ਆਮਤੌਰ ਤੇ ਲੋਕ ਮਹਾਜਨਾ ਨੂੰ ਦਾਲਖਾਣੇ ਆਖ ਕੇ ਚਿੜਾਉਂਦੇ ਹਨ। ਬਹੁਤੇ ਸ਼ਹਿਰੀ ਬਣੀਆਂ ਲੋਕ ਸ਼ਾਮ ਨੂੰ ਮੂੰਗੀ ਦੀ ਦਾਲ ਹੀ ਬਣਾਉਂਦੇ ਹਨ। ਜਿਸ ਨੂੰ ਪੀਲੀ ਦਾਲ ਕਿਹਾ ਜਾਂਦਾ ਹੈ। ਉਹ ਲੋਕ ਜੋ ਪਿਆਜ਼ ਲਸਣ ਨਹੀਂ ਖਾਂਦੇ ਇਸਨੂੰ ਸਿਰਫ ਜ਼ੀਰੇ ਦਾ ਤੜਕਾ ਲਾਉਂਦੇ ਹਨ। ਕਈ ਲੋਕ ਇਸ ਪੀਲੀ ਦਾਲ ਨੂੰ ਬਣੀਆਂ ਵਾਲੀ ਦਾਲ ਵੀ ਆਖਦੇ ਹਨ। ਫਿਰ ਕਰਾਰੀ ਖਾਣ ਵਾਲੇ ਇਸ ਦਾਲ ਨੂੰ ਪਿਆਜ਼, ਅਦਰਕ, ਲਸਣ, ਹਰੀ ਮਿਰਚ, ਟਮਾਟਰ ਦਾ ਤੜਕਾ ਲਾਉਣ ਲੱਗ ਪਏ। ਜਿਹੜੀ ਹੋਟਲਾਂ ਵਿੱਚ ਦਾਲ ਫਰਾਈ ਦੇ ਨਾਮ ਤੇ ਮਸ਼ਹੂਰ ਹੋਈ। ਕਿਸੇ ਜਮਾਨੇ ਵਿੱਚ ਦਾਲ ਫਰਾਈ ਦਾ ਆਰਡਰ ਦੇਣਾ ਵੀ ਸ਼ਾਹੀ ਦਾਵਤ ਦੀ ਨਿਸ਼ਾਨੀ ਹੁੰਦਾ ਸੀ। ਹੁਣ ਤਾਂ ਖੈਰ ਦਾਲ ਮੱਖਣੀ ਦਾ ਯੁੱਗ ਹੈ। ਜੋ ਸ਼ਾਹੀ ਹੋਣ ਦੇ ਬਾਵਜੂਦ ਵੀ ਦਾਲ ਫਰਾਈ ਦੇ ਸੁਵਾਦ ਨੂੰ ਪਿਛਾੜ ਨਹੀਂ ਸਕੀ। ਹਾਂ ਹਰ ਆਰਡਰ ਵਿੱਚ ਦਾਲ ਮੱਖਣੀ ਦਾ ਜਿਕਰ ਜਰੂਰ ਹੁੰਦਾ ਹੈ।
ਘਰ ਵਿੱਚ ਬਣੀ ਮੂੰਗੀ ਦੀ ਦਾਲ ਖਾਣ ਦਾ ਵੱਖਰਾ ਹੀ ਨਜ਼ਾਰਾ ਹੈ। ਜੇ ਤੜਕਾ ਢੰਗ ਸਿਰ ਦਾ ਲਾਇਆ ਹੋਵੇ ਤਾਂ। ਗਰਮ ਦਾਲ ਦੀ ਕੌਲੀ ਵਿੱਚ ਜੇ ਇੱਕ ਪਿਆਜ਼ ਤੇ ਟਮਾਟਰ ਕੁਤਰ ਕੇ ਪਾਇਆ ਜਾਂਵੇ ਤਾਂ ਬਿਨਾਂ ਰੋਟੀ ਦੇ ਇਕੱਲੀ ਦਾਲ ਖਾਣ ਦਾ ਨਜ਼ਾਰਾ ਹੀ ਕੁਝ ਹੋਰ ਹੀ ਹੁੰਦਾ ਹੈ। ਇਸ ਵਿੱਚ ਜੇ ਸਰਦੀਆਂ ਵਿੱਚ ਦੋ ਚਮਚ ਦੇਸੀ ਘਿਓ ਯ ਗਰਮੀਆਂ ਵਿੱਚ ਇੱਕ ਨਿੰਬੂ ਨਿਚੋੜ ਕੇ ਪਾਇਆ ਜਾਂਵੇ ਤਾਂ ਸੋਨੇ ਅਤੇ ਸੁਹਾਗੇ ਵਾਲ਼ੀ ਗੱਲ ਹੋ ਜਾਂਦੀ ਹੈ। ਹੁਣ ਇਸ ਤੋੰ ਵੀ ਅਗਲੇ ਸੁਵਾਦ ਦੀ ਗੱਲ ਕਰਦੇ ਹਾਂ। ਚੰਡੀਗੜ੍ਹ ਦੇ ਪੰਦਰਾਂ ਸੈਕਟਰ ਦੀ ਰੇਹੜੀ ਮਾਰਕੀਟ ਦੇ ਢਾਬੇ ਵਾਲੇ ਗ੍ਰਾਹਕ ਦੇ ਕਹਿਣ ਤੇ ਆਪਣੀ ਦਾਲ ਫਰਾਈ ਨੂੰ ਵਧੇਰੇ ਸੁਵਾਦ ਬਣਾਉਣ ਲਈ ਤੜਕੇ ਵਿੱਚ ਨਾਨ ਵੈਜ ਦੀ ਤਰੀ ਪਾਉਂਦੇ ਹਨ। ਪਰ ਵੈਜ ਲੋਕ ਆਪਣੀ ਦਾਲ ਵਿੱਚ ਛੋਲਿਆਂ/ਛੋਲੂਏ ਦੀ ਸਬਜ਼ੀ ਦੀ ਤਰੀ ਪਾਕੇ ਦੇਖੋ। ਦਾਲ ਦਾ ਸੁਆਦ ਹੱਦਾਂ ਪਾਰ ਕਰ ਜਾਂਦਾ ਹੈ। ਮੈਂ ਸ਼ਾਮੀਂ ਰੋਟੀ ਖਾਣ ਵੇਲੇ ਅਕਸਰ ਇਹੋ ਜਿਹਾ ਕਮਲ ਘੋਟ ਲੈਂਦਾ ਹਾਂ। ਫਿਰ ਦੋ ਰੋਟੀਆਂ ਸੋਖੀਆਂ ਲੰਘ ਜਾਂਦੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ