ਅਕਸ਼ਰ ਇਸਤਰਾਂ ਹੀ ਹੁੰਦਾ ਹੈ ਕਿਸੇ ਨੂੰ ਦਿੱਤੀ ਮੱਤ ਆਪਣੇ ਹੀ ਉਲਟ ਪੈ ਜਾਂਦੀ ਹੈ। ਆਪਣੇ ਹੀ ਬਣਾਏ ਚੇਲੇ ਗੁਰੂ ਨਾਲ ਧੋਖਾ ਕਰ ਜਾਂਦੇ ਹਨ। ਵਾਹਵਾ ਪੁਰਾਣੀ ਗੱਲ ਹੈ ਓਦੋਂ ਪਾਣੀ ਵਾਲੀ ਮੋਟਰ ਦਾ ਲਾਉਣ ਦਾ ਬਹੁਤਾ ਚਲਣ ਨਹੀਂ ਸੀ ਤੇ ਨਾ ਹੀ ਲੋਕਾਂ ਦੀ ਗੁੰਜਾਇਸ਼ ਹੁੰਦੀ ਸੀ। ਲੋਕ ਹੈਂਡ ਪੰਪ ਲਗਾਕੇ ਪਾਣੀ ਭਰਦੇ ਹੁੰਦੇ ਸਨ। ਗਲੀ ਵਿਚ ਪਹਿਲੀ ਮੋਟਰ ਸਾਡੇ ਘਰ ਲੱਗੀ। ਪਾਣੀ ਦੀ ਮੌਜ ਲੱਗ ਗਈ ਬਟਨ ਨੱਪੋ ਪਾਣੀ ਆ ਜਾਂਦਾ। ਫਿਰ ਸਾਡੇ ਗੁਆਂਢੀ ਪਰਿਵਾਰ ਦੀਆਂ ਔਰਤਾਂ ਨੇ ਵੀ ਆਪਣੇ ਘਰਦਿਆਂ ਨੂੰ ਮੋਟਰ ਲਗਵਾਉਣ ਲਈ ਰਾਜ਼ੀ ਕਰ ਲਿਆ। ਓਹਨਾ ਦੇ ਕਹਿਣ ਤੇ ਅਸੀਂ ਉਹਨਾਂ ਨੂੰ ਕਰੰਪਟਨ ਦੀ ਮੋਟਰ 1270 ਰੁਪਏ ਦੀ ਲਿਆ ਕੇ ਦਿੱਤੀ। ਅਸੀਂ ਗੁਆਂਢੀਆਂ ਨੂੰ ਸਮਝਾਇਆ ਕਿ ਬਾਰ ਬਾਰ ਮੋਟਰ ਨਾ ਚਲਾਇਓ। ਇੱਕ ਵਾਰੀ ਇਕੱਠਾ ਹੀ ਪਾਣੀ ਭਰ ਲਿਆ ਕਰੋ। ਵਾਰੀ ਵਾਰੀ ਮੋਟਰ ਚਲਾਉਣ ਨਾਲ ਮੋਟਰ ਨੂੰ ਪਾਣੀ ਖਿੱਚਣਾ ਪੈਂਦਾ ਹੈ ਇਸ ਤਰਾਂ ਨਾਲ ਮੋਟਰ ਖਰਾਬ ਹੋ ਸਕਦੀ ਹੈ। ਸਾਡੇ ਹੀ ਕਹਿਣ ਤੇ ਉਹ ਸਵੇਰੇ ਇੱਕ ਟਾਈਮ ਮੋਟਰ ਚਲਾਉਂਦੇ। ਕਦੇ ਸ਼ਾਮੀ ਵੀ ਬਟਨ ਨੱਪ ਦਿੰਦੇ।
ਕੁਦਰਤੀ ਇੱਕ ਦਿਨ ਦੁਪਹਿਰੇ ਘਰੇ ਮਿਸਤਰੀ ਲੱਗੇ ਹੋਣ ਕਾਰਨ ਸਾਨੂੰ ਪਾਣੀ ਦੀ ਲੋੜ ਪੈ ਗਈ। ਅਸੀ ਪਾਣੀ ਲੈਣ ਲਈ ਉਹਨਾਂ ਨੂੰ ਮੋਟਰ ਚਲਾਉਣ ਲਈ ਆਖਿਆ।
“ਅਸੀਂ ਤਾਂ ਇੱਕ ਵਾਰ ਹੀ ਮੋਟਰ ਚਲਾਉਂਦੇ ਹਾਂ। ਵਾਰ ਵਾਰ ਚਲਾਉਣ ਨਾਲ ਮੋਟਰ ਖਰਾਬ ਹੋ ਜਾਂਦੀ ਹੈ।” ਉਹਨਾਂ ਨੇ ਸਾਡੀ ਦਿੱਤੀ ਮੱਤ ਤੇ ਅਮਲ ਕਰਦਿਆਂ ਆਖਿਆ ਤੇ ਸਾਨੂੰ ਪਾਣੀ ਤੋਂ ਜਬਾਬ ਦੇ ਦਿੱਤਾ।
ਹੁਣ ਸਾਡੇ ਕੋਲ ਓਹਨਾ ਨਾਲ ਤਰਕ ਕਰਨ ਦਾ ਕੋਈ ਫਾਇਦਾ ਨਹੀਂ ਸੀ।
ਰਮੇਸ਼ਸੇਠੀਬਾਦਲ
9876627233