ਬੋਲੀਵੁਡ ਕਲਾਕਾਰ ਸਈਦ ਜਾਫਰੀ ਆਪਣੀ ਡਾਇਰੀ ਵਿਚ ਲਿਖਦਾ ਹੈ ਕੇ ਮੇਹਰੂਸੀਆ ਵਫ਼ਾਦਾਰ ਪਤਨੀ ਹੋਣ ਦੇ ਨਾਲ ਨਾਲ ਇੱਕ ਚੰਗੀ ਮਾਂ ਅਤੇ ਸਮਰਪਿਤ ਘਰੇਲੂ ਔਰਤ ਵੀ ਸੀ..ਖਾਸ ਕਰਕੇ ਉਸ ਵੱਲੋਂ ਬਣਾਏ ਖਾਣੇ ਦਾ ਤਾਂ ਕੋਈ ਜੁਆਬ ਹੀ ਨਹੀਂ ਸੀ ਹੁੰਦਾ!
ਮੈਂ ਅੰਗਰੇਜੀ ਕਲਚਰ ਅਤੇ ਆਧੁਨਿਕ ਵਿਚਾਰਾਂ ਦਾ ਧਾਰਨੀ..ਮੇਹਰੂਨੀਆ ਨੂੰ ਹਮੇਸ਼ਾਂ ਆਪਣੇ ਤਰੀਕਿਆਂ ਨਾਲ ਬਦਲਣ ਅਤੇ ਚਲਾਉਂਣ ਵਿਚ ਵਿਸ਼ਵਾਸ਼ ਰੱਖਦਾ..ਪਰ ਹਮੇਸ਼ਾਂ ਹੱਸਦੀ ਰਹਿਣ ਵਾਲੀ ਉਹ ਬਦਲਣ ਦੀ ਜਗਾ ਹੌਲੀ ਹੌਲੀ ਚੁੱਪ ਜਿਹੀ ਹੁੰਦੀ ਗਈ..
ਏਨੇ ਨੂੰ ਮੇਰੀ ਇੱਕ ਸਹਿ-ਅਭੀਨੇਤਰੀ ਨਾਲ ਨੇੜਤਾ ਵੱਧ ਗਈ ਤੇ ਮੈਂ ਮੇਹਰੂਸੀਆ ਨੂੰ ਦਸਾਂ ਸਾਲਾਂ ਦੇ ਸਾਥ ਮਗਰੋਂ ਤਲਾਕ ਦੇ ਦਿੱਤਾ..!
ਨਵੀ ਪਤਨੀ ਨਾਲ ਕੁਝ ਦਿਨ ਰਹਿ ਕੇ ਹੀ ਇਹਸਾਸ ਹੋਣਾ ਲੱਗਾ ਕੇ ਉਸਦਾ ਧਿਆਨ ਬਣਨ-ਫੱਬਣ ਵੱਲ ਜਿਆਦਾ ਤੇ ਸਾਡੇ ਆਪਸੀ ਰਿਸ਼ਤੇ ਵੱਲ ਘੱਟ ਸੀ…
ਹੁਣ ਮੈਨੂੰ ਮੇਹਰੂਨੀਆ ਦੀ ਯਾਦ ਸਤਾਉਣ ਲੱਗੀ ਪਰ ਹੁਣ ਤੱਕ ਕਾਫੀ ਦੇਰ ਹੋ ਚੁੱਕੀ ਸੀ..
ਇੱਕ ਦਿਨ ਮੈਗਜੀਨ ਦੇ ਕਵਰ ਪੇਜ ਤੇ ਇੱਕ ਮਸ਼ਹੂਰ ਸ਼ੈੱਫ ਮਧੁਰ ਜਾਫਰੀ ਦੀ ਤਸਵੀਰ ਨੂੰ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕੇ ਇਹ ਤਾਂ ਮੇਹਰੂਨੀਆ ਸੀ…ਹੈਰਾਨ ਰਹਿ ਗਿਆ ਕੇ ਏਡਾ ਵੱਡਾ ਬਦਲਾਓ..ਆਇਆ ਕਿੱਦਾਂ?
ਖੈਰ ਟਿਕਟ ਖਰਚ ਕੇ ਅਮਰੀਕਾ ਵਾਲੇ ਐਡਰੈੱਸ ਤੇ ਅੱਪੜ ਗਿਆ
ਪਰ ਉਸ ਨੇ ਮਿਲਣ ਤੋਂ ਨਾਂਹ ਕਰ ਦਿੱਤੀ..ਫੇਰ ਬੱਚਿਆਂ ਨਾਲ ਸੰਪਰਕ ਸਾਧਿਆ..ਤਰਲਾ ਮਿੰਤ ਕੀਤੀ..ਬੱਸ ਇੱਕ ਵਾਰ..ਅਖੀਰ ਓਹਨਾ ਮਾਂ ਨੂੰ ਮਨਾ ਹੀ ਲਿਆ..ਆਤਮ ਵਿਸ਼ਵਾਸ਼ ਨਾਲ ਭਰੀ ਪੂਰੀ ਤਰਾਂ ਬਦਲੀ ਹੋਈ ਉਹ ਆਪਣੇ ਨਵੇਂ ਪਤੀ ਨਾਲ ਮਿਲਣ ਆਈ..
ਬੱਚਿਆਂ ਨੇ ਦੱਸਿਆ ਕੇ ਨਵੇਂ ਬਾਪ ਨੇ ਸਾਨੂੰ ਬਹੁਤ ਪਿਆਰ ਦਿੱਤਾ..ਸਾਡੀ ਮਾਂ ਤੇ ਆਪਣੀ ਮਰਜੀ ਨਹੀਂ ਥੋਪੀ..ਭਾਵਨਾਵਾਂ ਦਾ ਖਿਆਲ ਰਖਿਆ..ਉਸਨੂੰ ਓਸੇ ਰੂਪ ਵਿਚ ਹੀ ਵਧਣ ਫੁੱਲਣ ਵਿਚ ਉਤਸ਼ਾਹਿਤ ਕੀਤਾ ਜਿਸ ਤਰਾਂ ਉਹ ਚਾਹੁੰਦੀ ਸੀ..ਤੇ ਫੇਰ ਪਤਾ ਹੀ ਨਹੀਂ ਲੱਗਾ ਕਦੋਂ ਉਹ ਵਿਸ਼ਵ ਪ੍ਰਸਿੱਧ ਸਿਲੇਬ੍ਰਿਟੀ ਬਣ ਗਈ!
ਦੋਸਤੋ ਇਹ ਤਾਂ ਸੀ ਮਨਜੋਤ ਵੀਰ ਦੇ ਪੇਜ ਤੋਂ ਪੜੀ ਕਹਾਣੀ ਦਾ ਸੰਖੇਪ ਰੂਪ ਪਰ ਇਸ ਨਾਲ ਸਬੰਧਿਤ ਕੁਝ ਅੱਖੀਂ ਦੇਖੇ ਖਾਕੇ ਸਾਂਝੇ ਕਰਨਾ ਚਾਹੁੰਦਾ ਹਾਂ
ਇੱਕ ਵਾਕਿਫ਼ਕਾਰ ਨਵਾਂ ਨਵਾਂ ਵਿਆਹ ਹੋਇਆ..ਘਰਦੀ ਡਾਕਟਰ..ਸਪੈਸ਼ਲ ਛੁੱਟੀ ਲੈ ਕੇ ਹਸਪਤਾਲ ਛਾਪਾ ਜਿਹਾ ਮਾਰਿਆ ਕਰੇ ਕੇ ਕੀਹਦੇ ਨਾਲ ਗੱਲਾਂ ਕਰਦੀ..ਕੀਹਦੀ ਨਬਜ ਚੈਕ ਕਰਦੀ..ਅਗਲੀ ਘੁਟਣ ਮਹਿਸੂਸ ਕਰਿਆ ਕਰੇ..ਅਖੀਰ ਓਹੀ ਗੱਲ ਹੋਈ..ਛੇਹਾਂ ਮਹੀਨਿਆਂ ਵਿਚ ਤਲਾਕ..ਮੁੜਕੇ ਆਖਿਆ ਕਰੇ ਯਾਰ ਗਲਤੀ ਹੋ ਗਈਂ!
ਇੱਕ ਹੋਰ ਨਵੀਂ ਵਿਆਹੀ ਨੂੰ ਚੁਬਾਰੇ ਤੇ ਹੀ ਨਾ ਚੜਨ ਦਿਆ ਕਰੇ ਅਖੇ ਮਾਹੌਲ ਖਰਾਬ ਏ…ਇਥੇ ਵੀ ਨਿਤ ਦਿਹਾੜੇ ਦਾ ਕਲੇਸ਼!
ਇੱਕ ਹੋਰ ਪੜੀ ਲਿਖੀ ਬਿਜਨਸ ਵਿਚ ਚੰਗਾ ਭਲਾ ਹੱਥ ਵਟਾਉਂਦੀ ਨੂੰ ਜਦੋਂ ਕੋਈ ਫੋਨ ਆ ਜਾਇਆ ਕਰਦਾ ਤਾਂ ਨਾਲਦੇ ਦੇ ਕੰਨ ਖੜੇ ਹੋ ਜਾਂਦੇ ਕੇ ਕਿਸ ਨੇ ਫੋਨ ਕੀਤਾ..ਹਾਰ ਕੇ ਘਰੇ ਚੁੱਲੇ ਚੋਂਕੇ ਤੇ ਬਿਠਾ ਦਿੱਤੀ!
ਇੱਕ ਹੋਰ ਮੂੰਹ-ਮੱਥੇ ਲੱਗਦੀ ਨੂੰ ਸਿਰਫ ਇਸ ਕਰਕੇ ਹੀ ਘਰੇ ਬਿਠਾ ਦਿੱਤਾ ਗਿਆ ਕੇ ਰੱਬ ਦਾ ਦਿੱਤਾ ਬਹੁਤ ਕੁਝ ਏ..ਕੋਈ ਲੋੜ ਨੀ ਨੌਕਰੀ ਕਰਨ ਦੀ..!
ਇੱਕ ਨੂੰ ਸਿਰਫ ਇਸ ਕਰਕੇ ਨਾਲਦੀ ਨਾਲ ਈਰਖਾ ਹੋ ਗਈ ਕਿਓੰਕੇ ਪੀ.ਸੀ.ਐੱਸ ਦਾ ਪੇਪਰ ਦੋਹਾਂ ਨੇ ਇਕੱਠਿਆਂ ਦਿੱਤਾ..ਆਪ ਤੇ ਰਹਿ ਗਿਆ ਤੇ ਨਾਲਦੀ ਨਿੱਕਲ ਗਈ!
ਸੋ ਦੋਸਤੋ ਜੇ ਸਫਲ ਇਨਸਾਨ ਪਿੱਛੇ ਇੱਕ ਔਰਤ ਦੀ ਪ੍ਰੇਰਨਾ ਕੰਮ ਕਰਦੀ ਏ ਤਾਂ ਇੱਕ ਔਰਤ ਵੀ ਬੁਲੰਦੀਆਂ ਤੇ ਪੁੱਜ ਸਕਦੀ ਜੇ ਨਾਲ਼ਦਾ ਈਰਖਾ ਅਤੇ ਸਾੜੇ ਵਾਲਾ ਭੇਸ ਉਤਾਰ ਕੋਈ ਐਸਾ ਕਾਰਗਰ ਅਤੇ ਸੁਖਾਵਾਂ ਜਿਹਾ ਮਾਹੌਲ ਸਿਰਜ ਲਵੇ ਜਿਸਦੀਆਂ ਨੀਹਾਂ ਆਪਸੀ ਇਤਬਾਰ ਅਤੇ ਭਰੋਸੇ ਤੇ ਟਿਕੀਆਂ ਹੋਣ!
2019
ਹਰਪ੍ਰੀਤ ਸਿੰਘ ਜਵੰਦਾ