ਕਾਲੇ ਦਿਨ | kaale din

ਕਾਲੇ ਦਿਨਾਂ ਦੀ ਗੱਲ ਹੈ ।ਮੈਂ ਫਰੀਦਕੋਟ ਤੋਂ ਵਾਪਿਸ ਵਾਇਆ ਕੋਟ ਕਪੂਰਾ ਮੁਕਤਸਰ ਆ ਰਿਹਾ ਸੀ। ਬਸ ਅਜੇ ਮੁਕਤਸਰ ਤੇ ਮਲੋਟ ਦੇ ਵਿਚਾਲੇ ਸੀ ।ਰੁਪਾਣੇ ਤੋਂ ਇੱਕ ਜੋੜਾ ਚੜਿਆ ਜੋ ਕਿਸੇ ਲਾਗਲੇ ਪਿੰਡ ਵਿਆਹ ਤੇ ਚੱਲੇ ਸੀ ਨਾਲ ਜੁਆਕ ਸਨ। ਬੰਦਾ ਸ਼ਾਇਦ ਨਵਾਂ ਨਵਾਂ ਸੀਰੀ ਰਲਿਆ ਸੀ। ਦੋ ਪੈਸੇ ਜੇਬ ਵਿੱਚ ਬੋਲਦੇ ਹਨ। ਤਿੰਨ ਆਲੀ ਸੀਟ ਤੇ ਮੈਨੂੰ ਇੱਕਲੇ ਨੂੰ ਬੈਠਾ ਵੇਖ ਕੇ ਉਹ ਮੇਰੇ ਆਲੀ ਸੀਟ ਤੇ ਬੈਠਣ ਲਈ ਆ ਗਏ। ਜਨਾਨੀ ਸ਼ੀਸ਼ੇ ਆਲੇ ਪਾਸੇ ਬੈਠਣ ਲਈ ਬਜ਼ਿਦ ਸੀ ਤੇ ਬੰਦਾ ਖੁਦ ਕਿਨਾਰੇ ਤੇ ਬਹਿਣਾ ਚਾਹੁੰਦਾ ਸੀ। ਮੈਨੂੰ ਦੋਵਾਂ ਦੇ ਵਿਚਾਲੇ ਬੈਠਣਾ ਕਤਈ ਮਨਜੂਰ ਨਹੀਂ ਸੀ।ਸ਼ਾਇਦ ਕਿਸੇ ਅਣਹੋਣੀ ਕਰਕੇ। ਮੈਂ ਓਹਨਾ ਨੂੰ ਸੀਟ ਦੀ ਇੱਕ ਸਾਈਡ ਤੇ ਬੈਠਣ ਨੂੰ ਕਿਹਾ ਪਰ ਉਹ ਨਾ ਮੰਨੇ।
“ਤਾਹੀਓਂ ਤਾਂ ਸੋਡੇ ਲਾਲਿਆਂ ਦੇ ਖਾੜਕੂ ਚੋਹਨਟੈ ਚੱਕੀ ਜਾਂਦੇ ਹਨ। ਅਜੇ ਤਾਂ ਕੱਲ ਹੀ ਮਲੋਟ ਅੱਠ ਬੁੜਕਾਏ ਹਨ।” ਉਸ ਨੇ ਇਕ ਦਮ ਕਿਹਾ । ਤੇ ਮੈਂ ਹੋਰ ਡਰ ਗਿਆ। ਉਸ ਦਾ ਕਿਹਾ ਨਾਲ ਬੈਠੀਆਂ ਸਵਾਰੀਆਂ ਨੇ ਸੁਣ ਲਿਆ। ਦੋ ਤਿੰਨ ਮਾਸਟਰ ਤੇ ਹੋਰ ਲੋਕ ਇੱਕ ਦਮ ਖੜੇ ਹੋ ਗਏ ਤੇ ਉਸ ਨੂੰ ਚੰਗਾ ਮਾਂਜਿਆ। ਫਿਰ ਓਹਨਾ ਸਰਦਾਰਾਂ ਨੇ ਉਸ ਜੋੜੀ ਨੂੰ ਕਿਸੇ ਵੀ ਸੀਟ ਤੇ ਨਾ ਬੈਠਣ ਦਿੱਤਾ। ਉਸ ਆਦਮੀ ਨੇ ਭਰੀ ਬਸ ਚ ਸਾਰਿਆਂ ਤੋਂ ਮਾਫੀ ਮੰਗੀ। ਕਿਉਂਕਿ ਕੋਈ ਵੀ ਹੀ ਹਿੰਦੂ ਸਿੱਖ ਦਾ ਪਾੜਾ ਨਹੀਂ ਸੀ ਚਾਹੁੰਦਾ। ਸਬ ਅਮਨ ਸ਼ਾਂਤੀ ਤੇ ਆਪਸੀ ਇਤਫ਼ਾਕ ਚਾਹੁੰਦੇ ਸਨ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *