬਰ ਦਿੱਤੇ। ਜਦੋਂ ਉਹਨਾ ਵੈਟਸਅੱਪ ਨੰਬਰ ਲਏ ਤਾਂ ਜੋਤ ਨੇ ਉਸ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੁਖਜਿੰਦ ਦੱਸਿਆ। ਫਿਰ ਵੀ ਉਹ ਜਿਆਦਾ ਫੇਸਬੁੱਕ ਤੇ ਹੀ ਗੱਲ ਕਰਦੇ।
ਹੁਣ ਜੋਤ ਨੂੰ ਸੁਖਜਿੰਦ ਦੀ ਜਿੰਦਗੀ ਵਾਰੇ ਜਾਣਨ ਲੱਗ ਗਈ। ਉਹ ਕਿਥੋ ਹੈ ਕਿਥੋ ਪੜਾਈ ਕੀਤੀ। ਸੁਖਜਿੰਦ ਨੇ ਸਭ ਕੁਝ ਦੱਸ ਦਿੱਤਾ ਤੇ ਜੋਤ ਨੂੰ ਪਤਾ ਲੱਗਿਆ ਕਿ ਉਹ ਯੂਨੀਵਰਸਿਟੀ ਵਿੱਚ ਉਸ ਨੂੰ ਖੇਡਾਂ ਦੇ ਸਮੇਂ ਵਿੱਚ ਦੇਖਿਆ ਹੋਇਆ ਹੈ। ਉਸ ਨੇ ਸੁਖਜਿੰਦ ਤੋਂ ਪੁੱਛਿਆ ਤੁਸੀ ਮੈਨੂੰ ਖੇਡਾ ਦੇ ਦੌਰਾਨ ਦੇਖਿਆ ਕਦੇ ? ਯੁਨੀਵਰਸਿਟੀ ਵਿੱਚ ਤਾਂ ਉਸ ਨੇ ਕਿਹਾ ਬਹੁਤ ਵਾਰ ਫਿਰ ਦੋਵੇ ਹੱਸਣ ਲੱਗ ਪਏ।
ਸੁਖਜਿੰਦ ਜੋਤ ਨੂੰ ਪਿਆਰ ਕਰਦਾ ਸੀ ਪਰ ਕਹਿਣ ਤੋਂ ਡਰਦਾ ਸੀ ਕਿਉਕਿ ਜੋਤ ਉਸ ਨੂੰ ਹਰ ਵਾਰ ਕਹਿੰਦੀ ਕਿ ਉਹ ਤਰਜਿੰਦਰ ਤੋਂ ਬਿਨਾਂ ਹੋਰ ਕਿਸੇ ਨਾਲ ਜਿੰਦਗੀ ਸ਼ੁਰੂ ਕਰੇਗੀ ਤਾਂ ਉਸ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਣਾ। ਸੁਖਜਿੰਦ ਦੋਸਤੀ ਟੁੱਟਣ ਦੇ ਡਰ ਤੋਂ ਚੁੱਪ ਹੀ ਰਿਹਾ, ਪਰ ਜੋਤ ਦਾ ਬਹੁਤ ਖਿਆਲ ਰੱਖਦਾ। ਹਰ ਸਮੇਂ ਜੋਤ ਨਾਲ ਗੱਲ ਕਰਦਾ ਰਹਿੰਦਾ। ਜਦੋਂ ਕਿਤੇ ਮੇਸੈਜ ਕਰਨ ਵਿੱਚ ਲੇਟ ਹੋ ਜਾਂਦੀ ਤਾਂ ਉਸ ਨੂੰ ਬਹੁਤ ਫਿਕਰ ਹੋਣ ਲੱਗ ਜਾਂਦੀ।
ਜੋਤ ਵੀ ਸੁਖਜਿੰਦ ਨਾਲ ਜਿੰਨਾ ਸਮਾਂ ਗੱਲ ਨਾ ਕਰਦੀ ਆਪਣੀ ਦਿਨ ਦੀ ਸਾਰੀ ਗੱਲ ਨਾ ਦੱਸਦੀ ਤਾਂ ਉਸ ਨੂੰ ਚੈਨ ਵੀ ਨਾ ਆਉਦਾ। ਜੋਤ ਦੇ ਦਿਲ ਵਿੱਚ ਵੀ ਸੁਖਜਿੰਦ ਲਈ ਕੁਝ ਨਾ ਕੁਝ ਸੀ ਪਰ ਉਹ ਆਪਣੇ ਆਪ ਤੇ ਯਕੀਨ ਨਹੀ ਸੀ ਕਰ ਪਾਉਦੀਂ, ਕਿ ਉਸ ਨੂੰ ਸੁਖਜਿੰਦ ਨਾਲ ਪਿਆਰ ਹੈ ਪਰ ਹਰ ਵਾਰ ਕਹਿ ਦਿੰਦੀ ਦੋਸਤ ਹਾਂ।
ਸੁਖਜਿੰਦ ਨਾਲ ਕਿਸਮਤ ਮਾਰੇ ਆਈ ਡੀ ਵਿੱਚ ਕੁੜੀਆ ਵੀ ਐਡ ਸੀ, ਜੋ ਉਸ ਨਾਲ ਗੱਲ ਬਾਤ ਕਰ ਲੈਂਦੀਆ ਸੀ, ਪਰ ਉਹਨਾਂ, ਵਾਰੇ ਉਹ ਸਾਰਾ ਕੁਝ ਜੋਤ ਨੂੰ ਦੱਸਦਾ ਕਿ ਅੱਜ ਇਸ ਕੁੜੀ ਦਾ ਮੇਸੈਜ ਆਇਆ ਤੇ ਅੱਜ ਇਸ ਕੁੜੀ ਦਾ ਮੇਸੈਜ ਆਇਆ। ਜੋਤ ਇਹ ਸਭ ਸੁਣ ਕੇ ਬਹੁਤ ਲੜਾਈ ਕਰਦੀ, ਉਸ ਨੂੰ ਕਹਿੰਦੀ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਉਹਨਾਂ ਨਾਲ ਹੀ ਗੱਲ ਕਰੋ। ਇਸ ਗੱਲ ਨੂੰ ਲੈ ਕੇ ਕਿੰਨੇ ਕਿੰਨੇ ਦਿਨ ਲੜਾਈ ਹੁੰਦੀ ਰਹਿੰਦੀ ਸੁਖਜਿੰਦ ਜੋਤ ਨੂੰ ਮਨਾਉਂਦਾ ਰਹਿੰਦਾ।
ਦੋਵੇ ਹੁਣ ਫੇਸਬੁੱਕ, ਵੈਸਟਅੱਪ ਤੋਂ ਬਿਨਾਂ ਫੋਨ ਤੇ ਵੀ ਗੱਲ ਕਰਦੇ। ਜੋਤ ਬਿਮਾਰ ਹੋ ਗਈ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਸੁਖਜਿੰਦ ਨਾਲ ਗੱਲ ਨਹੀ ਹੋਈ। ਉਹ ਸਿੱਧਾ ਫੋਨ ਵੀ ਨਹੀ ਕਰ ਸਕਦਾ ਸੀ ਸ਼ਾਇਦ ਕੋਈ ਪਰੋਬਲਮ ਨਾ ਹੋ ਜਾਵੇ। ਉਹਨਾਂ ਦੋਵਾਂ ਦੀ ਇੱਕ ਕੋਮਨ ਫਰੈਂਡ ਜਸ ਸੀ, ਸੁਖਜਿੰਦ ਨੇ ਉਸ ਦੀ ਮਦਦ ਲਈ ਤੇ ਜੋਤ ਨੂੰ ਫੋਨ ਕਰਵਾਇਆ। ਜਦੋਂ ਜੱਸ ਨੇ ਫੋਨ ਕੀਤਾ ਤਾਂ ਜਸ ਨੂੰ, ਪਤਾ ਲੱਗਿਆ ਕਿ ਜੋਤ ਹਸਪਤਾਲ ਦਾਖਲ ਹੈ ਉਹ ਬਹੁਤ ਬਿਮਾਰ ਹੈ। ਜਸ ਨੇ ਪੁੱਛਿਆ ਕਿ ਉਹ ਕਿਸ ਹਸਪਤਾਲ ਦਾਖਲ ਹੈ।
ਜੋਤ ਦੇ ਘਰ ਵਾਲਿਆ ਨੇ ਸਭ ਕੁਝ ਦੱਸ ਦਿੱਤਾ ਪਰ ਉਹਨਾਂ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਮਿਲਨ ਲਈ ਸਮਾਂ ਹੈ। ਜੋਤ ਦੇ ਘਰ ਵਾਲਿਆ ਨਾਲ ਗੱਲ ਕਰਕੇ ਉਸ ਨੇ ਸਭ ਕੁਝ ਸੁਖਜਿੰਦ ਨੂੰ ਦੱਸ ਦਿੱਤਾ। ਸੁਖਜਿੰਦ ਬਿਨਾਂ ਕੁਝ ਸੋਚੇ ਸਮਝੇ 220 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਜੋਤ ਨੂੰ ਮਿਲਣ ਲਈ ਹਸਪਤਾਲ ਆ ਗਿਆ। ਪਰ ਹਸਪਤਾਲ ਆਕੇ ਉਸ ਨੇ ਸੋਚਿਆ ਕਿ ਉਹ ਜੋਤ ਨੂੰ ਕਿਵੇ ਮਿਲੂ ਉਹ ਉਸਦੇ ਘਰਦਿਆਂ ਨੂੰ ਕੀ ਕਹੇਗਾ। ਇਹ ਸੋਚ ਉਹ ਹਸਪਤਾਲ ਤੋਂ ਬਾਹਰ ਆ, ਗਿਆ। ਉਹ ਕਾਫੀ ਸਮਾਂ ਹਸਪਤਾਲ ਤੋਂ ਬਾਹਰ ਖੜਾ ਸੋਚਦਾ ਰਿਹਾ। ਪਰ ਫਿਰ ਉਸ ਨੇ ਆਪਨੇ ਆਪ ਨੂੰ ਕਿਹਾ ਕਿ ਕੁਝ ਵੀ ਹੋ ਜਾਵੇ ਉਹ ਇੱਕ ਨਾ ਇੱਕ ਵਾਰ ਜੋਤ ਨੂੰ ਜ਼ਰੂਰ ਦੇਖ ਕੇ ਜਾਵੇਗਾ। ਇਸ ਲਈ ਉਸ ਨੇ ਇਕ ਹਸਪਤਾਲ ਵਿੱਚ ਕੰਮ ਕਰਨ ਵਾਲੇ ਨਾਲ ਗੱਲ ਕੀਤੀ ਤੇ ਉਸ ਨੂੰ ਸਾਰੀ ਗੱਲ ਦੱਸੀ ਕੇ ਉਸ ਨੇ ਵੀ ਉਸਦੀ ਮਦਦ ਕੀਤੀ। ਪਰ ਸੁਖਜਿੰਦ, ਨੇ ਉਸ ਸਟਾਫ ਮੈਬਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਵਾਰੇ ਜੋਤ ਨੂੰ ਪਤਾ ਨਾ ਲੱਗੇ ਮੈ ਕਿਥੋਂ ਹਾਂ। ਜੋਤ ਹਸਪਤਾਲ ਵਿੱਚ ੧੦ ਦਿਨ ਰਹੀ ਤੇ ਸੁਖਜਿੰਦ ਵੀ ਉਹ 10 ਦਿਨ ਹਸਪਤਾਲ ਵਿੱਚ ਹੀ ਰਿਹਾ ਦੂਰ ਤੋਂ ਹੀ ਰੋਜ਼ ਸੁਖਜਿੰਦ, ਜੋਤ ਨੂੰ ਦੇਖ ਲੈਂਦਾ।
ਜੋਤ ਜਦੋਂ ਘਰ ਗਈ ਤਾਂ ਉਸ ਨੇ ਸੁਖਜਿੰਦ ਨੂੰ ਫੋਨ ਕੀਤਾ ਤੇ ਉਸ ਨਾਲ ਲੜ ਪਈ ਕਿ ਇੰਨੇ ਦਿਨ ਗੱਲ ਨਹੀ ਹੋਈ ਤਾਂ ਤੁਸੀਂ ਵੀ ਕੋਈ ਮੇਸੈਜ ਫੋਨ ਨਹੀ ਕੀਤਾ। ਸੁਖਜਿੰਦ, ਨੇ ਜੋਤ ਨੂੰ ਦੱਸਿਆ ਨਹੀ ਸੀ ਕਿ ਉਹ ਹਸਪਤਾਲ ਵਿੱਚ ਹੀ ਸੀ।ਉਹ ਚੁੱਪ ਚਾਪ ਜੋਤ ਦੀਆ ਗੱਲਾਂ ਸੁਣੀ ਗਿਆ ਤੇ ਉਸ ਤੋਂ ਮੁਆਫੀ ਮੰਗੀ ਗਿਆ। ਕੁਝ ਦਿਨ ਜੋਤ ਸੁਖਜਿੰਦ ਨਾਲ ਲੜਦੀ ਰਹੀ, ਪਰ ਫਿਰ ਦੋਵੇ ਪਹਿਲਾਂ ਦੀ ਤਰਾਂ ਗੱਲਾਂ ਕਰਨ ਲੱਗ ਪਏ। ਪਰ ਸੁਖਜਿੰਦ ਰੋਜ਼ ਜੋਤ ਨੂੰ ਪੁੱਛਦਾ ਦਵਾਈ ਖਾਂਦੀ, ਜੋਤ ਦਾ ਬਹੁਤ ਖਿਆਲ ਰੱਖਦਾ।ਜੋਤ ਵੀ ਸੁਖਜਿੰਦ ਨਾਲ ਬਹੁਤ ਖੁਸ਼ ਸੀ, ਪਰ ਬੋਲ ਕੇ ਨਹੀ ਦੱਸਦੀ ਸੀ। ਸੁਖਜਿੰਦ ਨੂੰ ਵੀ ਕਿਤੇ ਨਾ ਕਿਤੇ ਪਤਾ ਲਗ ਗਿਆ ਸੀ ਜੋਤ ਦੇ ਦਿਲ ਉਸ ਲਈ ਪਿਆਰ ਹੈ, ਪਰ ਉਹ ਫਿਰ ਸੋਚਦਾ ਕਿ ਸਾਇਦ ਇਹ ਦੋਸਤੀ ਵੀ ਹੋ ਸਕਦੀ ਹੈ ।
ਜਸ ਸੁਖਜਿੰਦ ਨਾਲ ਫੋਨ ਤੇ ਬਹੁਤ ਗੱਲ ਕਰਦੀ ਰਹਿੰਦੀ ਸੀ , ਪਰ ਸੁਖਜਿੰਦ ਹਰ ਵਾਰ ਜੋਤ ਨੂੰ ਦੱਸ ਦਿੰਦਾ ਕਿ ਜਸ ਨੇ ਫੋਨ ਕੀਤਾ ਹੈ ਇੰਨਾ ਸਮਾਂ ਗੱਲਾਂ ਕਰਦੇ ਰਹੇ , ਇਹ ਗੱਲਾਂ ਕੀਤੀਆਂ ਹੈ। ਪਰ ਜਦੋਂ ਇਹ ਸਭ ਜੋਤ ਸੁਣਦੀ ਤਾਂ ਉਹ ਲਾਲ ਪੀਲੀ ਹੋ ਜਾਂਦੀ। ਜੋਤ ਦਾ ਸੁਭਾਅ ਬਹੁਤ ਗੁੱਸੇ ਵਾਲਾ ਸੀ, ਸ਼ਾਇਦ ਪਹਿਲੇ ਧੋਖੇ ਕਾਰਨ ਹੋ ਗਿਆ ਸੀ। ਜੋਤ ਨਿੱਕੀ ਨਿੱਕੀ ਗੱਲ ਤੇ ਸੁਖਜਿੰਦ, ਨਾਲ ਲੜਦੀ ਰਹਿੰਦੀ, ਪਰ ਗੱਲ ਘੁੰਮਾ ਕੇ ਜੱਸ ਤੇ ਲੈ ਆਉਦੀ। ਸੁਖਜਿੰਦ ਨੂੰ ਇਹ ਸਭ ਚੰਗਾ ਲੱਗਦਾ ਸੀ ਕਿ ਜੋਤ ਨੂੰ ਪਸੰਦ ਨਹੀ ਉਹ ਹੋਰ ਕੁੜੀ ਨਾਲ ਗੱਲ ਕਰੇ।
ਇੱਕ ਦਿਨ ਜਸ ਨੇ ਜੋਤ ਨੂੰ ਫੋਨ ਕੀਤਾ ਤੇ ਗੱਲਾਂ ਗੱਲਾਂ ਵਿੱਚ ਉਸ ਨੇ ਜੋਤ ਦੇ ਬਿਮਾਰ ਹੋਏ ਤੇ ਸੁਖਜਿੰਦ ਦਾ ਹਸਪਤਾਲ ਰਹਿਣ ਦਾ ਵੀ ਜਿਕਰ ਕਰ ਦਿੱਤਾ। ਇਹ ਸੁਣ ਜੋਤ ਨੇ ਫੋਨ ਕੱਟ ਦਿੱਤਾ ਤੇ ਸੁਖਜਿੰਦ ਨੂੰ ਫੋਨ ਲਾ ਲਿਆ ਤੇ ਉਸ ਤੋਂ ਸੱਚ ਪੁੱਛਣ ਲੱਗ ਗਈ। ਜਦੋਂ ਸੁਖਜਿੰਦ, ਨੇ ਸੱਚ ਦੱਸ ਦਿੱਤਾ ਜੋਤ ਰੋਣ ਵੀ ਲੱਗ ਪਈ ਤੇ ਸੁਖਜਿੰਦ ਨਾਲ ਲੜਾਈ ਕਰਨ ਲੱਗ ਪਈ। ਉਸ ਨੂੰ ਕਹਿਣ ਲੱਗ ਪਈ ਇਹ ਜਸ ਨੂੰ ਗੱਲ ਪਤਾ ਮੈਨੂੰ ਨਹੀ, ਇਸ ਦਾ ਮਤਲਬ ਜਸ ਬਹੁਤ ਖਾਸ ਤੁਹਾਡੇ ਲਈ। ਸੁਖਜਿੰਦ ਨੇ ਕਿਹਾ ਜੋਤ ਤੁਹਾਨੂੰ ਕਈ ਵਾਰ ਕਿਹਾ ਕਿ ਤੇਰੇ ਤੋਂ ਖਾਸ ਕੋਈ ਨਹੀ ਪਰ ਤੂੰ ਸਮਝਦੀ ਨਹੀ ।
ਜੋਤ ਇਸ ਲੜਾਈ ਵਿੱਚ ਆਪਣੇ ਦਿਲ ਦੀ ਗੱਲ ਸੁਖਜਿੰਦ ਨੂੰ ਦੱਸ ਬੈਠਦੀ ਹੈ। ਉਹ ਸੁਖਜਿੰਦ ਨੂੰ ਕਹਿੰਦੀ ਹੈ ਕਿ ਮੈਨੂੰ ਬਸ ਡਰ ਲੱਗਿਆ ਰਹਿੰਦਾ ਹੈ ਕਿ, ਤੁਸੀਂ ਕਿਸੇ ਹੋਰ ਨੂੰ ਆਪਣੀ ਜਿੰਦਗੀ ਵਿੱਚ ਖਾਸ ਨਾ ਬਣਾ ਲਓ। ਕੋਈ ਤੁਹਾਨੂੰ ਮੇਰੇ ਤੋਂ ਦੂਰ ਨਾ ਕਰ ਦੇਵੇ। ਇਸ ਲਈ ਮੈ ਤੁਹਾਨੂੰ ਰੋਕਦੀ ਹਾਂ ਹੋਰਾਂ ਨਾਲ ਗੱਲ ਕਰਨ ਤੋਂ। ਇਹ ਸੁਣ ਸੁਖਜਿੰਦ ਕਹਿੰਦਾ ਹੈ ਇਹ ਕਦੇ ਵੀ ਨਹੀ ਹੋ ਸਕਦਾ ਮੈ ਤੇਰੇ ਤੋਂ ਦੂਰ ਨਹੀ ਹੋ ਸਕਦਾ।
ਦੋਵੇ ਇੱਕ ਦੂਜੇ ਨਾਲ ਉਸ ਦਿਨ ਤੋਂ ਬਾਅਦ ਬਹੁਤ ਖੁਸ਼ ਹੀ ਦੋਵਾਂ ਨੇ ਇੱਕ ਦੂਜੇ ਨਾਲ ਆਪਣੇ ਪਿਆਰ ਦਾ ਇਜਹਾਰ ਕਰ ਲਿਆ ਸੀ। ਹੁਣ ਉਹ ਆਪਣੇ ਆਪ ਨੂੰ ਜਿੰਦਜੋਤ ਕਹਿੰਦੇ।
ਖੁਸ਼ੀਆਂ ਦੇ ਦੌਰਾਨ ਜੋਤ ਫਿਰ ਤੋਂ ਬਿਮਾਰ ਹੋ ਗਈ ਜੋਤ ਆਪਣੀ ਹਰ ਇੱਕ ਗੱਲ ਸੁਖਜਿੰਦ ਨਾਲ ਸ਼ੇਅਰ ਕਰਦੇ ਸੀ,ਭਾਵੇ ਉਹ ਕਦੇ ਮਿਲੇ ਨਹੀ ਸੀ ਪਰ ਫਿਰ ਵੀ ਇੱਕ ਦੂਜੇ ਦੇ ਬਹੁਤ ਕਰੀਬ ਸੀ,ਇੱਕ ਦੂਜੇ ਦੇ ਦਿਲ ਦੀ ਗੱਲ ਬਿਨਾ਼ ਦੱਸੇ ਸਮਝ ਲੈਂਦੇ ਸੀ।ਜੋਤ ਵੀ ਹਰ ਗੱਲ ਸੁਖਜਿੰਦ ਨੂੰ ਦੱਸਦੀ ਇਹ ਸੋਚੇ ਬਿਨਾ ਕਿ ਸ਼ਾਇਦ ਇਹ ਬਿਮਾਰ ਰਹਿਣ ਵਾਲੀ ਖਬਰ ਸੁਣ ਕੇ ਸੁਖਜਿੰਦ ਉਸ ਛੱਡ ਨਾ ਦੇਵੇ। ਜੋਤ ਨੂੰ ਸੁਖਜਿੰਦ ਤੇ ਬਹੁਤ ਵਿਸ਼ਵਾਸ ਸੀ।
ਜਦੋਂ ਜੋਤ ਇਸ ਵਾਰ ਬਿਮਾਰ ਹੋਈ ਤਾਂ ਜੋਤ ਦੀਆਂ ਸਾਰੀਆਂ ਰਿਪੋਟਾਂ ਤੋਂ ਡਾਕਟਰ ਨੇ ਦੱਸਿਆ ਕਿ ਜੋਤ ਦੇ ਬਿਮਾਰ ਰਹਿਣ ਕਾਰਨ ਉਹ ਬਹੁਤ ਕਮਜੋਰ ਹੈ, ਅਤੇ ਜੋਤ ਨੂੰ ਦਿਮਾਗ ਦੀ ਪਰੋਬਲਮ ਹੈ ਦਿਮਾਗ ਦਾ ਅਪਰੇਸ਼ਨ ਵਿੱਚ 10% ਹੀ ਬਚਨ ਦੀ ਉਮੀਦ ਹੈ। ਇਸ ਕਰਕੇ ਜੋਤ ਦੇ ਘਰਦੇ ਅਪਰੇਸ਼ਨ ਨਹੀ ਕਰਵਾਉਦੇ। ਡਾਕਟਰ ਨੇ ਕਿਹਾ ਕਿ ਫਿਰ ਦਵਾਈ ਹਰ ਸਮੇਂ ਸਿਰ ਖਾਣੀ ਪੈਣੀ। ਦਵਾਈ ਤੇਜ ਹੋਣ ਕਰਕੇ ਜੋਤ ਦੀ uterus ਵਿੱਚ ਕਮਜੋਰੀ ਹੋ ਗਈ। ਜਿਸ ਕਰਨ ਜੋਤ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀ ਸੀ। ਸ਼ਾਇਦ ਜੋਤ ਕਦੇ ਮਾਂ ਨਾ ਬਣ ਸਕੇ ਡਾਕਟਰ ਨੇ ਇਹ ਗੱਲ ਕਹਿ ਦਿੱਤੀ। ਜਦੋਂ ਜੋਤ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਜੋਤ ਨੇ ਸੁਖਜਿੰਦ ਤੋਂ ਦੂਰ ਹੋਣ ਲਈ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਜੋਤ ਨੇ ਸੋਚਿਆ ਕਿ ਇੱਕ ਦਿਨ ਤੰਗ ਆ ਕੇ ਸੁਖਜਿੰਦ ਉਸ ਤੋ ਆਪਣੇ ਆਪ ਦੂਰ ਹੋ ਜਾਵੇਗਾ। ਪਰ ਸੁਖਜਿੰਦ ਨੂੰ ਪਤਾ ਸੀ ਜੋਤ ਦੇ ਇਹ ਲੜਾਈ ਕਾਰਨ ਪਿੱਛੇ ਕੋਈ ਕਰਨ ਹੈ ਤਾਂ ਉਸ ਨੇ ਆਪਣੀ ਕਸਮ ਦੇ ਗੱਲ ਪੁੱਛ ਲਈ ਤਾਂ ਜੋਤ ਨੇ ਸਭ ਕੁਝ ਸੱਚ ਦਿੱਤਾ ਤੇ ਕਿਹਾ ਕਿ ਉਹ ਸੁਖਜਿੰਦ ਦੀ ਜਿਦੰਗੀ ਖਰਾਬ ਨਹੀ ਕਰਨੀ ਚਾਹੁੰਦੀ। ਇਸ ਲਈ ਉਸ ਨੂੰ ਉਸ ਤੋਂ ਅੱਲਗ ਹੋਣ ਨੂੰ ਕਿਹਾ। ਕੁਝ ਵੀ ਹੋ ਜਾਵੇ ਆਪਾਂ ਇੱਕਠੇ ਹੀ ਰਹਿਣਾ ਬੱਚੇ ਨਾਲੋ ਤੂੰ, ਜ਼ਰੂਰੀ ਹੈ ਮੈਨੂੰ ਸੁਖਜਿੰਦ ਨੇ ਕਿਹਾ ।
ਇਸ ਗੱਲ ਦੇ ਇੱਕ ਮਹੀਨੇ ਬਾਅਦ ਸੁਖਜਿੰਦ ਨੇ ਕਿਸੇ ਨੂੰ ਵਿੱਚ ਪਾ ਕੇ ਵਿਆਹ ਦੀ ਗੱਲ ਸ਼ੁਰੂ ਕੀਤੀ, ਸੁਖਜਿੰਦ ਦੇ ਪਰਿਵਾਰ ਵਾਲੇ ਸੁਖਜਿੰਦ ਦੇ ਫੈਸਲੇ ਨਾਲ ਸਹਿਮਤ ਸਨ, ਪਰ ਜੋਤ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜੂਰ ਨਹੀ ਸੀ, ਇਸ ਦਾ ਕਾਰਨ ਸੀ ਜੋਤ ਦਾ ਨਾ ਠੀਕ ਹੋਣਾ, ਜੋਤ ਦੇ ਪਰਿਵਾਰ ਨੂੰ ਡਰ ਸੀ ਕਿ ਜੋਤ ਬਿਮਾਰ ਰਹਿੰਦੀ ਬਾਅਦ ਵਿੱਚ ਕੀ ਪਤਾ ਇਸ ਕਾਰਨ ਉਸ ਨਾਲ ਛੱਡ ਛਡਾਅ ਨਾ ਹੋ ਜਾਵੇ। ਪਰ ਜੋਤ ਨੇ ਹਿੰਮਤ ਕਰਕੇ ਆਪਣੇ ਤੇ ਸੁਖਜਿੰਦ ਵਾਰੇ ਆਪਣੇ ਪਰਿਵਾਰ ਨੂੰ ਦੱਸ ਦਿੱਤਾ, ਪਰ ਫਿਰ ਜੋਤ ਦਾ ਪਰਿਵਾਰ ਕਹਿੰਦਾ ਕਿ ਇਹ ਪਿਆਰ ਜੋ ਵੀ ਹੁਣ ਦੀਆ ਗੱਲਾਂ ਹੈ ਵਿਆਹ ਤੋਂ ਬਾਅਦ ਇਹ ਖਤਮ ਹੋ ਜਾਂਦਾ ਹੈ ।
ਇਸ ਗੱਲ ਦੀ ਟੈਨਸ਼ਨ ਨਾਲ ਜੋਤ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ, ਜੋਤ ਬੇਹੋਸ਼ ਹੋਣ ਲੱਗ ਪਈ। ਉਸ ਨੂੰ ਫਿਰ ਹਸਪਤਾਲ ਦਾਖਲ ਕਰਨਾ ਪਿਆ। ਇਸ ਵਾਰ ਸੁਖਜਿੰਦ ਨੂੰ ਪਤਾ ਲੱਗਦੇ ਸਰ ਹੀ ਉਹ ਵੀ ਹਸਪਤਾਲ ਆ ਜਾਂਦਾ ਤੇ ਜੋਤ ਦੇ ਪਰਿਵਾਰ ਸਾਹਮਣੇ ਹੀ ਜੋਤ ਨੂੰ ਮਿਲਣ ਦੀ ਜਿੱਦ ਕਰਦਾ ਹੈ। ਪਰਿਵਾਰ ਵਾਲਿਆਂ ਨੇ ਮਿਲਣ ਲਈ ਹਾਂ ਕਰ ਦਿੱਤੀ ਕਿਉਕਿ ਉਹ ਹਸਪਤਾਲ ਵਿੱਚ ਕੋਈ ਰੌਲਾ ਨਹੀ ਪਾਉਣਾ ਚਾਹੁੰਦੇ ਸੀ। ਸੁਖਜਿੰਦ ਹਸਪਤਾਲ ਤੋਂ ਵਾਪਿਸ ਜਾਣ ਦਾ ਨਾਮ ਵੀ ਨਹੀ ਸੀ ਲੈਂਦਾ, ਜੋਤ ਨੂੰ ਦੋ ਦਿਨ ਬਾਅਦ ਹੋਸ਼ ਆਇਆ। ਜੋਤ ਦੇ ਪਰਿਵਾਰ ਦੇ ਮੈਬਰਾਂ ਦੇ ਨਾਲ ਨਾਲ ਸੁਖਜਿੰਦ ਵੀ ਹਸਪਤਾਲ ਵਿੱਚ ਹੀ ਰਿਹਾ। ਸੁਖਜਿੰਦ, ਨੂੰ ਜੋਤ ਦੀ ਇੰਨੀ ਪਰਵਾਹ ਕਰਦੇ ਦੇਖ, ਜੋਤ ਦੇ ਪਾਪਾ ਨੇ ਸੁਖਜਿੰਦ ਨੂੰ ਜੋਤ ਦੀ ਸਾਰੀ ਬਿਮਾਰੀ ਵਾਰੇ ਦੱਸਿਆ, ਤੇ ਉਸ ਦੇ ਮਾਂ ਨਾ ਬਣ ਵਾਰੇ ਵੀ ਦੱਸਿਆ, ਤੇ ਕਿਹਾ ਕਿ ਪੁੱਤ ਤੂੰ ਹਜੇ ਵੀ ਜੋਤ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਦੱਸ ਪਰ ਪਹਿਲਾਂ ਆਪਣੇ ਤੇ ਆਪਣੇ ਪਰਿਵਾਰ ਨਾਲ ਸਲਾਹ ਕਰ ਲੈ, ਇਹ ਫੈਸਲੇ ਜਲਦਬਾਜ਼ੀ ਵਿੱਚ ਨਹੀ ਲਏ ਜਾਂਦੇ। ਸੁਖਜਿੰਦ ਨੇ ਕਿਹਾ ਕਿ ਮੈਨੂੰ ਸੋਚਣ ਦੀ ਲੋੜ ਨਹੀ ਮੈਂ ਹਰ ਹਾਲਤ ਵਿੱਚ ਜੋਤ ਦੇ ਨਾਲ ਹੀ ਰਹਿਣਾ ਹੈ।
ਜੋਤ ਨੂੰ ਹਸਪਤਾਲ ਤੋਂ ਘਰ ਆਉਦੇ ਇੱਕ ਮਹੀਨਾ ਲੱਗ ਗਿਆ ਉਹ ਇੱਕ ਮਹੀਨਾ ਕੰਮ ਛੱਡ ਸੁਖਜਿੰਦ ਵੀ ਹਸਪਤਾਲ ਵਿੱਚ ਹੀ ਰਿਹਾ। ਦੋਵੇ ਪਰਿਵਾਰ ਵਿਆਹ ਨੂੰ ਮੰਨ ਗਏ। ਸੁਖਜਿੰਦ ਤੇ ਜੋਤ ਦਾ ਵਿਆਹ ਖੁਸ਼ੀ ਖੁਸ਼ੀ ਹੋ ਗਿਆ। ਦੋਵੇ ਹੀ ਆਪਣੀ ਜਿੰਦਗੀ ਵਿੱਚ ਖੁਸ਼ ਰਹੇ।
ਪਰ ਖੁਸ਼ੀ ਇੰਨਾ ਸਮਾਂ ਨਾ ਰਹਿੰਦੀ ਕਿਉਕਿ ਜੋਤ ਠੀਕ ਨਹੀਂ ਸੀ । ਜੋਤ ਬਿਮਾਰ ਰਹਿੰਦੀ ਸੀ ਇਹ ਸੁਖਜਿੰਦ ਦੇ ਘਰਦਿਆਂ ਨੂੰ ਤਾਂ ਪਤਾ ਸੀ ਪਰ ਉਸਦੇ ਰਿਸ਼ਤੇਦਾਰਾਂ ਨੂੰ ਹੁਣ ਪਤਾ ਲੱਗਿਆ ਇਸ ਕਾਰਨ ਰਿਸ਼ਤੇਦਾਰ ਜੋਤ ਨੂੰ ਲੈ ਕੇ ਤਰਾਂ ਤਰਾਂ ਦੀਆਂ ਗੱਲਾਂ ਕਰਨ ਲੱਗ ਪਏ। ਸੁਖਜਿੰਦ ਦੇ ਪਰਿਵਾਰ ਨੂੰ ਜੋਤ ਦੇ ਖਿਾਲਫ਼ ਚੁੱਕਣ ਲੱਗ ਪਏ। ਜੋਤ ਦੇ ਸੁਖਜਿੰਦ ਦੇ ਵਿਆਹ ਨੂੰ ਹਜੇ ਤਿੰਨ -ਚਾਰ ਹੀ ਮਹੀਨੇ ਹੋਏ ਸਨ ਤਾਂ ਰਿਸ਼ਤੇਦਾਰ ਬੱਚੇ ਦੀ ਗੱਲ ਕਰਨ ਲੱਗ ਪਏ ਤੇ ਸੁਖਜਿੰਦ ਦੇ ਪਰਿਵਾਰ ਬਾਰੇ ਵੀ ਇਹ ਗੱਲਾਂ ਕਰਨ ਲੱਗ ਪਏ। ਕਈ ਪਿੰਡ ਵਾਲੇ ਤੇ ਰਿਸ਼ਤੇਦਾਰ ਜੋਤ ਤੇ ਜੋਤ ਦੇ ਪਰਿਵਾਰ ਨੂੰ ਬਹੁਤ ਮਾੜਾ ਭਲਾ ਕਹਿਣ ਲੱਗ ਪਏ, ਕਿ ਉਹਨਾਂ ਆਪਣੀ ਬਿਮਾਰ ਕੁੜੀ ਸੁਖਜਿੰਦ ਦੇ ਲੜ ਲਾਕੇ ਸੋਨੇ ਜਿਹੇ ਮੁੰਡੇ ਦੀ ਜਿੰਦਗੀ ਖਰਾਬ ਕਰ ਦਿੱਤੀ। ਜੋਤ ਨੂੰ ਇਹਨਾਂ ਗੱਲਾਂ ਨਾਲ ਬਹੁਤ ਧੱਕਾ ਲੱਗਿਆ, ਜੋਤ ਕਿਸੇ ਨੂੰ ਤਾਂ ਕੁਝ ਨਹੀ ਕਹਿ ਸਕਦੀ ਸੀ ਪਰ ਸੁਖਜਿੰਦ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਕਿ ਸੁਖਜਿੰਦ ਤੁਹਾਨੂੰ ਪਹਿਲਾ ਪਤਾ ਸੀ ਮੈ ਬਿਮਾਰ ਰਹਿੰਦੀ ਹਾਂ ਮੇਰੇ ਬੇਬੀ ਵੀ ਸ਼ਾਇਦ ਨਹੀ ਹੋ ਸਕਦਾ ਤੁਸੀ ਸਭ ਜਾਣਦੇ ਸੀ ਪਰ ਹੁਣ ਤੁਹਾਡੇ ਰਿਸ਼ਤੇਦਾਰ ਮੈਨੂੰ ਤੇ ਮੇਰੇ ਪੇਕਿਆਂ ਨੂੰ ਕਿਓ ਮਾੜਾ -ਭਲਾ ਬੋਲਦੇ ਹਨ ।ਇਹ ਸਭ ਸੁਣਨ ਲਈ ਤੁਸੀ ਮੇਰੇ ਨਾਲ ਵਿਆਹ ਕਰਵਾਇਆ ਸੀ ਜੋਤ ਨੇ ਸੁਖਜਿੰਦ ਨੂੰ ਕਿਹਾ ।ਸੁਖਜਿੰਦ ਜੋਤ ਨੂੰ ਬਹੁਤ ਸਮਝਾਉਂਦਾ। ਸੁਖਜਿੰਦ ਨੂ ਪਤਾ ਸੀ ਜੋਤ ਦਾ ਗੁੱਸਾ ਬਹੁਤ ਮਾੜਾ ਤੇ ਗੁੱਸਾ ਜੋਤ ਦੀ ਸਿਹਤ ਲਈ ਵੀ ਖਤਰਨਾਕ ਹੈ। ਇਸ ਕਾਰਨ ਉਹ ਜੋਤ ਨੂੰ ਸੰਭਾਲਣ ਲੱਗ ਪਿਆ। ਜੋਤ ਨੇ ਗੁੱਸੇ ਨਾਲ ਆਪਣੀਆ ਦਵਾਈਆ ਨਾਲ ਲਾਪਰਵਾਹੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਜੋਤ ਦੀ ਸਿਹਤ ਬਹੁਤ ਖਰਾਬ ਹੋਣ ਲੱਗ ਪਈ। ਜੋਤ ਇੱਕ ਤਰਾਂ ਆਪਣੀ ਜਿੰਦਗੀ ਖਤਮ ਕਰਨੀ ਹੀ ਚਾਹੁੰਦੀ ਸੀ।
ਕੁਝ ਹੀ ਦਿਨਾਂ ਵਿੱਚ ਜੋਤ ਦੀ ਹਾਲਤ ਦੇਖ ਨਹੀ ਹੁੰਦੀ ਸੀ। ਸੁਖਜਿੰਦ ਜੋਤ ਦੀ ਹਾਲਤ ਦੇਖ ਬਹੁਤ ਘਬਰਾ ਗਿਆ। ਸੁਖਜਿੰਦ ਨੇ ਜੋਤ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਸੁਖਜਿੰਦ ਲਈ ਬਹੁਤ ਔਖਾ ਸਮਾਂ ਸੀ ਕਿਉਕਿ ਪਰਿਵਾਰ ਨੇ ਸੁਖਜਿੰਦ ਦਾ ਸਾਥ ਛੱਡ ਦਿੱਤਾ ਸੀ ਕਿਉਕਿ ਪਰਿਵਾਰ ਵਾਲੇ ਸੁਖਜਿੰਦ ਨੂੰ ਜੋਤ ਤੋਂ, ਤਲਾਕ ਲਈ ਜੋਰ ਪਾਉਣ ਲੱਗ ਪਏ ਸੀ। ਜੋਤ ਹਸਪਤਾਲ ਵਿੱਚ ਸੀ ਸੁਖਜਿੰਦ ਸਾਰਾ ਦਿਨ ਰਾਤ ਜੋਤ ਕੋਲ ਰਹਿੰਦਾ ਸੀ।ਨੌਕਰੀ ਤੋਂ ਕੁਝ ਦਿਨ ਛੁੱਟੀ ਲਈ ਪਰ ਸੁਖਜਿੰਦ, ਨੇ ਇਸ ਵਾਰ ਜੋਤ ਦੇ ਪਰਿਵਾਰ ਨੂੰ ਕੁਝ ਨਹੀ ਦੱਸਿਆ। ਪਰਿਵਾਰ ਦਾ ਸਾਥ ਨਾ ਹੋਣ ਕਰਕੇ ਸੁਖਜਿੰਦ ਕੁਝ ਨਿਰਾਸ਼ ਹੋ ਗਿਆ ਪਰ ਜਦੋਂ ਉਹ ਜੋਤ ਵੱਲ ਦੇਖਦਾ ਤਾਂ ਉਹ ਆਪਣੇ ਆਪ ਨੂੰ ਕਹਿੰਦਾ ਮੈਨੂੰ ਜੋਤ ਲਈ ਹਿੰਮਤ ਰੱਖਣੀ ਪੈਣੀ ਹੈ। ਸੁਖਜਿੰਦ ਨੇ ਪਹਿਲਾਂ ਤੋਂ ਆਪਣਾ ਪੈਸਾ ਸੰਭਾਲ ਕੇ ਰੱਖਿਆ ਹੋਇਆ ਸੀ। ਇਸ ਕਰਕੇ ਉਸ ਨੇ ਉਸ ਨੂੰ ਇਸ ਪੱਖੋ ਬਹੁਤੀ ਦਿਕਤ ਨਹੀਂ ਆਈ। ਉਸ ਨੇ ਆਪਨੇ ਦੋਸਤ ਦੀ ਮਦਦ ਨਾਲ ਇਕ ਛੋਟਾ ਜਿਹਾ ਮਕਾਨ ਕਿਰਾਏ ਤੇ ਲਿਆ, ਕਿਉਕਿ ਉਹ ਨਹੀ ਚਾਹੁੰਦਾ ਸੀ ਜੋਤ ਜਦੋਂ ਠੀਕ ਹੋ ਕੇ ਘਰ ਜਾਵੇ ਤਾਂ ਉਸ ਨੂੰ ਫਿਰ ਪਰਿਵਾਰ ਰਿਸ਼ਤੇਦਾਰ ਤੇ ਪਿੰਡ ਵਾਲਿਆ ਦੀ ਗੱਲਾਂ ਦਾ ਸਾਹਮਣਾ ਕਰਨਾ ਪਵੇ।
ਨੌਕਰੀ ਤੋਂ ਮਿਲੀ ਛੁੱਟੀ ਮੁੱਕ ਗਈ ਪਰ ਹਸਪਤਾਲ ਵਿੱਚ ਪਈ ਜੋਤ ਦੀ ਹਾਲਤ ਠੀਕ ਹੋਣ ਦਾ ਨਾਮ ਨਹੀਂ ਸੀ ਲੈਂਦੀ। ਦਿਨ ਸਮੇਂ ਨਰਸਾਂ ਤੇ ਡਾਕਟਰਾ ਨਾਲ ਗੱਲ ਕਰਕੇ ਜੋਤ ਨੂੰ ਹਸਪਤਾਲ ਵਿੱਚ ਉਹਨਾਂ ਦੇ ਵਿਸ਼ਵਾਸ ਤੇ ਛੱਡ ਕੇ ਆਪ ਨੌਕਰੀ ਤੇ ਚਲਿਆ ਜਾਂਦਾ ਤੇ ਰਾਤ ਸਮੇਂ ਜੋਤ ਦਾ ਖਿਆਲ ਰੱਖਦਾ। ਇਸੇ ਤਰਾਂ ਕੁਝ ਸਮਾਂ ਬੀਤਣ ਤੇ ਜੋਤ ਦੀ ਹਾਲਤ ਵਿੱਚ ਸੁਧਾਰ ਹੋਇਆ ਤੇ ਡਾਕਟਰਾਂ ਨੇ ਉਸ ਨੂੰ ਘਰ ਜਾਣ ਲਈ ਵੀ ਕਹਿ ਦਿੱਤਾ। ਸੁਖਜਿੰਦ ਨੇ ਆਪਣੇ ਘਰ ਤੋਂ ਆਪਣਾ ਤੇ ਜੋਤ ਦਾ ਸਾਰਾ ਸਮਾਨ ਆਪਣੇ ਨਵੇਂ ਘਰ ਵਿੱਚ ਲੈ ਆਂਦਾ। ਜਦੋਂ ਜੋਤ ਨੂੰ ਹਸਪਤਾਲ ਵਿੱਚੋ ਛੁੱਟੀ ਮਿਲੀ ਤਾਂ ਉਹ ਜਦੋ ਆਪਣੇ ਸਹੁਰੇ ਘਰ ਤੋਂ ਬਿਨਾ ਹੋਰ ਸ਼ਹਿਰ ਦੇ ਹੋਰ ਘਰ ਵਿੱਚ ਗਏ ਤਾਂ, ਉਸ ਨੇ ਕਿਹਾ ਸੁਖਜਿੰਦ ਅਸੀ ਆਪਣੇ ਘਰ ਕਿਓ ਨਹੀ ਗਏ ਇਸ ਘਰ ਕਿਓ ਆਏ ਹਾਂ, “ਸੁਖਜਿੰਦ ਨੇ ਜਵਾਬ ਦਿੱਤਾ ਜੋਤ ਮੈ ਨਹੀ ਚਾਹੁੰਦਾ ਤੂੰ ਪਰਿਵਾਰ ਜਾ ਰਿਸ਼ਤੇਦਾਰਾਂ ਦੀਆ ਗੱਲਾਂ ਸੁਣੇ ਤੇ ਟੈਨਸ਼ਨ ਨਾਲ ਆਪਣੀ ਸਿਹਤ ਖਰਾਬ ਕਰੇਂ ਇਸ ਲਈ ਅਸੀ ਹੁਣ ਇੱਥੇ ਹੀ ਰਹਿਣਾ, ਸਾਨੂੰ ਪਤਾ ਜੋਤ ਇਹ ਮਕਾਨ ਛੋਟਾ ਹੈ ਪਰ ਤੂੰ ਯਕੀਨ ਕਰ ਮੈ ਜਲਦੀ ਹੀ ਤੇਰੇ ਲਈ ਤੇਰੇ ਸੁਪਨਿਆਂ ਵਾਲਾ ਮਕਾਨ ਖੜਾ ਕਰਾਂਗਾ।
ਜੋਤ ਇਹ ਸੁਣਕੇ ਸੁਖਜਿੰਦ ਦੇ ਸੀਨੇ ਲੱਗ ਰੋਣ ਲੱਗ ਜਾਂਦੀ ਤੇ ਕਹਿਣ ਲੱਗ ਜਾਂਦੀ ਤੁਹਾਨੂੰ ਮੇਰੇ ਕਰਕੇ ਆਪਣੇ ਘਰ ਤੇ ਪਰਿਵਾਰ ਤੋਂ ਦੂਰ ਹੋਣਾ ਪਿਆ ਮੈ ਆਪਣੇ ਆਪ ਨੂੰ ਕਦੇ ਵੀ ਮੁਆਫ ਨਹੀ ਕਰ ਸਕਦੀ। ਸੁਖਜਿੰਦ ਨੇ ਜੋਤ ਨੂੰ ਹੌਸਲਾ ਦਿੰਦਿਆਂ ਕਿਹਾ ਮੇਰੇ ਤੇ ਯਕੀਨ ਰੱਖ ਮੈ ਸਭ ਠੀਕ ਕਰ ਦੇਵੇਂਗਾ ਬਸ ਕੁਝ ਵਕਤ ਚਾਹੁੰਦਾ ਹਾਂ।
ਸੁਖਜਿੰਦ ਨੂੰ ਪਤਾ ਸੀ ਜੋਤ ਨੇ ਟੈਨਸ਼ਨ ਲੈਣੀ ਹੈ ਇਸ ਗੱਲ ਦੀ ਉਸ ਨੇ ਫਿਰ ਤੋਂ ਬਿਮਾਰ ਹੋ ਜਾਣਾ ਹੈ। ਇਸ ਕਰਕੇ ਉਹ ਨੌਕਰੀ ਦੀ ਪਰਵਾਹ ਨਾ ਕਰਦਾ ਜੋਤ ਦਾ ਖਿਆਲ ਰੱਖਦਾ। ਜੋਤ ਨੂੰ ਮਾੜੀ ਜਿੰਨੀ ਵੀ ਤਕਲੀਫ ਹੁੰਦੀ ਤਾਂ ਸੁਖਜਿੰਦ ਦੇ ਜਾਨ ਦੀ ਬਣ ਜਾਂਦੀ। ਨੌਕਰੀ ਵੱਲ ਪੂਰਾ ਧਿਆਨ ਨਾ ਦੇਣ ਕਰਕੇ ਸੁਖਜਿੰਦ ਦੀ ਨੌਕਰੀ ਵੀ ਛੁੱਟ ਜਾਂਦੀ ਹੈ। ਪਰ ਸੁਖਜਿੰਦ ਘਰ ਤੋਂ ਹੀ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ। ਸੁਖਜਿੰਦ ਇੱਕ ਕੰਪਿਊਟਰ ਸੌਫਟਵੇਅਰ ਇੰਜੀਅਨਰ ਸੀ ਇਸ ਕਰਕੇ ਉਸ ਨੂੰ ਬਹੁਤ ਜਾਣਕਾਰੀ ਸੀ, ਦੂਜਾ ਉਸ ਨੂੰ ਆਪਣੇ ਆਪ ਤੇ ਵੀ ਬਹੁਤ ਯਕੀਨ ਸੀ, ਇਸ ਕਰਕੇ ਉਸ ਦਾ ਕਾਰੋਬਾਰ ਜਲਦੀ ਹੀ ਚੱਲ ਪਿਆ। ਸੁਖਜਿੰਦ ਦੇ ਪਿਆਰ ਤੇ ਖਿਆਲ ਨਾਲ ਜੋਤ ਵੀ ਠੀਕ ਹੋਣ ਲੱਗ ਪਈ ਸੀ, ਜੋਤ ਹਜੇ ਪੂਰੀ ਤਰਾਂ ਠੀਕ ਨਹੀ ਕਿ ਉਸ ਨੇ ਬੇਬੀ ਕਰਨ ਦੀ ਜਿੱਦ ਫੜ ਲਈ, ਜੋ ਕੀ ਜੋਤ ਲਈ ਸਹੀ ਨਹੀ ਸੀ ਉਸ ਦੀ ਜਾਨ ਨੂੰ ਖਤਰਾ ਸੀ। ਸੁਖਜਿੰਦ ਨੇ ਜੋਤ ਨੂੰ ਬਹੁਤ ਸਮਝਾਇਆ ਪਰ ਜੋਤ ਇੱਕ ਵੀ ਸੁਣਨ ਨੂੰ ਤਿਆਰ ਨਹੀਂ ਸੀ। ਜੋਤ ਸੋਚਦੀ ਸੀ ਜੇ ਉਹਨਾਂ ਦੇ ਬੇਬੀ ਹੋ ਗਿਆ ਤਾਂ ਸੁਖਜਿੰਦ ਦਾ ਪਰਿਵਾਰ ਫਿਰ ਤੋਂ ਸੁਖਜਿੰਦ ਦੇ ਨਾਲ ਹੋਵੇਗਾ, ਇਸ ਕਰਕੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬੇਬੀ ਕਰਨਾ ਚਾਹੁੰਦੀ ਸੀ। ਸੁਖਜਿੰਦ ਨੇ ਜੋਤ ਨੂੰ ਲੈ ਕੇ ਕਈ ਡਾਕਟਰਾਂ ਦੀ ਸਲਾਹ ਲਈ, ਪਰ ਹਰ ਡਾਕਟਰ ਦਾ ਇਹੀ ਕਹਿਣਾ ਸੀ ਕਿ ਉਹਨਾਂ ਨੂੰ ਬੇਬੀ ਨਹੀ ਕਰਨਾ ਚਾਹੀਦਾ ਕਿਉ ਕਿ ਜੋਤ ਮਾਨਸਿਕ ਤੇ ਸਰੀਰਕ ਤੌਰ ਤੇ ਬਹੁਤ ਕਮਜੋਰ ਹੋ ਚੁੱਕੀ ਹੈ। ਪਰ ਜੋਤ ਆਪਣੀ ਜਿੱਦ ਤੇ ਹੀ ਰਹੀ। ਸੁਖਜਿੰਦ ਨੇ ਜੋਤ ਨੂੰ ਕਿਹਾ ਕਿ ਉਹ ਬੇਬੀ ਗੋਦ ਲੈ ਲੈਂਦੇ ਪਰ ਜੋਤ ਨੂੰ ਆਪਣਾ ਹੀ ਬੇਬੀ ਚਾਹੀਦਾ ਸੀ।
ਤਿੰਨ -ਚਾਰ ਮਹੀਨਿਆ ਦੀ ਇਸ ਬਹਿਸ ਤੋਂ ਬਾਅਦ ਜੋਤ ਨੇ ਸੁਖਜਿੰਦ ਨੂੰ ਕਿਹਾ ਕਿ ਜਾਂ ਬੇਬੀ ਕਰਨਾ ਹੈ ਜਾਂ ਉਸ ਨੂੰ ਤਲਾਕ ਦੇ ਦਿਓ। ਜੋਤ ਸਭ ਇਹ ਚਾਹੁੰਦੀ ਸੀ ਸੁਖਜਿੰਦ ਪਰਿਵਾਰ ਨਾਲ ਇਕ ਹੋਵੇ ਉਹਨਾਂ ਵਿੱਚ ਜੋਤ ਨੂੰ ਲੈ ਕੇ ਦਰਾੜ ਨਾ ਆਵੇ। ਸੁਖਜਿੰਦ ਜੋਤ ਨੂੰ ਕਿਸੇ ਵੀ ਹਾਲਤ ਵਿੱਚ ਛੱਡ ਨਹੀ ਸੀ ਸਕਦਾ ਇਸ ਕਰਕੇ ਉਹ ਜੋਤ ਦੀ ਜਿੱਦ ਅੱਗੇ ਹਾਰ ਗਿਆ, ਪਰ ਉਸ ਨੇ ਜੋਤ ਅੱਗੇ ਸ਼ਰਤ ਰੱਖੀ ਜੇ ਇਸ ਦੌਰਾਨ ਜੋਤ ਨੂੰ ਕੁਝ ਵੀ ਹੁੰਦਾ ਹੈ ਤਾਂ ਉਹ ਵੀ ਆਪਣੇ ਆਪ ਨੂੰ ਖਤਮ ਕਰ ਲਾਵੇਗਾ ਜਾਂ ਜੋਤ ਦੇ ਬੇਬੀ ਵਿਚੋ ਕਿਸੇ ਇੱਕ ਨੂੰ ਚੁਣਨਾ ਪਿਆ ਤਾਂ ਉਹ ਜੋਤ ਨੂੰ ਹੀ ਚੁਣੇਗਾ,।
ਕੁਝ ਮਹੀਨਾ ਵਿੱਚ ਜੋਤ ਗਰਭਵਤੀ (Pregnant )ਹੋ ਗਈ। ਸੁਖਜਿੰਦ ਨੂੰ ਪਤਾ ਸੀ ਹੁਣ ਜੋਤ ਦਾ ਖਿਆਲ ਪਹਿਲਾ ਨਾਲੋਂ ਵੀ ਜਿਆਦਾ ਰੱਖਣਾ ਪੈਣਾ । ਸੁਖਜਿੰਦ ਜੋਤ ਦਾ ਕਦਮ ਕਦਮ ਤੇ ਨਾਲ ਰਹਿੰਦਾ ਸਮੇ-ਸਮੇਂ ਤੇ ਖਾਣਾ ਪੀਣਾ ਦਵਾਈ, ਫਲ ਜੂਸ ਦਿੰਦਾ। ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਕਿਤੇ ਜੋਤ ਨੂੰ ਪਾਸਾ ਲੈਣ ਲੱਗੇ ਉੱਠਣ ਬੈਠਣ ਲੱਗੇ ਕੋਈ ਤਕਲੀਫ ਨਾ ਹੋਵੇ। ਦੇਖਦੇ -ਦੇਖਦੇਨੌ ਮਹੀਨੇ ਬੀਤ ਗਏ।
ਆਖਰਕਾਰ ਜੋਤ ਦੀ delivery ਦਾ ਸਮਾਂ ਆ ਗਿਆ ਸੀ, ਸੁਖਜਿੰਦ ਬਹੁਤ ਟੈਨਸ਼ਨ ਵਿੱਚ ਸੀ ਭਾਵੇ ਹੁਣ ਤੱਕ ਦੀਆ ਸਾਰੀਆਂ ਰਿਪੋਟਾਂ ਸਹੀ ਸੀ ਫਿਰ ਵੀ ਸੁਖਜਿੰਦ ਅੰਦਰੋਂ ਬਹੁਤ ਡਰਿਆ ਹੋਇਆ ਸੀ। ਸੁਖਜਿੰਦ ਜੋਤ ਤੇ ਬੱਚੇ ਦੋਵਾਂ ਵਿੱਚੋ ਕਿਸੇ ਨੂੰ ਵੀ ਗੁਵਾਉਣਾ ਨਹੀ ਸੀ ਚਾਹੁੰਦਾ। ਸੁਖਜਿੰਦ ਨੇ ਆਪਣੀ ਮੰਮੀ ਨੂੰ ਫੋਨ ਕਰਕੇ ਦੱਸ ਦਿੱਤਾ ਜਦੋਂ ਦਾ ਸੁਖਜਿੰਦ ਘਰ ਛੱਡ ਕੇ ਗਿਆ ਸੀ ਉਸ ਤੋਂ, ਬਾਅਦ ਅੱਜ ਹੀ ਆਪਣੀ ਮੰਮੀ ਨੂੰ ਫੋਨ ਕੀਤਾ ਸੀ। ਸੁਖਜਿੰਦ ਦੀ ਮੰਮੀ ਇਹ ਸੁਣ ਹਸਪਤਾਲ ਆ ਗਈ ਤੇ ਹਸਪਤਾਲ ਜੋਤ ਤੇ ਸੁਖਜਿੰਦ ਨੂੰ ਹੌਸਲਾ ਦਿੱਤਾ। ਡਾਕਟਰ ਜੋਤ ਨੂੰ ਅਪਰੇਸ਼ਨ ਵਾਲੇ ਕਮਰੇ ਵਿੱਚ ਲੈ ਗਏ। ਕੁਝ ਹੀ ਸਮੇਂ ਬਾਅਦ ਜੋਤ ਦੀ delivery ਹੋ ਗਈ। ਬੱਚਾ ਸਹੀ ਸੀ ਬਿਲਕੁਲ ਪਰ ਜੋਤ ਦੀ ਹਾਲਤ ਖਰਾਬ ਸੀ ਕਿਉ ਕਿ ਜੋਤ ਕਮਜੋਰ ਸੀ। ਜਦੋ ਡਾਕਟਰਾਂ ਨੇ ਸੁਖਜਿੰਦ ਨੂੰ ਦੱਸਿਆ, ਕਿ ਵਧਾਈ ਹੋਵੇ ਬੇਟਾ ਹੋਇਆ ਹੈ। ਤਾਂ ਸੁਖਜਿੰਦ ਨੇ ਖੁਸ਼ੀ ਪ੍ਗਟ ਕਰਨ ਦੀ ਜਗਾਂ ਜੋਤ ਬਾਰੇ ਪੁੱਛਿਆ ਤਾਂ ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਹਜੇ ਠੀਕ ਨਹੀ ਹੈ। ਇਹ ਸੁਣ ਸੁਖਜਿੰਦ ਬਿਨਾ ਕੁਝ ਪੁੱਛੇ ਦੱਸੇ ਸਿੱਧਾ ਹੀ ਆਈ ਸੀ ਯੂ ਵਿੱਚ ਚਲਿਆ ਗਿਆ, ਸਟਾਫ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਕਿਆਂ ਰੁਕ ਨਹੀ ਸੀ ਸਕਦਾ, ਉੱਥੇ ਜੋਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖ ਸੁਖਜਿੰਦ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਰੋਣ ਲੱਗਿਆ ਤੇ ਕਹਿਣ ਲੱਗਿਆ ਜੋਤ ਤੁਹਾਨੂੰ ਮੇਰੇ ਕਾਰਨ ਠੀਕ ਹੋਣਾ ਪੈਣਾ ਹੈ।
ਪਰ ਜੋਤ ਦੀ ਹਾਲਤ ਅਜੇ ਠੀਕ ਨਹੀਂ ਸੀ ,ਡਾਕਟਰਾਂ ਨੇ ਸੁਖਜਿੰਦ ਨੂੰ ਕਿਹਾ ਕਿ ਅਜੇ ਅਸੀਂ ਜੋਤ ਦੀ ਹਾਲਤ ਨੂੰ ਲੈਕੇ ਕੁਝ ਨਹੀਂ ਕਹਿ ਸਕਦੇ।ਸੁਖਜਿੰਦ ਨੂੰ ਜੋ ਡਰ ਸੀ,ਬਸ ਉਸਦਾ ਦਿਮਾਗ ਉਧਰ ਹੀ ਘੁੰਮਦਾ ਰਿਹਾ ਅਤੇ ਜੋਤ ਦੀ ਹਾਲਤ ਦੇਖਕੇ ਉਹ ਰੋਣ ਲੱਗਦਾ ਹੈ।ਡਾਕਟਰਾਂ ਨੇ ਸੁਖਜਿੰਦ ਨੂੰ ਕਿਹਾ ਕਿ ਜੇਕਰ ਜੋਤ ਨੂੰ ਸਵੇਰ ਤੱਕ ਹੋਸ਼ ਆ ਗਈ ਤਾਂ ਉਸਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।ਸੁਖਜਿੰਦ ਨੂੰ ਪੂਰਾ ਵਿਸ਼ਵਾਸ਼ ਸੀ ਕਿ ਜੋਤ ਉਸਨੂੰ ਕਦੇ ਵੀ ਛੱਡਕੇ ਨਹੀਂ ਜਾ ਸਕਦੀ ਅਤੇ ਸੁਖਜਿੰਦ ਗੁਰੂ ਘਰ ਜਾਕੇ ਅਰਦਾਸ ਕਰਦਾ ਹੈ।ਕਿੰਨਾ ਸਮਾਂ ਗੁਰੂ ਘਰ ਬੈਠਾ ਰੋ ਰੋ ਕੇ ਜੋਤ ਦੀ ਸਿਹਤ ਲਈ ਵਾਰ ਵਾਰ ਅਰਦਾਸ ਕਰਦਾ।ਸਾਰੀ ਰਾਤ ਸੁਖਜਿੰਦ ਜੋਤ ਦੇ ਕੋਲ ਰਹਿੰਦਾ ਹੈ ਤੇ ਉਸਦੇ ਚਿਹਰੇ ਤੇ ਹੱਥ ਫੇਰਦਾ।ਸੁਖਜਿੰਦ ਨੂੰ ਹਰ ਪਲ ਲੱਗਦਾ ਕਿ ਜੋਤ ਉਸ ਵੱਲ ਦੇਖੇਗੀ।ਜੋਤ ਦਾ ਇੱਕ ਹੱਥ ਸੁਖਜਿੰਦ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਸੀ ਰਾਤ ਨੂੰ ਸੁਖਜਿੰਦ ਦੀ ਅੱਖ ਲੱਗ ਗਈ ਅਤੇ ਉਹ ਜੋਤ ਦੇ ਕੋਲ ਬੈਠਾ ਉਸਦੇ ਬੈਡ ਤੇ ਸਿਰ ਰੱਖ ਸੌਂ ਗਿਆ,ਸਵੇਰ ਦੇ ਤਿੰਨ ਵੱਜੇ ਸਨ ਅਚਾਨਕ ਜੋਤ ਨੇ ਸੁਖਜਿੰਦ ਦਾ ਹੱਥ ਘੁੱਟਿਆ ਅਤੇ ਸੁਖਜਿੰਦ ਨੂੰ ਹਲਕੀ ਜਿਹੀ ਅਵਾਜ਼ ਚ ਬੁਲਾਇਆ।ਸੁਖਜਿੰਦ ਦੀ ਅੱਖ ਉਦੋਂ ਹੀ ਖੁੱਲ ਗਈ ਤੇ ਉਹ ਜੋਤ ਨੂੰ ਦੇਖਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਮੈਨੂੰ ਪੂਰਾ ਯਕੀਨ ਸੀ ਜੋਤ ਤੂੰ ਮੈਨੂੰ ਸ਼ੱਡਕੇ ਕਦੇ ਨਹੀਂ ਜਾਂਦੀ।ਫਿਰ ਜੋਤ ਨੇ ਬੇਬੀ ਬਾਰੇ ਪੁੱਛਿਆ ਤਾਂ ਸੁਖਜਿੰਦ ਕਹਿੰਦਾ ਕਿ ਉਹ ਠੀਕ ਹੈ ਮੰਮੀ ਕੋਲ ਹੈ।ਇਹ ਸੁਣਕੇ ਜੋਤ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ।ਫਿਰ ਸੁਖਜਿੰਦ ਜਲਦੀ ਜਲਦੀ ਡਾਕਟਰ ਨੂੰ ਬੁਲਾਉਂਦਾ ਹੈ ਅਤੇ ਜੋਤ ਦੇ ਹੋਸ਼ ਆਣ ਬਾਰੇ ਦੱਸਦਾ ਹੈ।ਡਾਕਟਰ ਤੁਰੰਤ ਹੀ ਜੋਤ ਕੋਲ ਜਾਂਦਾ ਹੈ ਅਤੇ ਉਸਦੀ ਹਾਲਤ ਨੂੰ ਦੇਖਦੇ ਹੋਏ ਸੁਖਜਿੰਦ ਨੂੰ ਕਹਿੰਦਾ ਹੈ ਕਿ ਹੁਣ ਜੋਤ ਖਤਰੇ ਤੋਂ ਬਾਹਰ ਹੈ।ਜੋਤ ਦੀ ਸਿਹਤ ਹੁਣ ਪਹਿਲਾਂ ਨਾਲੋ ਠੀਕ ਹੋਣੀ ਸ਼ੁਰੂ ਹੋ ਗਈ ਅਤੇ ਜੋਤ ਹੁਣ ਆਪਣੇ ਬੇਬੀ ਨੂੰ ਵੀ ਕੁਝ ਸਮਾ ਕੋਲ ਰੱਖਦੀ।ਸੁਖਜਿੰਦ ਜੋਤ ਤੇ ਉਸਦੀ ਮੰਮੀ ਬਹੁਤ ਖੁਸ਼ ਸਨ।ਜੋਤ ਨੂੰ 20 ਦਿਨ ਤੋਂ ਬਾਅਦ ਤੰਦਰੁਸਤ ਹੋਣ ਤੇ ਹਸਪਤਾਲ ਚੋਂ ਸ਼ੁੱਟੀ ਦੇ ਦਿੱਤੀ ਜਾਂਦੀ ਹੈ।ਜੋਤ ਦਾ ਖਿਆਲ ਹੁਣ ਉਸਦੀ ਮੰਮੀ ਰੱਖਦੀ ਹੈ ਅਤੇ ਇਧਰ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਹੈਰਾਨ ਸਨ ਕਿ ਜੋਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬੱਚੇ ਨੂੰ ਜਨਮ ਦੇ ਦਿੱਤਾ।ਸੁਖਜਿੰਦ ਦੇ ਭਰਾ ਦੇ ਦੋ ਬੇਟੀਆਂ ਹੀ ਸਨ ਪਰ ਜੋਤ ਦੇ ਬੇਟਾ ਹੋਣ ਦੀ ਖੁਸ਼ੀ ਸਾਰੇ ਪਰਿਵਾਰ ਵਿੱਚ ਸੀ।
ਜੋਤ ਦੇ ਪੇਕੇ ਪਰਿਵਾਰ ਇਸ ਗੱਲ ਤੋਂ ਕੁਝ ਨਰਾਜ਼ ਸੀ ਕਿ ਜੋਤ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਬੱਚੇ ਨੂੰ ਜਨਮ ਦਿੱਤਾ, ਉਹ ਇਸ ਦਾ ਕਰਨ ਸੁਖਜਿੰਦ ਨੂੰ ਮੰਨਦੇ ਸੀ ਪਰ ਜੋਤ ਨੇ ਆਪਣੇ ਪਰਿਵਾਰ ਨੂੰ ਸਮਝਾਇਆ ਤੇ ਕਿਹਾ ਕਿ ਮੈਂ ਬੱਚੇ ਲਈ ਜਿ਼ੱਦ ਕੀਤੀ ਸੁਖਜਿੰਦ ਨੇ ਤਾਂ ਮੈਨੂੰ ਬਹੁਤ ਰੋਕਿਆ ਸੀ। ਪਰ ਹੁਣ ਸਭ ਠੀਕ ਹੈ ਮੈਨੂੰ ਕੁਝ ਨਹੀਂ ਹੋਇਆ। ਜੋਤ ਦੀਆਂ ਗੱਲਾਂ ਸੁਣ ਜੋਤ ਦੇ ਪਰਿਵਾਰ ਵਾਲੇ ਜੋਤ ਨਾਲ ਸਹਿਮਤ ਹੋ ਗਏ ਤੇ ਬੱਚੇ ਤੇ ਸੁਖਜਿੰਦ ਨਾਲ ਪਹਿਲਾਂ ਦੀ ਤਰਾਂ ਖੁਸ਼ ਸਨ।
ਕੁਝ ਹੀ ਦਿਨਾਂ ਬਾਅਦ ਸੁਖਜਿੰਦ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਸੁਖਜਿੰਦ ਦੇ ਘਰ ਆਉਦੇ ਹਨ। ਸੁਖਜਿੰਦ ਸਭ ਨਾਲ ਨਾਰਾਜ਼ ਹੁੰਦਾ ਹੈ, ਪਰ ਜੋਤ ਦੇ ਕਹਿਣ ਤੇ ਸਭ ਨਾਲ ਸਹੀ ਤਰਾਂ ਬੋਲਦਾ, ਸਭ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਤੇ ਸੁਖਜਿੰਦ ਨੂੰ ਵਾਪਿਸ ਘਰ ਆਉਣ ਲਈ ਕਿਹਾ। ਪਰ ਸੁਖਜਿੰਦ ਨੇ ਮਨਾ ਕਰ ਦਿੱਤਾ। ਇਕ ਤਾਂ ਉਹ ਜੋਤ ਦੀ ਪਰਵਾਹ ਕਰਦਾ ਸੀ ਤੇ ਉਹ ਚਾਹੁੰਦਾ ਸੀ ਕੋਈ ਵੀ ਕਦੇ ਵੀ ਜੋਤ ਨੂੰ ਕੁਝ ਨਾ ਕਹੇ। ਦੂਜਾ ਉਸ ਦਾ ਕੰਮ ਹੁਣ ਸ਼ਹਿਰ ਵਿੱਚ ਸੈੱਟ ਸੀ ਕੰਮ ਛੱਡ ਕੇ ਉਹ ਵਾਪਿਸ ਨਹੀਂ ਜਾਣਾ ਚਾਹੁੰਦਾ ਸੀ। ਸਵਾਂ ਮਹੀਨੇ ਬਾਅਦ ਸੁਖਜਿੰਦ ਮੰਮੀ ਵਾਪਿਸ ਚੱਲ ਜਾਂਦੀ ਹੈ, ਪਰ ਉਹ ਜਾਣਾ ਨਹੀ ਸੀ ਚਾਹੁੰਦੇ ਆਪਣੀ ਨੂੰਹ ਤੇ ਪੋਤਰੇ ਨੂੰ ਛੱਡ ਕੇ ਪਰ ਜਾਣਾ ਮਜਬੂਰੀ ਸੀ।
ਹੁਣ ਜੋਤ ਖੁਸ਼ ਰਹਿਣ ਲੱਗਦੀ ਹੈ । ਸੁਖਜਿੰਦ ਤੇ ਆਪਣੇ ਬੱਚੇ ਨਾਲ ਵੱਧ ਤੋਂ ਵੱਧ ਸਮਾਂ ਰਹਿੰਦੀ ਹੈ। ਉਸ ਦੀ ਸਿਹਤ ਬਹੁਤ ਠੀਕ ਹੋ ਗਈ। ਹੁਣ ਤਾਂ ਕਦੇ ਕਦੇ ਜੋਤ ਸੁਖਜਿੰਦ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਜਿਸ ਕਾਰਨ ਜੋਤ ਆਪਣੀ ਬਿਮਾਰੀ ਨੂੰ ਤਾਂ ਭੁੱਲ ਹੀ ਗਈ ਸੀ, ਪਰ ਸੁਖਜਿੰਦ ਉਸ ਦਾ ਖਿਆਲ ਪਹਿਲਾਂ ਤੋਂ ਜਿਆਦਾ ਰੱਖਦਾ ਸੀ ਖਾਣਾ -ਦਵਾਈ ਸਮੇਂ ਤੇ ਦਿੰਦਾ। ਸਮੇਂ ਨਾਲ ਦੋਵੇਂ ਖੁਸ਼ ਰਹਿਣ ਲੱਗੇ ਤੇ ਸੁਖਜਿੰਦ ਨੇ ਆਪਣੀ ਮਿਹਨਤ ਨਾਲ ਜੋਤ ਦੇ ਸੁਪਨਿਆਂ ਵਾਲਾ ਘਰ ਵੀ ਲੈ ਲਿਆ। ਹੁਣ ਸਭ ਠੀਕ ਹੈ, ਉਹ ਦੋਵੇ ਆਪਨੇ ਬੱਚੇ ਨਾਲ ਖੁਸ਼ੀ ਭਰੀ ਜਿੰਦਗੀ ਜਿਉਦੇ ਹਨ ਅਤੇ ਸੁਖਜਿੰਦ ਤੇ ਜੋਤ ਦਾ ਪਿਆਰ ਇੱਕ ਮਿਸਾਲ ਬਣ ਗਿਆ।
✍️✍️ ਰਵਨਜੋਤ ਕੌਰ ਸਿੱਧੂ “ਰਾਵੀ”