ਗੱਲ 1968-69 ਦੀ ਹੈ ਜਦੋ ਮੇਰੇ ਪਾਪਾ ਜੀ ਹਿਸਾਰ ਜ਼ਿਲੇ ਦੇ ਕਸਬੇ ਸੇਖੂਪੁਰ ਦੜੋਲੀ ਵਿਖੇ ਪਟਵਾਰੀ ਲੱਗੇ ਹੋਏ ਸਨ। ਇਹ ਨਿਰੋਲ ਬਾਗੜੀ ਬੈਲਟ ਹੈ ਬਿਸ਼ਨੋਈ ਤੇ ਜਾਟ ਬਾਗੜੀ ਹੀ ਜਿਆਦਾ ਰਹਿੰਦੇ ਸਨ। ਉਹਨਾਂ ਨੂੰ ਓਥੇ ਗਿਆ ਨੂੰ ਹਫਤਾ ਕੁ ਹੀ ਹੋਇਆ ਸੀ ਕਿ ਇੱਕ ਦਿਨ ਉਹਨਾਂ ਨੂੰ ਉਸ ਪਿੰਡ ਦੇ ਨੰਬਰਦਾਰ ਦੇ ਪਿਓ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਪਿਆ। ਕਿਉਂਕਿ ਪਾਪਾ ਜੀ ਮੂਲਰੂਪ ਵਿਚ ਪੰਜਾਬ ਦੇ ਮਾਲਵਾ ਇਲਾਕੇ ਚੋ ਸਨ ਸੋ ਉਧਰ ਦਾ ਖਾਣਪਾਣ ਤੇ ਰਸਮੋ ਰਿਵਾਜ ਤੋਂ ਅਣਜਾਣ ਸਨ।
ਅੰਤਿਮ ਅਰਦਾਸ ਤੋਂ ਬਾਦ ਪਾਪਾ ਜੀ ਵੀ ਪਿੰਡ ਦੇ ਮੋਹਤਵਰ ਬੰਦਿਆਂ ਨਾਲ ਖਾਣਾ ਖਾਣ ਲਈ ਥੱਲੇ ਬਿਛਾਈਆਂ ਪਟੀਆਂ ਤੇ ਬੈਠ ਗਏ। ਸਬ ਤੋਂ ਪਹਿਲਾਂ ਹਰ ਇੱਕ ਅੱਗੇ ਇੱਕ ਇੱਕ ਵੱਡੀ ਥਾਲੀ ਰੱਖੀ ਗਈ। ਫਿਰ ਹਰ ਥਾਲੀ ਵਿੱਚ ਸੁੱਕੇ ਕਾਲੇ ਛੋਲੇ ਤੇ ਵਾਹਵਾ ਵਾਹਵਾ ਹਲਵਾ ਪਾਇਆ ਗਿਆ। ਫਿਰ ਇੱਕ ਆਦਮੀ ਸਭ ਨੂੰ ਗੜਵੇ ਯਾਨੀ ਲੋਟੇ ਨਾਲ ਦੇਸੀ ਘਿਓ ਪਾ ਰਿਹਾ ਸੀ। ਘਿਓ ਪਾਉਣ ਤੋਂ ਬਾਦ ਸਾਰੇ ਜਣੇ ਹੱਥ ਨਾਲ ਹੀ ਘਿਓ ਹਲਵਾ ਤੇ ਚਨੇ ਖਾਣ ਲੱਗੇ ਪਰ ਪਾਪਾ ਜੀ ਅਰਾਮ ਨਾਲ ਬੈਠੇ ਰਹੇ।
“ਥੇ ਭੀ ਜੀਮ ਲੋ ਪਟਵਾਰੀ ਸ਼ਾਬ।” ਨਾਲ ਬੈਠੇ ਬੰਦੇ ਨੇ ਪਾਪਾ ਜੀ ਨੂੰ ਆਖਿਆ।
“ਚਲੋ ਅਭੀ ਫੁਲਕਾ ਤੋਂ ਆਣੇ ਦੋ।” ਪਾਪਾ ਜੀ ਨੇ ਕਿਹਾ।
‘ਨਹੀਂ ਪਟਵਾਰੀ ਸ਼ਾਬ ਅਠੇ ਰੋਟੀ ਕੋਨਾ ਆਵੇ। ਯੇਹ ਹੀ ਜੀਮਣਾ ਹੈ।” ਨਾਲ ਬੈਠੇ ਇੱਕ ਜਾਣਕਾਰ ਬਾਗੜੀ ਨੇ ਕਿਹਾ।
ਫਿਰ ਪਾਪਾ ਜੀ ਨੇ ਪਹਿਲੀ ਵਾਰੀ ਉਸ ਬਿਸ਼ਨੋਈ ਪਰਿਵਾਰ ਦੇ ਸਵਾਦ ਖਾਣੇ ਦਾ ਲੁਤਫ਼ ਉਠਾਇਆ।
ਇਸ ਘਟਨਾ ਨੂੰ ਉਹ ਬਹੁਤ ਵਾਰੀ ਸਨਾਉਂਦੇ ਹੁੰਦੇ ਸਨ। ਵਾਕਿਆ ਹੀ ਬਿਸ਼ਨੋਈ ਤੇ ਬਾਗੜੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੁੰਦੇ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਪੇਂਡੂ