ਸਵੇਰ ਦੇ ਸਾਢੇ ਸੱਤ ਵਜੇ ਸਮਾਂ । ਗੁਰਚਰਨ ਸਿੰਘ ਬਾਹਰ ਵੇਹੜੇ ‘ਚ ਬੈਠਾ ਅਖਬਾਰ ਪੜ੍ਹ ਰਿਹਾ, ਤੇ ਕੋਲ ਮੰਜੇ ਤੇ ਬੈਠਾ ਰਾਜੂ ਸੀਰੀ , ਜੋ ਬਿਹਾਰੀ ਹੈ ਰੋਟੀ ਖਾ ਰਿਹਾ । ਬਾਹਰੋ ਆਵਾਜ ਆਉਦੀ ਹੈ , ਗੁਰਚਰਨ ਸਿਹਾਂ ਘਰੇ ਹੋ !
ਆਜੋ ਸੱਜਣ ਸਿਹਾਂ , ਲੰਘ ਆਓ …..
ਹੋਰ ਸੁਣਾਓ ਸੱਜਣ ਸਿਹਾਂ ਕੀ ਹਾਲ ਏ.. ਹੋਰ ਸੁਣਾਓ ਕਿੱਦਾ ਆਉਣਾ ਹੋਇਆ।
ਬਸ ਖੇਤੋ ਆਇਆ, ਸੋਚਿਆ ਗੁਰਚਰਨ ਸਿੰਘ ਨਾਲ ਦੋ ਚਾਰ ਗੱਪ ਸੱਪ ਮਾਰ ਚੱਲੀਏ….
ਏਨੇ ਚਿਰ ਵਿੱਚ ਰਾਜੂ ਰੋਟੀ ਖਾ ਕੇ ਜੂਠੇ ਭਾਂਡੇ ਕੰਧੋਲੀ ਤੇ ਰੱਖ, ਆਪਣਾ ਕੰਮ ਕਰਨ ਲਈ ਖੇਤ ਤੁਰ ਗਿਆ।
ਉਸ ਜਾਂਦੇ , ਸੱਜਣ ਸਿੰਘ ਨੇ ਗੁਰਚਰਨ ਸਿੰਘ ਨੂੰ ਕਿਹਾ …
ਗੁਰਚਰਨ ਸਿਹਾਂ, ਏਨਾ ਭਈਆ ਨੂੰ ਐਨਾ ਸਿਰੇ ਨਹੀ ਚਾੜੀਦਾ, ਏਨਾ ਨੂੰ ਥੱਲੇ ਲਾ ਕੇ ਰੱਖਿਆ ਕਰੋ। ਓਨਾ ਹੀ ਚੰਗਾ ਹੁੰਦਾ, ਮੈਨੂੰ ਤਾਂ ਚੰਗੇ ਨਹੀ ਲੱਗਦੇ , ਯੂ.ਪੀ , ਬਿਹਾਰ ਵਾਲੇ। ਏਨਾ ਨੂੰ ਬਾਹਰ ਪਸ਼ੂਆਂ ਵਾਲੇ ਵਾੜੇ ਰੱਖਣਾ ਚਾਹੀਦਾ ।
ਗੁਰਚਰਨ ਸਿੰਘ ਨੇ ਰੋਕਦੇ ਹੋਏ ਕਿਹਾ , ਸੱਜਣ ਸਿਹਾਂ ਐ ਨਹੀ ਕਹੀਦਾ।ਇਹ ਤਾਂ ਵਿਚਾਰੇ ਮਿਹਨਤ ਮਜਦੂਰੀ ਕਰਨ ਆਉਂਦੇ।ਜਿਵੇਂ ਆਪਣੇ ਪੰਜਾਬੀ ਭਰਾ ਵਿਦੇਸ਼ਾ ਵਿਚ ਜਾਂਦੇ।
ਮੇਰੀ ਇੱਕ ਗੱਲ ਸੁਣ,ਇਹ ਵਿਚਾਰਾ ਸਾਰਾ ਦਿਨ, ਸਾਡੇ ਸਾਰੇ ਪਰਿਵਾਰ ਨੂੰ ਜੀ ਜੀ ਕਰਦਾ ਫਿਰਦਾ,ਅਸੀ ਕਿਹੜਾ ਏਨੂੰ ਜੀ ਜੀ ਕਹਿਣ ਦੀ ਤਨਖਾਹ ਦੇਣੀ ਨਾਲੇ ਸਾਡਾ ਸਾਰਾ ਕੰਮ ਕਰਦਾ..ਕਿਸੇ ਕੰਮ ਤੋ ਮਨ੍ਹਾਂ ਨਹੀ ਕਰਦਾ , ਓਹ ਵੀ ਬਹੁਤ ਥੋੜੀ ਤਨਖਾਹ ਚ’ ।
ਜੇ ਏਨੂੰ ਵਿਚਾਰੇ ਨੂੰ ਮੰਜੇ ਤੇ ਬਿਠਾ , ਰੋਟੀ ਖੁਆ ਦਿੰਦੇ ,ਕਿਹੜਾ ਪਾਪ ਹੋ ਜਾਂਦਾ।ਮੇਰੇ ਪਰਿਵਾਰ ਨੇ ਕਦੇ , ਏਨੂੰ ਭਈਆ ਨਹੀ ਕਿਹਾ, ਬੱਚਿਆ ਵਾਗੂ ਸਮਝਦੇ ਨੇ ਸਾਰੇ..
ਸੱਜਣ ਸਿਹਾਂ , ਵੱਡੇ ਵੱਡੇ ਘਰਾਂ ‘ਚ , ਜਦੋ ਕੋਈ ਬੰਦਾ ਕੰਮ ਕਰਨ ਜਾਂਦਾ ਸੀ ਤਾਂ ਔਰਤਾਂ ,ਉਸਨੂੰ ਭਈਆ, ਜਿਸਦਾ ਮਤਲਬ ਸੀ ਭਰਾ ਕਹਿ ਕੇ ਬੁਲਾਇਆ ਕਰਦੀਆਂ ਸਨ। ਪਰ ਸਾਡੇ ਕੁਝ ਪੰਜਾਬੀਆਂ ਨੇ , ਇਸ ਦਾ ਉਲਟ ਮਤਲਬ ਕੱਢ ਲਿਆ।
ਸੱਜਣ ਸਿਹਾਂ ਕਿ ਯੂ.ਪੀ , ਬਿਹਾਰ ‘ਚ ਜੰਮਣ ਵਾਲਿਆ ਨੂੰ ਅਸੀ ਇੱਜ਼ਤ ਨਹੀ ਦੇਣੀ । ਸਾਡੇ ਗੁਰੂਆਂ ਦਾ ਉਪਦੇਸ਼ ਹੈ , “ਮਾਨਸ ਕੀ ਜਾਤ,ਸਭੈ ਏਕ ਪਹਿਚਾਨਬੋ” ਕਿ ਅਸੀ ਓਨਾਂ ਦੇ ਉਪਦੇਸ਼ਾਂ ਤੇ ਚਲਦੇ ਹਾਂ ।ਸਾਡੇ ਦਸਮ ਪਾਤਸ਼ਾਹ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨਾ ਸਾਹਿਬ ਹੋਇਆ।ਜਿਹੜਾ ਬਿਹਾਰ ਵਿੱਚ ਹੈ।
ਯੂ.ਪੀ,ਬਿਹਾਰ ਦੇ ਬਹੁਤ ਸਾਰੇ ਡੀ.ਸੀ ਸਾਹਿਬਾਨ, ਐਸ.ਐਸ.ਪੀ ਸਹਿਬਾਨ , ਹੋਰ ਕਿੰਨੇ ਅਫਸਰ ਸਹਿਬਾਨ, ਪੰਜਾਬ ਲਈ ਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ, ਪੰਜਾਬੀ ਭਰਾਵਾਂ ਨਾਲ ਮਿਲ ਕੇ ਦਿਨ-ਰਾਤ ਇਕ ਕਰ ਰਹੇ ਹਨ। ਓਧਰ ਦੇ ਫਿਲਮ ਸਟਾਰ, ਜਿੰਨਾ ਦੀਆਂ ਫਿਲਮਾਂ ਅਸੀ ਖੁਸ਼ ਹੋ ਕੇ ਦੇਖਦੇ ਹਾਂ।
ਫਿਰ ਏਨਾਂ ਵਿਚਾਰਿਆ ਨੂੰ ਨਫਰਤ ਕਿਓ ? ਸਭ ਜੀਵ ਉਸ ਪ੍ਰਮਾਤਮਾ ਦੇ ਹਨ। ਹਰ ਇੱਕ ਵਿਚ ਉਸਦਾ ਵਾਸ ਹੈ।
ਠੀਕ ਕਿਹਾ, ਗੁਰਚਰਨ ਸਿਹਾਂ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆ। ਮੈ ਅੱਗੇ ਤੋ ਕਿਸੇ ਯੂ.ਪੀ , ਬਿਹਾਰ ਵਾਲੇ ਨੂੰ ‘ਭਈਆ’ ਨਹੀ ਕਹਾਂਗਾ। ਚੰਗਾ ਚਲਦਾ ਹਾਂ …..