ਹਰ ਭਗਵੇ ਕਪੜੇ ਵਾਲਾ ਸਾਧੂ ਨਹੀਂ ਹੁੰਦਾ ਤੇ ਹਰ ਭਗਵੇਂ ਕਪੜੇ ਵਾਲਾ ਭਿਖਾਰੀ ਯ ਢੋਂਗੀ ਵੀ ਨਹੀਂ ਹੁੰਦਾ। ਰਾਤ ਨੂੰ ਕੜਾਕੇ ਦੀ ਠੰਡ ਵਿੱਚ ਮੈਂ ਇੱਕ ਭਗਵੇ ਵਸਤ੍ਰਧਾਰੀ ਸਾਧੂ ਨੂੰ ਖੁੱਲ੍ਹੇ ਅਸਮਾਨ ਥੱਲੇ ਪਤਲੀ ਜਿਹੀ ਚਾਦਰ ਲਈ ਕਿਸੇ ਥੜੀ ਤੇ ਸੁੱਤੇ ਹੋਏ ਦੇਖਦਾ ਤਾਂ ਮੈਨੂੰ ਤਰਸ ਜਿਹਾ ਆਉਂਦਾ। ਪਰ ਫਿਰ ਇਹ ਸੋਚਕੇ ਕਿ ਇਹ ਲੋਕ ਸਾਰਾ ਦਿਨ ਮੰਗ ਕੇ ਸ਼ਾਮ ਨੂੰ ਨਸ਼ਾ ਕਰਕੇ ਜਿੱਥੇ ਦਿਲ ਕੀਤਾ ਬੇਸੁਰਤ ਹੋਕੇ ਸੋਂ ਜਾਂਦੇ ਹਨ।
ਪਰ ਮੇਰੀ ਧਾਰਨਾ ਗਲਤ ਨਿਕਲੀ। ਇੱਕ ਦਿਨ ਵਿਸਕੀ ਨੂੰ ਘੁਮਾਉਣ ਗਏ ਨੇ ਇਸ ਸਾਧੂ ਨੁਮਾ ਬਾਬੇ ਨੂੰ ਉਸੇ ਥੜੀ ਤੇ ਰੋਟੀ ਖਾਂਦੇ ਨੂੰ ਵੇਖਿਆ। ਜਗਿਆਸਾ ਵਸ ਮੈਂ ਵੀ ਉਸ ਬਾਬੇ ਕੋਲ ਬੈਠ ਗਿਆ। ਮੇਰੇ ਪੁੱਛਣ ਤੇ ਉਸ ਸਾਧੂ ਨੇ ਦੱਸਿਆ ਕਿ ਉਹ ਕਦੇ ਕਿਸੇ ਛੱਤ ਹੇਠ ਨਹੀਂ ਸੌਂਦਾ। ਹਮੇਸ਼ਾ ਖੁੱਲ੍ਹੇ ਅਸਮਾਨ ਥੱਲੇ ਹੀ ਸੌਂਦਾ ਹੈ। ਉਹ ਸ਼ਿਵ ਜੀ ਦਾ ਭਗਤ ਹੈ ਤੇ ਅਕਸਰ ਹੀ ਰਾਮਬਾਗ ਵਿੱਚ ਚਲਾ ਜਾਂਦਾ ਹੈ। ਜਿੰਦਗੀ ਦੇ ਪੰਦਰਾਂ ਸਾਲ ਉਸਨੇ ਹਿਮਾਚਲ ਦੇ ਇੱਕ ਸ਼ਿਵ ਮੰਦਿਰ ਵਿੱਚ ਗੁਜ਼ਾਰੇ ਹਨ। ਮੂਲ ਰੂਪ ਵਿੱਚ ਉਹ ਇਸੇ ਸ਼ਹਿਰ ਦਾ ਰਹਿਣ ਵਾਲਾ ਹੈ ਉਸਦਾ ਕੁਨਬਾ ਇਥੇ ਆਪਣੇ ਆਪਣੇ ਮਕਾਨ ਵਿੱਚ ਰਹਿੰਦਾ ਹੈ। ਉਸਦਾ ਵੀ ਆਪਣਾ ਘਰ ਸੀ ਜੋ ਉਸਦੇ ਸ਼ਰੀਕੇ ਦੇ ਕਬਜੇ ਵਿੱਚ ਹੈ। ਉਹ ਕਦੇ ਭੀਖ ਨਹੀਂ ਮੰਗਦਾ। ਬਸ ਕਿਸੇ ਇੱਕ ਜਾਣਕਾਰ ਘਰੋਂ ਸ਼ਾਮ ਨੂੰ ਰੋਟੀ ਮੰਗਦਾ ਹੈ। ਉਹ ਇੱਕ ਟਾਈਮ ਹੀ ਖਾਣਾ ਖਾਂਦਾ ਹੈ। ਰਾਤ ਦੀ ਬਚੀ ਰੋਟੀ ਨੂੰ ਸਵੇਰੇ ਨਿਬੇੜ ਦਿੰਦਾ ਹੈ। ਉਸ ਨੇ ਕਦੇ ਕਿਸੇ ਤੋਂ ਕਪੜੇ ਨਹੀਂ ਮੰਗੇ। ਹਾਂ ਕੋਈ ਉਸਨੂੰ ਭਗਵੇ ਵਸਤਰ ਦੇ ਦੇਵੇ ਤਾਂ ਉਹ ਸਵੀਕਾਰ ਕਰ ਲੈਂਦਾ ਹੈ। ਉਸਨੇ ਅੱਗੇ ਦੱਸਿਆ ਕਿ ਉਹ ਕਦੇ ਬਿਮਾਰ ਹੀ ਨਹੀਂ ਹੋਇਆ ਫਿਰ ਦਵਾਈ ਦੀ ਵੀ ਕੀ ਲੋੜ ਪੈਣੀ ਹੋਈ। ਉਸ ਨੂੰ ਰੱਬ ਨਾਲ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ।ਉਹ ਉਸਦੀ ਰਜ਼ਾ ਵਿੱਚ ਰਾਜੀ ਹੈ। ਇੰਨਾ ਹੀ ਨਹੀਂ ਉਹ ਸਮਾਜ ਦੇ ਵਤੀਰੇ ਤੋਂ ਥੋੜ੍ਹਾ ਪ੍ਰੇਸ਼ਾਨ ਵੀ ਹੈ। ਰੱਬ ਸਭ ਨਾਲ ਨਿਆਂ ਕਰਦਾ ਹੈ ਤੇ ਉਸਨਾਲ ਵੀ ਕਰੇਗਾ। ਮੈਨੂੰ ਇਹ ਪ੍ਰਭੂ ਦਾਸ ਨਾਮ ਦਾ ਸਾਧੂ ਵਧੀਆ ਲਗਿਆ ਜੋ ਆਪਣੇ ਇਸ਼ਟ ਸ਼ਿਵ ਸ਼ੰਕਰ ਭੋਲੇ ਨਾਥ ਤੇ ਅੰਨ੍ਹਾ ਵਿਸ਼ਵਾਸ ਕਰਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ