ਦਫਤਰ ਵਿਚ ਬੌਸ..ਹਮੇਸ਼ਾ ਹੀ ਬਿਨਾ ਵਜਾ ਖਿਝਿਆ ਰਹਿੰਦਾ..ਕਦੇ ਫਤਹਿ ਦਾ ਜੁਆਬ ਵੀ ਨਹੀਂ ਦਿੱਤਾ!
ਉਸ ਦਿਨ ਅੱਧੇ ਘੰਟੇ ਦੀ ਛੁੱਟੀ ਲੈ ਕੇ ਧੀ ਨੂੰ ਸਕੂਲੋਂ ਚੁੱਕਣ ਬਾਹਰ ਬੋਹੜ ਥੱਲੇ ਸਕੂਟਰ ਆਣ ਖਲਿਆਰਿਆ..!
ਕੋਲ ਇੱਕ ਬਾਬਾ ਜੀ ਸਬਜੀ ਵੇਚੀ ਜਾਂਦਾ ਸੀ..!
ਸਾਮਣੇ ਕੋਠੀ ਵਿਚੋਂ ਇੱਕ ਮੈਡਮ ਆਈ..ਥੋੜੀ ਦੇਰ ਪਹਿਲੋਂ ਹੀ ਮੁੱਲ ਲਿਆ ਕਿੰਨਾ ਕੁਝ ਵਾਪਿਸ ਮੋੜ ਗਈ..ਕਿੰਨਾ ਕੁਝ ਬੋਲੀ ਵੀ..ਧਨੀਏ ਦੀ ਗੁੱਛੀ ਤਾਜੀ ਨਹੀਂ..ਗੰਢੇ ਖਰਾਬ..ਆਲੂਆਂ ਵਿਚ ਕੀੜਾ..!
ਫੇਰ ਕਹਾਣੀਆਂ ਜਿਹੀਆਂ ਪਾਉਂਦੀ ਆਖਣ ਲੱਗੀ ਥੋੜੇ ਜਿਹੇ ਪੈਸੇ ਮੋੜ ਦੇ..ਉਂਝ ਦੀ ਉਂਝ ਵਾਪਿਸ ਲੈ ਜਾਂਦੀ ਹਾਂ..ਤੇਰਾ ਵੀ ਫਾਇਦਾ ਤੇ ਮੇਰਾ ਵੀ..!
ਬਾਬਾ ਜੀ ਕੁਝ ਨਾ ਬੋਲਿਆ..ਸਾਰੇ ਪੈਸੇ ਵਾਪਿਸ ਮੋੜ ਦਿੱਤੇ ਤੇ ਸਾਰੀ ਸਬਜੀ ਪਾਸੇ ਰਖਵਾ ਲਈ..!
ਉਹ ਬੁੜ-ਬੁੜਾਉਂਦੀ ਹੋਈ ਅੰਦਰ ਜਾ ਵੜੀ!
ਫੇਰ ਬਾਬੇ ਨੇ ਵਾਪਿਸ ਲਈ ਸਾਰੀ ਸਬਜੀ ਕੋਲ ਹੀ ਬੱਝੀ ਇੱਕ ਗਾਂ ਨੂੰ ਪਾ ਦਿੱਤੀ..!
ਮੈਂ ਬੜਾ ਹੈਰਾਨ..ਪੁੱਛਿਆ ਇਹਦੇ ਨਾਲੋਂ ਤੇ ਡਿਸਕਾਊਂਟ ਤੇ ਦੇ ਦਿੰਦਾ ਵਧੀਆ ਸੀ!
ਅੱਗਿਓਂ ਆਖਣ ਲੱਗਾ..ਇਹ ਗਾਂ ਜਦੋਂ ਵੀ ਮੇਰਾ ਠੇਲਾ ਵੇਖਦੀ..ਉੱਠ ਖਲੋਂਦੀ..ਓਨਾ ਚਿਰ ਪਿਆਰ ਨਾਲ ਵਹਿੰਦੀ ਰਹਿੰਦੀ ਜਿਨ੍ਹਾਂ ਚਿਰ ਕੁਝ ਪਾ ਨਾ ਦਿਆਂ..ਫੇਰ ਜਦੋਂ ਰੇਹੜੀ ਲੈ ਕੇ ਜਾਂਦਾ ਤਾਂ ਮਗਰੋਂ ਓਨੀ ਦੇਰ ਅੜਿੰਗਦੀ ਰਹਿੰਦੀ ਜਿੰਨੀ ਦੇਰ ਅੱਖੋਂ ਓਹਲੇ ਨਾ ਹੋ ਜਾਵਾਂ..ਉਸ ਬੀਬੀ ਦਾ ਕੀ ਏ..ਜਿੰਨੀ ਮਰਜੀ ਸਸਤੀ ਦੇਵਾਂ..ਕਦੇ ਖੁਸ਼ ਨੀ ਬਸ ਹਮੇਸ਼ਾਂ ਨਵੇਂ ਖੁੱਲੇ ਮਾਲ ਦਾ ਡਰਾਵਾ ਦਿੰਦੀ ਰਹਿੰਦੀ..ਅਖ਼ੇ ਓਥੇ ਤੇਰੇ ਨਾਲੋਂ ਸਸਤੀ ਅਤੇ ਵਧੀਆ ਪੈਕਿੰਗ ਵਾਲੀ..!
ਸਰਦਾਰ ਜੀ ਮੁਫ਼ਤ ਦੀ ਓਥੇ ਦੇਵੋ ਜਿਥੇ ਅਗਲਾ ਕਦਰ ਕਰੇ..ਰੂਹ ਨੂੰ ਰਜਾਉਣ ਲਈ ਕਈ ਵੇਰ ਫਾਇਦੇ ਨੁਕਸਾਨ ਪਾਸੇ ਰੱਖਣੇ ਪੈਂਦੇ!
ਬਾਬੇ ਦੇ ਆਖੇ ਬੋਲ ਕਿੰਨਾ ਚਿਰ ਕੰਨਾਂ ਵਿਚ ਵੱਜਦੇ ਰਹੇ..ਅੱਜ ਪਹਿਲੀ ਵੇਰ ਬੌਸ ਦੇ ਕਮਰੇ ਅੱਗੋਂ ਬੇਧਿਆਨਾ ਜਿਹਾ ਹੋ ਕੇ ਅੱਗੇ ਲੰਘ ਗਿਆ..ਫਤਹਿ ਵੀ ਨਹੀਂ ਬੁਲਾਈ!
ਹਰਪ੍ਰੀਤ ਸਿੰਘ ਜਵੰਦਾ