ਸ਼ਾਕੇਬ ਜਲਾਲੀ..ਅਜੀਮ ਪਾਕਿਸਤਾਨੀ ਸ਼ਾਇਰ..ਉੱਨੀ ਸੌ ਛੱਤੀ ਵਿਚ ਅਲੀਗੜ ਉੱਤਰ ਪ੍ਰਦੇਸ਼ ਵਿਚ ਜੰਮਿਆ..ਨਿੱਜੀ ਜਿੰਦਗੀ ਹਾਦਸਿਆਂ ਨਾਲ ਲਬਰੇਜ..ਬਾਪ ਪੁਲਸ ਇੰਸਪੈਕਟਰ..ਨੌਂ ਸਾਲ ਦਾ ਸੀ..ਜਦੋਂ ਬਰੇਲੀ ਰੇਲਵੇ ਟੇਸ਼ਨ ਤੇ ਬਾਪ ਨੇ ਮਾਂ ਨੂੰ ਆਉਂਦੀ ਗੱਡੀ ਅੱਗੇ ਧੱਕਾ ਦੇ ਦਿੱਤਾ..ਉਹ ਮਾਸੂਮ ਦੀਆਂ ਅੱਖਾਂ ਸਾਮਣੇ ਕੱਟੀ ਵੱਡੀ ਗਈ..ਬੇਬਸ ਕੁਝ ਨਾ ਕਰ ਸਕਿਆ..ਨਾ ਏਨੀ ਸਮਝ ਹੀ ਕੇ ਹੋਇਆ ਕੀ ਏ..ਬੱਸ ਹੰਝੂ ਵਗਦੇ ਰਹੇ..ਮਾਂ ਸ਼ਾਇਦ ਬੱਚਿਆਂ ਖਾਤਿਰ ਮਰਦੀ ਮਰਦੀ ਬਿਆਨ ਦੇ ਗਈ ਕੇ ਮੇਰਾ ਪਤੀ ਜੇਹਨੀ ਮਰੀਜ ਏ..ਇਸਨੂੰ ਦੌਰੇ ਪੈਂਦੇ ਨੇ..ਇਸਨੂੰ ਕੁਝ ਨਾ ਆਖਿਆ ਜਾਵੇ..ਫੇਰ ਮੁੱਕ ਗਈ..ਬਾਪ ਨੂੰ ਪਾਗਲਾਂ ਦੇ ਹਸਪਤਾਲ ਭਰਤੀ ਕਰਵਾ ਦਿੱਤਾ..!
ਏਧਰ ਸੰਤਾਲੀ ਦੀ ਵੰਡ ਹੋ ਗਈ..ਜਲਾਲੀ ਅਤੇ ਚਾਰ ਨਿੱਕੀਆਂ ਭੈਣਾਂ ਪਾਕਿਸਤਾਨ ਆ ਗਈਆਂ..ਪਰ ਜ਼ਿਹਨ ਵਿਚੋਂ ਮਾਂ ਦੇ ਯਾਦ ਮਨਫ਼ੀ ਨਾ ਹੋਈ..ਸ਼ਾਇਰ ਬਣ ਗਿਆ..ਬਹਾਨੇ ਬਹਾਨੇ ਨਾਲ ਉਸਨੂੰ ਯਾਦ ਕਰਦਾ ਰਹਿੰਦਾ..ਜਵਾਨ ਹੋਇਆ ਪਰ ਦਿਲ ਵਿਚੋਂ ਚੀਸ ਨਾ ਮਿੱਟ ਸਕੀ..ਫੇਰ ਇੱਕ ਦਿਨ ਸਰਗੋਧੇ ਟੇਸ਼ਨ ਤੇ ਖਲੋਤੇ ਨੇ ਆਉਂਦੀ ਗੱਡੀ ਅੱਗੇ ਛਾਲ ਮਾਰ ਦਿੱਤੀ..ਮਾਂ ਕੋਲ ਅੱਪੜ ਗਿਆ..ਤੇ ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ ਹੋ ਗਿਆ!
ਬੋਝੇ ਵਿਚੋਂ ਇੱਕ ਪਰਚੀ ਨਿਕੱਲੀ..ਉੱਤੇ ਸ਼ੇਅਰ ਲਿਖਿਆ ਸੀ..”ਤੂਨੇ ਕਹਾ ਨਾ ਥਾ ਮੈਂ ਬੋਝ ਹੂੰ ਕਸ਼ਤੀ ਪੇ..ਅਬ ਆਖੇਂ ਨਾ ਢਾਕ ਮੁਝੇ ਡੂਬਤਾ ਭੀ ਦੇਖ”
ਅਕਸਰ ਆਖਿਆ ਜਾਂਦਾ ਮਾਵਾਂ ਢਿੱਡੋਂ ਜੰਮਿਆਂ ਦਾ ਵਿਛੋੜਾ ਸਾਰੀ ਉਮਰ ਜ਼ਿਹਨ ਤੇ ਹੰਢਾਉਂਦੀਆਂ ਪਰ ਇਸ ਮਾਮਲੇ ਵਿਚ ਕਈ ਪੁੱਤਰ ਵੀ ਪਿੱਛੇ ਨਹੀਂ..ਕਿਧਰੋਂ ਕਹਾਣੀ ਮਿਲੀ ਸੋਚਿਆ ਸਾਂਝੀ ਕਰ ਦਿਆ..ਜਿਹਨਾਂ ਦੀਆਂ ਹੈਂਨ ਓਹਨਾ ਨੂੰ ਤੇ ਭਾਵੇਂ ਕੋਈ ਖਾਸ ਫਰਕ ਨਾ ਪੈਂਦਾ ਹੋਵੇ ਪਰ ਜਿਹਨਾਂ ਦੀਆਂ ਚਲੀਆਂ ਜਾਂਦੀਆਂ..ਇੰਝ ਦੇ ਬਿਰਤਾਂਤ ਲਹੂ ਦੇ ਹੰਝੂਆਂ ਸਣੇ ਪੜਨੇ ਪੈਂਦੇ!
ਹਰਪ੍ਰੀਤ ਸਿੰਘ ਜਵੰਦਾ