ਨਿੱਕੀ ਚਾਚੀ | mikki chachi

ਸਾਡੇ ਪਿੰਡ ਸਾਡੇ ਗੁਆਂਢ ਵਿੱਚ ਇੱਕ ਨਿੱਕੀ ਨਾਮ ਦੀ ਔਰਤ ਰਹਿੰਦੀ ਸੀ। ਜਿਸਨੂੰ ਅਸੀਂ ਚਾਚੀ ਨਿੱਕੀ ਆਖਦੇ ਸੀ। ਅਸਲ ਵਿੱਚ ਮੇਰੇ ਮੰਮੀ ਪਾਪਾ ਉਸਨੂੰ ਚਾਚੀ ਆਖਦੇ ਸਨ। ਉਹਨਾਂ ਦੀ ਰੀਸ ਨਾਲ ਅਸੀਂ ਵੀ ਉਸਨੂੰ ਚਾਚੀ ਹੀ ਆਖਦੇ ਸੀ। ਉਸਦੇ ਤਿੰਨ ਮੁੰਡੇ ਸਨ ਸਭਤੋਂ ਛੋਟਾ ਕੋਈਂ ਪੰਜ ਕੁ ਸਾਲ ਦਾ ਸੀ। ਚਾਚੀ ਲੋਕਾਂ ਦਾ ਸੂਤ ਕੱਤਕੇ, ਰਜਾਈਆਂ ਨਗੰਦਕੇ ਯ ਹੋਰ ਨਿੱਕੇ ਮੋਟੇ ਕੰਮ ਕਰਕੇ ਗੁਜ਼ਾਰਾ ਕਰਦੀ ਸੀ। ਕਦੇ ਕਦੇ ਉਹ ਸਾਡਾ ਚੁੱਲ੍ਹਾ, ਤੰਦੂਰ ਯ ਹਾਰੇ ਵੀ ਲਿੱਪ ਦਿੰਦੀ। ਮੇਰੀ ਮਾਂ ਉਸ ਕੋਲੋਂ ਖੇਸਾਂ ਦੀਆਂ ਬੰਬਲਾਂ ਵੀ ਵਟਾਉਂਦੀ। ਉਹ ਅਕਸਰ ਚਰਖੇ ਤੇ ਬੈਠੀ ਰਹਿੰਦੀ। ਕਈ ਵਾਰੀ ਆਂਢ ਗੁਆਂਢ ਦੀਆਂ ਔਰਤਾਂ ਉਸਨੂੰ ਆਪਣੇ ਨਾਲ ਕੰਧਾਂ ਲਿਪਣ ਲਈ ਲ਼ਾ ਲੈਂਦੀਆਂ। ਸਰਦੀਆਂ ਵਿੱਚ ਉਹ ਕਦੇ ਕਦੇ ਕਿਸੇ ਦੇ ਕਪਾਹ ਨਰਮਾ ਵੀ ਚੁਗਣ ਚਲੀ ਜਾਂਦੀ। ਇਸ ਨਾਲ ਉਸਨੂੰ ਚਾਰ ਪੈਸੇ ਮਿਲਦੇ ਤੇ ਉਹ ਘਰ ਦਾ ਗੁਜ਼ਾਰਾ ਕਰਦੀ। ਉਹ ਮਿਰਚ, ਮਸਾਲਾ, ਹਲਦੀ ਨਮਕ ਤੇ ਸਰੋਂ ਦਾ ਤੇਲ ਹਮੇਸ਼ਾ ਲੋੜ ਅਨੁਸਾਰ ਤਾਜ਼ਾ ਹੀ ਲਿਆਉਂਦੇ ਤੇ ਫਿਰ ਉਹ ਸਬਜ਼ੀ ਬਣਾਉਂਦੇ। ਉਹ ਇਕ ਪਲੀ ਤੇਲ ਦੀ ਲਿਆਉਂਦੇ ਜਿਸ ਨਾਲ ਦੋ ਯ ਤਿੰਨ ਡੰਗ ਸਬਜ਼ੀ ਬਣਾਉਂਦੇ। ਡਲੀਆਂ ਵਾਲਾ ਨਮਕ, ਸਬੁਤ ਲਾਲ ਮਿਰਚਾਂ ਧਨੀਆਂ ਤੇ ਹਲਦੀ ਜਿਸਨੂੰ ਉਹ ਵਸਾਰ ਆਖਦੇ ਸਨ ਨੂੰ ਕੂੰਡੇ ਚ ਕੁੱਟਕੇ ਸਬਜ਼ੀ ਬਣਾਉਂਦੇ। ਮੈਂ ਦੇਖਦਾ ਉਹ ਬਿਨਾਂ ਗੰਢੇ ਤੋਂ ਹੀ ਸਬਜ਼ੀ ਬਣਾਉਂਦੇ ਕਿਉਂਕਿ ਗੰਢੇ ਵੀ ਮੁੱਲ ਆਉਂਦੇ ਸਨ। ਬਾਕੀ ਲਸਣ ਅਦਰਕ ਟਮਾਟਰ ਪਾਉਣ ਦਾ ਤਾਂ ਸਵਾਲ ਪੈਦਾ ਨਹੀਂ ਸੀ ਹੁੰਦਾ। ਫਿਰ ਵੀ ਵੇਖਣ ਵਿੱਚ ਮੈਨੂੰ ਉਹਨਾਂ ਦੀ ਸਬਜ਼ੀ ਸੁਆਦ ਲੱਗਦੀ। ਮੈਂ ਚਾਹੁੰਦਾ ਹੋਇਆ ਵੀ ਉਸ ਸਬਜ਼ੀ ਦਾ ਸੁਆਦ ਨਾ ਵੇਖ ਸਕਦਾ। ਕਦੇ ਕਦੇ ਉਹ ਸਿਰਫ ਗੰਢਿਆਂ ਦੀ ਸੁੱਕੀ ਸਬਜ਼ੀ ਬਣਾਉਂਦੇ। ਵੇਖਕੇ ਮੇਰੀ ਜੀਭ ਮਚਦੀ ਪਰ ਉਥੇ ਮੈਂ ਬੇਵਸ ਹੋ ਜਾਂਦਾ। ਘਰੇ ਆਕੇ ਮੈਂ ਮੇਰੀ ਮਾਂ ਨੂੰ ਉਹਨਾਂ ਵਰਗੀ ਸਬਜ਼ੀ ਬਣਾਉਣ ਨੂੰ ਕਹਿੰਦਾ। ਪਰ ਮੇਰੀ ਮਾਂ ਸਰੋਂ ਦੇ ਤੇਲ ਦੀ ਬਜਾਇ ਦੇਸੀ ਘਿਓ ਤੇ ਅਦਰਕ ਲਸਣ ਪਿਆਜ਼ ਪਾ ਦਿੰਦੀ। ਉਹ ਸਬਜ਼ੀ ਓਹੋ ਜਿਹੀ ਨਾ ਬਣਦੀ। ਮੈਂ ਨਾ ਰੋਟੀ ਨਾ ਖਾਂਦਾ। ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਤੇ ਕਦੇ ਕਦੇ ਹੱਥ ਹੋਲਾ ਵੀ ਕਰ ਦਿੰਦੀ। ਸੇਠਾਂ ਦਾ ਪਰਿਵਾਰ ਹੋਣ ਕਰਕੇ ਅਸੀਂ ਉਹਨਾਂ ਤੋਂ ਸਬਜ਼ੀ ਵੀ ਨਹੀਂ ਸੀ ਮੰਗ ਸਕਦੇ। ਸਗੋਂ ਕਈ ਵਾਰੀ ਉਹ ਮੇਰੀ ਮਾਂ ਕੋਲੋਂ ਸਬਜ਼ੀ ਦੀ ਕੌਲੀ ਲ਼ੈ ਜਾਂਦੇ ਯ ਮੇਰੀ ਮਾਂ ਆਪ ਹੀ ਉਹਨਾਂ ਨੂੰ ਬਚੀ ਹੋਈ ਬੇਹੀ ਸਬਜ਼ੀ ਦੇ ਦਿੰਦੀ। ਫਿਰ ਇੱਕ ਵਾਰੀ ਮੈਂ ਮੰਡੀ ਇੱਕ ਫ਼ਿਲਮ ਦੇਖਕੇ ਆਇਆ। ਸ਼ਾਇਦ ਉਸ ਫ਼ਿਲਮ ਦਾ ਨਾਮ ਰਾਜਾ ਔਰ ਰੰਕ ਸੀ। ਉਸ ਫ਼ਿਲਮ ਦੀ ਕਹਾਣੀ ਵੀ ਇਹੋ ਜਿਹੀ ਸੀ। ਮੇਰੇ ਮਨ ਵਿੱਚ ਉਹ ਦੇਸੀ ਸਬਜ਼ੀ ਤੇ ਵੱਡੀਆਂ ਵੱਡੀਆਂ ਅਣਚੋਪੜੀਆਂ ਖਾਣ ਦੀ ਲਾਲਸਾ ਵੱਧਦੀ ਗਈ। ਪਰ ਹੁਣ ਅਸੀਂ ਘਰੇ ਸਰੋਂ ਦਾ ਤੇਲ ਹੀ ਵਰਤਦੇ ਹਾਂ। ਮੈਂ ਅਕਸਰ ਓਹੋ ਜਿਹੀਆਂ ਸਬਜ਼ੀਆਂ ਬਣਵਾ ਲੈਂਦਾ ਹਾਂ। ਅੱਜ ਜੁਆਕਾਂ ਦੀ ਮਾਂ ਕੋਲ੍ਹ ਮੈਂ ਸਿਰਫ ਗੰਢਿਆਂ ਦੀ ਸਬਜ਼ੀ ਖਾਣ ਦੀ ਇੱਛਾ ਜਾਹਿਰ ਕੀਤੀ। ਉਸਨੇ ਤੁਰੰਤ ਕਾਰਵਾਈ ਪਾ ਦਿੱਤੀ। ਕੋਈਂ ਗੰਢਿਆਂ ਦੀ ਸਬਜ਼ੀ ਤੇ ਜੁਆਕਾਂ ਦੀ ਮਾਂ ਨੂੰ ਨਜ਼ਰ ਨਾ ਲ਼ਾ ਦੇਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *