“ਹੈਂ ਸੇਠੀ ਮੈਡਮ ਪਿਆਜ਼ ਟਮਾਟਰ ਦੀ ਚੱਟਣੀ ਤਾਂ ਅਸੀਂ ਵੀ ਬਣਾਉਂਦੇ ਹਾਂ। ਪਰ ਆਹ ਦਰੜ ਫਰੜ ਕਿਹੜੀ ਹੋਈ।?” ਸਰਕਾਰੀ ਸਕੂਲ ਮਸੀਤਾਂ ਦੇ ਸਟਾਫ ਰੂਮ ਵਿੱਚ ਬੈਠੀਆਂ ਟੀਚਰਾਂ ਚੋ ਇੱਕ ਨੇ ਮੇਰੀ ਹਮਸਫਰ ਨੂੰ ਪੁੱਛਿਆ।
“ਤੈਨੂੰ ਮੈਂ ਬਣਾਕੇ ਹੀ ਖ਼ਵਾਉ ਇੱਕ ਦਿਨ।” ਮੈਡਮ ਨੇ ਉਸ ਨੂੰ ਲਾਰਾ ਜਿਹਾ ਲਾਇਆ।
“ਚੱਟਣੀ ਬਣਾਉਣ ਦਾ ਕੀ ਹੈ ਪਿਆਜ਼ ਟਮਾਟਰ ਪਾਕੇ ਨਮਕ ਮਿਰਚ ਹੀ ਪਾਉਣਾ ਹੁੰਦਾ ਹੈ। ਮਿਕਸੀ ਵਿੱਚ।ਚੱਟਣੀ ਤਿਆਰ। ਬਾਹਲਾ ਕਰੋ ਉਸਨੂੰ ਦੇਸੀ ਘਿਓ ਚ ਤੜਕ ਲਵੋ।” ਨਾਲ ਦੀ ਮੈਡਮ ਨੇ ਆਪਣਾ ਗਿਆਨ ਘੋਟਿਆ।
ਖੈਰ ਅਗਲੇ ਦਿਨ ਮੈਡਮ ਕੂੰਡੇ ਵਿੱਚ ਚੱਟਣੀ ਕੁੱਟਕੇ ਲ਼ੈ ਗਈ ਮੋਟੀ ਮੋਟੀ। ਕਿਸੇ ਟਮਾਟਰ ਦੇ ਮਾਮੂਲੀ ਸੱਟ ਵੱਜੀ ਕੋਈਂ ਵਿਚਾਰਾ ਜਵਾਂ ਵੀ ਮਸਲਿਆਂ ਗਿਆ ਤੇ ਕਈ ਘੋਟੇ ਦੀ ਮਾਰ ਤੋਂ ਇੰਜ ਬੱਚ ਗਏ ਜਿਵੇਂ ਇੱਕ ਵਿਸ਼ੇਸ਼ ਪਾਰਟੀ ਜੋਇਨ ਕਰਨ ਤੇ ਨੇਤਾ ਈ ਡੀ ਤੋਂ ਬੱਚ ਜਾਂਦੇ ਹਨ। ਜਦੋਂ ਉਸਨੇ ਚੱਟਣੀ ਵਾਲਾ ਟਿਫ਼ਨ ਖੋਲ੍ਹ ਕੇ ਮੈਡਮਾਂ ਦੇ ਮੂਹਰੇ ਰੱਖਿਆ ਤਾਂ ਕੁਝ ਕੁ ਬਾਹਲੀਆਂ ਸਿਆਣੀਆਂ ਆਪਣੇ ਮਨ ਵਿੱਚ ਹੱਸਿਆ। ਕਿ ਸਰੋਜ ਮੈਡਮ ਸਕੂਲ ਆਉਣ ਦੀ ਕਾਹਲੀ ਚ ਅਧੂਰੀ ਚੱਟਣੀ ਕੁੱਟ ਲਿਆਈ। ਪਰ ਜਦੋਂ ਉਹਨਾਂ ਨੇ ਬੱਚਿਆਂ ਕੋਲ਼ੋਂ ਮੰਗਵਾਈ ਲੱਸੀ ਨਾਲ ਰੋਟੀ ਤੇ ਚੱਟਣੀ ਰੱਖਕੇ ਖਾਧੀ ਤਾਂ ਕਿਸੇ ਨੇ ਆਪਣੀ ਲਿਆਂਦੀ ਸਬਜ਼ੀ ਨੂੰ ਮੂੰਹ ਨਾ ਲਾਇਆ। ਹੁਣ ਉਹਨਾਂ ਨੂੰ ਦਰੜ ਫਰੜ ਦੀ ਪਰਿਭਾਸ਼ਾ ਸਮਝ ਆ ਗਈ।
#ਰਮੇਸ਼ਸੇਠੀਬਾਦਲ