ਸੱਤਰ ਅੱਸੀ ਦੇ ਦਹਾਕੇ ਦੀਆਂ ਮੇਰੀਆਂ ਚੰਡੀਗੜ੍ਹ ਦੀਆਂ ਫੇਰੀਆਂ ਦੌਰਾਨ ਮੇਰਾ ਠਹਿਰ ਪੰਦਰਾਂ ਸੈਕਟਰ ਦੀ 269 ਯ 279 ਨੰਬਰ ਕੋਠੀ ਦਾ ਸੈਕੰਡ ਫਲੋਰ ਹੁੰਦਾ ਸੀ ਜਿਥੇ ਮੇਰਾ ਕਜਨ ਰਹਿੰਦਾ ਸੀ। ਜਿਆਦਾਤਰ ਅਸੀਂ ਸੂਰਤਗੜ੍ਹ ਕਾਲਕਾ ਮੇਲ ਤੇ ਹੀ ਜਾਂਦੇ ਤੇ ਉਸੇ ਤੇ ਹੀ ਵਾਪਿਸ ਆਉਂਦੇ ਸੀ। ਕਈ ਵਾਰ ਬੱਸ ਰਾਹੀਂ ਵੀ ਆਉਂਦੇ। ਸਤਾਰਾਂ ਸੈਕਟਰ ਦੇ ਨੀਲਮ ਸਿਨੇਮਾ ਤੋਂ ਬਸ ਅੱਡੇ ਨੂੰ ਅਸੀਂ ਮੈਦਾਨ ਵਿਚਲੇ ਕੱਚੇ ਰਸਤੇ ਰਾਹੀਂ ਹੀ ਆਉਂਦੇ। ਰਸਤੇ ਵਿੱਚ ਹੋਰ ਸਮਾਨ ਵੇਚਣ ਵਾਲਿਆਂ ਤੋਂ ਇਲਾਵਾ ਇੱਕ ਨੇਮ ਪਲੇਟਾਂ ਬਣਾਉਣ ਵਾਲਾ ਵੀ ਜਮੀਨ ਤੇ ਬੈਠ ਕੇ ਆਪਣਾ ਧੰਦਾ ਚਲਾਉਂਦਾ। ਸ਼ੀਸ਼ੇ ਦੀ ਬਣੀ ਪਲੇਟ ਤੇ ਪਲਾਸਟਿਕ ਦੇ ਅੱਖਰ ਚਿਪਕਾ ਕੇ ਦਸ ਬਾਰਾਂ ਰੁਪਈਆਂ ਵਿੱਚ ਵਧੀਆ ਨੇਮ ਪਲੇਟ ਬਣਾ ਦਿੰਦਾ। ਇਸ ਤੋਂ ਬਿਨਾਂ ਪਿੰਜੌਰ ਗਾਰਡਨ ਦੀ ਵਿਚਲੀ ਬਾਲਕੋਨੀ ਦੇ ਵਿਚਾਲੇ ਇਸ਼ਕ ਦਾ ਮਾਰਿਆ ਇੱਕ ਸਿਗਰੇਟ ਪੀਂਦਾ ਹੋਇਆ ਕੋਈ ਸਾਬਕਾ ਪ੍ਰੋਫੈਸਰ ਵੀ ਬੈਠਾ ਹੁੰਦਾ ਸੀ। ਜੋ ਦਰਦ ਏ ਇਸ਼ਕ ਦੇ ਸ਼ੇਅਰ ਸਨਾਉਂਦਾ । ਲੋਕੀ ਪੰਜ ਪੰਜ ਦੱਸ ਦਸ ਦੇ ਨੋਟਾਂ ਦਾ ਉਸ ਮੂਹਰੇ ਢੇਰ ਲਗਾ ਦਿੰਦੇ। ਪਤਾ ਨਹੀਂ ਕਿੰਨਾ ਕੰ ਦਰਦ ਉਸਨੇ ਆਪਣੇ ਪਿੰਡੇ ਤੇ ਹੰਢਾਇਆ ਸੀ । ਉਸਦੇ ਸ਼ੇਅਰ ਤੇ ਗ਼ਜ਼ਲਾਂ ਸੁਣਨ ਦਾ ਬਹੁਤ ਲੁਤਫ਼ ਸੀ।
ਚੰਡੀਗੜ੍ਹ ਦੇ ਕੇ ਸੀ ਸਿਨੇਮੇ ਦੀ ਸੀਮੈਂਟਡ ਗੋਲ ਛੱਤ ਨੂੰ ਵੇਖ ਕੇ ਮੇਰਾ ਦੋਸਤ ਕਹਿੰਦਾ, ਭਲਾ ਦੀ ਇਸ ਸਵਾਤ ਵਿੱਚ ਕਿੰਨੇ ਟਰੱਕ ਤੂੜੀ ਦੇ ਆ ਜਾਣਗੇ? ਗੁਰਬਖਸ਼ ਦੇ ਢਾਬੇ ਤੋਂ ਤੰਦੂਰੀ ਰੋਟੀਆਂ ਖਾ ਕੇ ਬਸ ਸਤਾਰਾਂ ਸੈਕਟਰ ਦੀਆਂ ਦੁਕਾਨਾਂ ਨੂੰ ਸ਼ੀਸ਼ਿਆਂ ਵਿੱਚ ਦੀ ਝਾਕਦੇ ਹੋਏ ਮਨ ਬਹਿਲਾ ਲੈਂਦੇ। ਕਦੇ ਕਦੇ ਪੰਚਾਇਤ ਭਵਨ ਵਿੱਚ ਰਾਤ ਕੱਟਦੇ ਤੇ ਬਾਹਰ ਸਾਈਕਲ ਤੇ ਸਮਾਨ ਵੇਚਣ ਵਾਲੇ ਤੋਂ ਦਸ ਪੈਸੇ ਦੇ ਕੇ ਸਿਰ ਦੇ ਵਾਲਾਂ ਤੇ ਸਰੋਂ ਦਾ ਤੇਲ ਲਾਉਂਦੇ।ਤੇ ਦੋ ਪਰਾਂ ਵਾਲੇ ਪੱਖੇ ਵੇਖ ਕੇ ਹੈਰਾਨ ਹੁੰਦੇ। ਸੈਕਟਰੀਏਟ ਦੇ ਨੇੜੇ ਮਿਲਦੇ ਦੋ ਦੋ ਰੁਪਈਆਂ ਲੈ ਕੇ ਖਾਧੇ ਖੀਰਿਆਂ ਦਾ ਸਵਾਦ ਅੱਜ ਵੀ ਯਾਦ ਹੈ।
ਬਾਪੂ ਦੇ ਸਿਰ ਤੇ ਲਈਆਂ ਐਸ਼ਾਂ ਦਾ ਸਵਾਦ ਹੀ ਵੱਖਰਾ ਹੁੰਦਾ ਸੀ।
#ਰਮੇਸ਼ਸੇਠੀਬਾਦਲ