ਉਹਨਾਂ ਦਿਨਾਂ ਵਿੱਚ ਰੋਟੀਆਂ ਵਾਲਾ ਸਿਰਪੋਸ ਜਿਸਨੂੰ ਅੱਜ ਕੱਲ੍ਹ ਚਪਾਤੀ ਬਾਕਸ ਕਹਿੰਦੇ ਹਨ ਕਦੇ ਖਾਲੀ ਨਹੀਂ ਸੀ ਰਹਿੰਦਾ। ਘਰ ਵਿੱਚ ਬੇਹੀਆਂ ਰੋਟੀਆਂ ਆਮ ਹੀ ਹੁੰਦੀਆਂ ਸਨ। ਕਿਉਂਕਿ ਲੋਕ ਰੋਟੀਆਂ ਗਿਣਕੇ ਨਹੀਂ ਮਿਣਕੇ ਪਕਾਉਂਦੇ ਸਨ। ਰਾਤ ਵਾਲੀ ਰੋਟੀ ਨੂੰ ਗਰਮ ਕਰਕੇ ਉੱਤੇ ਲੂਣ ਭੁੱਕਕੇ ਸਾਰੇ ਹੀ ਖੁਸ਼ ਹੋਕੇ ਖਾਂਦੇ। ਹੋਰ ਕੋਈਂ ਬਦਲ ਵੀ ਨਹੀਂ ਸੀ ਹੁੰਦਾ। ਨਾਸ਼ਤਾ ਸ਼ਬਦ ਤਾਂ ਸ਼ਹਿਰੀ ਸ਼ਬਦ ਸੀ। ਕਹਿੰਦੇ ਅਮੀਰ ਸ਼ਹਿਰੀਏ ਨਾਸ਼ਤੇ ਵਿੱਚ ਪਰੌਂਠੇ ਖਾਂਦੇ। ਉਂਜ ਕਦੇ ਕਦੇ ਬੀਬੀ ਵਰਗੀਆਂ ਬੇਹੀਆਂ ਰੋਟੀਆਂ ਨੂੰ ਕੁੱਟਕੇ (ਚੂਰਕੇ) ਸ਼ੱਕਰ ਅਤੇ ਦੇਸੀ ਘਿਓ ਪਾਕੇ ਚੂਰੀਂ ਬਣਾਉਂਦੀਆਂ। ਬਹੁਤ ਸੁਵਾਦ ਲੱਗਦੀ। ਪਰ ਇਹ ਪੰਦਰੀਂ ਵੀਹੀਂ ਦਿਨੀ ਹੁੰਦਾਂ ਸੀ। ਨਿੱਤ ਨਿੱਤ ਇਹ ਗੁੰਜਾਇਸ਼ ਵੀ ਨਹੀਂ ਸੀ ਹੁੰਦੀ। ਕਿਉਂਕਿ ਮਾਤਾ ਵਰਗੀਆਂ ਨੇ ਕਿਰਸ ਨਾਲ ਘਰ ਚਲਾਉਣਾ ਹੁੰਦਾ ਸੀ।
ਅੱਜ ਕੱਲ੍ਹ ਚਾਹੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਪਰ ਹਰ ਅਮੀਰ ਗਰੀਬ ਘਰੇ ਰੋਟੀਆਂ ਗਿਣਕੇ ਹੀ ਪਕਾਉਂਦੇ ਹਨ। ਕੁੱਕ ਆਉਣ ਸਾਰ ਪਹਿਲਾ ਸਵਾਲ ਹੀ ਇਹੀ ਪੁੱਛਦੀ ਹੈ ਕਿ ਫੁਲਕੇ ਕਿੰਨੇ ਲਾਹਾਂ?
ਚੂਰੀ ਨਾ ਕੋਈਂ ਬਣਾਵੇ ਤੇ ਨਾ ਹੀ ਕੋਈਂ ਖਾਵੇ। ਬੀਪੀ ਅਤੇ ਦਿਲ ਦੇ ਰੋਗਾਂ ਨੇ ਦੇਸੀ ਘਿਓ ਤੋੰ ਲਗਭਗ ਦੂਰ ਕਰ ਦਿੱਤਾ। ਉਂਜ ਚੂਰੀ ਖਾਣ ਵਾਲਿਆਂ ਵਿੱਚ ਸਿਰਫ ਰਾਂਝੇ ਅਤੇ ਮਿੱਠੂ ਤੋਤੇ ਦਾ ਨਾਮ ਹੀ ਆਉਂਦਾ ਹੈ। ਕੱਲ੍ਹ ਕੁਦਰਤੀ ਰੋਟੀਆਂ ਵੱਧ ਗਈਆਂ। ਫਿਰ ਮਾਂ ਚੇਤੇ ਆ ਗਈ। ਮਿੱਠੂ ਤੋਤੇ ਨਾਲ ਆਪਣਾ ਨਾਮ ਜੋੜਨ ਨੂੰ ਦਿਲ ਕਰ ਆਇਆ। ਮੇਰੀ ਰੀਝ ਤੇ ਜੁਆਕਾਂ ਦੀ ਮਾਂ ਨੇ ਫੁੱਲ ਚੜਾਏ। ਸ਼ੱਕਰ ਪਾਕੇ ਚੂਰੀ ਕੁੱਟੀ। ਇਸ ਤਰ੍ਹਾ ਅੱਜ ਦੁੱਧ ਤੇ ਚੂਰੀ ਦਾ ਨਾਸ਼ਤਾ ਨਸੀਬ ਹੋਇਆ। ਪੁੱਤ ਨੂੰ ਖੁਸ਼ ਵੇਖਕੇ ਸਵਰਗਾਂ ਵਿੱਚ ਮਾਂ ਵੀ ਆਪਣੀ ਪਸੰਦ ਦੀ ਲਿਆਂਦੀ ਨੂੰਹ ਤੇ ਵੀ ਮਾਣ ਮਹਿਸੂਸ ਕਰਦੀ ਹੋਵੇਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ