ਅੱਜ ਤਰਬੂਜ਼ ਖਾਣ ਲੱਗਿਆ ਤਾਂ ਮੈਨੂੰ ਮੇਰੀ ਸੋਚ ਬਹੁਤ ਪਿੱਛੇ ਲ਼ੈ ਗਈ। ਪਿੰਡ ਦੇ ਖੇਤ ਵਿੱਚ ਮਤੀਰੀਆਂ ਉਗਦੀਆਂ ਤੇ ਵੱਡੀਆਂ ਹੋਣ ਤੋਂ ਪਹਿਲਾਂ ਹੀ ਅਸੀਂ ਤੋੜਕੇ ਖਾ ਲੈਂਦੇ। ਕਾਹਲੀ ਇਸ ਲਈ ਕਰਦੇ ਤੇ ਜੇ ਅਸੀਂ ਨਾ ਤੋੜੀਆਂ ਤਾਂ ਕੋਈਂ ਹੋਰ ਤੋੜਕੇ ਲ਼ੈ ਜਾਵੇਗਾ। ਸਾਇਕਲਾਂ ਤੇ ਸਬਜ਼ੀ ਵੇਚਣ ਵਾਲੇ ਲਾਲ ਲਾਲ ਤਰਬੂਜ਼ ਵੇਚਦੇ ਜੋ ਅਸੀਂ ਆਪਣੀ ਜੇਬ ਖਰਚੀ ਮੁਤਾਬਿਕ ਲ਼ੈਕੇ ਖਾਂਦੇ। ਸ਼ਹਿਰ ਵਿੱਚ ਇਹ ਵੱਖਰਾ ਹੀ ਨਜ਼ਾਰਾ ਸੀ। ਕੁਝ ਲੋਕ ਰੇਹੜੀ ਤੇ ਤਰਬੂਜ਼ ਕੱਟਕੇ ਵੇਚਦੇ ਉਹ ਤਰਬੂਜ਼ ਨੂੰ ਠੰਡਾ ਕਰਨ ਲਈ ਬਰਫ ਦੀ ਸਿੱਲੀ ਉਪਰ ਰੱਖਦੇ। ਕੁੱਝ ਲੋਕ ਟਮਾਟਰ ਤੇ ਤਰਾਂ ਕੱਟਕੇ ਇਸੇ ਤਰ੍ਹਾਂ ਠੰਢੀਆਂ ਕਰਕੇ ਵੇਚਦੇ। ਉਹ ਉਪਰ ਕਾਲਾ ਨਮਕ ਵੀ ਭੁੱਕਦੇ ਜਿਸ ਨਾਲ ਇਸ ਤਰਬੂਜ਼ ਟਮਾਟਰ ਅਤੇ ਤਰ ਦਾ ਸਵਾਦ ਵੱਧ ਜਾਂਦਾ। ਓਦੋਂ ਬਹੁਤ ਘੱਟ ਲੋਕਾਂ ਘਰੇ ਸਾਬੁਤ ਤਰਬੂਜ਼ ਆਉਂਦਾ ਸੀ। ਹੁਣ ਤਾਂ ਖੈਰ ਉਹ ਗੱਲਾਂ ਨਹੀਂ ਰਹੀਆਂ। ਜੇਬ ਖਰਚੀ ਦੇ ਬਲ ਤੇ ਰੇਹੜੀ ਤੋਂ ਖਰੀਦਕੇ ਖਾਣ ਦਾ ਸਵਾਦ ਤਾਂ ਆਉਂਦਾ ਪਰ ਨੀਅਤ ਨਹੀਂ ਸੀ ਭਰਦੀ। ਚੰਡੀਗੜ੍ਹ ਸੈਕਟਰੀਏਟ ਦੇ ਨੇੜੇ ਇੱਕ ਆਦਮੀ ਇੱਕ ਰੁਪਏ ਦਾ ਖੀਰਾ ਕੱਟ ਕੇ ਖਵਾਉਂਦਾ, ਖਾਣ ਵਾਲਿਆਂ ਦੀ ਲਾਈਨ ਲੱਗ ਜਾਂਦੀ। ਹੁਣ ਹਰ ਫਰੂਟ ਚਾਹੇ ਮਹਿੰਗਾ ਹੀ ਹੈ ਆਮ ਮਿਲ ਜਾਂਦਾ ਹੈ। ਸ਼ਾਇਦ ਉਸ ਦੀ ਉਹ ਕਦਰ ਨਹੀਂ ਰਹੀ ਜਿੰਨੀ ਕਿਸੇ ਜਮਾਨੇ ਵਿੱਚ ਸੇਬ ਦੀ ਚੜ੍ਹਤ ਹੁੰਦੀ ਸੀ। ਅਸੀਂ ਤਾਂ ਲਾਲ ਬੇਰ, ਪੀਲਾਂ, ਪੇਂਦੁ ਬੇਰ, ਖਖੜੀ ਤੇ ਚਿਬੜ ਖਾਣ ਵਾਲਿਆਂ ਦੀ ਲਿਸਟ ਵਿੱਚ ਆਉਂਦੇ ਸੀ। ਸਟਾਬਰੀ, ਡਰੇਗਣ ਫਰੂਟ, ਕੀਵੀ, ਪਪੀਤਾ, ਚੀਕੂ ਅਤੇ ਲੀਚੀ ਵਰਗੇ ਫਲ ਤਾਂ ਅਸੀਂ ਸੱਤਰ ਅੱਸੀ ਦੇ ਦਹਾਕੇ ਤੋਂ ਬਾਦ ਵੇਖੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ