ਮੁਹੱਬਤਾਂ ਦਾ ਕਾਫਲਾ | muhabattan da kaafla

ਵੱਡੇ ਸਾਰੇ ਰਾਹ ਤੋਂ ਜਾਂਦੀ ਪਿੰਡ ਨੂੰ ਦੋਨੋਂ ਪਾਸੀ ਸਰ ਕਾਨਿਆਂ ਨਾਲ ਲਪੇਟੀ ਢੇਡੀ ਮੇਢੀ ਡੰਡੀ ਪਿੰਡ ਆਣ ਵੜਦੀ, ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੀ ਉਡਦੀ ਧੂੜ।
ਸ਼ਹਿਰੋਂ ਇੱਕੋ ਹੀ ਬਸ ਦਿਨ ਵਿੱਚ ਇੱਕ ਹੀ ਗੇੜਾ ਮਾਰਦੀ।
ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਣ ਦਾ ਮੁੱਖ ਸਾਧਨ ਸੀ।
ਤਰਕਾਲਾ ਤੱਕ ਉਹ ਸੁਨਸਾਨ ਡੰਡੀ ਰਾਹੀਆਂ ਨਾਲ ਜਾਗਦੀ ਰਹਿੰਦੀ। ਅਪਣੱਤ ਦੇ ਭਰੇ ਜਦੋਂ ਇੱਕ ਦੂਜੇ ਨੂੰ ਰਾਹੀ ਮਿਲਦੇ
ਤਾਂ ਦੋਨੋਂ ਪਾਸੇ ਫਤਿਹ ਬੁਲਾਉਂਦੇ। ਮਹਿਸੂਸ ਹੁੰਦਾ ਜਿਵੇਂ ਕਾਲੀ ਰਾਤ ਵਿੱਚ ਕਿਧਰੇ ਸੂਰਜ ਨਿਕਲ ਆਇਆ ਹੋਵੇ।
ਪਿੰਡ ਵੜਦਿਆਂ ਹੀ ਵੱਡਾ ਸਾਰਾ ਬੋਹੜ ਤੇ ਪੱਕਾ ਇੱਟਾਂ ਦਾ ਥੜਾ, ਪਿੰਡ ਦੇ ਕਿੰਨੇ ਹੀ ਬਜ਼ੁਰਗਾਂ ਦੀ ਜਿਵੇਂ ਜੀਵਨ ਗਾਥਾ ਸੰਭਾਲੀ ਬੈਠਾ ਹੋਵੇ। ਅਕਸਰ ਹੀ ਦਿਨ ਚੜਦੇ ਸੱਥ ਵਿੱਚ ਰੌਣਕਾਂ ਲੱਗ ਜਾਂਦੀਆਂ, ਨਾ ਕਿਧਰੇ ਅਖਬਾਰ ਨਾ ਟੈਲੀਵਿਜ਼ਨ ਪਰ ਫਿਰ ਵੀ ਪਤਾ ਨਹੀਂ ਦਿਆਲੇ ਛੜੇ ਨੂੰ ਕਿਧਰੋਂ ਖਬਰਾਂ ਲੱਭ ਜਾਂਦੀਆਂ। ਪਿੰਡ ਦੀ ਹਰ ਉਨੀ ਇੱਕੀ ਨੂੰ ਉਹ ਸੱਥ ਵਿੱਚ ਉਧੇੜ ਸੁੱਟਦਾ। ਬਾਬੇ ਮੱਘਰ ਨੇ ਬਥੇਰਾ ਕਹਿਣਾ, ਓਏ ਕਿਸੇ ਦੇ ਘਰ ਲੱਗੀ ਅੱਗ ਦਾ ਸੇਕ, ਕਦੇ ਨਿੱਘ ਨਹੀਂ ਦਿੰਦਾ ਹੁੰਦਾ। ਐਵੇਂ ਨਾ ਕਿਸੇ ਦੀ ਗੱਲ ਨੂੰ ਊਠ ਦੇ ਬੁੱਲ ਵਾਂਗ ਲਮਕਾਇਆ ਕਰ। ਦਿਆਲੇ ਛੜੇ ਨੇ ਆਪਣੀਆਂ ਇਨਾਂ ਹੀ ਮਾੜੀਆਂ ਆਦਤਾਂ ਕਰਨ ਕਈ ਵਾਰ ਪੰਚਾਇਤਾਂ ਵਿੱਚ ਮਾਫੀਆਂ ਮੰਗ ਖਹਿੜਾ ਛਡਵਾਇਆ।
ਪਿੰਡ ਦੀ ਛੱਤ ਦੇ ਨਾਲ ਹੀ ਦੋ ਕਮਰਿਆਂ ਵਾਲਾ ਖੁੱਲਾ ਡੁੱਲਾ ਸਕੂਲ ,ਜਿੱਥੇ ਪਿੰਡ ਦੇ ਸਾਰੇ ਬੱਚੇ ਪੜ੍ਹਦੇ। ਉਨਾਂ ਸਮਿਆਂ ਵਿੱਚ ਕੋਈ ਵਿਰਲਾ ਟਾਵਾਂ ਹੀ ਬੱਚਾ ਸ਼ਹਿਰ ਪੜਦਾ। ਮੈਂ ਤੇ ਮੇਰਾ ਬਚਪਨ ਦਾ ਆੜੀ ਜਿੰਦਰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਕਿੰਨਾ ਕਿੰਨਾ ਚਿਰ ਸੱਥ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਜਾਣਾ। ਜਦ ਘਰ ਪਰਤਣਾ ਤਾਂ ਰਾਸਤੇ ਵਿੱਚ, ਕਈ ਵਾਰ ਦਿਆਲਾ ਛੜਾ ਮਿਲ ਜਾਂਦਾ, ਉਸ ਦੀ ਅੱਖਾਂ ਵਿਚਲੀ ਘੂਰ ਤੇ ਕਚੀਚੀ ਵੱਟ, ਇੱਕ ਹੱਥ ਦੀ ਮੁੱਠੀ ਦੂਜੇ ਹੱਥ ਤੇ ਸਾਡੇ ਵੱਲ ਵੇਖ ਮਾਰਨੀ ਤਾਂ ਅਸੀਂ ਡਰ ਜਾਣਾ। ਮੈਂ ਡਰਦੇ ਮਾਰੇ ਨਾਲ ਹੀ ਤਾਏ ਕੇ ਘਰੇ ਵੜ ਜਾਣਾ, ਪਰ ਤਾਇਆ ਵੀ ਪਤਾ ਨਹੀਂ ਕਿਉਂ ਮੈਨੂੰ ਉਵੇਂ ਹੀ ਦੇਖਦਾ, ਜਿਵੇਂ ਮੈਨੂੰ ਦਿਆਲਾ ਛੜਾ ਵੇਖਦਾ। ਤੇ ਫਿਰ ਮੈਂ ਪਲ ਭਰ ਰੁਕ ਘਰੇ ਆ ਜਾਣ।
ਇਕ ਦਿਨ ਸੱਥ ਵਿੱਚ ਕਿਸੇ ਨੇ ਦੱਸਿਆ ਕਿ ਸਾਲ ਦੇ ਅਖੀਰਲੇ ਮਹੀਨੇ ਜਦੋਂ ਗੱਡੀਆਂ ਵਾਲੇ ਆਣ ਮੰਡੀ ਵਿੱਚ ਰੁਕਦੇ, ਤਾਂ ਉਹਨਾਂ ਦੀ ਇੱਕ ਕੁੜੀ ਸਿੰਦੀ ਨੂੰ ਆਹ ਦਿਆਲੇ ਛੜੇ ਨੇ ਉੱਚਾ ਨੀਵਾਂ ਬੋਲ ਦਿੱਤਾ ਸੀ। ਤੇ ਫਿਰ ਕਬੀਲੇ ਦੇ ਮਰਦਾ ਨੇ ਦਿਆਲੇ ਛੜੇ ਦੀ ਬਹੁਤ ਕੁੱਟਮਾਰ ਕੀਤੀ। ਗੱਲ ਪੰਚਾਇਤ ਵਿੱਚ ਪਹੁੰਚੀ ਤਾਂ ਪਿੰਡ ਦੇ ਸਰਪੰਚ ਜਾਗਰ ਸਿੰਘ ਨੇ ਕਸੂਰ ਦਿਆਲੇ ਛੜੇ ਦਾ ਕੱਢਿਆ ਤੇ ਅਖ਼ੀਰ ਦਿਆਲੇ ਛੜੇ ਨੂੰ ਗੱਡੀਆਂ ਵਾਲੀ ਸਿੰਦੀ ਦੇ ਪੈਰੀ ਹੱਥ ਲਾ ਮਾਫੀ ਮੰਗਣੀ ਪਈ। ਬਸ ਉਦੋਂ ਤੋਂ ਹੀ ਦਿਆਲਾ ਛੜਾ ਸਰਪੰਚ ਜਾਗਰ ਸਿੰਘ ਲਈ ਅੰਦਰੋਂ ਅੰਦਰੀ ਜਹਿਰ ਉਗਲਦਾ ਰਹਿੰਦਾ।ਇਸੇ ਲਈ ਦਿਆਲੇ ਛੜੇ ਨੂੰ ਮੇਰੇ ਬਾਰੇ ਵੀ ਪਤਾ ਸੀ ਕਿ ਇਹ ਸਰਪੰਚ ਜਾਗਰ ਸਿੰਘ ਦਾ ਛੋਟਾ ਪੁੱਤ ਆ। ਅੜਬ ਸੁਭਾਅ ਤੇ ਸਰਪੰਚੀ ਨੇ ਬਾਪੂ ਦੇ ਪਿੰਡ ਵਿੱਚ ਕਿੰਨੇ ਹੀ ਵੈਰੀ ਬਣਾ ਛੱਡੇ ਸੀ। ਸਰਪੰਚੀ ਦੀਆਂ ਵੋਟਾਂ ਵਿੱਚ ਕਿੰਨੀ ਵਾਰੀ ਤਾਇਆ ਵੀ ਖੜਾ ਸੀ, ਪਰ ਹਰ ਵਾਰ ਉਹ ਹਾਰ ਜਾਂਦਾ।
ਖੇਤ ਬੰਨਾ ਤਾਂ ਤਾਏ ਨੇ ਕਿੰਨਾ ਚਿਰ ਪਹਿਲਾਂ ਹੀ ਅੱਡੋ ਅੱਡ ਕਰ ਲਿਆ । ਸਾਡੇ ਬਜ਼ੁਰਗਾਂ ਦੀ ਸਾਂਝੀ ਜਮੀਨ ਬਾਪੂ ਦੇ ਹਿੱਸੇ ਆਈ, ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਅਖੀਰ ਤੱਕ ਬਾਪੂ ਨੇ ਹੀ ਕੀਤੀ ਸੀ।
ਪਰ ਤਾਏ ਨੂੰ ਇਹ ਮਨਜ਼ੂਰ ਨਹੀਂ ਸੀ, ਤੇ ਉਹ ਵਿੱਚੋਂ ਆਪਣਾ ਹਿੱਸਾ ਮੰਗਦਾ। ਜਿਸ ਕਾਰਨ ਕਈ ਵਾਰ ਥਾਣੇ ਕਚਹਿਰੀਆਂ ਵਿੱਚ ਵੀ ਜਾਣਾ ਪਿਆ। ਪਰ ਫੈਸਲਾ ਸਾਡੇ ਹੱਕ ਵਿੱਚ ਹੀ ਹੁੰਦਾ। ਪਤਾ ਨਹੀਂ ਤਾਇਆ ਕਿਉਂ ਜ਼ਿਦ ਕਰੀ ਬੈਠਾ ਸੀ, ਤੇ ਜਿਸ ਕਾਰਨ ਉਹ ਵੀ ਦਿਆਲੇ ਛੜੇ ਵਾਂਗ ਸਾਡੇ ਪ੍ਰਤੀ ਅੰਦਰੋਂ ਅੰਦਰੀ ਜਹਿਰ ਉਗਲਦਾ ਰਹਿੰਦਾ। ਤੇ ਸ਼ਾਇਦ ਬਾਪੂ ਨੂੰ ਵੀ ਆਪਣੇ ਨਾਲਦੇ ਜੰਮੇ ਨਾਲੋਂ ਵੱਧ ਜਮੀਨ ਪਿਆਰੀ ਹੋ ਗਈ ਸੀ।
ਪਤਾ ਨਹੀਂ ਇਹ ਕਿਹੋ ਜਿਹੀ ਅਣਖ ਸੀ, ਜਿਸ ਨੇ ਦੋਹਾਂ ਭਰਾਵਾਂ ਦੇ ਵਿਚਕਾਰ ਨਫ਼ਰਤੀ ਕੰਧ ਉਸਾਰ ਦਿੱਤੀ, ਤੇ ਅੱਗੇ ਜਾ ਪਤਾਂ ਨਹੀ ਇਸ ਦੇ ਕੀ ਭਿਆਨਕ ਸਿੱਟੇ ਨਿਕਲਣ ਵਾਲੇ ਸੀ।
ਅੱਜ ਸਵੱਖਤੇ ਹੀ ਗੁਰੂ ਘਰ ਦੇ ਪਾਠੀ ਵੱਲੋਂ ਜਦੋਂ ਆਵਾਜ਼ ਆਈ ਤਾਂ ਇਕਦਮ ਦਾਦੀ ਚੇਤੇ ਆ ਗਈ। ਅਕਸਰ ਹੀ ਗਰਮੀਆਂ ਦੀਆਂ ਰਾਤਾ ਵਿੱਚ ਮੈਂ ਦਾਦੀ ਨਾਲ ਹੀ ਖੁੱਲੇ ਵੇਹੜੇ ਵਿੱਚ ਮੰਜੇ ਤੇ ਪੈ ਨੀਲੇ ਅਸਮਾਨ ਨੂੰ ਤਾਰਿਆਂ ਨਾਲ ਭਰਿਆ ਵੇਖਦੇ ਵੇਖਦੇ ਬਾਤ ਸੁਣਦੇ ਰਹਿਣਾ। ਦਾਦੀ ਤੋਂ ਮੈਂ ਕਈ ਵਾਰ ਤਾਰੋ ਦੀ ਬਾਤ ਸੁਣਦਾ। ਕਾਲੇ ਰੰਗ ਦੀ ਘਗਰੀ ਤੇ ਉੱਤੇ ਕਿੰਨੇ ਸਾਰੇ ਹੀ ਜੜੇ ਹੋਏ ਸਿਤਾਰੇ, ਮੱਥੇ ਦੇ ਇੱਕ ਪਾਸੇ ਨਿੱਕਾ ਜਿਹਾ ਖੁਣਿਆ ਹੋਇਆ ਚੰਨ ਤੇ ਹੱਥ ਵਿੱਚ ਕਿੰਨੇ ਸਾਰੇ ਤੱਕਲੇ ਖੁਰਚਨੇ ਲੈ ਪਿੰਡ ਦੀ ਹਰ ਗਲੀ ਵਿੱਚ ਫਿਰਦੀ ਇੰਝ ਜਾਪਦੀ। ਜਿਵੇਂ ਕੋਈ ਅਸਮਾਨੋ ਉਤਰੀ ਅਪਸਰਾ ਹੋਵੇ।
ਤੇ ਮੈਂ ਵੀ ਉਸ ਨੀਲੇ ਅਸਮਾਨ ਵਿੱਚ ਤਾਰੋ ਨੂੰ ਲੱਭਦੇ ਲੱਭਦੇ ਪਤਾ ਹੀ ਨਹੀਂ ਕਦ ਸੌ ਜਾਣਾ।
ਤੇ ਅੱਜ ਗੁਰੂ ਘਰੋਂ ਫਿਰ ਆਵਾਜ਼ ਆਈ ਕਿ ਭਾਈ ਮੰਡੀ ਵਿੱਚੋਂ ਆਪੋ ਆਪਣੀਆਂ ਪਾਥੀਆ ਨੂੰ ਚੱਕ ਲਵੋ। ਕਿਉਂਕਿ ਗੱਡੀਆਂ ਵਾਲਿਆਂ ਦਾ ਕਾਫਲਾ ਕੁਝ ਦਿਨ ਆਪਣੇ ਪਿੰਡ ਹੀ ਰੁਕੇਗਾ।
ਅਚਾਨਕ ਕੰਨਾਂ ਵਿੱਚ ਟਨ ਟਨ ਦੀ ਆਵਾਜ਼ ਆਉਣ ਲੱਗੀ। ਬਲਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਖੜਕਣ ਲੱਗੀਆਂ। ਦੌੜ ਬੂਹੇ ਕੋਲ ਗਿਆ ਤਾਂ ਕਾਫਲਾ ਪਿੰਡ ਵਿੱਚ ਪਹੁੰਚ ਚੁੱਕਾ ਸੀ। ਜਿਸ ਤਰ੍ਹਾਂ ਦਾਦੀ ਬਾਤਾਂ ਵਿੱਚ ਦਸਦੀ ਹੁੰਦੀ ਸੀ ਸਭ ਕੁਝ ਉਸੇ ਤਰ੍ਹਾਂ ਹੀ ਸੀ। ਮਹਿਸੂਸ ਹੋਇਆ ਜਿਵੇਂ ਅਸਮਾਨੋ ਉਤਰ ਸਾਰੀਆਂ ਹੀ ਅਪਸਰਾਂ ਸਾਡੇ ਪਿੰਡ ਆ ਗਈਆਂ ਹੋਣ। ਢਲੀ ਸ਼ਾਮ ਮੈਂ ਤੇ ਮੇਰਾ ਆੜੀ ਜਿੰਦਰ ਮੰਡੀ ਵਿੱਚ ਲੁਕ ਕੇ ਉਨਾਂ ਗੱਡੀਆਂ ਵਾਲਿਆਂ ਨੂੰ ਵੇਖਦੇ। ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਅਜੀਬ ਜਿਹੇ ਵਲਵਲੇ ਉਡਦੇ, ਮੇਰੀਆਂ ਅੱਖਾਂ ਜਿਵੇਂ ਉਸ ਤਾਰੋ ਨੂੰ ਹੀ ਲੱਭਦੀਆਂ ਹੋਣ। ਸਕੂਲੋਂ ਘਰ ਵੜਦਿਆਂ ਹੀ ਕੰਨੀ ਆਵਾਜ਼ ਪਈ,”ਬੀਬੀ ਜੀ ਇਹ ਸ਼ੁੱਧ ਧਾਤੂ ਕਾ ਹੈ। ਕਬੀ ਖਰਾਬ ਨਹੀਂ ਹੋਗਾ। ਥੋੜਾ ਹੋਰ ਨੇੜੇ ਗਿਆ ਤਾਂ ਗੱਡੀਆਂ ਵਾਲੀ ਮਾਂ ਨੂੰ ਤੱਕਲੇ ਖੁਰਚਣੇ ਵਿਖਾ ਰਹੀ ਸੀ। ਉਸ ਗੱਡੀਆਂ ਵਾਲੀ ਦੇ ਦੂਜੇ ਪਾਸੇ ਵੇਖਿਆ ਤਾਂ ਰੂਹ ਖਿੜ ਜਿਹੀ ਗਈ। ਸੱਚ ਮੁੱਚ ਅੱਜ ਜਿਵੇਂ ਨਿੱਕੀ ਜਿਹੀ ਤਾਰੋ ਘਰ ਆ ਗਈ ਹੋਵੇ। ਮੈਂ ਇਕ ਟੁਕ ਉਸ ਨੂੰ ਵੇਖਦਾ ਹੀ ਰਿਹਾ। ਤੇ ਉਸ ਨੇ ਵੀ ਸਰਸਰੀ ਜਿਹੀ ਨਜ਼ਰ ਨਾਲ ਮੇਰੇ ਵੱਲ ਵੇਖਿਆ। ਮਾਂ ਕਈ ਵਾਰ ਉਸ ਗੱਡੀਆਂ ਵਾਲੀ ਨੂੰ ਆਟਾ ਦਾਲ ਤੇ ਹੋਰ ਵਰਤਣ ਵਾਲਾ ਸਮਾਨ ਦੇ ਦਿੰਦੀ ਤੇ ਬਦਲੇ ਵਿੱਚ ਕੁਝ ਸਮਾਨ ਲੈ ਲੈਂਦੀ। ਇਸੇ ਗੱਡੀਆ ਵਾਲੀ ਦਾ ਨਾਂ ਸ਼ਿੰਦੀ ਸੀ ।ਜਿਸ ਨੂੰ ਬਾਪੂ ਨੇ ਭਰੀ ਪੰਚਾਇਤ ਵਿੱਚ ਮਾਨ ਸਨਮਾਨ ਬਖਸ਼ਿਆ ਸੀ ਤੇ ਦਿਆਲੇ ਛੜੇ ਨੂੰ ਬੇਜ਼ਤੀ ਕਰ ਭਰੀ ਪੰਚਾਇਤ ਵਿੱਚੋਂ ਕੱਢਿਆ ਸੀ। ਇਸੇ ਕਰਕੇ ਗੱਡੀਆਂ ਵਾਲਿਆਂ ਦਾ ਸਾਡੇ ਘਰੇ ਆਉਣਾ ਜਾਣਾ ਕਾਫੀ ਹੁੰਦਾ ਸੀ। ਉਸ ਗੱਡੀਆਂ ਵਾਲੀ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਸੀ ਪਰ ਮੈਂ ਉਸਨੂੰ ਤਾਰੋ ਹੀ ਆਖਦਾ। ਕੁਝ ਮਹੀਨੇ ਰੁਕ ਜਦ ਉਹ ਚਲੇ ਜਾਂਦੇ ਤਾਂ ਮੇਰਾ ਕਿਧਰੇ ਮਨ ਨਾ ਲੱਗਣਾ। ਅਕਸਰ ਸੋਚਣਾ ਕਿ ਤਾਰੋ ਵੀ ਮੈਨੂੰ ਯਾਦ ਕਰਦੀ ਹੋਵੇਗੀ ਕਿ ਨਹੀਂ। ਬਚਪਨ ਦੀਆਂ ਅਣਭੋਲ ਬੇਸੁਆਰਥ ਗੱਲਾਂ ਸੋਚ ਦਿਨ ਰਾਤ ਲੰਘਦੇ ਗਏ। ਜਦ ਕਬੀਲਾ ਫਿਰ ਆਉਂਦਾ ਤਾਂ ਤਾਰੋ ਵੀ ਦੌੜੀ ਘਰ ਆ ਜਾਂਦੀ ਤੇ ਅਸੀਂ ਇਕੱਠੇ ਖੇਡਦੇ ਰਹਿਣਾ। ਬਚਪਨ ਵਿੱਚੋਂ ਨਿਕਲ ਆਣ ਜਵਾਨੀ ਵਿੱਚ ਪੈਰ ਧਰ ਲਏ। ਤੇ ਹੌਲੀ ਹੌਲੀ ਪਿੰਡ ਵਾਲਿਆਂ ਨੇ ਉਹਨਾਂ ਗੱਡੀ ਵਾਲਿਆਂ ਨੂੰ ਪੱਕੇ ਤੌਰ ਤੇ ਰਹਿਣ ਲਈ ਮੰਡੀ ਦੇ ਨਾਲ ਹੀ ਜਗ੍ਹਾ ਦੇ ਦਿੱਤੀ। ਅਕਸਰ ਹੀ ਪਿੰਡ ਦੀ ਉਹ ਡੰਡੀ ਦੇ ਨਾਲ ਲੱਗੇ ਸਰ ਕਾਨਿਆਂ ਦੇ ਓਹਲੇ ਮੈਂ ਤੇ ਤਾਰੋ ਕਈ ਵਾਰ ਮਿਲਦੇ। ਤਾਰੋ ਦੇ ਮਨ ਵਿੱਚ ਉਡਦੇ ਕਿੰਨੇ ਸਾਰੇ ਸਵਾਲ ਮੈਨੂੰ ਵੀ ਬੇਚੈਨ ਕਰਦੇ। ਉਸ ਦੀ ਦੂਰ ਦ੍ਰਿਸ਼ਟੀ ਅਗਲੇਰੇ ਭਵਿੱਖ ਦਾ ਸ਼ੀਸ਼ਾ ਵਿਖਾਉਂਦੀ ਤੇ ਸ਼ੀਸ਼ਾ ਸਾਫ ਦੱਸਦਾ ਕਿ ਇਹ ਰਿਸ਼ਤਾ ਸਮਾਜ ਨੇ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕਰਨਾ। ਜਾਤ ਪਾਤ ਦੀਆਂ ਵੱਡੀਆਂ ਵੱਡੀਆਂ ਕੰਧਾਂ ਉਸਰ ਜਾਂਦੀਆਂ। ਪਰ ਸਾਡੀ ਤਾਂ ਮੁਹੱਬਤ ਇਨਾ ਜਾਤ ਪਾਤ ਦੀਆਂ ਕੰਧਾਂ ਨੂੰ ਢਾਉਣ ਲਈ ਹੀ ਹੋਈ ਸੀ। ਤੇ ਅਖੀਰ ਦੋ ਰੂਹਾਂ ਇੱਕ ਹੋਈਆਂ, ਜਾਤ ਪਾਤ, ਊਚ ਨੀਚ ਦੀਆਂ ਕੰਧਾਂ ਢੈਹ ਢੇਰੀ ਹੋ ਗਈਆਂ। ਮੁਹੱਬਤਾਂ ਤੋਂ ਪਾਰ ਲੰਘ ਗਏ। ਜਿਸਮਾਂ ਦੀ ਚਾਹਤ ਕੁਝ ਪਲ ਲਈ ਭਾਰੂ ਰਹੀ, ਪਰ ਫਿਰ ਤੋਂ ਉਹੀ ਮੁਹੱਬਤਾਂ ਕਾਇਮ ਹੋ ਗਈਆਂ। ਇੱਕ ਦੂਜੇ ਨਾਲ ਜਿਉਣ ਮਰਨ ਦੀਆਂ ਫਿਰ ਤੋਂ ਕਸਮਾਂ ਖਾਦੀਆਂ ਗਈਆਂ। ਸਵੇਰ ਹੁੰਦਿਆਂ ਹੀ ਜਿਵੇਂ ਪਿੰਡ ਵਿੱਚ ਕੋਈ ਭੁਚਾਲ ਜਿਹਾ ਆ ਗਿਆ ਹੋਵੇ। ਸਵੇਰੇ ਹੀ ਜਿੰਦਰ ਵੀ ਘਰ ਆਣ ਵੜਿਆ। ਜਿੰਦਰ ਦੇ ਚਿਹਰੇ ਦੀ ਘਬਰਾਹਟ ਦੱਸ ਰਹੀ ਸੀ ਕਿ ਜਰੂਰ ਕੋਈ ਅਣਹੋਣੀ ਹੋ ਗਈ ਏ।
ਵਿਹੜੇ ਵਿੱਚ ਵੇਖਿਆ ਤਾਂ ਕੋਈ ਨਹੀਂ ਸੀ।
ਘਬਰਾਏ ਹੋਏ ਜਿੰਦਰ ਦੇ ਮੂੰਹੋਂ ਬਸ ਇੰਨਾ ਹੀ ਨਿਕਲਿਆ ,ਓਏ ਤੇਰੀ ਤਾਰੋ। ਉਹ ਵੇਖ ਆਪਣੀ ਸੱਥ ਵਿੱਚ, ਕੀ ਹਾਲ ਹੋਇਆ ਪਿਆ ਤਾਰੋ ਦਾ।
ਆਪ ਮੁਹਾਰੇ ਹੀ ਨੰਗੇ ਪੈਰੀ ਮੈਂ ਸੱਥ ਵੱਲ ਦੌੜ ਪਿਆ। ਸੱਥ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ।
ਇੱਕ ਪਾਸੇ ਗੱਡੀਆਂ ਵਾਲੇ ਤੇ ਦੂਜੇ ਪਾਸੇ ਸਾਰਾ ਪਿੰਡ ਤੇ ਪੰਚਾਇਤ ।
ਸੱਥ ਦੇ ਵਿੱਚਕਾਰ ਕਿਸੇ ਦੋਸ਼ੀਆਂ ਵਾਂਗ ਉਹ ਫੁੱਲਾਂ ਵਰਗੀ ਤਾਰੋ ਮੁਰਝਾਈ ਬੈਠੀ ਸੀ। ਮਹਿਸੂਸ ਹੋ ਰਿਹਾ ਸੀ ਜਿਵੇਂ ਤਾਰੋ ਦੀ ਆਤਮਾ ਤੇ ਉਸਦੇ ਸਰੀਰ ਨੂੰ ਕਿਸੇ ਨੇ ਬੁਰੀ ਤਰ੍ਹਾਂ ਝੰਝੋੜ ਕੇ ਰੱਖ ਦਿੱਤਾ ਹੋਵੇ। ਮੈਨੂੰ ਤਾਰੋ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਸੀ ਦੇ ਰਿਹਾ ਤੇ ਮੈਂ ਘੁੱਟ ਤਾਰੋ ਨੂੰ ਕਲਾਵੇ ਵਿੱਚ ਲੈ ਲਿਆ। ਸਾਹਮਣੇ ਬੈਠਾ ਬਾਪੂ ਤੇ ਭਰੀ ਪੰਚਾਇਤ ਇਹ ਵੇਖ ਉੱਠ ਖਲੋ ਗਈ। ਜਿਸ ਮੁਹੱਬਤ ਨੇ ਉਸ ਜਾਤ ਪਾਤ ਦੀਆਂ ਕੰਧਾਂ ਨੂੰ ਢਾਉਣ ਦੀ ਹਿਮਾਕਤ ਕੀਤੀ ਸੀ। ਅੱਜ ਉਸੇ ਸਮਾਜ ਨੇ ਉਹਨਾਂ ਕੰਧਾਂ ਨੂੰ ਫਿਰ ਉਸਾਰ ਦਿੱਤਾ। ਬਾਪੂ ਨੇ ਗੁੱਸੇ ਨਾਲ ਮੈਨੂੰ ਗਲੇ ਤੋਂ ਫੜ ਤਾਰੋ ਤੋਂ ਪਾਸੇ ਕਰ ਦਿੱਤਾ। ਹਰ ਪਾਸੇ ਅਣਖਾਂ ਦੀ ਹੀ ਗੱਲ ਹੋਣ ਲੱਗੀ। ਲੱਗਿਆ ਜਿਵੇਂ ਸਾਡੀ ਮੁਹੱਬਤ ਇਨਾ ਅਣਖਾਂ ਅੱਗੇ ਬਹੁਤ ਨਿਮਾਣੀ ਜਿਹੀ ਹੋਵੇ।
ਕਿਉਂ ਸਰਪੰਚਾਂ ਹੁਣ ਸੁਣਾ ਫ਼ੈਸਲਾ,ਕਚੀਚੀ ਜਿਹੀ ਵੱਟ ਦਿਆਲੇ ਛੜੇ ਨੇ ਬਾਪੂ ਵੱਲ ਉਂਗਲ ਕਰ ਦਿੱਤੀ।
ਭਰੀ ਪੰਚਾਇਤ ਨੇ ਸਾਡੀ ਕੋਈ ਨਹੀਂ ਸੁਣੀ ਤੇ ਕਬੀਲੇ ਵਾਲਿਆਂ ਨੂੰ ਹਮੇਸ਼ਾ ਲਈ ਪਿੰਡੋ ਬਾਹਰ ਕੱਢ ਦਿੱਤਾ। ਗੱਡੀਆਂ ਵਾਲੀ ਸਿੰਦੀ ਨੇ ਵੀ ਬਾਪੂ ਤੇ ਪਿੰਡ ਵਾਲਿਆਂ ਦਾ ਬਹੁਤ ਮਿਨਤ ਤਰਲਾ ਕੀਤਾ, ਪਰ ਬਾਪੂ ਦੀ ਅਣਖ ਸਿਰ ਚੜ ਬੋਲਦੀ, ਓਏ ਦਫਾ ਹੋ ਜਾਊ ਇਥੋਂ, ਭਲਾ ਥੋਡੇ ਵਰਗਿਆਂ ਦੀਆਂ ਧੀਆਂ ਭੈਣਾਂ ਕਦੇ ਸਰਦਾਰਾਂ ਦੇ ਘਰਾਂ ਦੀਆਂ ਇਜ਼ਤਾਂ ਨੀ ਬਣਦੀਆਂ।
ਤੇ ਅਖੀਰ ਕਬੀਲੇ ਵਾਲਿਆਂ ਨੂੰ ਪਿੰਡੋਂ ਕੱਢ ਦਿੱਤਾ ਗਿਆ। ਘਰਦਿਆਂ ਦੇ ਕਹਿਣ ਤੇ ਵੱਡੀ ਭਰਜਾਈ ਨੇ ਆਪਣੇ ਪੇਕੇ ਪਿੰਡੋਂ ਮੇਰੇ ਲਈ ਕੁੜੀ ਦਾ ਰਿਸ਼ਤਾ ਵੇਖ ਲਿਆ ਸੀ।
ਵੱਡੀ ਭਰਜਾਈ ਮੇਰੇ ਲਈ ਮਾਵਾਂ ਸਮਾਨ ਸੀ। ਬੇਸ਼ੱਕ ਉਹਨਾਂ ਦੇ ਆਪਣੇ ਕੋਈ ਔਲਾਦ ਨਹੀਂ ਹੋਈ ,ਪਰ ਭਰਜਾਈ ਨੇ ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਦਿੱਤਾ। ਭਰਜਾਈ ਮੇਰਾ ਦੁਖ ਦਰਦ ਸਮਝਦੀ ਸੀ, ਪਰ ਉਹ ਵੀ ਬੇਬੱਸ ਸੀ।

ਜ਼ਿੰਦਗੀ ਜਿਉਣ ਦਾ ਸੁਪਨਾ ਮੈਂ ਜਿਵੇਂ ਤਾਰੋ ਨਾਲ ਹੀ ਵੇਖ ਚੁੱਕਾ ਸੀ, ਕਿਤੇ ਹੋਰ ਵਿਆਹ ਕਰਵਾਉਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ । ਇਕ ਦਿਨ ਅਚਾਨਕ ਜਿੰਦਰ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਰਾਤ ਵਾਲੀ ਮੁਲਾਕਾਤ ਤੇਰੇ ਤਾਏ ਨੇ ਵੇਖ ਲਈ ਸੀ ਤੇ ਉਸੇ ਨੇ ਹੀ ਦਿਆਲੇ ਛੜੇ ਨੂੰ ਇਹ ਗੱਲ ਸਾਰੇ ਪਿੰਡ ਵਿੱਚ ਫਲਾਉਣ ਲਈ ਕਿਹਾ ਸੀ ਤਾਂ ਕਿ ਤੇਰੇ ਬਾਪੂ ਤੋਂ ਤੇਰਾ ਤਾਇਆ ਤੇ ਦਿਆਲਾ ਛੜਾ ਬਦਲਾ ਲੈ ਸਕਣ।
ਪਰ ਉਨਾਂ ਦੀ ਅੰਦਰਲੀ ਜਹਿਰ ਇੱਥੇ ਹੀ ਖਤਮ ਨਹੀਂ ਹੋਈ ਸੀ। ਤੇ ਅਖੀਰ ਇੱਕ ਦਿਨ ਭਾਣਾ ਵਰਤ ਗਿਆ। ਤਾਏ ਵੱਲੋਂ ਕੁਝ ਬੰਦਿਆਂ ਸਮੇਤ ਖੇਤ ਸਾਂਝੀ ਪੈਲੀ ਵਿੱਚ ਕੰਮ ਕਰਦਿਆਂ ਵੱਡੇ ਭਰਾ ਨੂੰ ਘੇਰ ਲਿਆ ਤੇ ਕੁੱਟ ਮਾਰ ਕਰਦਿਆਂ ਕੁਝ ਅਜਿਹੀਆਂ ਗੁਝੀਆਂ ਸੱਟਾਂ ਲੱਗੀਆਂ ਕਿ ਵੱਡਾ ਬਾਈ ਦਮ ਤੋੜ ਗਿਆ। ਘਰ ਵਿੱਚ ਸੱਥਰ ਵਿਛ ਗਏ। ਭਰਜਾਈ ਤਾਂ ਸਦਮੇ ਨਾਲ ਜਿਵੇਂ ਗੁੰਮ ਸੁੰਮ ਜਿਹੀ ਹੀ ਹੋ ਗਈ। ਸਭ ਲਈ ਇਹ ਘਾਟਾ ਬਰਦਾਸ਼ਤ ਕਰਨਾ ਬੜਾ ਔਖਾ ਸੀ। ਕੁਝ ਉਪਰੇ ਬੰਦਿਆਂ ਤੇ ਪਰਚਾ ਹੋ ਗਿਆ, ਪਰ ਤਾਇਆ ਬਰੀ ਕਰ ਦਿੱਤਾ।

ਬੇਸ਼ੱਕ ਸਮਾਂ ਗੁਜਰਦਾ ਗਿਆ, ਪਰ ਜਖਮ ਉਸੇ ਤਰ੍ਹਾਂ ਅੱਲੇ ਸੀ। ਬਾਪੂ ਵੀ ਜਿਵੇਂ ਹੁਣ ਹਾਰ ਜਿਹਾਂ ਗਿਆ। ਸਾਰਾ ਦਿਨ ਵਿਹੜੇ ਵਿਚਕਾਰ ਮੰਜਾ ਡਾਹੀ ਪਿਆ ਰਹਿੰਦਾ। ਸ਼ਾਇਦ ਸੋਚਦਾ ਹੋਵੇ ਕਿ ਫੋਕੀਆਂ ਅਣਖਾਂ ਤੇ ਜਮੀਨਾਂ ਨੇ ਘਰ ਪੱਟ ਦਿੱਤਾ।

ਭਰ ਜਵਾਨੀ ਵਿੱਚ ਵਿਧਵਾ ਹੋਈ ਭਰਜਾਈ ਮੈਥੋਂ ਦੇਖੀ ਨਹੀਂ ਸੀ ਜਾਂਦੀ। ਉਹ ਸਾਰਾ ਦਿਨ ਘੁੰਮ-ਸਮ ਪਈ ਰਹਿੰਦੀ। ਪਰ ਹੁਣ ਘਰ ਵਾਲਿਆਂ ਵੱਲੋਂ ਜੋ ਫੈਸਲਾ ਲਿਆ ਗਿਆ ਸੀ, ਉਹ ਮੇਰੇ ਲਈ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਕਰਨਾ ਔਖਾ ਸੀ। ਘਰ ਵਿੱਚ ਭਰਜਾਈ ਦੇ ਪੇਕਿਆਂ ਨੇ ਵੀ ਮੇਰੇ ਸਿਰ ਪੱਗ ਬੰਨਣ ਲਈ ਕਹਿ ਦਿੱਤਾ।
ਉਹ ਜਿਹੜੀ ਭਰਜਾਈ ਨੂੰ ਮੈਂ ਮਾਵਾਂ ਵਾਂਗ ਸਮਝਿਆ। ਉਸ ਨਾਲ ਭਲਾ ਮੈਂ ਕਿਵੇਂ ਵਿਆਹ ਕਰਾ ਲਵਾ ਤੇ ਇਨਾ ਆਖ ਮੇਰੀਆਂ ਧਾਹਾਂ ਨਿਕਲ ਗਈਆ। ਹੁਣ ਹਰ ਪਾਸੇ ਹਨੇਰਾ ਹੀ ਦਿਖਾਈ ਦੇ ਰਿਹਾ ਸੀ। ਘਰ ਵਿੱਚ ਮੜੀਆਂ ਵਾਂਗ ਇਕਾਂਤ ਫੈਲ ਗਈ ਸੀ। ਬਾਪੂ ਦੀ ਉਹ ਅਣਖ, ਗਰੂਰ ਸਰਪੰਚੀ ਸਭ ਕੁਝ ਖਤਮ ਹੋ ਗਈ।
ਇੱਕ ਦਿਨ ਤਾਇਆ ਫਿਰ ਘਰ ਆਣ ਵੜਿਆ। ਓਏ ਜਾਗਰ ਸਿਹਾ ਹੁਣ ਕਾਹਦੀ ਮੇਰੀ ਮੇਰੀ ਕਰਦਾ, ਇੱਕ ਤਾਂ ਮਰ ਮੁੱਕ ਗਿਆ ਤੇ ਆਹ ਦੂਜਾ ਕਿਸੇ ਕੰਮ ਦਾ ਨਹੀਂ। ਬੰਦਾ ਜਮੀਨ ਜਾਇਦਾਦਾਂ ਆਪਣੇ ਪੁੱਤਾਂ ਤੇ ਆਗਾਂਹ ਆਪਣੇ ਪੋਤਿਆਂ ਨੂੰ ਵਡਦਾ ।
ਤੇ ਤੇਰਾ ਵੰਸ਼ ਤਾਂ ਖਤਮ ਹੋ ਗਿਆ। ਓਏ ਜਿਹੜੀ ਉਹ ਸਾਂਝੀ ਜਮੀਨ ਆ ਉਹ ਮੇਰੇ ਨਾਮ ਕਰਦੇ। ਇਸੇ ਵਿੱਚ ਹੀ ਭਲਾਈ ਆ।

ਬੇਸ਼ਕ ਤਾਇਆ ਹੰਕਾਰ ਨਾਲ ਭਰਿਆ ਪਿਆ ਸੀ, ਪਰ ਬਾਪੂ ਇੱਕ ਸ਼ਬਦ ਨਾ ਬੋਲਿਆ। ਸ਼ਾਇਦ ਸਮੇਂ ਦੀ ਮਾਰ ਨੇ ਬਾਪੂ ਨੂੰ ਬੇਜਾਨ ਜਿਹਾ ਕਰ ਦਿੱਤਾ। ਸਮਾਂ ਬੀਤਦਾ ਗਿਆ। ਬੇਸ਼ੱਕ ਸਾਲ ਬੀਤ ਗਿਆ ਸੀ, ਪਰ ਘਰ ਦੇ ਹਾਲਾਤ ਉਹੀ ਸੀ।
ਮੇਰੇ ਲਈ ਵੀ ਜਿਵੇਂ ਜ਼ਿੰਦਗੀ ਰੁਕ ਜਿਹੀ ਗਈ। ਸਾਰਾ ਦਿਨ ਗੁਮਸਮ ਜਿਹੇ ਰਹਿਣਾ।

ਅਚਾਨਕ ਇੱਕ ਦਿਨ ਜਿੰਦਰ ਫਿਰ ਦੌੜਿਆ ਘਰ ਆਇਆ। ਉਸ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ। ਬਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਟਨ ਟਨ ਦਰਵਾਜੇ ਤੱਕ ਆਉਣ ਲੱਗੀ। ਅੱਜ ਫਿਰ ਆਪ ਮੁਹਾਰੇ ਹੀ ਮੈਂ ਬੂਹੇ ਵੱਲ ਭੱਜ ਤੁਰਿਆ। ਕਾਫਲੇ ਬਰੂਹਾਂ ਤੇ ਆਣ ਰੁੱਕ ਗਏ। ਉਹੀ ਗੱਡੀਆਂ ਵਾਲੀ ਸ਼ਿੰਦੀ ਆਣ ਵਿਹੜੇ ਵਿੱਚ ਰੁਕ ਬੋਲੀ, ਵੇ ਸਰਦਾਰਾ , ਆਵਾਜ਼ ਸਾਰੀ ਵੇਹੜੇ ਵਿੱਚ ਗੂੰਜ ਉੱਠੀ। ਅੱਜ ਸਿੰਦੀ ਦੀ ਆਵਾਜ਼ ਵਿੱਚ ਕੋਈ ਮਿਨਤ ਤਰਲਾ ਨਹੀਂ ਸੀ। ਕੋਈ ਅਜੀਬ ਜਿਹਾ ਜਲੋਅ ਭਰਿਆ ਸੀ। ਬਾਪੂ ਵੀ ਆਣ ਸ਼ਿੰਦੀ ਦੇ ਸਾਹਮਣੇ ਆ ਖਲੋ ਗਿਆ, ਪਰ ਬੋਲਿਆ ਕੁਝ ਨਹੀਂ।

ਸਰਦਾਰਾ ਤੇਰੇ ਤੇ ਜੋ ਬੀਤੀ। ਮੈਨੂੰ ਸਭ ਪਤਾ ਤੇ ਤੇਰੇ ਨਾਲ ਦੁੱਖ ਵੀ ਏ।
ਪਰ ਸਰਦਾਰਾ ਆਹ ਫੋਕੀਆਂ ਅਣਖਾਂ ਤੇ ਜਮੀਨਾਂ ਜਾਇਦਾਦਾਂ ਨਾਲ ਕੋਈ ਵੱਡਾ ਨਹੀਂ ਹੁੰਦਾ, ਤੇ ਨਾ ਇਹ ਜਮੀਨਾਂ ਜਾਇਦਾਦਾਂ ਨਾਲ ਹੀ ਜਾਣੀਆਂ।
ਸਰਦਾਰਾ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਕੀ ਹੋਇਆ ਤੁਸੀਂ ਮਹਿਲਾਂ ਵਿੱਚ ਰਹਿੰਦੇ ਹੋ ਤੇ ਅਸੀਂ ਦਰ ਦਰ ਭਟਕਦੇ ਆ,ਪਰ ਹੈ ਤਾ ਇਨਸਾਨ ਹੀ, ਇਕੋ ਰੱਬ ਦੇ ਬਣਾਏ ਹੋਏ। ਜਦੋਂ ਰੱਬ ਨੇ ਕੋਈ ਫਰਕ ਨਹੀਂ ਰੱਖਿਆ ਤਾਂ ਬੰਦੇ ਨੂੰ ਕਿਸ ਨੇ ਹੱਕ ਦਿੱਤਾ ਭੇਦ ਭਾਵ ਕਰਨ ਦਾ। ਸਮੇਂ ਦੀ ਮਾਰ ਨੇ ਜਾਗਰ ਨੂੰ ਅੱਜ ਹੱਥ ਬੰਨਣ ਲਈ ਮਜਬੂਰ ਕਰ ਦਿੱਤਾ।
ਨਾ ਸਰਦਾਰਾ ਨਾ, ਅੱਜ ਹੱਥ ਬੰਨਣ ਦਾ ਸਮਾਂ ਨਹੀਂ ਏ। ਆਹ ਵਧਾ ਆਪਣੇ ਹੱਥ ਅੱਗੇ ਤੇ ਸਾਂਭ ਆਪਣਾ ਵਾਰਿਸ। ਸਿੰਦੀ ਨੇ ਚੁੰਨੀ ਦੇ ਲੜ ਨੂੰ ਇੱਕ ਪਾਸੇ ਕਰ, ਮਾਸੂਮ ਜਿਹਾ ਨਿੱਕਾ ਬੱਚਾ, ਜਾਗਰ ਸਿੰਘ ਦੇ ਹੱਥਾਂ ਵਿੱਚ ਦੇ ਦਿੱਤਾ। ਘਰ ਦੇ ਅੰਦਰ ਤਾਰੋ ਵੀ ਪਹੁੰਚ ਚੁੱਕੀ ਸੀ। ਮੈਂ ਤਾਰੋ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਰੁਸਨਾ ਉਡੀਆਂ,ਜਿਵੇ ਉਸ ਰਾਤ ਦੋ ਰੂਹਾਂ ਦੇ ਮਿਲਾਪ ਤੋਂ ਉਪਜੇ ਇਸ ਅੰਸ਼ ਦੀ ਗਵਾਹੀ ਭਰ ਰਹੀਆਂ ਹੋਣ।
ਹਾਂ ਸਰਦਾਰਾ ਇਹ ਕੋਈ ਓਪਰਾ ਨਹੀਂ , ਤੇਰੇ ਪੁੱਤ ਦਾ ਅੰਸ਼ ਹੀ ਏ।
ਮੇਰੇ ਲਈ ਇਹ ਸਭ ਕੁਝ ਇੱਕ ਸੁਪਨੇ ਵਾਂਗ ਵਾਪਰ ਰਿਹਾ, ਪਰ ਸਭ ਸੱਚ ਸੀ। ਬਾਪੂ ਦੀਆਂ ਅੱਖਾਂ ਭਰ ਆਈਆਂ। ਸਭ ਜਾਤ ਪਾਤ ,ਊਚ ਨੀਚ ਦੀਆਂ ਕੰਧਾਂ ਅੱਜ ਫਿਰ ਡਿੱਗ ਪਈਆਂ। ਘਰ ਦੇ ਵਾਰਿਸ ਨੂੰ ਹਿਕ ਨਾਲ ਲਾ ਮਹਿਸੂਸ ਹੋਇਆ, ਜਿਵੇਂ ਜਾਗਰ ਵਿੱਚ ਫਿਰ ਤੋਂ ਜਾਨ ਜਿਹੀ ਪੈ ਗਈ ਹੋਵੇ।
ਉਸ ਦਾ ਮਰ ਮੁੱਕ ਗਿਆ ਪੁੱਤ, ਜਿਵੇਂ ਫਿਰ ਵਾਪਸ ਆ ਗਿਆ ਹੋਵੇ। ਪਤਾ ਨਹੀਂ ਬਾਪੂ ਵਿੱਚ ਅਜਿਹੀ ਕਿਹੜੀ ਤਾਕਤ ਆ ਗਈ। ਜਿਸ ਨੇ ਤਾਏ ਦੇ ਘਰ ਵੱਲ ਮੂੰਹ ਕਰ ਉੱਚੀ ਆਵਾਜ਼ ਵਿੱਚ ਕਿਹਾ। ਓਏ ਆਹ ਵੇਖ ਮੇਰਾ ਵਾਰਿਸ, ਮੇਰੀ ਜਾਇਦਾਦ।
ਜਾ ਲੈ ਲਾ ਜੋ ਤੂੰ ਜਮੀਨ ਲੈਣੀ ਏ।
ਬਾਪੂ ਨੇ ਵੀ ਆਣ ਤਾਰੋ ਦੇ ਸਿਰ ਹੱਥ ਧਰ ਦਿੱਤਾ। ਹੌਲੀ ਹੌਲੀ ਉਹ ਮੁਹੱਬਤਾਂ ਦੇ ਕਾਫ਼ਲੇ ਟੇਡੀ ਮੇਢੀ ਡੰਡੀ ਤੋਂ ਹੁੰਦਾ ਹੋਇਆ। ਪਿੰਡੋਂ ਬਾਹਰ ਚਲਾ ਗਿਆ, ਤੇ ਪਿੱਛੇ ਉਡਦੀ ਰਹਿ ਗਈ ਧੂੜ ,ਜਿਸ ਵਿੱਚੋਂ ਧੁੰਦਲਾ ਧੁੰਦਲਾ ਭਵਿੱਖ ਦਿਸਣ ਲੱਗਿਆ।
ਕੁਲਵੰਤ ਘੋਲੀਆ
95172-90006

Leave a Reply

Your email address will not be published. Required fields are marked *