ਓਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਖੇਤੀਬਾੜੀ ਮੰਤਰੀ ਬਣੇ ਹੀ ਸਨ ਤੇ ਉਹ ਸਰਦਾਰ ਤੇਜਾ ਸਿੰਘ ਢਿੱਲੋਂ (ਬਾਦਲ) ਤੋਂ ਅਸ਼ੀਰਵਾਦ ਲੈਣ ਲਈ ਪਿੰਡ ਬਾਦਲ ਆਏ। ਕਿਉਂਕਿ ਸਰਦਾਰ ਤੇਜਾ ਸਿੰਘ ਜੀ ਦਾ ਇੱਕ ਖਾਸ ਰੁਤਬਾ ਸੀ। ਉਹ ਖੁਦ ਸਿਆਸਤ ਨਹੀਂ ਸੀ ਕਰਦੇ ਪਰ ਓਹ ਕਿੰਗਮੇਕਰ ਜਰੂਰ ਸਨ। ਉਹਨਾਂ ਦੇ ਕਿਸੇ ਲਫਟੈਨ ਦੇ ਕਹਿਣ ਤੇ ਅਸੀਂ ਸਕੂਲ ਦੇ ਬੱਚਿਆਂ ਨੂੰ ਕੈਪਟਨ ਸਾਹਿਬ ਦੇ ਸਵਾਗਤ ਲਈ ਉਹਨਾਂ ਦੀ ਕੋਠੀ ਮੂਹਰੇ ਲਿਜਾਕੇ ਲਾਈਨਾਂ ਵਿੱਚ ਖੜਾ ਕਰ ਦਿੱਤਾ। ਇਸ ਗੱਲ ਦੀ ਸਰਦਾਰ ਸਾਹਿਬ ਨੂੰ ਕੋਈ ਜਾਣਕਾਰੀ ਨਹੀਂ ਸੀ। ਕੈਪਟਨ ਸਾਹਿਬ ਦਿੱਤੇ ਸਮੇਂ ਤੋਂ ਕੁਝ ਲੇਟ ਹੀ ਆਏ। ਜਦੋ ਕੈਪਟਨ ਸਾਹਿਬ ਆਏ ਤਾਂ ਸਰਦਾਰ ਤੇਜਾ ਸਿੰਘ ਜੀ ਖੁਦ ਓਹਨਾਂ ਦਾ ਸਵਾਗਤ ਕਰਨ ਕੋਠੀ ਤੋਂ ਬਾਹਰ ਆਏ ਤੇ ਉਹਨਾਂ ਨੇ ਛੋਟੀਆਂ ਬੱਚੀਆਂ ਨੂੰ ਧੁੱਪੇ ਖਡ਼ੇ ਵੇਖਿਆ ਤਾਂ ਉਹ ਪ੍ਰਬੰਧਕਾਂ ਤੇ ਬਹੁਤ ਗੁੱਸੇ ਹੋਏ। ਫਿਰ ਸਰਦਾਰ ਸਾਹਿਬ ਨੇ ਬੱਚੀਆਂ ਲਈ ਕੋਲਡ ਡਰਿੰਕ ਦੀਆਂ ਬੋਤਲਾਂ ਦਾ ਇੱਕ ਟੱਬ ਭਰਵਾਇਆ ਤੇ ਬੱਚੀਆਂ ਨੂੰ ਰੱਜਵਾਂ ਠੰਡਾ ਪਿਲਾਉਣ ਲਈ ਕਿਹਾ। ਉਸ ਸਮੇ 200ਐਮ ਐਲ ਦੀ ਬੋਤਲ ਆਉਂਦੀ ਸੀ। ਕਈ ਡਾਲੇ ਖਾਲੀ ਕਰਕੇ ਓਹਨਾ ਬੱਚੀਆਂ ਨੂੰ ਠੰਡਾ ਪਿਲਾਇਆ ਗਿਆ। ਸਰਦਾਰ ਸਾਹਿਬ ਕੈਪਟਨ ਸਾਹਿਬ ਨੂੰ ਅਟੈਂਡ ਕਰਨ ਦੀ ਬਜਾਇ ਕਾਫੀ ਦੇਰ ਤੱਕ ਧੁੱਪ ਵਿੱਚ ਖੜੀਆਂ ਬੱਚੀਆਂ ਦੀ ਗੱਲ ਹੀ ਕਰਦੇ ਰਹੇ।
ਇਹੋ ਜਿਹੇ ਵਧੀਆ ਸੁਭਾਅ ਦੇ ਸਨ ਸਰਦਾਰ ਸਾਹਿਬ। ਜਦੋ ਵੀ ਕੋਈ ਨਵਾਂ ਡਿਪਟੀ ਕਮਿਸ਼ਨਰ ਆਉਂਦਾ ਉਹ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ।
ਸਰਦਾਰੀ ਅਤੇ ਪੁਸ਼ਤੈਨੀ ਸਰਦਾਰੀ ਵਿੱਚ ਆਹੀ ਫਰਕ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ