ਆਪਣੀ 37 ਦੀ ਪਿੰਡ ਬਾਦਲ ਦੀ ਨੌਕਰੀ ਦੌਰਾਨ ਮੈਂ ਕਈ ਸਾਲ ਬੱਸ ਤੇ ਹੀ ਆਉਂਦਾ ਜਾਂਦਾ ਰਿਹਾ ਹਾਂ ਤੇ ਕਈ ਸਾਲ ਬਾਇਕ ਤੇ। ਕੋਈ 2005 ਦੇ ਲਾਗੇ ਤਾਗੇ ਜਿਹੇ ਮੈਂ ਆਪਣੀ ਕਾਰ ਤੇ ਜਾਣ ਲੱਗ ਪਿਆ। ਫਿਰ ਕੁਝ ਫੀਮੇਲ ਸਹਿਕਰਮੀ ਵੀ ਮੇਰੇ ਨਾਲ ਜਾਣ ਆਉਣ ਕਰਨ ਲੱਗੇ। ਉਹਨਾਂ ਤੋਂ ਕਿਰਾਇਆ ਲੈਣ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਪਰ ਸਭ ਜਿੱਦ ਕਰਕੇ ਮੈਨੂੰ ਸੱਤ ਸੋ ਰੁਪਏ ਦੇ ਹਿਸਾਬ ਨਾਲ ਖਰਚਾ ਦੇਣ ਲੱਗ ਪਏ। ਕਿਉਂਕਿ ਉਹ ਵੀ ਮੁਫ਼ਤ ਚ ਨਹੀਂ ਸੀ ਜਾਣਾ ਚਾਹੁਂਦੇ।।ਇਸੇ ਤਰਾਂ ਕਈ ਸਾਲ ਚਲਦਾ ਰਿਹਾ ਤੇ ਫਿਰ ਉਹਨਾਂ ਨੇ ਸੱਤ ਸੌ ਤੋਂ ਸਿੱਧਾ ਇੱਕ ਹਜ਼ਾਰ ਕਰ ਦਿੱਤਾ ਤੇ ਫਿਰ ਆਪੇ ਹੀ ਮਹੀਨੇ ਦਾ ਸਾਢੇ ਬਾਰਾਂ ਸੋ ਪ੍ਰਤੀ ਸਵਾਰੀ ਕਰ ਦਿੱਤਾ।ਕਿਉਂਕਿ ਇਹ ਓਹਨਾ ਨੂੰ ਰਿਕਸ਼ੇ ਤੇ ਬੱਸ ਦੇ ਖਰਚੇ ਜਿੰਨਾ ਹੀ ਪੈਂਦਾ ਸੀ। ਇਸ ਬਾਰੇ ਮੈਨੂੰ ਕਦੇ ਵੀ ਕੁਝ ਆਖਣ ਦੀ ਲੋੜ ਹੀ ਨਹੀਂ ਪਈ ਤੇ ਨਾ ਹੀ ਉਹਨਾਂ ਨੇ ਵਧਾਉਣ ਵੇਲੇ ਬਹੁਤਾ ਬਰੀਕੀ ਨਾਲ ਸੋਚਿਆ। ਇਹਨਾਂ ਪੰਦਰਾਂ ਸੋਲਾਂ ਸਾਲਾਂ ਵਿੱਚ ਮੈਂ ਕਦੇ ਓਹਨਾ ਕੋਲੋ ਪੈਸੇ ਖੁਦ ਨਹੀਂ ਸੀ ਫੜ੍ਹੇ। ਬਸ ਅਗਲੀ ਸੀਟ ਤੇ ਬੈਠੀ ਮੈਡਮ ਆਪੇ ਹੀ ਸਾਰੇ ਪੈਸੇ ਇਕੱਠੇ ਕਰਕੇ ਡੈਸ਼ ਬੋਰਡ ਦੇ ਖਾਨੇ ਵਿਚ ਪਏ ਲਿਫਾਫੇ ਵਿੱਚ ਪਾ ਦਿੰਦੀ ਸੀ। ਕਈ ਵਾਰੀ ਤਿੰਨ ਤਿੰਨ ਮਹੀਨਿਆਂ ਦੇ ਪੈਸੇ ਇਕੱਠੇ ਹੋ ਜਾਂਦੇ। ਖਰਚਣ ਦੀ ਲੋੜ ਹੀ ਨਾ ਪੈਂਦੀ। ਕਿਉਂਕਿ ਪੈਟਰੋਲ ਦੀ ਪੇਂਮੈਂਟ ਮੈਂ ਏਟੀਂਐੱਮ ਕਾਰਡ ਰਾਹੀਂ ਕਰ ਦਿੰਦਾ ਸੀ। ਇੱਕ ਗੱਲ ਹੋਰ ਮੈਡਮਾਂ ਨੇ ਆਪਣੇ ਬੈਠਣ ਵਾਲੀ ਸੀਟ ਦਾ ਰੁਟੇਸ਼ਨ ਬਣਾਇਆ ਹੋਇਆ ਸੀ। ਇਸ ਗੱਲ ਨੂੰ ਲੈਕੇ ਵੀ ਕਦੇ ਕੋਈ ਵਿਵਾਦ ਨਹੀਂ ਸੀ ਹੋਇਆ।
“ਕੀ ਤੁਸੀਂ ਕਾਰ ਦਾ ਏਸੀ ਚਲਾਉਂਦੇ ਹੋ।” ਇੱਕ ਦਿਨ ਮੇਰੇ ਇੱਕ ਜਾਣਕਾਰ ਨੇ ਮੈਨੂੰ ਪੁੱਛਿਆ ਜੋ ਖੁਦ ਕੰਜੂਸ ਮੰਨੀ ਜਾਣ ਵਾਲੀ ਬਰਾਦਰੀ ਨਾਲ ਸਬੰਧ ਰੱਖਦਾ ਸੀ।
“ਹਾਂਜੀ ਏਸੀ ਤੋਂ ਬਿਨਾਂ ਸਫ਼ਰ ਹੀ ਨਹੀਂ ਹੁੰਦਾ।” ਮੈਂ ਆਖਿਆ।
“ਤੁਹਾਨੂੰ ਪਤਾ ਹੈ ਏਸੀ ਨਾਲ ਗੱਡੀ ਚਲਾਉਣ ਦਾ ਖਰਚਾ ਪੰਜਾਹ ਪੈਸੇ ਪਰ ਕਿਲੋਮੀਟਰ ਵੱਧ ਪੈਂਦਾ ਹੈ। ਤੁਸੀਂ ਰੋਜ ਚਾਲੀ ਕਿਲੋਮੀਟਰ ਸਫ਼ਰ ਕਰਦੇ ਹੋ। ਯਾਨੀ ਪੰਜ ਸੌ ਮਹੀਨੇ ਦਾ ਖਰਚਾ ਵੱਧ ਪੈਂਦਾ ਹੈ। ਤੁਸੀਂ ਸੋ ਸੋ ਰੁਪਈਆ ਕਿਰਾਇਆ ਵਧਾ ਸਕਦੇ ਹੋ।” ਉਸਨੇ ਆਪਣੀ ਪੂਰੀ ਗਿਣਤੀ ਮਿਣਤੀ ਕਰਕੇ ਮੈਨੂੰ ਮੱਤ ਦਿੱਤੀ।
“ਭਲਿਆ ਮਾਣਸਾ ਦੇ ਇਹ ਸਵਾਰੀਆਂ ਮੇਰੇ ਨਾਲ ਨਾ ਵੀ ਆਉਣ ਤਾਂ ਮੈਂ ਫਿਰ ਵੀ ਕਾਰ ਤੇ ਹੀ ਆਵਾਂਗਾ। ਬਾਕੀ ਏਸੀ ਮੈਂ ਆਵਦੇ ਲਈ ਚਲਾਉਂਦਾ ਹਾਂ। ਓਹਨਾ ਇਕਲੀਆਂ ਲਈ ਨਹੀਂ।” ਮੈਂ ਥੋੜਾ ਗਰਮੀ ਜਿਹੀ ਚ ਆਖਿਆ।
“ਤਾਹੀਓਂ ਸੋਨੂ ਅ….ਰੋੜੇ ਕਹਿੰਦੇ ਹਨ।” ਕਹਿਕੇ ਉਹ ਚਲਾ ਗਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ