ਇੱਕ ਆਦਮੀ ਸੜਕ ਤੇ ਤੁਰਿਆ ਜਾ ਰਿਹਾ ਸੀ। ਸੁੰਨਸਾਨ ਜਿਹੀ ਥਾਂ ਆਈ, ਤਾਂ ਉਧਰੋ ਇੱਕ ਕੁੱਤਾ ਆ ਰਿਹਾ ਸੀ। ਆਦਮੀ ਕੁੱਤੇ ਤੋਂ ਡਰਦਾ, ਚੌਕੰਨਾ ਜਿਹਾ ਹੋ ਕੇ ਸੜਕ ਕਿਨਾਰੇ ਤੁਰਨ ਲੱਗਿਆ ਸੀ। ਕੁੱਤਾ ਵੀ ਆਦਮੀ ਤੋਂ ਡਰਦਾ, ਹੋਲੀ ਹੋਲੀ ਕੋਲ ਦੀ ਲੰਘਿਆ। ਆਦਮੀ ਨੇ ਸੋਚਿਆ,‘‘ਲੈ ਮੈਂ ਤਾਂ ਇਸ ਤੋਂ ਐਵੇਂ ਡਰ ਗਿਆ, ਇਹ ਤਾਂ ਆਪ ਮੇਰੇ ਕੋਲੋਂ ਡਰਕੇ ਲੰਘਿਆ।’’ ਇਹੋ ਗੱਲ ਕੁੱਤੇ ਨੇ ਸੋਚੀ ਸੀ।
ਆਦਮੀ ਕਿਸੇ ਕੰਮ ਜਾ ਕੇ, ਵਾਪਸ ਮੁੜਿਆ ਆ ਰਿਹਾ ਸੀ। ਉਧਰੋ ਉਹੀ ਕੁੱਤਾ ਵੀ ਮੁੜਿਆ ਆ ਰਿਹਾ ਸੀ। ਇਸ ਵਾਰ ਉਹ ਦੋਵੇਂ ਇੱਕ ਦੂਜੇ ਤੋਂ ਨਾ ਡਰੇ। ਜਦ ਕੁੱਤਾ ਆਦਮੀ ਦੇ ਬਰਾਬਰ ਆਇਆ, ਤਾਂ ਕਹਿਣ ਲੱਗਾ, ‘‘ਤੂੰ ਮੇਰੇ ਤੋਂ ਡਰ ਕਿਉਂ ਗਿਆ ਸੀ’’। ਆਦਮੀ ਕਹਿੰਦਾ,‘‘ਜੇ ਉਪਰਾ ਕੁੱਤਾ ਵੱਢ ਲਵੇ, ਤਾਂ ਘੱਟੋ-ਘੱਟ ਸੱਤ ਟੀਕੇ ਢਿੱਡ ’ਚ ਲੱਗਦੇ ਨੇ, ਪਰ ਤੂੰ ਮੇਰੇ ਤੋਂ ਕਿਉਂ ਡਰਿਆ ਸੀ? ਮੇਰੇ ਹੱਥ ਚ ਤਾਂ ਕੋਈ ਸੋਟੀ ਤੇ ਰੋੜਾ ਵੀ ਨਹੀਂ ਸੀ।’’ ਕੁੱਤਾ ਕਹਿੰਦਾ,‘‘ਮੈਂ ਤਾਂ ਡਰ ਗਿਆ ਸੀ, ਕਿ ਮੇਰੇ ਵੱਢੇ ਦਾ ਇਲਾਜ ਤਾਂ ਹੈ, ਪਰ ਜੇ ਕਿਤੇ ਆਦਮੀ ਕਿਸੇ ਨੂੰ ਵੱਢ ਲਵੇ, ਉਹਦਾ ਇਲਾਜ ਕਿਤੇ ਵੀ ਨਹੀਂ।’’
ਨੇਤਰ ਸਿੰਘ ਮੁੱਤੋਂ
ਨਿਊ ਮਾਡਲ ਟਾਊਨ, ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋ: 94636-56728